ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਹੈ। ਜਪਾਨ ਇਕ ਅਜਿਹਾ ਦੇਸ਼ ਹੈ, ਜੋ ਬਹੁਗਿਣਤੀ ਭਾਰਤੀਆਂ ਦੇ ਮਨਾਂ ਵਿਚ ਵਸਿਆ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਕੌਮਾਂਤਰੀ ਮੰਚ 'ਤੇ ਅਸੀਂ ਤਿੰਨ ਦੇਸ਼ਾਂ, ਜਿਨ੍ਹਾਂ ਵਿਚ ਰੂਸ, ਜਪਾਨ ਅਤੇ ਫਰਾਂਸ ਸ਼ਾਮਿਲ ਹਨ, ਨੂੰ ਭਾਰਤ ਦੇ ਹੰਢਣਸਾਰ ਮਿੱਤਰ ਮੰਨਦੇ ਆ ਰਹੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਨਾ ਸਿਰਫ਼ ਇਸ ਦੀ ਹਰ ਪੱਖੋਂ ਮਦਦ ਕੀਤੀ ਹੈ, ਸਗੋਂ ਹਰ ਔਖੀ-ਸੌਖੀ ਘੜੀ ਵਿਚ ਭਾਰਤ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਵੀ ਰਹੇ ਹਨ। ਇੱਥੇ ਹੀ ਬਸ ਨਹੀਂ, ਆਰਥਿਕਤਾ ਦੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਤੋਂ ਇਲਾਵਾ ਦੇਸ਼ ਦੀ ਮੁਢਲੀ ਉਸਾਰੀ ਵਿਚ ਵੀ ਇਨ੍ਹਾਂ ਤਿੰਨਾਂ ਦੇਸ਼ਾਂ ਨੇ ਸਮੇਂ-ਸਮੇਂ 'ਤੇ ਭਾਰਤ ਦੀ ਸਹਾਇਤਾ ਲਈ ਹੱਥ ਅੱਗੇ ਵਧਾਇਆ ਹੈ। ਜੇਕਰ ਅੱਜ ਭਾਰਤ ਦੁਨੀਆ ਦੀ ਇਕ ਵੱਡੀ ਆਰਥਿਕਤਾ ਬਣਨ ਵੱਲ ਅੱਗੇ ਵਧ ਰਿਹਾ ਹੈ ਤਾਂ ਇਸ ਵਿਚ ਵੀ ਇਨ੍ਹਾਂ ਤਿੰਨਾਂ ਦੇਸ਼ਾਂ ਵਲੋਂ ਹਰ ਪੱਖੋਂ ਦਿੱਤੇ ਗਏ ਸਹਿਯੋਗ ਨੂੰ ਕਿਸੇ ਵੀ ਸੂਰਤ ਵਿਚ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।
ਅੱਜ ਜਪਾਨ ਦੀ ਪ੍ਰਧਾਨ ਮੰਤਰੀ ਤਕਾਇਚੀ ਨੇ ਭਾਰਤ ਲਈ ਵਧੀਆ ਤੇ ਚੰਗੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਉਸ ਪ੍ਰਤੀ ਦਿਲੋਂ ਉਮਾਹ ਪ੍ਰਗਟਾਇਆ ਹੈ। ਪਰ ਇਸ ਤੋਂ ਪਹਿਲਾਂ ਦੇ ਜਪਾਨ ਦੇ ਪ੍ਰਧਾਨ ਮੰਤਰੀਆਂ ਸ਼ਿੰਜ਼ੋ ਅਬੇ, ਯੋਸ਼ੀਹਿਦਾ ਸੁਗਾ, ਫੂਮੀਓ ਕਿਸ਼ੀਦਾ ਤੇ ਸ਼ਿਗੇਰੂ ਇਸ਼ੀਬਾ ਦੀ ਵੀ ਭਾਰਤੀ ਆਗੂਆਂ ਨਾਲ ਵੱਡੀ ਨੇੜਤਾ ਤੇ ਮਿੱਤਰਤਾ ਰਹੀ ਹੈ। ਸਾਨੇ ਤਕਾਇਚੀ ਦੀ ਇਹ ਯਾਤਰਾ ਉਸੇ ਕੜੀ ਦਾ ਹੀ ਅਹਿਮ ਹਿੱਸਾ ਹੈ। ਜਪਾਨ ਪੂਰਬੀ ਏਸ਼ੀਆ ਵਿਚ ਟਾਪੂਆਂ ਦਾ ਸਮੂਹ ਹੈ, ਜੋ ਪ੍ਰਸ਼ਾਂਤ ਖੇਤਰ ਵਿਚ ਸਥਿਤ ਹੈ। ਇਥੋਂ ਦੇ ਸਮੁੰਦਰ 'ਤੇ ਚੀਨ ਆਪਣੀਆਂ ਵਿਸਥਾਰਵਾਦੀ ਨੀਤੀਆਂ ਜਾਰੀ ਰੱਖ ਰਿਹਾ ਹੈ, ਜਿਸ ਨਾਲ ਇੱਥੋਂ ਦੇ ਦਰਜਨਾਂ ਹੀ ਗੁਆਂਢੀ ਦੇਸ਼ ਪ੍ਰੇਸ਼ਾਨੀ 'ਚ ਵਿਚਰ ਰਹੇ ਹਨ। ਜਪਾਨ ਵੀ ਇਨ੍ਹਾਂ ਦੇਸ਼ਾਂ 'ਚੋਂ ਇਕ ਹੈ। ਚਾਹੇ ਜ਼ਮੀਨੀ ਖੇਤਰ ਦੇ ਪੱਖੋਂ ਜਪਾਨ ਬਹੁਤ ਵੱਡਾ ਦੇਸ਼ ਨਹੀਂ ਹੈ ਪਰ ਦੂਸਰੀ ਵੱਡੀ ਸੰਸਾਰ ਜੰਗ ਤੋਂ ਬਾਅਦ ਇਸ ਨੇ ਤਕਨੀਕੀ ਖੇਤਰ ਵਿਚ ਜੋ ਤਰੱਕੀ ਕੀਤੀ ਹੈ, ਉਹ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਲਈ ਇਹ ਦੁਨੀਆ ਦੇ ਕੁਝ ਵੱਡੀ ਆਰਥਿਕਤਾ ਵਾਲੇ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਦਿਖਾਈ ਦਿੰਦਾ ਹੈ। ਚਾਹੇ ਸਾਲ 1981 ਵਿਚ ਭਾਰਤ 'ਚ ਜਪਾਨੀ ਕੰਪਨੀ ਸੁਜ਼ੂਕੀ ਵਲੋਂ ਮਾਰੂਤੀ-ਸੁਜ਼ੂਕੀ ਇੰਡੀਆ ਨਾਂਅ ਹੇਠ ਮਾਰੂਤੀ ਕਾਰਾਂ ਦਾ ਉਤਪਾਦਨ ਸ਼ੁਰੂ ਹੋਇਆ ਸੀ, ਜੋ ਭਾਰਤ ਆਟੋਮੋਬਾਈਲ ਖੇਤਰ ਵਿਚ ਇਕ ਅਹਿਮ ਮੀਲ ਪੱਥਰ ਮੰਨਿਆ ਜਾਂਦਾ ਹੈ ਤੇ ਕਾਰਾਂ ਦੇ ਖੇਤਰ ਵਿਚ ਅੱਜ ਵੀ ਮਾਰੂਤੀ-ਸਜ਼ੂਕੀ ਕੰਪਨੀ ਦਾ ਨਾਂਅ ਭਾਰਤ ਵਿਚ ਪਹਿਲੇ ਨੰਬਰ 'ਤੇ ਆਉਂਦਾ ਹੈ। ਚਾਹੇ ਭਾਰਤੀਆਂ ਦੀ ਜ਼ੁਬਾਨ 'ਤੇ ਜਪਾਨ ਦਾ ਨਾਂਅ ਵਧੇਰੇ ਕਰਕੇ ਉਸ ਸਮੇਂ ਚੜ੍ਹਿਆ, ਪਰ ਉਸ ਤੋਂ ਪਹਿਲਾਂ ਵੀ ਜਪਾਨ ਨੇ ਭਾਰਤ ਵੱਲ ਹਮੇਸ਼ਾ ਸਹਿਯੋਗ ਵਾਲਾ ਹੱਥ ਵਧਾਈ ਰੱਖਿਆ ਸੀ।
ਦੂਜੀ ਵੱਡੀ ਸੰਸਾਰ ਜੰਗ ਸਮੇਂ ਭਾਰਤ ਵਿਚ ਅੰਗਰੇਜ਼ ਹਕੂਮਤ ਕਾਇਮ ਸੀ ਤੇ ਜਪਾਨ ਉਸ ਦੇ ਵਿਰੋਧੀਆਂ ਦੀ ਕਤਾਰ ਵਿਚ ਖੜ੍ਹਾ ਸੀ ਪਰ ਆਜ਼ਾਦ ਹਿੰਦ ਫ਼ੌਜ ਦੀ ਸ਼ੁਰੂਆਤ ਜਪਾਨ ਦੀ ਧਰਤੀ 'ਤੇ ਹੀ ਹੋਈ ਸੀ ਤੇ ਉਸ ਤੋਂ ਬਾਅਦ ਭਾਰਤ ਦੇ ਮਹਾਨ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੇ ਇਸ ਦੀ ਕਮਾਨ ਸੰਭਾਲ ਕੇ ਸਿੰਗਾਪੁਰ ਦੀ ਧਰਤੀ ਤੋਂ ਭਾਰਤ 'ਚ ਹਕੂਮਤ ਵਿਰੁੱਧ ਆਪਣਾ ਸੰਘਰਸ਼ ਆਰੰਭਿਆ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੋਵੀਅਤ ਯੂਨੀਅਨ ਵਾਂਗ ਜਪਾਨ ਦੀ ਭਾਰਤ ਨਾਲ ਦੋਸਤੀ ਦੀ ਇਕ ਅਮਿੱਟ ਛਾਪ ਬਣੀ ਰਹੀ ਹੈ ਤੇ ਜਪਾਨ ਹਮੇਸ਼ਾ ਹੀ ਭਾਰਤ ਦਾ ਰਣਨੀਤਕ ਭਾਈਵਾਲ ਬਣਿਆ ਰਿਹਾ ਹੈ। ਭਾਰਤ ਤੇ ਜਪਾਨ ਵਿਚਕਾਰ ਹਰ ਤਰ੍ਹਾਂ ਦੀਆਂ ਚੀਜ਼ਾਂ ਦੇ ਆਪਸੀ ਅਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤ ਕਰਨ ਲਈ ਸਾਲਾਨਾ ਸਿਖਰ ਸੰਮੇਲਨ ਹੁੰਦਾ ਰਿਹਾ ਹੈ। ਸਾਨੇ ਤਕਾਇਚੀ 16ਵੇਂ ਭਾਰਤ-ਜਪਾਨ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਭਾਰਤ ਆਈ ਹੈ। ਅੱਜ ਦੋਵੇਂ ਦੇਸ਼ਾਂ ਨੂੰ ਪ੍ਰਸ਼ਾਂਤ ਖੇਤਰ 'ਚ ਇਕ ਵੱਡੀ ਚੁਣੌਤੀ ਮਿਲੀ ਹੋਈ ਹੈ। ਦੋਵੇਂ ਹੀ ਦੇਸ਼ ਇਕ ਆਜ਼ਾਦ, ਖ਼ੁਸ਼ਹਾਲ ਤੇ ਨਿਯਮ ਆਧਾਰਿਤ ਪ੍ਰਸ਼ਾਂਤ ਖ਼ੇਤਰ ਨੂੰ ਸਾਂਝੀ ਤਰਜੀਹ ਦੇ ਆਧਾਰ 'ਤੇ ਦੇਖ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਗਸਤ 2025 ਵਿਚ ਜਪਾਨ ਯਾਤਰਾ 'ਤੇ ਗਏ ਸਨ ਤੇ ਉੱਥੇ ਉਨ੍ਹਾਂ ਨੇ 10 ਸਾਲਾਂ ਲਈ ਆਪਸੀ ਸਾਂਝੇ ਸਹਿਯੋਗ ਦੇ ਦਸਤਾਵੇਜ਼ 'ਤੇ ਦਸਤਖ਼ਤ ਕੀਤੇ ਸਨ। ਪ੍ਰਧਾਨ ਮੰਤਰੀ ਦੀ ਯਾਤਰਾ ਇਸ ਸਹਿਯੋਗ ਵਿਚ ਵੱਡੇ ਸਾਂਝੇ ਕਦਮ ਚੁੱਕਣ ਵਿਚ ਸਹਾਈ ਹੋਈ ਹੈ। ਇਸ ਸਮੇਂ ਦੋਵਾਂ ਦੇਸ਼ਾਂ ਵਿਚ ਦਵਾਈਆਂ, ਤਕਨਾਲੋਜੀ ਤੇ ਸਾਫਟਵੇਅਰ ਆਦਿ ਦੇ ਖੇਤਰ 'ਚ ਅਨੇਕਾਂ ਹੀ ਸਮਝੌਤੇ ਹੋਏ ਹਨ, ਜਿਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਉਦਯੋਗਾਂ ਦੇ ਖੇਤਰ ਵੀ ਸ਼ਾਮਿਲ ਹਨ। ਜਪਾਨ ਨੇ 10 ਖ਼ਰਬ ਜਪਾਨੀ ਯੈਨ (ਕਰੀਬ 6 ਲੱਖ ਕਰੋੜ ਰੁਪਏ) ਤੋਂ ਵੱਧ ਦਾ ਭਾਰਤ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਭਾਰਤ ਦੀ ਧਰਤੀ ਤੋਂ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਨੇ ਸਪੱਸ਼ਟ ਤੇ ਦ੍ਰਿੜ੍ਹ ਐਲਾਨ ਕੀਤਾ ਹੈ ਕਿ ਭਾਰਤ-ਜਪਾਨ ਏਸ਼ੀਆ ਦੀਆਂ ਦੋ ਵੱਡੀਆਂ ਲੋਕਤੰਤਰੀ ਤਾਕਤਾਂ ਹਨ ਤੇ ਦੋਵੇਂ ਮਿਲ ਕੇ ਕਾਨੂੰਨ ਦਾ ਸਨਮਾਨ ਬਣਾਈ ਰੱਖਣਗੀਆਂ ਤੇ ਕਿਸੇ ਦੀ, ਕਿਸੇ ਵੀ ਤਰ੍ਹਾਂ ਦੀ ਧਮਕੀ, ਦਬਾਅ ਜਾਂ ਤਾਕਤ ਦੇ ਦਮ 'ਤੇ ਹਾਲਾਤ ਬਦਲਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਮਿਲ ਕੇ ਵਿਰੋਧ ਕਰਨਗੀਆਂ। ਇਨ੍ਹਾਂ ਸਭ ਪੱਖਾਂ ਤੋਂ ਵੇਖਦਿਆਂ ਜਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਕਾਇਚੀ ਦੀ ਇਸ ਤਿੰਨ ਦਿਨਾ ਯਾਤਰਾ ਨੂੰ ਇਤਿਹਾਸਕ ਕਿਹਾ ਜਾ ਸਕਦਾ ਹੈ ਤੇ ਇਹ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੀ ਕੜੀ ਨੂੰ ਹੋਰ ਵੀ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ