ਰਾਮ ਮੰਦਰ ਚੋਰੀ ਦੀ ਘਟਨਾ ਨੇ ਮੈਨੂੰ ਹੈਰਾਨ ਨਹੀਂ ਕੀਤਾ, ਕਿਉਂਕਿ ਗਲਤ ਸੋਚ ਵਾਲੇ ਲੋਕ ਕਿਤੇ ਵੀ ਹੋ ਸਕਦੇ ਹਨ ਤੇ ਕਿਸੇ ਵੀ ਤਰ੍ਹਾਂ ਦਾ ਅਪਰਾਧ ਕਰ ਸਕਦੇ ਹਨ। ਮੰਦਰ ਨਾਲ ਜੁੜੇ ਲੋਕਾਂ ਵਲੋਂ ਚੋਰੀ ਕਰਨਾ ਜ਼ਰੂਰ ਵੱਡੀ ਖ਼ਬਰ ਹੈ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚੋਰੀ ਦੇ ਦੋਸ਼ ਉਨ੍ਹਾਂ ਲੋਕਾਂ 'ਤੇ ਲੱਗੇ ਹਨ, ਜੋ ਰਾਮ ਮੰਦਰ ਅੰਦੋਲਨ ਨਾਲ ਜੁੜੇ ਰਹੇ ਹਨ ਅਤੇ ਉਹ ਲੋਕ ਭਗਵਾਨ ਰਾਮ ਤੇ ਹਿੰਦੂ ਧਰਮ 'ਤੇ ਆਪਣਾ ਕਾਪੀਰਾਈਟ ਸਮਝਦੇ ਹਨ। ਪਰ ਇਸ ਪੂਰੇ ਘਟਨਾਕ੍ਰਮ ਪ੍ਰਤੀ ਸੰਘ ਪਰਿਵਾਰ ਦੇ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ, ਖਾਸ ਕਰਕੇ ਆਰ.ਐਸ.ਐਸ. ਦੀ ਉੱਚ ਲੀਡਰਸ਼ਿਪ ਨੇ ਨਿਮਰਤਾ ਸਹਿਤ ਪਛਤਾਵਾ ਕਰਨ ਦੀ ਬਜਾਏ ਆਪਣੀ ਸੁਰ ਹੰਕਾਰ ਭਰੀ ਰੱਖੀ ਹੈ। ਉਨ੍ਹਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਸਮਰਥਕਾਂ 'ਤੇ ਉਂਗਲਾਂ ਚੁੱਕਣ ਵਾਲੇ? ਮੈਨੂੰ ਇਹ ਅਹਿਸਾਸ ਸੰਘ ਦੇ ਉੱਚ ਅਹੁਦੇਦਾਰ ਦੱਤਾਤ੍ਰੇਯ ਹੋਸਬਲੇ ਦੇ ਬਿਆਨ 'ਤੇ ਮਾਮਲੇ ਦੀ ਜਾਂਚ ਕਰਨ ਵਾਲੀ ਯੂ.ਪੀ. ਦੀ ਵਿਸ਼ੇਸ਼ ਜਾਂਚ ਟੀਮ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਵਲੋਂ ਲਿਖੇ ਪੱਤਰ ਤੋਂ ਹੋਇਆ, ਕਿਉਂਕਿ ਦੋਹਾਂ ਨੇ ਇਸ ਮੁੱਦੇ 'ਤੇ ਕਿਤੇ ਵੀ ਨਿਮਰਤਾ ਨਹੀਂ ਦਿਖਾਈ। ਹਿੰਦੂ ਪਰੰਪਰਾ 'ਚ ਭਗਵਾਨ ਰਾਮ ਨਿਮਰਤਾ ਨਾਲ ਭਰੇ ਹੋਏ ਹਨ, ਇਸੇ ਲਈ ਉਨ੍ਹਾਂ ਨੂੰ ਮਰਯਾਦਾ ਪੁਰਸ਼ੋਤਮ ਕਿਹਾ ਜਾਂਦਾ ਹੈ। ਤੁਲਸੀਦਾਸ ਅਨੁਸਾਰ ਜਦੋਂ ਰਾਮ ਲੰਕਾ ਜਿੱਤਣ ਤੋਂ ਬਾਅਦ ਅਯੁੱਧਿਆ ਵਾਪਸ ਆ ਕੇ ਸਿੰਘਾਸਣ 'ਤੇ ਬੈਠਣ ਬਾਅਦ ਰਾਜ ਕਰਦੇ ਹਨ ਤਾਂ ਉਨ੍ਹਾਂ ਕਦੇ ਵੀ ਆਪਣੀ ਪਰਜਾ ਤੋਂ ਖ਼ੁਦ ਨੂੰ ਉੱਪਰ ਨਹੀਂ ਸੀ ਸਮਝਿਆ। ਉਹ ਭਰੀ ਸਭਾ 'ਚ ਕਹਿੰਦੇ ਹਨ ਕਿ ਜੇਕਰ ਕੋਈ ਗਲਤੀ ਹੋ ਜਾਵੇ ਤਾਂ ਬਿਨਾਂ ਕਿਸੇ ਡਰ ਦੇ ਉਨ੍ਹਾਂ ਨੂੰ ਟੋਕ ਸਕਦੇ ਹੋ। ਭਗਵਾਨ ਰਾਮ ਕਹਿੰਦੇ ਹਨ ਕਿ ਉਹ ਸਿਰਫ਼ ਉਨ੍ਹਾਂ ਨੂੰ ਆਪਣੇ ਸੱਚੇ ਸੇਵਕ ਮੰਨਦੇ ਹਨ, ਜੋ ਉਨ੍ਹਾਂ ਦੁਆਰਾ ਸਥਾਪਿਤ ਕੀਤੇ ਅਨੁਸ਼ਾਸਨ ਦੀ ਪਾਲਣਾ ਕਰਦੇ ਹਨ। ਤੁਲਸੀਦਾਸ ਲਿਖਦੇ ਹਨ:-
ਸੋਈ ਸੇਵਕ ਪ੍ਰਿਅਤਮ ਮਮ ਸੋਈ।
ਮਮ ਅਨੁਸ਼ਾਸਨ ਮਾਨੋ ਜੋਈ।
ਜੌਂ ਅਨੀਤਿ ਕਛੁ ਭਾਸ਼ੌਂ ਭਾਈ।
ਤੌ ਮੋਹਿ ਬਰਜਹੂ ਭੈਅ ਬਿਸਰਾਈ।
ਭਗਵਾਨ ਰਾਮ ਕਹਿੰਦੇ ਹਨ ਕਿ ਉਸ ਨੂੰ ਉਹੀ ਪਿਆਰਾ ਹੈ, ਉਹੀ ਉਸ ਦਾ ਸੱਚਾ ਸੇਵਕ ਹੈ, ਜੋ ਉਸ ਦੀ ਆਗਿਆ ਨੂੰ ਮੰਨਦਾ ਹੈ ਜਾਂ ਉਸ ਦੇ ਦੁਆਰਾ ਬਣਾਏ ਹੋਏ ਅਨੁਸ਼ਾਸਨ ਦੀ ਪਾਲਣਾ ਕਰਦਾ ਹੈ ਪਰ ਅਗਲੇ ਸ਼ਬਦਾਂ ਵਿਚ ਉਹ ਇਹ ਵੀ ਕਹਿੰਦੇ ਹਨ ਕਿ ਜੇ ਉਹ ਮਤਲਬ ਭਗਵਾਨ ਰਾਮ ਵੀ ਕੁਝ ਗਲਤ ਕਰਨ ਜਾਂ ਅਨੈਤਿਕ ਕਰੇ ਤਾਂ ਪਰਜਾ ਬਿਨਾਂ ਡਰ-ਭੈਅ ਜਾਂ ਸੰਕੋਚ ਦੇ ਉਸ ਨੂੰ ਟੋਕ ਦੇਵੇ। ਤੁਲਸੀਦਾਸ ਇੱਥੇ ਇਕ ਅਜਿਹੇ ਰਾਮ ਦੀ ਮਹਾਨਤਾ ਦਾ ਵਰਨਣ ਕਰਦੇ ਹਨ, ਜੋ ਰਾਵਣ 'ਤੇ ਜਿੱਤ ਪ੍ਰਾਪਤ ਕਰਕੇ ਆਏ ਹਨ, ਅਯੁੱਧਿਆ ਦੇ ਰਾਜਾ ਹਨ ਅਤੇ ਉਨ੍ਹਾਂ ਨੂੰ ਕਿਤੋਂ ਕੋਈ ਚੁਣੌਤੀ ਨਹੀਂ ਹੈ, ਫਿਰ ਵੀ ਉਹ ਆਪਣੀ ਪਰਜਾ ਨੂੰ ਬੇਨਤੀ ਕਰਦੇ ਹਨ ਕਿ ਜੇ ਉਹ ਕਿਤੇ ਕੋਈ ਅਜਿਹੀ ਗੱਲ ਕਰਦੇ ਹਨ, ਜੋ ਨੀਤੀ ਅਨੁਕੂਲ ਨਹੀਂ ਹੈ ਜਾਂ ਗਲਤ ਹੈ ਤਾਂ ਫਿਰ ਇਹ ਜਨਤਾ ਦਾ ਫ਼ਰਜ਼ ਹੈ ਕਿ ਉਹ ਉਨ੍ਹਾਂ ਦੀ ਗਲਤੀ ਨੂੰ ਰੇਖਾਂਕਿਤ ਕਰੇ, ਉਨ੍ਹਾਂ ਨੂੰ ਟੋਕੇ। ਉਹੀ ਰਾਜਾ ਰਾਜ ਕਰ ਸਕਦਾ ਹੈ, ਜੋ ਨਿਮਰ ਹੈ, ਜੋ ਖ਼ੁਦ ਨੂੰ ਪਰਜਾ ਤੋਂ ਉੱਪਰ ਨਹੀਂ ਸਮਝਦਾ, ਜੋ ਜਨਤਾ ਦੇ ਬਿਬੇਕ ਦਾ ਸਾਹਮਣਾ ਕਰਦਾ ਹੈ। ਰਾਮ ਨੂੰ ਰਾਜਾ ਹੋਣ ਕਰਕੇ ਇਹ ਸਭ ਕਹਿਣ ਦੀ ਜ਼ਰੂਰਤ ਨਹੀਂ ਸੀ, ਪਰ ਉਹ ਅਜਿਹਾ ਇਸ ਲਈ ਕਹਿੰਦੇ ਹਨ, ਕਿਉਂਕਿ ਉਹ ਹੰਕਾਰ ਤੋਂ ਰਹਿਤ ਹੋਣ ਕਰਕੇ ਆਪਣੀ ਪਰਜਾ ਨੂੰ ਸਰਬਉੱਚ ਸਮਝਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਕ ਰਾਜੇ ਨੂੰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਹ ਕੋਈ ਇਤਫ਼ਾਕ ਨਹੀਂ ਸੀ ਕਿ ਜਦੋਂ ਇਕ ਧੋਬੀ ਨੇ ਮਾਤਾ ਸੀਤਾ 'ਤੇ ਝੂਠਾ ਦੋਸ਼ ਲਗਾਇਆ ਤਾਂ ਭਗਵਾਨ ਰਾਮ ਨੇ ਉਨ੍ਹਾਂ ਦੀ ਅਗਨੀ ਪ੍ਰੀਖਿਆ ਤੱਕ ਲੈ ਲਈ ਸੀ।
ਇਸ ਘਟਨਾ ਬਾਰੇ ਅੱਜ ਸਮਾਜ ਇਕ ਵੱਖਰੀ ਪ੍ਰਤੀਕਿਰਿਆ ਦਿੰਦਿਆਂ ਕਹਿ ਸਕਦਾ ਹੈ ਕਿ ਮਾਤਾ ਸੀਤਾ ਦੀ ਅਗਨੀ ਪ੍ਰੀਖਿਆ ਦੀ ਲੋੜ ਨਹੀਂ ਸੀ, ਕਿਉਂਕਿ ਉਹ ਪਵਿੱਤਰ ਸੀ। ਪਰ ਰਾਜਾ ਰਾਮ ਸਾਹਮਣੇ ਇਹ ਸਵਾਲ ਸੀ ਕਿ ਜੇਕਰ ਜਨਤਾ ਨੂੰ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਸ਼ੱਕ ਹੈ ਤਾਂ ਉਸ ਨੂੰ ਦੂਰ ਕਰਨਾ ਉਨ੍ਹਾਂ ਦਾ ਫਰਜ਼ ਸੀ। ਇਸੇ ਲਈ ਉਨ੍ਹਾਂ ਦੇ ਰਾਜ ਨੂੰ ਆਦਰਸ਼ ਮੰਨਿਆ ਜਾਂਦਾ ਹੈ ਅਤੇ ਉਸ ਨੂੰ 'ਰਾਮਰਾਜ' ਕਿਹਾ ਜਾਂਦਾ ਹੈ।
ਤੁਲਸੀਦਾਸ ਅਨੁਸਾਰ ਜਿਸ ਰਾਜ ਦੇ ਲੋਕਾਂ ਨੂੰ ਕੋਈ ਸਰੀਰਕ, ਸੰਸਾਰਿਕ ਤੇ ਦੈਵੀ ਦੁੱਖ ਨਾ ਹੋਵੇ, ਉਹ ਸਾਰੇ ਦੁੱਖਾਂ ਤੋਂ ਮੁਕਤ ਹੋ ਕੇ ਅਨੰਦ ਵਿਚ ਰਹਿੰਦੇ ਹਨ। ਜਿੱਥੇ ਸਾਰੇ ਮਰਦ ਤੇ ਔਰਤਾਂ ਆਪਸੀ ਪਿਆਰ ਤੇ ਭਾਈਚਾਰੇ 'ਚ ਰਹਿੰਦਿਆਂ ਧਰਮ ਦੀ ਪਾਲਣਾ ਕਰਦੇ ਹਨ। ਧਰਮ ਦੀ ਪਾਲਣਾ ਸਿਰਫ਼ ਲੋਕਾਂ ਨੂੰ ਹੀ ਨਹੀਂ, ਰਾਜੇ ਨੂੰ ਵੀ ਕਰਨੀ ਪੈਂਦੀ ਹੈ, ਕਿਉਂਕਿ ਉਹ ਵੀ ਧਰਮ ਨਾਲ ਬੱਝਿਆ ਹੁੰਦਾ ਹੈ। ਜਦੋਂ ਰਾਜਾ ਤੇ ਲੋਕ ਦੋਵੇਂ ਧਰਮ ਦੀ ਪਾਲਣਾ ਕਰਦੇ ਹਨ ਤਾਂ ਹੀ ਰਾਮ ਰਾਜ ਹੁੰਦਾ ਹੈ। ਰਾਜਾ ਧਰਮ ਤੋਂ ਉੱਪਰ ਨਹੀਂ ਹੋ ਸਕਦਾ, ਉਸ ਦੇ ਲਈ ਵੀ ਨਿਯਮ ਹਨ ਤੇ ਗਲਤੀ ਕਰਨ 'ਤੇ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਰਾਮ ਦੇ ਰਾਜ 'ਚ ਕਿਸੇ ਨਾਲ ਵਿਤਕਰੇ ਤੇ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਕਰੋੜਾਂ ਲੋਕਾਂ ਦੀ ਆਸਥਾ ਦੇ ਕੇਂਦਰ ਰਾਮ ਮੰਦਰ 'ਚ ਉਨ੍ਹਾਂ ਲੋਕਾਂ ਦੁਆਰਾ ਚੋਰੀ ਕੀਤੀ ਜਾ ਰਹੀ ਹੈ, ਜੋ ਰਾਮ ਦਾ ਪ੍ਰਚਾਰ ਕਰਦਿਆਂ ਰਾਮ ਰਾਜ ਲਿਆਉਣ ਦੀ ਕਲਪਨਾ ਕਰਦੇ ਸਨ। ਅਫ਼ਸੋਸ ਇਸ ਗੱਲ ਦਾ ਨਹੀਂ ਹੈ ਕਿ ਚੋਰੀ ਹੋਈ ਹੈ, ਸਗੋਂ ਇਹ ਹੈ ਕਿ ਭਗਵਾਨ ਰਾਮ ਦੀ ਮਰਿਆਦਾ ਦੀਆਂ ਗੱਲਾਂ ਕਰਨ ਵਾਲੇ ਖ਼ੁਦ ਅਗਨੀ ਪ੍ਰੀਖਿਆ ਦੇਣ ਦੀ ਗੱਲ ਤੱਕ ਨਹੀਂ ਕਰ ਰਹੇ। ਉਹ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਫ਼ਰਤ ਨਾਲ ਭਰੇ ਹੋਏ ਇਹ ਲੋਕ ਧਰਮ ਦਾ ਝੰਡਾ ਬੁਲੰਦ ਕਰਨ ਦਾ ਦਿਖਾਵਾ ਕਰਦੇ ਹਨ।
ਹੋਸਬਲੇ ਕਹਿੰਦੇ ਹਨ ਕਿ ਕੁਝ ਹਿੰਦੂ-ਵਿਰੋਧੀ ਤੇ ਰਾਸ਼ਟਰ-ਵਿਰੋਧੀ ਲੋਕ ਹਿੰਦੂ ਸਮਾਜ ਤੇ ਧਰਮ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੇ ਸਨ। ਉਨ੍ਹਾਂ ਦਾ ਇਸ਼ਾਰਾ ਇਸ ਘਟਨਾ ਦਾ ਪਰਦਾਫਾਸ਼ ਕਰਨ ਵਾਲਿਆਂ ਵੱਲ ਹੈ, ਜੋ ਸੰਘ ਪਰਿਵਾਰ ਨੂੰ ਅਗਨੀ ਪ੍ਰੀਖਿਆ ਦੇਣ ਦੀ ਮੰਗ ਕਰ ਰਹੇ ਹਨ। ਦਰਅਸਲ ਇਸ ਮਾਮਲੇ 'ਚ ਉਨ੍ਹਾਂ ਨੂੰ ਕਹਿਣਾ ਤਾਂ ਇਹ ਚਾਹੀਦਾ ਸੀ ਕਿ ਜਿਨ੍ਹਾਂ ਲੋਕਾਂ ਨੇ ਹਿੰਦੂ ਧਰਮ ਤੇ ਰਾਮ ਮੰਦਰ ਨੂੰ ਕਲੰਕਿਤ ਕੀਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਰ ਭਾਵੇਂ ਉਹ ਸੰਘ ਪਰਿਵਾਰ ਨਾਲ ਜੁੜੇ ਹੋਏ ਲੋਕ ਹੀ ਕਿਉਂ ਨਾ ਹੋਣ ਪਰ ਉਹ ਤਾਂ ਪੂਰੀ ਚਰਚਾ ਨੂੰ ਹੀ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਲੋਕ ਕੁਮਾਰ ਨੇ ਤਾਂ ਹੋਰ ਅੱਗੇ ਵਧਦਿਆਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕਰਨ ਵਾਲੇ ਨੇਤਾਵਾਂ ਤੋਂ ਪੁੱਛਗਿੱਛ ਕਰਨ ਲਈ ਕਿਹਾ ਹੈ। ਇੰਨਾ ਹੰਕਾਰ ਕਿਉਂ, ਕੀ ਇਸ ਗੱਲ ਲਈ ਹੈ, ਕਿਉਂਕਿ ਸੰਘ ਪਰਿਵਾਰ ਨੇ ਰਾਮ ਮੰਦਰ ਦੀ ਉਸਾਰੀ ਲਈ ਇਕ ਅੰਦੋਲਨ ਸ਼ੁਰੂ ਕਰਦਿਆਂ ਇਸ ਨੂੰ ਪੂਰਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ ਸੀ? ਜਾਂ ਇਹ ਇਸ ਲਈ ਹੈ, ਕਿਉਂਕਿ ਹੁਣ ਉਨ੍ਹਾਂ ਦੀ ਕੇਂਦਰ 'ਚ ਸਰਕਾਰ ਤੋਂ ਇਲਾਵਾ 22 ਰਾਜਾਂ 'ਚ ਸਰਕਾਰਾਂ ਹਨ? ਦਰਅਸਲ ਇਹ ਹੰਕਾਰ ਨੈਤਿਕਤਾ ਦਾ ਨਹੀਂ ਹੈ। ਇਹ ਹੰਕਾਰ ਸੱਤਾ ਸ਼ਕਤੀ ਦਾ ਹੈ, ਜੋ ਮੰਨ ਬੈਠੀ ਹੈ ਕਿ ਭਗਵਾਨ ਰਾਮ 'ਤੇ ਸਿਰਫ਼ ਉਨ੍ਹਾਂ ਦਾ ਹੀ ਅਧਿਕਾਰ ਹੈ। ਇਹ ਵਿਚਾਰਧਾਰਾ ਦਾ ਸੰਕਟ ਹੈ। ਇਹ ਸੋਚ ਦਾ ਸੰਕਟ ਹੈ, ਜੋ ਸੱਤਾ ਨੂੰ ਸਭ ਕੁਝ ਸਮਝ ਬੈਠੀ ਹੈ। ਚੋਣਾਂ ਦੌਰਾਨ ਨਾਅਰਾ ਸੁਣਿਆ ਹੋਵੇਗਾ 'ਜੋ ਰਾਮ ਕੋ ਲਾਏ ਹੈਂ।' ਕੋਈ ਮੂਰਖ ਹੀ ਕਹਿ ਸਕਦਾ ਹੈ ਕਿ ਬ੍ਰਹਿਮੰਡ ਦੇ ਸਿਰਜਣਹਾਰ ਨੂੰ ਕੁਝ ਲੋਕ ਲੈ ਕੇ ਆਏ ਹਨ। ਇਹ ਲੋਕ ਕਹਿੰਦੇ ਹਨ ਕਿ ਜੋ ਅਯੁੱਧਿਆ ਨਹੀਂ ਗਿਆ ਜਾਂ ਰਾਮ ਲੱਲਾ ਦੇ ਦਰਸ਼ਨ ਨਹੀਂ ਕੀਤੇ, ਉਹ ਹਿੰਦੂ ਧਰਮ ਤੇ ਰਾਮ ਦਾ ਗੱਦਾਰ ਹੈ। ਜਦਕਿ ਹਿੰਦੂ ਪਰੰਪਰਾ ਵਿਚ ਤਾਂ ਕਿਹਾ ਗਿਆ ਹੈ, 'ਮਨ ਚੰਗਾ ਤੋ ਕਠੌਤੀ ਮੇਂ ਗੰਗਾ', ਭਗਵਾਨ ਕਣ- ਕਣ ਵਿਚ ਸਮਾਇਆ ਹੋਇਆ ਹੈ ਤੇ ਉਸ ਨੂੰ ਕਿਸੇ ਮੰਦਰ ਤੱਕ ਸੀਮਤ ਰੱਖਣਾ ਉਚਿਤ ਨਹੀਂ ਹੈ। ਰਾਮ ਮੰਦਰ ਜਾਣਾ ਕਿਸੇ ਦੀ ਸ਼ਰਧਾ ਹੋ ਸਕਦੀ ਹੈ, ਹੋਰਾਂ ਨੂੰ ਮੰਦਰ ਨਾ ਜਾਣ 'ਤੇ ਰਾਮ ਦੇ ਗਦਾਰ ਕਿਵੇਂ ਕਿਹਾ ਜਾ ਸਕਦਾ ਹੈ? ਰਾਮ ਸਿਰਫ਼ ਮੰਦਰਾਂ ਵਿਚ ਨਹੀਂ ਰਹਿੰਦਾ। ਹਿੰਦੂ ਪਰੰਪਰਾ ਵਿਚ ਅਜਿਹਾ ਨਹੀਂ ਹੈ। ਉਹ ਮੇਰੇ 'ਚ, ਤੁਹਾਡੇ ਵਿਚ ਤੇ ਸਾਰਿਆਂ ਵਿਚ, ਹਰ ਕਣ-ਕਣ ਵਿਚ ਹੈ।
ashutosh83b@gmail.com