ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਦੋਹਾਂ ਮੁਲਕਾਂ ਵਿਚ ਕਈ ਵਾਰ ਯੁੱਧ ਵੀ ਹੋ ਚੁੱਕੇ ਹਨ। ਚਾਹੇ ਕਸ਼ਮੀਰ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਦੇ ਕਬਜ਼ੇ ਵਿਚ ਹੈ ਪਰ ਇਸ ਦੇ ਬਾਵਜੂਦ ਉਸ ਨੇ ਪੂਰੇ ਕਸ਼ਮੀਰ 'ਤੇ ਕਬਜ਼ੇ ਲਈ ਦਹਾਕਿਆਂ ਤੋਂ ਭਾਰਤ ਨਾਲ ਆਪਣੀ ਦੁਸ਼ਮਣੀ ਜਾਰੀ ਰੱਖੀ ਹੋਈ ਹੈ। ਇਸ ਨੂੰ ਆਧਾਰ ਬਣਾ ਕੇ ਉਸ ਨੇ ਭਾਰਤ ਦੀ ਪ੍ਰਭੂਸੱਤਾ ਨੂੰ ਲਗਾਤਾਰ ਵੰਗਾਰਿਆ ਹੈ। ਉਸ ਦੇ ਪਾਲੇ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਾਇਬਾ ਸਮੇਤ ਦਰਜਨ ਭਰ ਅੱਤਵਾਦੀ ਸੰਗਠਨ ਨਿੱਤ ਦਿਨ ਪਾਕਿਸਤਾਨੀ ਫ਼ੌਜ ਦੀ ਮਦਦ ਨਾਲ ਭਾਰਤ ਅੰਦਰ ਘੁਸਪੈਠ ਕਰਕੇ ਇਸ ਨੂੰ ਲਹੂ-ਲੁਹਾਣ ਕਰਦੇ ਆ ਰਹੇ ਹਨ। ਜੰਮੂ-ਕਸ਼ਮੀਰ ਤਾਂ ਇਸ ਹਿੰਸਾ ਦਾ ਵੱਡੀ ਪੱਧਰ 'ਤੇ ਸ਼ਿਕਾਰ ਬਣਿਆ ਰਿਹਾ ਹੈ ਪਰ ਇਸ ਦੇ ਨਾਲ-ਨਾਲ ਮੁੰਬਈ ਵਿਚ ਪਾਕਿਸਤਾਨੀ ਦਹਿਸ਼ਤਗਰਦਾਂ ਵਲੋਂ ਦਿਨ-ਦਿਹਾੜੇ ਸੈਂਕੜੇ ਹੀ ਵਿਅਕਤੀਆਂ ਨੂੰ ਮਾਰ ਦੇਣਾ, ਇੱਥੋਂ ਦੇ ਮਹੱਤਵਪੂਰਨ ਸਥਾਨਾਂ 'ਤੇ ਹਮਲੇ ਕਰਨਾ, ਰਾਜਧਾਨੀ ਦਿੱਲੀ ਵਿਚ ਦੇਸ਼ ਦੀ ਸੰਸਦ 'ਤੇ ਹਮਲਾ ਕਰਕੇ ਭਾਰਤ ਦੀ ਪ੍ਰਭੂਸੱਤਾ ਨੂੰ ਵੰਗਾਰਨਾ, ਪਠਾਨਕੋਟ ਸਮੇਤ ਭਾਰਤੀ ਫ਼ੌਜ ਦੇ ਹੋਰ ਅੱਡਿਆਂ 'ਤੇ ਯੋਜਨਾਬੱਧ ਢੰਗ ਨਾਲ ਹਮਲਾ ਕਰਨਾ ਆਦਿ ਅਨੇਕਾਂ-ਅਨੇਕ ਅਜਿਹੀਆਂ ਘਟਨਾਵਾਂ ਹਨ, ਜੋ ਦੇਸ਼ ਲਈ ਵੰਗਾਰ ਪੈਦਾ ਕਰਦੀਆਂ ਰਹੀਆਂ ਹਨ।
ਪਾਕਿਸਤਾਨ ਦੇ ਪਾਲੇ ਇਨ੍ਹਾਂ ਅੱਤਵਾਦੀ ਸੰਗਠਨਾਂ ਦੇ ਆਗੂ ਉਥੋਂ ਭਾਰਤ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਹਨ ਅਤੇ ਫ਼ੌਜੀ ਜਰਨੈਲਾਂ ਨੇ ਵੀ ਲਗਾਤਾਰ ਧਮਕੀਆਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਸ ਪੱਖ ਤੋਂ ਅੱਜ ਮੁਨੀਰ ਨਿਆਜ਼ੀ ਵੀ ਪਹਿਲੀ ਕਤਾਰ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ। ਮਕਬੂਜ਼ਾ ਕਸ਼ਮੀਰ ਦੀ ਧਰਤੀ ਤੋਂ ਨਿੱਤ ਦਿਨ ਅੱਤਵਾਦੀਆਂ ਨੂੰ ਭਾਰਤ ਅੰਦਰ ਭੇਜਣਾ ਜਾਰੀ ਹੈ। ਇਸੇ ਕੜੀ ਵਿਚ ਪਿਛਲੇ ਸਾਲ ਪਹਿਲਗਾਮ ਵਿਚ ਇਨ੍ਹਾਂ ਅੱਤਵਾਦੀ ਸੰਗਠਨਾਂ ਨੇ ਯੋਜਨਾਬੰਦੀ ਨਾਲ ਦਿਨ-ਦਿਹਾੜੇ 26 ਭਾਰਤੀ ਸੈਲਾਨੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਅੱਜ ਅੱਤਵਾਦੀਆਂ ਨਾਲ ਭਰੀ ਉਸ ਧਰਤੀ 'ਤੇ ਅਜਿਹੇ ਹੀ ਕਈ ਸੰਗਠਨ ਪਾਕਿਸਤਾਨ ਦੀ ਸਰਕਾਰ ਲਈ ਵੀ ਖ਼ਤਰਾ ਬਣ ਚੁੱਕੇ ਹਨ। ਇਨ੍ਹਾਂ ਵਿਚ ਤਹਿਰੀਕ-ਏ-ਤਾਲਿਬਾਨ (ਪਾਕਿਸਤਾਨ) ਇਕ ਅਜਿਹਾ ਸੰਗਠਨ ਹੈ, ਜਿਸ ਨੇ ਉਥੇ ਪੂਰੇ ਦੇਸ਼ ਵਿਚ ਦਹਿਸ਼ਤ ਅਤੇ ਖ਼ੂਨ-ਖ਼ਰਾਬੇ ਵਾਲਾ ਮਾਹੌਲ ਬਣਾ ਦਿੱਤਾ ਹੈ। ਅੱਜ ਇਹੀ ਸੰਗਠਨ ਉਥੋਂ ਦੀ ਸਰਕਾਰ ਨੂੰ ਮਾਤ ਪਾਉਣ ਦੀਆਂ ਧਮਕੀਆਂ ਦੇ ਰਹੇ ਹਨ। ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲਗਦੇ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਵਿਚ ਪਾਕਿਸਤਾਨੀ ਤਾਇਬਾਨ ਦੀ ਇਕ ਤਰ੍ਹਾਂ ਨਾਲ ਪਾਕਿਸਤਾਨੀ ਫ਼ੌਜ ਨਾਲ ਜੰਗ ਜਾਰੀ ਹੈ। ਹੁਣ ਅਫ਼ਗਾਨਿਸਤਾਨ ਵੀ ਪਾਕਿਸਤਾਨ ਵਿਰੁੱਧ ਇਸ ਜੰਗ ਵਿਚ ਸ਼ਾਮਿਲ ਹੋ ਗਿਆ ਹੈ। ਦੂਸਰੇ ਵੱਡੇ ਪ੍ਰਾਂਤ ਬਲੋਚਿਸਤਾਨ ਵਿਚ ਵੀ ਅਜਿਹਾ ਹੀ ਖ਼ੂਨ-ਖ਼ਰਾਬੇ ਵਾਲਾ ਮਾਹੌਲ ਬਣਿਆ ਦਿਖਾਈ ਦੇ ਰਿਹਾ ਹੈ, ਜਿਸ ਨੇ ਇਕ ਤਰ੍ਹਾਂ ਨਾਲ ਪਾਕਿਸਤਾਨ ਦੀ ਹੋਂਦ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਵਿਚ ਸਰਕਾਰ ਵਿਰੁੱਧ ਵਰ੍ਹਿਆਂ ਤੋਂ ਹੋ ਰਹੀ ਬਗ਼ਾਵਤ ਹੁਣ ਅੱਗ ਦੇ ਭਾਂਬੜਾਂ ਵਿਚ ਬਦਲ ਗਈ ਜਾਪਦੀ ਹੈ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਾਲ 1960 ਵਿਚ ਦੋਹਾਂ ਮੁਲਕਾਂ ਵਿਚ ਹੋਈ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਪੱਸ਼ਟ ਸ਼ਬਦਾਂ ਵਿਚ ਇਹ ਕਿਹਾ ਸੀ, 'ਪਾਣੀ ਅਤੇ ਖ਼ੂਨ ਇਕੱਠੇ ਨਹੀਂ ਵਹਿ ਸਕਦੇ, ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਗ਼ੈਰ-ਕਾਨੂੰਨੀ ਕਾਰਵਾਈਆਂ (ਰੋਕੂ) ਐਕਟ ਤਹਿਤ ਪਾਕਿਸਤਾਨ ਵਿਚ ਸਰਗਰਮ 23 ਵਿਅਕਤੀਆਂ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ। ਇਨ੍ਹਾਂ ਵਿਚ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਨਾਲ ਜੁੜੇ ਦਹਿਸ਼ਤਗਰਦਾਂ ਦੇ ਨਾਂਅ ਵੀ ਸ਼ਾਮਿਲ ਹਨ। ਇਹ ਸੰਗਠਨ ਲਗਾਤਾਰ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਭਾਰਤ ਅੰਦਰ ਤਸਕਰੀ ਕਰਵਾ ਰਹੇ ਹਨ। ਇਨ੍ਹਾਂ ਵਿਚ ਹੀ ਜਮਾਤ-ਉਦ-ਦਾਵਾ ਦੇ ਅੱਤਵਾਦੀ ਵੀ ਸ਼ਾਮਿਲ ਹਨ। ਹਾਲਾਤ ਇਹ ਬਣ ਗਏ ਹਨ ਕਿ ਜੇਕਰ ਪਾਕਿਸਤਾਨ ਦੀ ਸਰਕਾਰ ਇਨ੍ਹਾਂ ਨੂੰ ਨੱਥ ਪਾਉਣੀ ਵੀ ਚਾਹੇ ਤਾਂ ਇਹ ਕੰਮ ਉਸ ਲਈ ਅਸੰਭਵ ਜਾਪਦਾ ਹੈ। ਪਾਕਿਸਤਾਨੀ ਫ਼ੌਜ ਨੇ ਭਾਰਤ ਨੂੰ ਲਹੂ-ਲੁਹਾਣ ਕਰਨ ਸੰਬੰਧੀ ਆਪਣੇ ਵਤੀਰੇ ਵਿਚ ਕੋਈ ਤਬਦੀਲੀ ਨਹੀਂ ਲਿਆਂਦੀ।
ਹੁਣ ਸਿੰਧੂ ਜਲ ਸੰਧੀ ਦੇ ਭਾਰਤ ਵਲੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਵਿਚ ਬੇਹੱਦ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ, ਜਿਸ ਲਈ ਉੱਥੋਂ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਭਾਰਤ ਨੂੰ ਧਮਕੀਆਂ ਦੇਣ 'ਤੇ ਉਤਾਰੂ ਹੋ ਗਏ ਹਨ। ਇਸ ਨਾਲ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਦੋਹਾਂ ਪ੍ਰਮਾਣੂ ਬੰਬ ਵਾਲੇ ਦੇਸ਼ਾਂ ਵਿਚ ਲੜਾਈ ਛਿੜਨ ਦਾ ਖ਼ਤਰਾ ਵਧ ਰਿਹਾ ਹੈ। ਪਿਛਲੇ ਦਿਨੀਂ ਦੋਹਾਂ ਦੇਸ਼ਾਂ ਦੇ ਬੁੱਧੀਜੀਵੀਆਂ, ਸਾਬਕਾ ਡਿਪਲੋਮੈਟਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਹਰ ਸੂਰਤ ਵਿਚ ਆਪਣੇ ਸੰਬੰਧ ਸੁਧਾਰਨ ਲਈ ਕੋਈ ਰਸਤਾ ਲੱਭਣ ਲਈ ਪ੍ਰੇਰਿਆ ਹੈ। ਪਾਕਿਸਤਾਨ ਕੋਲ ਇਸ ਸਮੇਂ ਤਾਕਤਵਰ ਚੀਨ ਦਾ ਸਹਾਰਾ ਜ਼ਰੂਰ ਹੈ ਪਰ ਜਿਥੋਂ ਤੱਕ ਇਹ ਗੱਲ ਪਹੁੰਚ ਚੁੱਕੀ ਹੈ, ਹੁਣ ਇਹ ਜ਼ਰੂਰੀ ਹੋ ਗਿਆ ਜਾਪਦਾ ਹੈ ਕਿ ਪਾਕਿਸਤਾਨ ਨੂੰ ਹਰ ਹੀਲੇ ਭਾਰਤ ਵਿਚ ਖ਼ੂਨ ਵਹਾਉਣ ਦੀ ਆਪਣੀ ਨੀਤੀ ਨੂੰ ਬੰਦ ਕਰਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰ ਸਕਦਾ ਤਾਂ ਦੋਹਾਂ ਦੇਸ਼ਾਂ ਦੇ ਸੰਬੰਧ ਜਿਹੜੇ ਪਹਿਲਾਂ ਹੀ ਖ਼ਤਰਨਾਕ ਮੋੜ 'ਤੇ ਪਹੁੰਚ ਚੁੱਕੇ ਹਨ, ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿਚ ਵੱਡੀ ਤਬਾਹੀ ਦਾ ਕਾਰਨ ਬਣ ਸਕਦੇ ਹਨ।
-ਬਰਜਿੰਦਰ ਸਿੰਘ ਹਮਦਰਦ