ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹੋਰਮੁਜ਼ ਸੰਧੀ ਨਾਲ ਦੁਨੀਆ ਨੇ ਲਿਆ ਸੁੱਖ ਦਾ ਸਾਹ

Ad Position 21
No active advertisement
ਅਜੀਤ ਡੈਸਕ 08-07-2026

104 ਮੀਲ ਲੰਬਾ ਤੇ 60 ਮੀਲ ਚੌੜਾ, ਇਕਲੌਤਾ ਸਮੁੰਦਰੀ ਰਸਤਾ ਜੋ ਪਰਸ਼ੀਅਨ ਖਾੜੀ ਤੇ ਓਮਾਨ ਦੀ ਖਾੜ੍ਹੀ ਨੂੰ ਜੋੜਦਾ ਹੈ, ਹੋਰਮੁਜ਼ ਜਲ ਮਾਰਗ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਤੰਗ ਸਮੁੰਦਰੀ ਮਾਰਗ ਹੈ। ਸਾਲ 2023-25 ਦੌਰਾਨ ਵਿਸ਼ਵ ਦਾ 20 ਫ਼ੀਸਦੀ ਗੈਸ ਤੇ 25 ਫ਼ੀਸਦੀ ਤੇਲ-ਵਪਾਰ ਇਸੇ ਜਲ ਮਾਰਗ ਰਾਹੀਂ ਹੋਇਆ ਹੈ। ਇਸ ਦੀ ਖ਼ਾਸ ਭੂਗੋਲਿਕ ਮਹੱਤਤਾ ਕਾਰਨ ਹੀ ਜੋ ਦੇਸ਼ ਇਸ ਜਲ ਮਾਰਗ 'ਤੇ ਕਬਜ਼ਾ ਕਰਦਾ ਹੈ, ਉਹ ਵਿਸ਼ਵ ਵਪਾਰ 'ਤੇ ਕਾਬਜ਼ ਮੰਨਿਆ ਜਾਂਦਾ ਹੈ। ਹੋਰਮੁਜ਼ ਜਲ ਮਾਰਗ ਦਾ ਜ਼ਿਕਰ ਮਸ਼ਹੂਰ ਕਿਤਾਬ 'ਪੈਰੀਪਲਸ ਆਫ ਦਾ ਐਰੀਥਰਿਅਨ ਸੀਅ' ਵਿਚ ਹੋਇਆ ਹੈ। ਉਸ ਸਮੇਂ ਇਸ ਦੇ ਨਾਂਅ ਦਾ ਜ਼ਿਕਰ ਨਹੀਂ ਸੀ, ਸਗੋਂ ਇਸ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਚਰਚਾ ਕੀਤੀ ਗਈ ਸੀ। ਜਦੋਂ 1507 'ਚ ਪੁਰਤਗਾਲੀ ਸਮੁੰਦਰੀ ਰਸਤੇ ਰਾਹੀਂ ਅਫ਼ਰੀਕਾ ਤੋਂ ਭਾਰਤ ਵੱਲ ਆ ਰਹੇ ਸੀ ਤਾਂ ਉਨ੍ਹਾਂ ਹੋਰਮੁਜ਼ ਦੇ ਇਕ ਟਾਪੂ 'ਤੇ ਕਬਜ਼ਾ ਕਰ ਲਿਆ ਅਤੇ ਹੋਰਮੁਜ਼ ਜਲ ਮਾਰਗ 'ਚੋਂ ਲੰਘਣ ਵਾਲੇ ਸਮੁੰਦਰੀ ਜਹਾਜ਼ਾਂ 'ਤੇ ਕਰ ਲਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਤਕਰੀਬਨ ਇਕ ਸਦੀ ਤੱਕ ਇਸ ਮਾਰਗ ਰਾਹੀਂ ਸਿਲਕ, ਮਸਾਲੇ, ਮੋਤੀ ਤੇ ਅਰਬੀ ਘੋੜਿਆਂ ਦਾ ਵਪਾਰ ਕੀਤਾ। ਪੁਰਤਗਾਲੀਆਂ ਦੇ ਇਸ ਏਕਾਧਿਕਾਰ ਨੂੰ 1622 'ਚ 'ਸਫਾਵਿਦ ਰਾਜ' ਦੁਆਰਾ ਖ਼ਤਮ ਕੀਤਾ ਗਿਆ। ਫਿਰ 1629 'ਚ ਇਸ ਉੱਪਰ 'ਬ੍ਰਿਟਿਸ਼ ਈਸਟ ਇੰਡੀਆ ਕੰਪਨੀ' ਨੇ ਕਬਜ਼ਾ ਕਰ ਲਿਆ।
1908 'ਚ ਪਹਿਲੀ ਵਾਰ ਈਰਾਨ 'ਚ ਤੇਲ ਦੀ ਖੋਜ ਹੋਈ, ਪਰ ਬ੍ਰਿਟਿਸ਼ ਸਮਰਾਜ ਦਾ ਹੋਰਮੁਜ਼ ਜਲਮਾਰਗ ਉੱਪਰ ਕਬਜ਼ਾ ਹੋਣ ਕਾਰਨ ਉਨ੍ਹਾਂ ਤੇਲ ਦਾ ਬਹੁਤ ਸ਼ੋਸ਼ਣ ਕੀਤਾ। ਜਿਸ ਨੂੰ ਰੋਕਣ ਲਈ ਈਰਾਨ ਦੇ ਤੱਤਕਾਲੀ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਘ ਨੇ 1951 'ਚ ਤੇਲ ਦਾ ਰਾਸ਼ਟਰੀਕਰਨ ਕਰ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਯੂ.ਕੇ. ਅਤੇ ਅਮਰੀਕਾ ਨੇ 1953 'ਚ ਈਰਾਨ 'ਚ ਤਖ਼ਤਾਪਲਟ ਕਰਵਾ ਕੇ ਫਜ਼ਲਉੱਲਾ ਜ਼ਾਹੇਦੀ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਇਆ। ਜ਼ਾਹੇਦੀ ਨੇ ਪੱਛਮ ਦੀਆਂ ਤੇਲ ਕੰਪਨੀਆਂ ਨਾਲ ਕਈ ਸਮਝੌਤੇ ਕੀਤੇ ਤੇ ਤੇਲ ਦੇ ਰਾਸ਼ਟਰੀਕਰਨ ਨਾਲ ਹੋਣ ਵਾਲੀ ਆਮਦਨ ਨੂੰ ਵੀ ਆਪਸ 'ਚ ਵੰਡ ਲਿਆ। ਇਸ ਦੌਰਾਨ ਈਰਾਨ 'ਚ ਪੱਛਮੀ ਸੱਭਿਆਚਾਰ ਬਹੁਤ ਤੇਜ਼ੀ ਨਾਲ ਫੈਲਣ ਲੱਗਿਆ ਤਾਂ 1979 'ਚ ਆਇਤੁੱਲਾ ਰੂਹੁੱਲਾ ਖਾਮੇਨੇਈ ਦੀ ਅਗਵਾਈ 'ਚ 'ਇਸਲਾਮਿਕ ਕ੍ਰਾਂਤੀ' ਹੋਈ ਤੇ ਖਾਮੇਨੇਈ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣੇ। ਈਰਾਨ-ਇਰਾਕ ਜੰਗ ਦੌਰਾਨ ਅਮਰੀਕਾ ਵਲੋਂ ਇਰਾਕ ਦਾ ਸਮਰਥਨ ਕਰਨਾ ਈਰਾਨ ਲਈ ਸਿਰਦਰਦੀ ਬਣ ਗਿਆ। ਈਰਾਨ ਹੋਰਮੁਜ਼ ਜਲਮਾਰਗ ਦੇ ਉੱਤਰ 'ਚ ਸਥਿਤ ਹੈ, ਉਸ ਨੇ 'ਕੇਸ਼ਮ ਟਾਪੂ, ਖਰਗ ਟਾਪੂ, ਲਰਕ ਟਾਪੂ ਤੇ ਹੋਰਮੁਜ਼ ਟਾਪੂ' 'ਤੇ ਕਬਜ਼ਾ ਕਰਕੇ ਆਪਣੀ ਸਮੁੰਦਰੀ ਤਾਕਤ ਨੂੰ ਮਜ਼ਬੂਤ ਕਰ ਲਿਆ। ਈਰਾਨ ਦੇ 1970 'ਚ ਐੱਨ.ਪੀ.ਟੀ. (ਟ੍ਰੀਟੀ ਆਫ਼ ਨਾਨ-ਪ੍ਰੋਲਿਫ੍ਰੇਸ਼ਨ ਆਫ਼ ਨਿਊਕਲੀਅਰ ਵੈਪਨ) ਦਾ ਮੈਂਬਰ ਬਣਨ ਕਰਕੇ ਉਹ ਕੋਈ ਪ੍ਰਮਾਣੂ ਹਥਿਆਰ ਨਹੀਂ ਰੱਖ ਸਕਦਾ ਸੀ। ਈਰਾਨ ਵਲੋਂ 2015 'ਚ ਅਮਰੀਕਾ ਨਾਲ ਕੀਤੇ ਪ੍ਰਮਾਣੂ ਸਮਝੌਤੇ ਤਹਿਤ ਆਪਣੀ 'ਯੂਰੇਨੀਅਮ ਸਮਰੱਥਾ' ਨੂੰ ਘਟਾਉਣ ਬਦਲੇ ਅਮਰੀਕਾ ਦੁਆਰਾ ਈਰਾਨ ਤੋਂ ਆਰਥਿਕ ਪਾਬੰਦੀਆਂ ਹਟਾਈਆਂ ਗਈਆਂ। ਈਰਾਨ ਆਪਣੇ ਪ੍ਰਮਾਣੂ ਪ੍ਰੋਜੈਕਟਾਂ ਨੂੰ ਊਰਜਾ ਪੈਦਾਵਾਰ ਵਧਾਉਣ ਤੇ ਵਿਗਿਆਨਕ ਖੋਜਾਂ ਲਈ ਵਰਤਣ ਦਾ ਦਾਅਵਾ ਕਰਦਾ ਹੈ।
ਪਰ ਇਜ਼ਰਾਈਲ ਦੇ ਈਰਾਨ ਨਾਲ ਜਾਰੀ ਤਣਾਅ ਦੇ ਚਲਦੇ ਉਹ ਈਰਾਨ ਦੇ ਪ੍ਰਮਾਣੂ ਸਮਰੱਥਾ ਸੰਪੰਨ ਹੋਣ ਦਾ ਖ਼ਤਰਾ ਨਹੀਂ ਸਹੇੜ ਸਕਦਾ ਸੀ। ਇਸੇ ਲਈ ਅਮਰੀਕਾ ਵਲੋਂ ਈਰਾਨ ਨੂੰ ਪ੍ਰਮਾਣੂ ਸਮਰੱਥਾ ਸੰਬੰਧੀ 'ਜ਼ੀਰੋ ਇਨਰਿਚਮੈਂਟ ਸਟੰਬਲਿੰਗ ਬਲਾਕ' ਦਾ ਪ੍ਰਸਤਾਵ ਦਿੱਤਾ ਗਿਆ, ਜਿਸ ਨੂੰ ਈਰਾਨ ਵਲੋਂ ਸਵੀਕਾਰ ਕਰਨ ਤੋਂ ਇਨਕਾਰ ਕਰਨ 'ਤੇ ਅਮਰੀਕਾ-ਇਜ਼ਰਾਈਲ ਨੇ 28 ਫਰਵਰੀ 2026 ਨੂੰ ਈਰਾਨ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ। ਈਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਮੱਧ-ਪੂਰਬੀ ਏਸ਼ੀਆ ਦੇ ਵੱਖ-ਵੱਖ ਦੇਸ਼ਾਂ 'ਚ ਸਥਿਤ ਅਮਰੀਕੀ ਟਿਕਾਣਿਆਂ 'ਤੇ ਹਮਲਾ ਕਰਕੇ 'ਹੋਰਮੁਜ਼ ਜਲਮਾਰਗ' ਨੂੰ ਬੰਦ ਕਰ ਦਿੱਤਾ, ਜਿਸ ਦਾ ਅਸਰ ਅੱਜ ਪੂਰੇ ਵਿਸ਼ਵ 'ਤੇ ਪੈ ਰਿਹਾ ਹੈ। ਭਾਰਤ ਬਹੁਤਾ ਕੱਚਾ ਤੇਲ ਮੱਧ ਪੂਰਬ ਏਸ਼ੀਆ ਤੋਂ ਨਿਰਯਾਤ ਕਰਦਾ ਹੈ, ਜਿਸ ਦਾ ਬਹੁਤਾ ਹਿੱਸਾ ਹੋਰਮੁਜ਼ 'ਚੋਂ ਲੰਘਦਾ ਹੈ। ਇਸ ਘਟਨਾਕ੍ਰਮ ਦਾ ਭਾਰਤੀ ਅਰਥਵਿਵਸਥਾ 'ਤੇ ਬਹੁਤ ਬੁਰਾ ਪ੍ਰਭਾਵ ਪਿਆ। ਮੱਧ ਪੂਰਬ ਏਸ਼ੀਆ 'ਚ 85 ਲੱਖ ਭਾਰਤੀ ਕੰਮ ਕਰਦੇ ਹਨ ਤੇ ਇੱਥੇ ਆਰਥਿਕ ਗਤੀਵਿਧੀਆਂ ਰੁਕਣ ਨਾਲ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਹੋਣ ਨਾਲ ਦੇਸ਼ ਨੂੰ ਆਉਣ ਵਾਲੀ ਵਿਦੇਸ਼ੀ ਮੁਦਰਾ 'ਚ ਕਮੀ ਆਈ ਹੈ। ਕੱਚਾ ਤੇਲ ਖਰੀਦਣ ਲਈ ਭੁਗਤਾਨ ਅਮਰੀਕੀ ਡਾਲਰ 'ਚ ਹੋਣ ਕਰਕੇ ਤੇਲ ਦੀਆਂ ਵਧੀਆਂ ਕੀਮਤਾਂ ਨੇ ਡਾਲਰ ਦੀ ਕੀਮਤ ਵਧਾ ਦਿੱਤੀ ਤੇ ਭਾਰਤੀ ਰੁਪਿਆ ਕਾਫ਼ੀ ਕਮਜ਼ੋਰ ਪੈ ਗਿਆ।
ਹਾਲਾਂਕਿ ਜੰਗ ਤੋਂ ਬਾਅਦ ਹੋਈ ਅਮਰੀਕਾ-ਈਰਾਨ ਸ਼ਾਂਤੀ ਸੰਧੀ ਵਿਸ਼ਵ ਅਰਥਵਿਵਸਥਾ ਲਈ ਸੁੱਖ ਦਾ ਸਾਹ ਲੈ ਕੇ ਆਈ ਹੈ, ਜਿਸ ਨੇ ਅੰਤਰਰਾਸ਼ਟਰੀ ਬਾਜ਼ਾਰਾਂ ਨੂੰ ਮੁੜ ਸੁਰਜੀਤ ਕੀਤਾ ਹੈ ਪਰ ਇਹ ਭਾਰਤ ਲਈ ਇਕ ਵੱਡੀ ਚਿਤਾਵਨੀ (ਵੇਕ-ਅੱਪ ਕਾਲ) ਹੈ। ਇਸ ਸੰਕਟ ਨੇ ਆਪਣੀਆਂ ਊਰਜਾ ਲੋੜਾਂ ਲਈ ਇਕੋ-ਇਕ ਸਮੁੰਦਰੀ 'ਚੋਕ-ਪੁਆਇੰਟ' 'ਤੇ ਭਾਰਤ ਦੀ ਭਾਰੀ ਨਿਰਭਰਤਾ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। ਭਵਿੱਖ ਦੇ ਅਜਿਹੇ ਭੂ-ਰਾਜਨੀਤਿਕ ਝਟਕਿਆਂ ਤੋਂ ਖ਼ੁਦ ਨੂੰ ਬਚਾਉਣ ਲਈ ਭਾਰਤ ਨੂੰ ਨਵਿਆਉਣਯੋਗ ਊਰਜਾ ਵੱਲ ਆਪਣੇ ਕਦਮ ਤੇਜ਼ੀ ਨਾਲ ਵਧਾਉਣੇ ਪੈਣਗੇ, ਗ੍ਰੀਨ ਹਾਈਡ੍ਰੋਜਨ 'ਚ ਨਿਵੇਸ਼ ਕਰਨਾ ਹੋਵੇਗਾ ਤੇ ਕੱਚੇ ਤੇਲ ਦੀ ਦਰਾਮਦ ਲਈ ਹੋਰ ਬਦਲਵੇਂ ਰਸਤੇ ਲੱਭਣੇ ਪੈਣਗੇ। ਸੱਚੀ ਆਰਥਿਕ ਪ੍ਰਭੂਸੱਤਾ ਉਦੋਂ ਹੀ ਹਾਸਿਲ ਕੀਤੀ ਜਾ ਸਕਦੀ ਹੈ, ਜਦੋਂ ਸਾਡਾ ਘਰੇਲੂ ਵਿਕਾਸ ਵਿਦੇਸ਼ੀ ਸੰਘਰਸ਼ਾਂ ਦਾ ਮੁਥਾਜ ਨਾ ਹੋਵੇ।

-ਮੋਬਾਈਲ : 98772-80626
ਈਮੇਲ : arshdeep0000k@gmail.com

Ad Position 22
No active advertisement
ਪਿਛਲੀ ਖ਼ਬਰ 09-07-26 ਅਗਲੀ ਖ਼ਬਰ ਅਨੇਕਾਂ ਮਸਲਿਆਂ ਨਾਲ ਜੂਝ ਰਿਹਾ ਹੈ ਪੰਜਾਬ
Ad Position 24
No active advertisement