ਸੰਯੁਕਤ ਪਰਿਵਾਰਾਂ ਤੋਂ ਦੋ ਲੋਕਾਂ ਦੀ ਦੁਨੀਆ ਤੱਕ
ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਰਿਸ਼ਤੇ 'ਫਰਜ਼' ਦੀ ਭਾਵਨਾ ਨਾਲ ਬਣਾਏ ਜਾਂਦੇ ਸਨ, ਜੋ ਅੱਜ 'ਇਕਰਾਰਨਾਮੇ' ਦੀਆਂ ਸ਼ਰਤਾਂ 'ਤੇ ਬਣਦੇ ਹਨ ਤੇ ਪਰਿਵਾਰ 'ਸੁਰੱਖਿਆ ਚੱਕਰ' ਤੋਂ 'ਸਰਵਿਸ ਪ੍ਰੋਵਾਈਡਰ' 'ਚ ਬਦਲ ਗਏ ਹਨ। ਪੈਸੇ ਦੀ ਦੌੜ ਦੇ ਚੱਲਦਿਆਂ 75 ਸਾਲਾਂ 'ਚ 'ਚੁੱਲ੍ਹੇ ਟੁੱਟਣ ਨਾਲ ਘਰ ਟੁੱਟੇ' ਤੇ ਬਟਵਾਰੇ ਹੋਣ ਲੱਗੇ। ਜਦੋਂ 'ਹੱਕ ਮਿਲੇ ਤਾਂ ਫਰਜ਼ ਗਏ' ਤਲਾਕ ਕਾਨੂੰਨੀ ਬਣ ਗਿਆ ਹੈ, ਧੀਆਂ ਨੂੰ ਬਰਾਬਰ ਅਧਿਕਾਰ ਮਿਲਣ 'ਤੇ ਪਿਤਾ ਤੇ ਧੀਆਂ ਵਿਚਕਾਰ ਜਾਇਦਾਦ ਦੇ ਵਿਵਾਦ ਵਧੇ, ਕਿਉਂਕਿ ਪੁੱਤਰ ਨੂੰ ਵਸੀਅਤ 'ਚ ਸਭ ਕੁਝ ਦੇ ਕੇ ਧੀ 'ਤੇ ਪਰਾਏ ਘਰ ਦਾ ਲੇਬਲ ਲਗਾ ਦਿੱਤਾ ਜਾਂਦਾ ਹੈ। ਘਰੇਲੂ ਹਿੰਸਾ ਐਕਟ ਸੁਰੱਖਿਆ ਪ੍ਰਦਾਨ ਕਰਦਾ ਹੈ, ਪਰ ਅਦਾਲਤ 'ਚ ਇਸ ਨੂੰ ਸਾਬਤ ਕਰਨਾ ਲਗਭਗ ਅਸੰਭਵ ਹੈ। ਸ਼ਹਿਰੀ ਜੋੜੇ ਸਭ ਤੋਂ ਜ਼ਿਆਦਾ ਫੋਨ ਲੈ ਕੇ ਲੜਦੇ ਹਨ ਤੇ ਇੰਸਟਾਗ੍ਰਾਮ/ਸਨੈਪਚੈਟ ਨੂੰ ਲੈ ਕੇ ਰਿਸ਼ਤੇ ਟੁੱਟ ਜਾਂਦੇ ਹਨ। ਲੋਕ ਸਮਾਜ ਤੋਂ ਟੁੱਟ ਰਹੇ ਹਨ, ਗੁਆਂਢੀਆਂ ਨਾਲ ਅਜਨਬੀਆਂ ਵਾਂਗ ਵਿਵਹਾਰ ਕਰਦੇ ਹਨ। ਦੋ ਤਿਹਾਈ ਬਜ਼ੁਰਗ ਇਕੱਲੇ ਰਹਿੰਦੇ ਹਨ, 'ਓਲਡ ਏਜ਼ ਹੋਮ' ਨੂੰ ਉਦਯੋਗ ਬਣਾ ਦਿੱਤਾ ਗਿਆ ਹੈ। ਭਾਰਤ ਵਿਚ 20-35 ਸਾਲ ਦੀ ਉਮਰ ਦੇ 39 ਫ਼ੀਸਦੀ ਨੌਜਵਾਨ 'ਲੰਬੇ ਸਮੇਂ ਲਈ ਇਕੱਲੇ' ਹਨ। ਪਿਤਾ ਕਹਿੰਦਾ ਹੈ ਕਿ ਅਸੀਂ 7 ਫੇਰੇ ਲੈ ਕੇ 7 ਜਨਮਾਂ ਦਾ ਸਾਥ ਨਿਭਾਇਆ ਤਾਂ ਪੁੱਤਰ ਦਾ ਕਹਿਣਾ ਹੈ ਕਿ ਉਸ ਨੇ 7 ਰੈੱਡ ਫਲੈਗ ਮਿਲਣ 'ਤੇ 7 ਦਿਨਾਂ 'ਚ ਰਿਸ਼ਤਾ ਤੋੜ ਦਿੱਤਾ। ਅਨੁਮਾਨ ਹੈ ਕਿ ਅਗਲੇ 30 ਸਾਲਾਂ 'ਚ ਆਬਾਦੀ ਘਟ ਜਾਵੇਗੀ, ਕਿਉਂਕਿ ਘੱਟ ਰਿਸ਼ਤੇ, ਘੱਟ ਲੋਕ ਹੋਣਗੇ, ਸਮਾਜ ਪੁਨਰਗਠਿਤ ਹੋ ਰਿਹਾ ਹੈ। ਖੂਨ ਦੇ ਰਿਸ਼ਤੇ ਕਮਜ਼ੋਰ ਪੈ ਰਹੇ ਹਨ, ਪਸੰਦ ਦੇ ਰਿਸ਼ਤੇ ਮਜ਼ਬੂਤ ਹੋ ਰਹੇ ਹਨ। ਨਤੀਜਾ: ਰਵਾਇਤੀ ਰਿਸ਼ਤਿਆਂ ਤੋਂ ਆਜ਼ਾਦੀ, ਸੰਕਟ ਦੇ ਸਮੇਂ ਸਹਾਇਤਾ ਕਰਨ ਵਾਲਾ ਕੋਈ ਨਹੀਂ, ਮਾਂ-ਬਾਪ ਦੀ ਆਖਰੀ ਯਾਤਰਾ ਨੂੰ ਮੋਢਾ ਦੇਣ ਵਾਲਾ ਆਪਣਾ ਕੋਈ ਨਹੀਂ। ਦਾਦੇ ਦੇ ਜ਼ਮਾਨੇ 'ਚ ਇਕ ਛੱਤ ਸੀ, ਭਾਵੇਂ 4 ਚੁੱਲ੍ਹੇ ਸਨ ਪਰ ਦਿਲ ਇਕ ਸੀ। ਅੱਜ ਇਕ ਕਮਰੇ 'ਚ 4 ਫ਼ੋਨ ਹਨ, ਪਰ ਦਿਲ ਹਰੇਕ ਦਾ ਵੱਖੋ-ਵੱਖ ਹੈ। ਅਸੀਂ ਰਿਸ਼ਤੇ ਬਣਾਉਣੇ ਭੁੱਲ ਗਏ। ਜੈਨ ਜ਼ੀ (ਨਵੀਂ ਪੀੜ੍ਹੀ) ਨੂੰ ਦੋਸ਼ ਨਾ ਦਿਓ, ਕਿਉਂਕਿ ਅਸੀਂ ਹੀ ਉਨ੍ਹਾਂ ਨੂੰ 'ਪੈਸਾ ਕਮਾਓ, ਪ੍ਰਸਿੱਧੀ ਕਮਾਓ' ਸਿਖਾਇਆ ਹੈ। ਆਧੁਨਿਕਤਾ ਦੇ ਨਾਂਅ 'ਤੇ 'ਮਾਪਿਆਂ ਲਈ ਬਿਰਧ ਘਰ' ਤੇ 'ਪਤਨੀਆਂ ਲਈ ਅਦਾਲਤਾਂ', ਇਹ ਤਰੱਕੀ ਨਹੀਂ ਇਕੱਲਤਾ ਦਾ ਲਾਇਸੈਂਸ ਹੈ।
ਸ਼ੂਗਰ ਡੈਡੀ ਸਿੰਡਰੋਮ ਜਾਂ ਸੰਗਠਿਤ ਸ਼ੋਸ਼ਣ
ਮਹਾਂਨਗਰਾਂ 'ਚ ਇਕ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ, ਨੌਜਵਾਨ ਮਰਦ ਤੇ ਔਰਤਾਂ ਨੌਕਰੀਆਂ ਜਾਂ ਕਾਰੋਬਾਰਾਂ ਦੀ ਭਾਲ ਕਰਦੇ ਹਨ। ਉਹ ਆਪਣੇ ਪਰਿਵਾਰਾਂ ਨੂੰ ਦੱਸਦੇ ਹਨ ਕਿ ਉਹ ਆਪਣਾ ਕਰੀਅਰ ਬਣਾਉਣ ਜਾ ਰਹੇ ਹਨ, ਪਰ ਆਪਣਾ ਸੁਪਨਾ ਸਾਕਾਰ ਨਾ ਹੋਣ 'ਤੇ ਉਹ ਵਾਪਸ ਮੁੜਨ ਦੀ ਬਜਾਏ ਕਿਸੇ ਸੇਵਾਮੁਕਤ, ਸਿੰਗਲ, ਐਨ.ਆਰ.ਆਈ., ਤਲਾਕਸ਼ੁਦਾ, ਜਾਂ ਉੱਚ-ਪ੍ਰੋਫਾਈਲ ਪੇਸ਼ੇਵਰਾਂ ਨੂੰ ਲੱਭਦੇ ਹਨ, ਜਿਨ੍ਹਾਂ ਨੂੰ ਉਹ 'ਪਾਪਾ ਜਾਂ ਡੈਡੀ' ਕਹਿ ਸਕਣ ਤੇ ਭਾਵਨਾਵਾਂ ਦੇ ਨਾਂਅ 'ਤੇ ਉਨ੍ਹਾਂ ਦੇ ਪੈਸੇ ਤੇ ਪ੍ਰਭਾਵ ਦੀ ਵਰਤੋਂ ਕਰਕੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰ ਸਕਣ। ਇਹ ਬਿਮਾਰੀ ਸਾਰੇ ਮਹਾਂਨਗਰਾਂ ਤੇ ਵੱਡੇ ਸ਼ਹਿਰਾਂ 'ਚ ਤੇਜ਼ੀ ਨਾਲ ਫੈਲ ਰਹੀ ਹੈ। 2020-2026 ਦੇ ਵਿਚਕਾਰ ਮੁੰਬਈ ਪੁਲਿਸ ਦੇ ਅੰਕੜੇ 'ਹਨੀਟ੍ਰੈਪ +ਭਾਵਨਾਤਮਕ ਧੋਖਾਧੜੀ + ਜ਼ਬਰਦਸਤੀ' ਦੇ ਰੁਝਾਨ ਨੂੰ ਦਰਸਾਉਂਦੇ ਹਨ। ਕੋਈ ਨੌਜਵਾਨ ਕੁੜੀ/ਔਰਤ 45-70 ਸਾਲ ਦੇ ਆਦਮੀ ਨਾਲ ਦੋਸਤੀ ਕਰਕੇ 'ਅੰਕਲ, ਤੁਸੀਂ ਮੇਰੇ ਪਿਤਾ ਵਰਗੇ ਹੋ ਕਹੇਗੀ, ਉਸ ਤੋਂ ਬਾਅਦ ਨਿੱਜੀ ਗੱਲਬਾਤ/ਵੀਡੀਓ/ਤੋਹਫ਼ਿਆਂ ਦਾ ਰਿਕਾਰਡ ਬਣਾਉਣ ਬਾਅਦ ਇਹ ਸਭ ਕੁਝ ਉਸ ਦੀ ਪਤਨੀ ਨੂੰ ਦੱਸ ਦੇਣ ਜਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਣ ਦੀ ਧਮਕੀ ਦੇ ਕੇ ਵਸੂਲੀ ਕੀਤੀ ਜਾਂਦੀ ਹੈ। ਭਾਵੇਂ ਸ਼ੁਰੂਆਤ 'ਚ ਮਾਂ ਦੀ ਬਿਮਾਰੀ, ਭਰਾ ਦੀ ਫੀਸ, ਮਕਾਨ ਮਾਲਕ ਵਲੋਂ ਮਕਾਨ ਖਾਲੀ ਕਰਵਾ ਲਏ ਜਾਣ ਦਾ ਵਾਸਤਾ ਪਾਇਆ ਜਾਂਦਾ ਹੈ, ਫਿਰ ਬਲੈਕਮੇਲ ਸ਼ੁਰੂ ਹੋ ਜਾਂਦੀ ਹੈ। ਬਹੁਤੇ ਪੀੜਤ 'ਮੀ ਟੂ' ਜਿਹੇ ਇਸ ਪਾਖੰਡ 'ਚ ਫਸ ਕੇ ਐਫ. ਆਈ. ਆਰ. ਤੱਕ ਦਰਜ ਨਹੀਂ ਕਰਵਾਉਂਦੇ ਕਿ ਇੱਜ਼ਤ ਖ਼ਤਮ ਹੋ ਜਾਵੇਗੀ। ਇਸ ਖੇਡ 'ਚ ਇਕੱਲਾ ਮੁੰਡਾ ਜਾਂ ਕੁੜੀ ਨਹੀਂ ਹੁੰਦੇ, ਪਰਦੇ ਪਿੱਛੇ ਕੋਈ ਬੁਆਏਫ੍ਰੈਂਡ ਜਾਂ ਭਰਾ ਵੀ ਹੁੰਦਾ ਹੈ, ਜੋ ਗੱਲਬਾਤ ਕਰਦਾ ਹੈ। ਇਕ ਪੂਰਾ ਗਰੋਹ- ਇਕ ਕੁੜੀ, ਦੋ ਮੁੰਡੇ ਤੇ ਇਕ ਨਕਲੀ ਵਕੀਲ, ਜਿਸ ਨੂੰ 'ਬੁਲਬੁਲ ਰੈਕੇਟ' ਕਿਹਾ ਜਾਂਦਾ ਹੈ। ਜਬਰ ਜਨਾਹ ਦੇ ਕੇਸ ਤੋਂ ਡਰੇ ਬੰਦੇ 20-20 ਲੱਖ ਰੁਪਏ ਦੇ ਕੇ ਸਮਝੌਤਾ ਕਰ ਲੈਂਦੇ ਹਨ। ਸੋਸ਼ਲ ਮੀਡੀਆ 'ਤੇ, ਇਸ ਨੂੰ 'ਸ਼ੂਗਰ ਡੈਡੀ ਕਲਚਰ' ਕਿਹਾ ਜਾਂਦਾ ਹੈ, ਜੋ ਅਪਰਾਧ ਨਹੀਂ ਹੈ।
ਭਵਿੱਖ ਦੇ ਸੰਕੇਤ
ਕਿਸੇ ਮੁੰਡੇ ਜਾਂ ਕੁੜੀ ਨੂੰ ਦੋਸ਼ ਦੇਣ ਨਾਲ ਗੱਲ ਖ਼ਤਮ ਨਹੀਂ ਹੋਵੇਗੀ, ਸਵਾਲ ਇਹ ਹੈ ਕਿ ਇਕ 60-70 ਸਾਲ ਦਾ ਆਦਮੀ 20 ਸਾਲ ਦੀ ਧੀ ਜਾਂ ਪੁੱਤਰ ਨੂੰ ਕਿਉਂ ਪਾਲ ਰਿਹਾ ਹੈ, ਇਹ ਰਿਸ਼ਤਾ ਜ਼ਰੂਰਤ ਤੋਂ ਸ਼ੁਰੂ ਹੋ ਕੇ ਜਬਰੀ ਵਸੂਲੀ ਨਾਲ ਖ਼ਤਮ ਹੁੰਦਾ ਹੈ। ਨਵੇਂ ਕਾਨੂੰਨ ਤਹਿਤ ਅਜਿਹੇ ਅਪਰਾਧ ਲਈ 7 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ, ਪਰ ਬਲੈਕਮੇਲ ਨੂੰ ਸਾਬਤ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਔਰਤ ਹੋਣ ਦਾ ਫਾਇਦਾ ਮਿਲਦਾ ਹੈ। ਜਬਰੀ ਵਸੂਲੀ ਵਿਰੋਧੀ ਹੈਲਪਲਾਈਨ: 103 ਵਿਚ 'ਸੀਨੀਅਰ ਸਿਟੀਜ਼ਨ ਬਲੈਕਮੇਲ' ਲਈ ਇਕ ਵੱਖਰੀ ਸ਼੍ਰੇਣੀ ਹੈ। ਪਰ ਹੋਣਾ ਇਹ ਚਾਹੀਦਾ ਹੈ ਕਿ ਪੀੜਤਾਂ ਦੇ ਨਾਂਅ ਗੁਪਤ ਰੱਖ ਕੇ ਤੁਰੰਤ ਐਫ.ਆਈ.ਆਰ. ਦਰਜ ਕਰਕੇ 6 ਮਹੀਨਿਆਂ ਦੇ ਅੰਦਰ ਫਾਸਟ-ਟਰੈਕ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਜੇਕਰ ਬਜ਼ੁਰਗ ਇਕੱਲੇ ਹਨ ਤਾਂ ਇਕ ਕੁੱਤਾ ਪਾਲ ਲਓ, ਕਾਲਜ ਵਾਲੀ ਕੋਈ ਬੇਟੀ ਨਹੀਂ।
ਭਾਵੇਂ ਹਰ ਜਵਾਨ-ਬੁੱਢੀ ਦੋਸਤੀ ਧੋਖਾਧੜੀ ਵਾਲੀ ਨਹੀਂ ਹੁੰਦੀ, ਪਰ 'ਪਾਪਾ' ਕਹਿ ਕੇ ਪੇਮੈਂਟ ਮੰਗਣ ਵਾਲੀ ਦੋਸਤੀ ਦੋਸਤੀ ਨਹੀਂ ਹੁੰਦੀ। 1947 ਵਿਚ ਰਿਸ਼ਤਿਆਂ ਨੇ ਪਰਿਵਾਰ ਦਾ ਦਾਇਰਾ ਵਧਾਇਆ; 2026 'ਚ ਇਹ ਮਨ ਦੀ ਮਰਜ਼ੀ ਹੈ। 2047 ਤੱਕ ਦੇਸ਼ 'ਚ 30 ਕਰੋੜ ਬਜ਼ੁਰਗਾਂ 'ਚੋਂ 15 ਕਰੋੜ ਇਕੱਲੇ ਹੋਣਗੇ। ਇਹ ਕਿਹੋ ਜਿਹਾ ਭਾਰਤ ਹੋਵੇਗਾ? ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਵੀ ਵਿਆਹ ਜ਼ਿਆਦਾ 'ਟਿਕਦੇ' ਹਨ, ਕਿਉਂਕਿ ਇਨ੍ਹਾਂ ਨੂੰ ਤੋੜਨਾ ਮਹਿੰਗਾ ਪੈਂਦਾ ਹੈ। ਲਿਵ-ਇਨ ਰਿਸ਼ਤੇ ਜ਼ਿਆਦਾ ਟੁੱਟਦੇ ਹਨ, ਕਿਉਂਕਿ ਨਿਕਾਸ ਸਸਤਾ ਹੁੰਦਾ ਹੈ। ਸਵਾਲ ਲੰਬੀ ਉਮਰ ਦਾ ਨਹੀਂ, ਸਗੋਂ ਖੁਸ਼ ਰਹਿਣ ਦਾ ਹੈ। ਦੋਵਾਂ ਮਾਡਲਾਂ ਵਿਚ ਔਰਤ ਫਸਦੀ ਹੈ ਤੇ ਬੁੱਢਿਆਂ ਨੂੰ ਕੁਚਲਿਆ ਜਾ ਰਿਹਾ ਹੈ। ਪੁਲਿਸ ਸਬੂਤ ਮੰਗਦੀ ਹੈ, ਬਲੈਕਮੇਲਰ ਇੱਜ਼ਤ ਖਰਾਬ ਕਰ ਦੇਣ ਦੀ ਧਮਕੀ ਦਿੰਦੇ ਹਨ। ਜੇਕਰ ਕਾਨੂੰਨ ਸਖ਼ਤੀ ਨਾਲ ਲਾਗੂ ਹੋਵੇ ਤਾਂ ਠੱਗ ਅਜਿਹਾ ਨਹੀਂ ਕਰ ਸਕਣਗੇ।
ਈ-ਮੇਲ : pooranchandsarin@gmail.com