ਆਮ ਤੌਰ 'ਤੇ ਮਿੱਟੀ ਵਿਚ ਦਫ਼ਨਾਇਆ ਜਾਣ ਵਾਲਾ ਸੱਚ ਹੋਰ ਵੀ ਤਾਕਤਵਰ ਦਰੱਖਤ ਬਣ ਕੇ ਉੱਭਰ ਆਉਂਦਾ ਹੈ। ਗੱਲ ਤਾਂ ਜੜ੍ਹਾਂ ਦੀ ਹੈ। ਸਾਰੀ ਬਾਗ਼ਬਾਨੀ ਬੀਜ ਦੇ ਚਮਤਕਾਰ ਤੋਂ ਸ਼ੁਰੂ ਹੁੰਦੀ ਹੈ, ਜਿਸ ਗੱਲ ਦੀ ਜੜ੍ਹ ਵਿਚ ਇਤਿਹਾਸ ਹੈ, ਉਸ ਗੱਲ ਨੇ ਜਿਊਂਦੇ ਰਹਿਣਾ ਹੈ, ਯੁਗੋ-ਯੁਗ। ਅਸੀਂ ਮੂੰਹ ਸਿਉਣ ਦੇ ਮਾਹਿਰ ਹੋ ਚੁੱਕੇ ਹਾਂ। ਪਤਾ ਨਹੀਂ ਕਦੋਂ ਪੰਜਾਬ ਮਨਾਂ ਵਿਚ ਡਰ ਲੈ ਕੇ ਜਿਊਣ ਦਾ ਆਦੀ ਹੋ ਗਿਆ। ਸਮਾਜਿਕ ਲੀਹਾਂ ਉਲੰਘਣ ਨੂੰ ਨਹੀਂ ਬਣੀਆਂ, ਪਰ ਕਿਸੇ ਵੀ ਕਿਸਮ ਦਾ ਤਸ਼ੱਦਦ ਸਹਿਣ ਲਈ ਵੀ ਨਹੀਂ ਬਣੀਆਂ। ਤਾਕਤ, ਵਰਦੀ, ਅਹੁਦਾ ਸਭ ਵਕਤੀ ਪਹਿਰਾਵੇ ਹਨ। ਪਾਉਣ ਤੇ ਹੰਢਾਉਣ ਵਾਲਿਆਂ ਦਾ ਕਿਰਦਾਰ ਬੜਾ ਲੰਮਾ ਚਲਦਾ ਹੈ। ਕੌਣ ਹੱਕ ਰੱਖਦਾ ਹੈ, ਤੁਹਾਨੂੰ ਅੰਨ੍ਹੇ, ਬੋਲੇ, ਗੂੰਗੇ ਕਰਨ ਦਾ? ਤੁਹਾਡੀ ਸੋਚ ਬੌਣੀ ਕਿਉਂ ਹੋ ਕੇ ਰਹਿ ਗਈ ਹੈ? ਹਰ ਸੌਖੀ ਜ਼ਿੰਦਗੀ ਸੌਦੇ ਦੀ ਮਾਹਿਰ ਹੋ ਸਕਦੀ ਹੈ, ਕਿਉਂਕਿ ਸੌਖ਼ ਸੁਸਤੀ ਭਰ ਦੇਂਦੀ ਹੈ। ਪਰ ਕਦੇ ਉਨ੍ਹਾਂ ਜ਼ਿੰਦਗੀਆਂ ਬਾਰੇ ਵੀ ਸੋਚਣਾ, ਜਿਨ੍ਹਾਂ ਨੇ ਆਪਣੀ ਸੌਖ ਦਾ ਘਾਟੇ ਵਿਚ ਸੌਦਾ ਕਰ, ਬਹੁਤ ਸਾਰੀਆਂ ਦੱਬੀਆਂ-ਕੁਚਲੀਆਂ ਜ਼ਿੰਦਗੀਆਂ ਦੀ ਔਖ ਕਬੂਲ ਲਈ। ਉਨ੍ਹਾਂ ਦੇ ਹਿੱਸੇ ਦੀ ਜੰਗ ਆਪਣੇ ਪੱਲੇ ਬੰਨ੍ਹ ਲਈ। ਜਸਵੰਤ ਸਿੰਘ ਖਾਲੜਾ ਉਨ੍ਹਾਂ ਵਿਚੋਂ ਇਕ ਸਨ। ਆਵਾਜ਼ ਜੇ ਦਬਾ ਵੀ ਦਿੱਤੀ ਜਾਵੇ ਤਾਂ ਵੀ ਦਰਜ ਹੋ ਜਾਂਦੀ ਹੈ। ਲਿਖਤੀ ਰੂਪ ਵਿਚ ਗੱਲਾਂ ਦੇ ਮਜ਼ਮੂਨ ਵਿਚ ਤੇ ਦਿਲਾਂ ਦੀ ਹੂਕ ਵਿਚ। ਇਤਿਹਾਸ ਫ਼ੈਸਲੇ ਦੀ ਮੰਗ ਕਰਦਾ ਹੈ। ਅਸੀਂ ਆਪਣਿਆਂ ਦੇ ਹੱਥੋਂ ਮਾਰੇ ਹੋਏ ਹਾਂ। ਸਾਨੂੰ ਘੱਟੋ-ਘੱਟ ਕੁਰਬਾਨੀਆਂ ਦਾ ਸਿਲਸਿਲਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਦੀ ਇਜਾਜ਼ਤ ਤਾਂ ਹੋਵੇ।
ਜਦੋਂ ਕਿਹਾ ਜਾਂਦਾ ਹੈ ਕਿ ਸਮਾਜਿਕ ਹਾਲਾਤ ਅਸਹਿ ਹੋ ਜਾਣਗੇ, ਬੀਤੇ ਕੱਲ੍ਹ ਦੀ ਗੱਲ ਸੁਣ ਕੇ ਤਾਂ ਜੀਅ ਕਰਦਾ ਹੈ ਕਿ ਪੁੱਛੀਏ, ਜੇ ਅੱਜ ਸਮਾਜਿਕ ਹਾਲਾਤ ਬਹੁਤ ਸੌਖੇ ਹਨ ਤਾਂ ਪਿੰਡਾਂ ਵਿਚ ਨੌਜਵਾਨੀ ਕਿਉਂ ਨਹੀਂ ਲੱਭਦੀ? ਲੁੱਟਾਂ-ਖੋਹਾਂ ਦਾ ਸਿਲਸਿਲਾ ਕਿਉਂ ਜਾਰੀ ਹੈ? ਪੰਜਾਬੀ ਵਿਦੇਸ਼ਾਂ ਨੂੰ ਜਾਣ ਲਈ ਕਿਉਂ ਮਜ਼ਬੂਰ ਹਨ? ਕਿੰਨੇ ਹੌਂਸਲੇ ਦਾ ਕੰਮ ਹੈ ਖੇਤੀ, ਕਿੰਨੀ ਮਿਹਨਤ ਤੇ ਇਮਾਨਦਾਰੀ ਮੰਗਦਾ ਹੈ ਇਹ ਕਿੱਤਾ। ਕਿਸਾਨੀ ਅੰਦੋਲਨ ਵਿਚ ਸਬਰ ਵੀ ਪਰਖਿਆ ਗਿਆ। ਸਾਡੇ ਹੱਥਾਂ ਵਿਚ ਬਾਟੇ ਕਿਸ ਨੇ ਵੇਖੇ ਹਨ? ਸਾਡਾ ਭਲਾ ਕਰਨਾ ਹੈ ਤਾਂ ਇਕ ਪੜ੍ਹੀ-ਲਿਖੀ ਨਸਲ ਤਿਆਰ ਕਰੋ। ਸਾਨੂੰ ਆਹਰੀਂ ਲਾਵੋ, ਕੰਮ ਤੇ ਰੁਜ਼ਗਾਰ ਹਰ ਪੱਧਰ 'ਤੇ ਉਪਲਬਧ ਕਰੋ। ਜਿਹੜਾ ਬੰਦਾ ਕਮਾ ਕੇ ਖਾਂਦਾ ਹੋਵੇ, ਉਹਦੀ ਜ਼ਮੀਰ ਉਸ ਨੂੰ ਲਾਹਣਤ ਪਾਉਂਦੀ ਹੈ ਜਦੋਂ ਉਹ ਮੁਫ਼ਤ ਦੀਆਂ ਬੁਰਕੀਆਂ ਨੂੰ ਉਮਰ ਭਰ ਦਾ ਰਿਜ਼ਕ ਸਮਝ ਲਵੇ। ਅੱਗੇ ਇਮਤਿਹਾਨ ਘੱਟ ਸਨ ਕਿ ਨਵੇਂ ਛਿੜ ਪਏ। ਖੇਤੀ ਅਧਾਰਿਤ ਸਨਅਤ ਪੰਜਾਬ ਵਿਚ ਬਹੁਤ ਕਾਰਜਕਾਰੀ ਸਿੱਧ ਹੋ ਸਕਦੀ ਹੈ। ਸਕੂਲੀ ਵਿੱਦਿਆ ਮੁਫ਼ਤ ਹੋਵੇ, ਬੜਾ ਆਸਰਾ ਹੋਵੇਗਾ। ਵੋਕੇਸ਼ਨਲ ਸੈਂਟਰ ਵਿਚ ਆਰਥਿਕ ਮੰਦੀ ਵਾਲੇ ਲੋਕਾਂ ਲਈ ਮੁਫ਼ਤ ਸਿਖਲਾਈ ਸਹਾਈ ਹੋ ਸਕਦੀ ਹੈ। ਹੁਣ ਵਕਤ ਲਾਰਿਆਂ ਦੀ ਖ਼ੁਰਾਕ ਦਾ ਨਹੀਂ, ਹਕੀਕਤ ਨੂੰ ਬੁਲੰਦ ਕਰਨ ਦਾ ਹੈ।
ਅਸੀਂ ਉਸ ਪ੍ਰਬੰਧ ਦੀ ਕੈਦ ਵਿਚ ਹਾਂ ਕਿ ਹਰ ਤਾਕਤਵਰ ਸ਼ਖ਼ਸ ਦੀ ਨਾਰਾਜ਼ਗੀ ਦੇ ਡਰ ਤੋਂ ਆਪਣਾ ਸੱਚ ਦੱਬ ਲੈਂਦੇ ਹਾਂ। ਇਹੋ ਸਹਿਮ ਪਸਰਿਆ ਰਹਿੰਦਾ ਹੈ ਕਿ ਜੇ ਹਾਕਮਾਂ ਨੂੰ ਨਾਰਾਜ਼ ਕਰ ਲਿਆ, ਤਾਂ ਪਤਾ ਨਹੀਂ ਕਿਹੜਾ ਨੁਕਸਾਨ ਝੱਲਣਾ ਪਵੇਗਾ? ਵਰਦੀ ਵਿਚ ਬੜੀ ਤਾਕਤ ਹੈ ਪਰ ਤਾਕਤ ਦੀ ਸਹੀ ਵਰਤੋਂ ਵੀ ਤਾਂ ਕੀਤੀ ਜਾ ਸਕਦੀ ਹੈ। ਕੀ ਲੋੜ ਹੈ ਕਮਜ਼ੋਰ ਵਰਗ ਨੂੰ ਲਤਾੜ ਕੇ ਰੱਖਣ ਦੀ? ਹਰ ਮੁਲਕ ਆਪਣੀ ਆਰਥਿਕਤਾ ਨੂੰ ਆਪਣੀ ਤਾਕਤ ਦਰਸਾਉਂਦਾ ਹੈ। ਅਸੀਂ ਆਪਣਾ ਸਰਮਾਇਆ, ਆਪਣੇ ਨੌਜਵਾਨ ਹੋਰ ਬੌਣੇ ਕਰ ਰਹੇ ਹਾਂ। ਨਾ ਪੜ੍ਹਾਈ, ਨਾ ਕਮਾਈ ਤੇ ਨਾ ਭਵਿੱਖ। ਤਰੱਕੀ ਦੇ ਨਾਂਅ 'ਤੇ ਵਿੱਦਿਅਕ ਅਦਾਰੇ ਖੁੱਲ੍ਹਣ, ਵੱਡੇ ਹਸਪਤਾਲ ਖੁੱਲ੍ਹਣ, ਉਦਯੋਗ ਚੱਲਣ, ਰੁਜ਼ਗਾਰ ਜੁੜੇ। ਲੋਕ ਆਪਣੀ ਗੱਲ ਕਹਿਣ ਦੀ ਤਾਕਤ ਰੱਖਣ। ਇਸੇ ਡਰ ਨਾਲ ਨਾ ਝੁਰੀ ਜਾਣ ਕਿ ਮੂੰਹੋਂ ਆਵਾਜ਼ ਕੱਢਣ ਦੀ ਦੇਰ ਹੈ, ਅਸੀਂ ਬੇਘਰ ਹੋ ਜਾਵਾਂਗੇ।
ਜਿਹੜਾ ਸੂਬਾ ਮੁਲਕ ਦਾ ਤਾਜ ਹੁੰਦਾ ਸੀ, ਅੱਜ ਅਨੇਕਾਂ ਮਸਲਿਆਂ ਨਾਲ ਜੂਝ ਰਿਹਾ ਹੈ। ਕਿੰਨੇ ਦਹਾਕੇ ਗੁਜ਼ਰ ਗਏ, ਪੰਜਾਬ ਆਪਣੇ ਜ਼ਖ਼ਮ ਭਰ ਨਹੀਂ ਸਕਿਆ। ਜੇ ਕੁਝ ਹੋਰ ਨਹੀਂ ਸਾਡੇ ਨੌਜਵਾਨ ਆਪਣੀ ਜ਼ਿੰਦਗੀ ਦਾ ਹੀ ਜ਼ਿੰਮਾ ਸਾਂਭ ਲੈਣ ਤਾਂ ਵੀ ਨਵੀਂ ਸ਼ੁਰੂਆਤ ਹੋ ਸਕਦੀ ਹੈ। ਤੁਹਾਡੇ ਹੱਥਾਂ ਵਿਚ ਜੇ ਹੱਲ ਨਹੀਂ ਤਾਂ ਕਿਤਾਬਾਂ, ਜੇ ਕਿਤਾਬਾਂ ਨਹੀਂ ਤਾਂ ਕੋਈ ਹੋਰ ਕੰਮਕਾਜੀ ਔਜ਼ਾਰ ਹੋਵੇ। ਯੋਧੇ ਹੋ, ਲੁੱਟਾਂ -ਖੋਹਾਂ ਕਰਦੇ ਚੰਗੇ ਨਹੀਂ ਲੱਗਦੇ। ਪੰਜਾਬ ਨੂੰ ਮੁੜ ਤੋਂ ਹਰਾ ਕਰੋ। ਕੋਈ ਛਿੱਟ ਵੀ ਚਿੱਟੇ ਦੀ ਜਾਂ ਕਾਲੀ ਦੀ ਨਾ ਹੋਵੇ। ਆਪਣਾ ਸਵੈ-ਮਾਣ ਜਿਊਂਦਾ ਰੱਖੋ, ਜੇ ਜ਼ਮੀਰਾਂ ਮਰ ਜਾਣ, ਤਾਂ ਇਨਸਾਨੀਅਤ ਵੀ ਜਿਊਂਦੀ ਨਹੀਂ ਲੱਭਦੀ।
ਈ-ਮੇਲ : bubbutir@yahoo.com