ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਭਾਰਤ ਦਾ ਚਿਰਾਂ ਪੁਰਾਣਾ ਨਾਤਾ ਹੈ ਇੰਡੋਨੇਸ਼ੀਆ ਨਾਲ

Ad Position 21
No active advertisement
ਅਜੀਤ ਡੈਸਕ 09-07-2026

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀੇ ਤਿੰਨ ਦਿਨਾ ਇੰਡੋਨੇਸ਼ੀਆ ਦੀ ਯਾਤਰਾ ਤੋਂ ਬਾਅਦ ਆਸਟ੍ਰੇਲੀਆ 'ਤੇ ਨਿਊਜ਼ੀਲੈਂਡ ਵੀ ਜਾਣਗੇ। ਪਹਿਲੇ ਪੜਾਅ 'ਤੇ ਉਨ੍ਹਾਂ ਦੀ ਇੰਡੋਨੇਸ਼ੀਆ ਦੀ ਯਾਤਰਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਦੱਖਣ ਪੂਰਬੀ ਏਸ਼ੀਆ ਦਾ ਇਹ ਦੇਸ਼ ਭਾਰਤ ਤੇ ਪ੍ਰਸ਼ਾਂਤ ਮਹਾਸਾਗਰ ਨਾਲ ਜੁੜਦਾ ਹੈ। ਸਮੁੰਦਰ ਰਾਹੀਂ ਨਜ਼ਦੀਕ ਹੋਣ ਕਾਰਨ ਇਸ ਦੀ ਭਾਰਤ ਨਾਲ ਸਾਂਝ ਅਤੇ ਸੰਬੰਧ ਸੈਂਕੜੇ ਵਰ੍ਹਿਆਂ ਤੋਂ ਬਣੇ ਰਹੇ ਹਨ। ਇਸੇ ਲਈ ਇਸ ਦੇਸ਼ ਵਿਚ ਅਨੇਕਾਂ ਮੰਦਰ ਹਨ। ਇੱਥੇ ਉੱਸਰਿਆ ਇਕ ਬੜਾ ਇਤਿਹਾਸਕ ਮੰਦਰ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸ੍ਰੀ ਨਰਿੰਦਰ ਮੋਦੀ ਨੇ ਆਪਣੇ ਦੌਰੇ ਦੌਰਾਨ ਇਸ ਪੁਰਾਤਨ ਮੰਦਰ ਦੀ ਵੀ ਯਾਤਰਾ ਕੀਤੀ ਹੈ।
ਇੰਡੋਨੇਸ਼ੀਆ ਹਜ਼ਾਰਾਂ ਹੀ ਟਾਪੂਆਂ ਵਾਲਾ ਦੇਸ਼ ਹੈ, ਪਰ ਇਸ ਦੀ ਬਹੁਤੀ ਆਬਾਦੀ ਕੁੱਝ ਇਕ ਟਾਪੂਆਂ ਤੱਕ ਹੀ ਸਿਮਟੀ ਹੋਈ ਹੈ। ਬਾਲੀ ਨਾਂਅ ਦੇ ਇਕ ਸੁੰਦਰ ਟਾਪੂ ਵਿਚ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਬਹੁਗਿਣਤੀ ਹੈ। ਉਂਝ 29 ਕਰੋੜ ਤੋਂ ਵੀ ਵਧੇਰੇ ਆਬਾਦੀ ਵਾਲਾ ਇਹ ਦੇਸ਼ ਦੁਨੀਆ ਭਰ 'ਚ ਮੁਸਲਿਮ ਬਹੁਗਿਣਤੀ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਪਿਛਲੇ ਲੰਮੇ ਸਮੇਂ ਤੋਂ ਚੀਨ ਨੇ ਆਪਣੀਆਂ ਵਿਸਥਾਰਵਾਦੀ ਨੀਤੀਆਂ ਜਾਰੀ ਰੱਖੀਆਂ ਹੋਈਆਂ ਹਨ, ਜੋ ਦੱਖਣ-ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਹੋਈਆਂ ਹਨ, ਕਿਉਂਕਿ ਦੁਨੀਆ ਭਰ ਦੇ ਮੁਲਕ ਹਿੰਦ-ਪ੍ਰਸ਼ਾਂਤ ਖੇਤਰ ਨੂੰ ਕੌਮਾਂਤਰੀ ਆਵਾਜਾਈ ਲਈ ਇਕ ਮਹੱਤਵਪੂਰਨ ਸਮੁੰਦਰੀ ਰਸਤਾ ਸਮਝਦੇ ਹਨ, ਜਿਸ ਦੇ ਵੱਡੇ ਖੇਤਰ 'ਤੇ ਹੁਣ ਚੀਨ ਆਪਣਾ ਹੱਕ ਜਿਤਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਮੁੰਦਰੀ ਖੇਤਰ ਦੇ ਨਾਲ ਲੱਗਦੇ ਦੇਸ਼ ਵੀਅਤਨਾਮ, ਮਲੇਸ਼ੀਆ, ਫਿਲਪਾਈਨ, ਥਾਈਲੈਂਡ, ਕੰਬੋਡੀਆ ਚੀਨ ਤੋਂ ਭੈਭੀਤ ਹੋ ਕੇ ਭਾਰਤ ਵੱਲ ਦੇਖਦੇ ਰਹੇ ਹਨ। ਇਸ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਨੇ ਵੀ ਭਾਰਤ ਦਾ ਦੌਰਾ ਕੀਤਾ ਸੀ। ਉਸ ਸਮੇਂ ਵੀ ਇਸ ਖੇਤਰ ਬਾਰੇ ਚਰਚਾ ਹੁੰਦੀ ਰਹੀ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇੰਡੋਨੇਸ਼ੀਆ ਦੀ ਸੰਸਦ 'ਚ ਬੋਲਦਿਆਂ ਆਪਣੇ ਇਤਿਹਾਸਕ ਭਾਸ਼ਨ ਵਿਚ ਇਹ ਕਿਹਾ ਹੈ ਕਿ ਭਾਰਤ ਇਕ ਸੁਤੰਤਰ ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਦਾ ਸਮਰਥਕ ਹੈ ਤੇ ਉਹ ਇਥੇ ਸਮੁੰਦਰੀ ਆਵਾਜਾਈ ਲਈ ਅੰਤਰਰਾਸ਼ਟਰੀ ਨਿਯਮਾਂ ਦਾ ਸਨਮਾਨ ਕਰਦਾ ਹੈ ਤੇ ਸਾਰੇ ਹੀ ਦੇਸ਼ਾਂ ਦੀ ਇਸ ਕੌਮਾਂਤਰੀ ਰਸਤੇ ਵਿਚ ਭਾਗੀਦਾਰੀ ਮੰਨਦਾ ਹੈ। ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਲਈ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਕੇਂਦਰੀ ਭੂਮਿਕਾ ਹੋਣੀ ਚਾਹੀਦੀ ਹੈ। ਦੋਵਾਂ ਦੇਸ਼ਾਂ ਵਿਚਕਾਰ ਸ੍ਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ 20 ਸਮਝੌਤੇ ਹੋਏ ਹਨ, ਜਿਨ੍ਹਾਂ ਵਿਚ ਭਾਰਤ ਵਿਚ ਬਣੀਆਂ ਹੋਈਆਂ ਸੁਪਰਸੋਨਿਕ 'ਬ੍ਰਹਮੋਸ' ਅਤੇ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ 'ਅਸਤਰ' ਮਿਜ਼ਾਈਲਾਂ ਦਾ ਸਮਝੌਤਾ ਵੀ ਸ਼ਾਮਿਲ ਹੈ। ਆਪਣੇ ਸਮੁੰਦਰੀ ਵਪਾਰ ਦੇ ਰਸਤੇ ਨੂੰ ਵਧਾਉਣ ਤੇ ਮਜ਼ਬੂਤ ਕਰਨ ਲਈ ਭਾਰਤ ਤੇ ਇੰਡੋਨੇਸ਼ੀਆ ਦੀ ਸਾਬਾਂਗ ਬੰਦਰਗਾਹ ਦਾ ਵਿਕਾਸ ਵੀ ਕਰਨਗੇ। ਇਹ ਬੰਦਰਗਾਹ ਭਾਰਤ ਦੇ ਗਰੇਟ ਨਿਕੋਬਾਰ ਤੋਂ ਮਹਿਜ਼ ਸੌ ਮੀਲ ਦੀ ਦੂਰੀ 'ਤੇ ਹੈ।
ਇਸ ਤੋਂ ਇਲਾਵਾ ਇੰਡੋਨੇਸ਼ੀਆ ਵਿਚ ਬਹੁਤ ਵੱਡੇ ਖਣਿਜਾਂ ਦੇ ਵੀ ਭੰਡਾਰ ਹਨ, ਜਿਨ੍ਹਾਂ ਦਾ ਭਾਰਤ ਨਾਲ ਆਦਾਨ-ਪ੍ਰਦਾਨ ਬੇਹੱਦ ਮਹੱਤਵਪੂਰਨ ਹੋਵੇਗਾ। ਦੋਹਾਂ ਦੇਸ਼ਾਂ ਨੇ ਆਪਸੀ ਵਪਾਰ ਅਤੇ ਨਾਗਰਿਕਾਂ ਦੀ ਬੇਰੋਕ-ਟੋਕ ਆਵਾਜਾਈ ਸੰਬੰਧੀ ਵੀ ਸਮਝੌਤੇ ਕੀਤੇ ਗਏ ਹਨ। ਦਿੱਲੀ ਤੋਂ ਤਿੰਨ ਦੇਸ਼ਾਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਯਾਤਰਾ 'ਤੇ ਜਾਣ ਸਮੇਂ ਪ੍ਰਧਾਨ ਮੰਤਰੀ ਨੇ 'ਐਕਟ ਈਸਟ ਪਾਲਸੀ' ਜਿਸ ਵਿਚ ਮਹਾਸਾਗਰ ਦੀ ਸੁਰੱਖਿਆ ਤੇ ਵਿਕਾਸ ਦੀਆਂ ਯੋਜਨਾਵਾਂ ਸ਼ਾਮਿਲ ਹਨ, ਦੀ ਵੀ ਗੱਲ ਕੀਤੀ ਸੀ। ਇਹ ਨੀਤੀ ਮੁੱਖ ਤੌਰ 'ਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਲਈ ਭਾਰਤ ਦੇ ਨਜ਼ਰੀਏ ਨੂੰ ਹੋਰ ਵੀ ਮਜ਼ਬੂਤ ਕਰਦੀ ਹੈ। ਤਿੰਨ ਦੇਸ਼ਾਂ ਦੀ ਇਹ ਯਾਤਰਾ ਭਾਰਤ ਦੇ ਦੁਨੀਆ ਦੇ ਮਹੱਤਵਪੂਰਨ ਦੇਸ਼ਾਂ ਨਾਲ ਵੱਧਦੇ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਨ 'ਚ ਸਹਾਈ ਹੋ ਸਕੇਗੀ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ 10 ਅਗਸਤ ਨੂੰ ਮੰਗਾਂ ਸੰਬੰਧੀ ਨਵਾਂਸ਼ਹਿਰ ’ਚ ਹੋਵੇਗਾ ਭਾਰੀ ਇਕੱਠ - ਨੂਰਪੁਰੀ,ਦੌਲਤਪੁਰ ਅਗਲੀ ਖ਼ਬਰ ਨੀਲਕੰਠ ਮਲਟੀਸਪੈਲੀਸਟ ਹਸਪਤਾਲ ਸੁਨਾਮ ਨੇ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24
No active advertisement