ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਦਸਤਾਰ ਨੂੰ ਕਿਸੇ ਪਾਰਟੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ

Ad Position 21
No active advertisement
ਅਜੀਤ ਡੈਸਕ 03-07-2026

ਸਿੱਖ ਕੌਮ ਵਿਚ ਪੱਗ ਜਾਂ ਦਸਤਾਰ ਕੇਵਲ ਸਿਰ ਦਾ ਸ਼ਿੰਗਾਰ ਨਹੀਂ, ਸਗੋਂ ਸਨਮਾਨ, ਸਵੈਮਾਣ, ਧਾਰਮਿਕ ਪਛਾਣ ਤੇ ਵਿਰਾਸਤ ਦਾ ਪ੍ਰਤੀਕ ਹੈ। ਪਰ ਪਿਛਲੇ ਕੁਝ ਸਾਲਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀ ਪਛਾਣ ਲਈ ਖ਼ਾਸ ਰੰਗਾਂ ਦੀਆਂ ਦਸਤਾਰਾਂ ਸਜਾਉਣ ਕਾਰਨ ਆਮ ਲੋਕਾਂ ਵਿਚ ਇਕ ਨਵੀਂ ਚਿੰਤਾ ਉੱਭਰ ਕੇ ਸਾਹਮਣੇ ਆਈ ਹੈ।
ਅੱਜ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ, ਘਰੋਂ ਨਿਕਲਣ ਸਮੇਂ ਇਸ ਗੱਲ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਉਹ ਕਿਸ ਰੰਗ ਦੀ ਦਸਤਾਰ ਸਜਾਉਣ। ਜੇਕਰ ਕੋਈ ਵਿਅਕਤੀ ਅਨਜਾਣੇ ਵਿਚ ਉਸ ਰੰਗ ਦੀ ਦਸਤਾਰ ਸਜਾ ਲੈਂਦਾ ਹੈ, ਜੋ ਰੰਗ ਕਿਸੇ ਖ਼ਾਸ ਸਿਆਸੀ ਪਾਰਟੀ ਨਾਲ ਜੁੜਿਆ ਹੁੰਦਾ ਹੈ ਤਾਂ ਲੋਕਾਂ ਵਿਚ ਇਹ ਪ੍ਰਭਾਵ ਬਣ ਜਾਂਦਾ ਹੈ ਕਿ ਇਹ ਵਿਅਕਤੀ ਫਲਾਣੀ ਪਾਰਟੀ ਦਾ ਸਮਰਥਕ ਜਾਂ ਵਰਕਰ ਹੈ। ਇਸ ਕਾਰਨ ਕਈ ਲੋਕ ਆਪਣੀ ਪਸੰਦ ਦੇ ਰੰਗ ਦੀ ਦਸਤਾਰ ਸਜਾਉਣ ਤੋਂ ਵੀ ਹਿਚਕਚਾਉਣ ਲੱਗ ਪਏ ਹਨ। ਵੱਖ-ਵੱਖ ਪਾਰਟੀਆਂ ਦੇ ਰੰਗਾਂ ਨਾਲ ਦਸਤਾਰ ਨੂੰ ਜੋੜਨ ਕਾਰਨ ਨੌਜਵਾਨਾਂ ਵਿਚ ਇਹ ਧਾਰਨਾ ਬਣ ਸਕਦੀ ਹੈ ਕਿ ਕਿਸੇ ਖ਼ਾਸ ਰੰਗ ਦੀ ਪੱਗ ਕਿਸੇ ਵਿਸ਼ੇਸ਼ ਰਾਜਨੀਤਕ ਸੋਚ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਕਿ ਸਿੱਖ ਪਰੰਪਰਾਵਾਂ ਦੀ ਵਿਸ਼ਾਲਤਾ ਤੇ ਸਰਬ-ਸਾਂਝੇਪਣ ਦੇ ਉਲਟ ਹੈ। ਸਮਾਜਿਕ ਤੇ ਧਾਰਮਿਕ ਵਰਗਾਂ ਦਾ ਮੰਨਣਾ ਹੈ ਕਿ ਦਸਤਾਰ ਨੂੰ ਰਾਜਨੀਤਕ ਰੰਗਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ। ਦਸਤਾਰ ਸਿੱਖ ਪੰਥ ਦੀ ਸਾਂਝੀ ਵਿਰਾਸਤ ਹੈ ਅਤੇ ਇਸ ਨੂੰ ਕਿਸੇ ਇਕ ਪਾਰਟੀ ਜਾਂ ਵਿਚਾਰਧਾਰਾ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਹਰ ਵਿਅਕਤੀ ਨੂੰ ਆਪਣੀ ਪਸੰਦ ਤੇ ਪਰੰਪਰਾ ਅਨੁਸਾਰ ਕਿਸੇ ਵੀ ਰੰਗ ਦੀ ਦਸਤਾਰ ਸਜਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਕਿਉਂਕਿ ਦਸਤਾਰ ਦੀ ਮਹੱਤਤਾ ਕਿਸੇ ਰੰਗ ਜਾਂ ਸਿਆਸੀ ਪਛਾਣ ਤੋਂ ਕਿਤੇ ਵੱਧ ਹੈ। ਇਸ ਲਈ ਪੱਗ ਦੀ ਅਸਲ ਪਛਾਣ ਨੂੰ ਕਾਇਮ ਰੱਖਣ ਦੀ ਲੋੜ ਹੈ ਕਿ ਇਸ ਨੂੰ ਰਾਜਨੀਤਕ ਰੰਗਾਂ ਤੋਂ ਉੱਪਰ ਰੱਖਿਆ ਜਾਵੇ। ਸਿੱਖ ਇਤਿਹਾਸ ਤੇ ਗੁਰਸਿੱਖੀ ਪਰੰਪਰਾ ਵਿਚ ਪੱਗ ਸਨਮਾਨ, ਸੇਵਾ, ਹਿੰਮਤ ਤੇ ਮਨੁੱਖਤਾ ਦੀ ਪ੍ਰਤੀਕ ਰਹੀ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਦਸਤਾਰ ਦੇ ਅਸਲ ਮਹੱਤਵ ਬਾਰੇ ਜਾਗਰੂਕ ਕੀਤਾ ਜਾਵੇ, ਤਾਂ ਜੋ ਇਹ ਮਹਾਨ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਸੇ ਸਨਮਾਨ ਨਾਲ ਪਹੁੰਚ ਸਕੇ।
ਲੋੜ ਇਸ ਗੱਲ ਦੀ ਹੈ ਕਿ ਸਮਾਜ ਤੇ ਸਿਆਸੀ ਪਾਰਟੀਆਂ ਦੋਵੇਂ ਦਸਤਾਰ ਦੀ ਮੂਲ ਮਹੱਤਤਾ ਨੂੰ ਸਮਝਣ ਅਤੇ ਇਸ ਨੂੰ ਸਿਰਫ਼ ਰਾਜਨੀਤਕ ਪਛਾਣ ਤੱਕ ਸੀਮਤ ਕਰਨ ਦੀ ਬਜਾਏ ਸਿੱਖੀ ਦੀ ਸ਼ਾਨ, ਅਣਖ ਅਤੇ ਸੱਭਿਆਚਾਰਕ ਵਿਰਾਸਤ ਵਜੋਂ ਸਤਿਕਾਰ ਦੇਣ। ਇਸ ਨਾਲ ਆਮ ਲੋਕ ਬਿਨਾਂ ਕਿਸੇ ਸੰਕੋਚ ਦੇ ਆਪਣੀ ਪਸੰਦ ਦੀ ਦਸਤਾਰ ਸਜਾ ਸਕਣਗੇ ਅਤੇ ਦਸਤਾਰ ਦੀ ਮਰਿਆਦਾ ਵੀ ਬਰਕਰਾਰ ਰਹੇਗੀ।

-ਇੰਚਾਰਜ 'ਅਜੀਤ' ਉਪ ਦਫ਼ਤਰ, ਫ਼ਤਹਿਗੜ੍ਹ ਸਾਹਿਬ
ਮੋਬਾਈਲ : 98885-20903

Ad Position 22
No active advertisement
ਪਿਛਲੀ ਖ਼ਬਰ 03-07-26 ਅਗਲੀ ਖ਼ਬਰ ਕਿੱਥੋਂ ਤੱਕ ਸਹੀ ਹੈ ਉਚੇਰੀ ਸਿੱਖਿਆ ਦਾ ਪ੍ਰਾਈਵੇਟ ਮਾਡਲ?
Ad Position 24
No active advertisement