ਅਮਰੀਕਾ ਦੀ ਜਾਂਚ ਏਜੰਸੀ ਐਫ.ਬੀ.ਆਈ. ਵਲੋਂ ਅਮਰੀਕਾ ਤੋਂ ਇਲਾਵਾ ਕੈਨੇਡਾ, ਯੂਰਪੀ ਦੇਸ਼ਾਂ ਅਤੇ ਭਾਰਤ ਵਿਚ ਵੱਖ-ਵੱਖ ਗੈਂਗਸਟਰਾਂ ਦੇ ਗਰੋਹਾਂ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਜਾਂਚ ਏਜੰਸੀ ਨੇ ਭਾਰਤ, ਕਈ ਯੂਰਪੀ ਦੇਸ਼ਾਂ ਤੇ ਕੈਨੇਡਾ ਦੀਆਂ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਕੁਝ ਅਜਿਹੇ ਗਰੁੱਪਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਅਗਵਾ, ਕਤਲ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਿਲ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਕਦੀ ਪੰਜਾਬ ਅਤੇ ਉੱਤਰੀ ਭਾਰਤ ਵਿਚ ਸਰਗਰਮ ਰਹੇ ਇਨ੍ਹਾਂ ਗਰੋਹਾਂ ਨੇ ਕੌਮਾਂਤਰੀ ਪੱਧਰ 'ਤੇ ਆਪਣੀਆਂ ਕਾਰਵਾਈਆਂ ਨੂੰ ਕਿਵੇਂ ਤੇ ਕਿਸ ਹੱਦ ਤੱਕ ਵਧਾ ਲਿਆ ਹੈ। ਇਨ੍ਹਾਂ ਗਰੋਹਾਂ ਵਲੋਂ ਨਿਤ-ਦਿਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਕਾਰਜਸ਼ੀਲ ਵਿਅਕਤੀਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਪੈਸੇ ਤੇ ਫਿਰੌਤੀਆਂ ਲੈਣ ਲਈ ਤੇ ਸੁਪਾਰੀ ਲੈ ਕੇ ਵੀ ਕਤਲ ਕੀਤੇ ਜਾਂਦੇ ਹਨ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਦੀ ਤਸਕਰੀ ਵੀ ਕੀਤੀ ਜਾਂਦੀ ਹੈ।
ਪੰਜਾਬ ਵਿਚ ਵੀ ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ ਹੈ ਅਤੇ ਬਾਹਰਲੇ ਦੇਸ਼ਾਂ ਵਿਚ ਬੈਠੇ ਪੰਜਾਬੀ ਪਰਿਵਾਰ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਗੈਂਗਸਟਰਾਂ ਦੇ ਵਿਦੇਸ਼ਾਂ ਵਿਚ ਵਿਚਰਦੇ ਖ਼ਾਲਿਸਤਾਨੀ ਗਰੁੱਪਾਂ ਨਾਲ ਵੀ ਗਹਿਰੇ ਸੰਬੰਧ ਬਣੇ ਰਹੇ ਹਨ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਲ 2023 ਵਿਚ ਕੈਨੇਡਾ ਵਿਚ ਰਹਿੰਦੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਕੈਨੇਡਾ ਦੀ ਪਹਿਲੀ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਅਧਿਕਾਰੀਆਂ 'ਤੇ ਦੋਸ਼ ਲਗਾਇਆ ਸੀ। ਇਸ ਮਸਲੇ ਤੋਂ ਦੋਹਾਂ ਦੇਸ਼ਾਂ ਦੇ ਸੰਬੰਧ ਬੁਰੀ ਤਰ੍ਹਾਂ ਵਿਗੜੇ ਰਹੇ ਸਨ, ਪਰ ਹੁਣ ਜਿਥੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਇਸ ਕਤਲ ਵਿਚ ਭਾਰਤੀ ਅਧਿਕਾਰੀਆਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ, ਉਥੇ ਅਮਰੀਕੀ ਜਾਂਚ ਏਜੰਸੀ ਨੇ ਇਸ ਲਈ ਜੇਲ੍ਹ ਵਿਚ ਬੈਠੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਅਮਰੀਕਾ ਵਿਚ ਵਿਚਰਦੇ ਉਸ ਦੇ ਸਾਥੀ ਗੋਲਡੀ ਬਰਾੜ ਉੱਤੇ ਇਹ ਸਾਜਿਸ਼ ਰਚਣ ਦਾ ਦੋਸ਼ ਲਗਾਇਆ ਹੈ। ਬਿਸ਼ਨੋਈ ਸਾਲ 2015 ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਹੈ। ਉਸ ਦੇ ਖਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ਸੂਬਿਆਂ ਵਿਚ ਹੱਤਿਆ, ਹੱਤਿਆਵਾਂ ਦੀ ਸਾਜਿਸ਼, ਜਬਰੀ ਉਗਰਾਹੀਆਂ ਤੇ ਉਧਾਲਿਆਂ ਦੇ ਦਰਜਨਾਂ ਹੀ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ। ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਕੌਮਾਂਤਰੀ ਪੱਧਰ 'ਤੇ ਆਪਣੇ ਸਾਥੀ ਅਪਰਾਧੀਆਂ ਨਾਲ ਸੰਬੰਧ ਬਣਾਈ ਰੱਖੇ ਹਨ ਤੇ ਉਹ ਜੇਲ੍ਹ ਵਿਚੋਂ ਹੀ ਅਜਿਹੀਆਂ ਹਰ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ।
ਜੱਗੂ ਭਗਵਾਨਪੁਰੀਆ ਅਜਿਹੇ ਵੱਖ-ਵੱਖ ਜੁਰਮਾਂ ਅਧੀਨ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿਚ ਬੰਦ ਹੈ। ਉਸ ਉੱਤੇ ਵੀ ਦਰਜਨਾਂ ਹੀ ਕੇਸ ਚੱਲ ਰਹੇ ਹਨ। ਇਸ ਵਾਰ ਉਹ ਮਾਰਚ, 2025 ਤੋਂ ਅਸਾਮ ਦੀ ਜੇਲ੍ਹ ਵਿਚ ਨਜ਼ਰਬੰਦ ਹੈ। ਗੈਂਗਸਟਰਾਂ ਦੀ ਆਪਸੀ ਲੜਾਈ ਵਿਚ ਜੂਨ, 2025 ਵਿਚ ਉਸ ਦੀ ਮਾਤਾ ਨੂੰ ਕਤਲ ਕਰ ਦਿੱਤਾ ਗਿਆ ਸੀ। ਚਾਹੇ ਅਮਰੀਕਾ ਦੀ ਪੁਲਿਸ ਨੇ 'ਆਪ੍ਰੇਸ਼ਨ ਹਾਰਡ ਬਾਲ' ਤਹਿਤ ਹੁਣ ਤੱਕ ਦੋ ਦਰਜਨ ਦੇ ਕਰੀਬ ਗ੍ਰਿਫ਼ਤਾਰੀਆਂ ਕੀਤੀਆਂ ਹਨ ਅਤੇ ਕੁੱਲ 37 ਅਪਰਾਧੀਆਂ ਖਿਲਾਫ਼ ਦੋਸ਼ ਪੱਤਰ ਵੀ ਦਾਇਰ ਕੀਤੇ ਹਨ ਤੇ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ 'ਤੇ 50 ਹਜ਼ਾਰ ਡਾਲਰ ਦਾ ਇਨਾਮ ਵੀ ਰੱਖਿਆ ਹੈ, ਪਰ ਜਿਸ ਕਦਰ ਇਹ ਜਾਲ ਯੂਰਪ, ਕੈਨੇਡਾ ਤੇ ਅਮਰੀਕਾ ਤੋਂ ਹੁੰਦਾ ਹੋਇਆ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੱਕ ਫੈਲਿਆ ਹੋਇਆ ਹੈ, ਇਸ 'ਤੇ ਪੂਰੀ ਤਰ੍ਹਾਂ ਕਾਬੂ ਪਾ ਸਕਣਾ ਬੇਹੱਦ ਮੁਸ਼ਕਿਲ ਜਾਪਦਾ ਹੈ। ਅਮਰੀਕੀ ਜਾਂਚ ਏਜੰਸੀ ਵਲੋਂ ਉਨ੍ਹਾਂ ਦੇ ਹਰ ਤਰ੍ਹਾਂ ਦੇ ਹਥਿਆਰ ਸਪਲਾਈ ਕਰਨ ਦੇ ਨੈੱਟਵਰਕ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ। ਇਨ੍ਹਾਂ ਵਿਚ ਪਿਸਤੌਲਾਂ, ਆਟੋਮੈਟਿਕ ਰਾਈਫਲਾਂ, ਏ.ਕੇ. 47 ਬੰਦੂਕਾਂ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਬਾਰੂਦ ਅਤੇ ਗ੍ਰਨੇਡ ਆਦਿ ਵੀ ਸ਼ਾਮਿਲ ਹਨ। ਇਹ ਹਥਿਆਰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਵਿਚ ਵਿਚਰਦੇ ਇਨ੍ਹਾਂ ਦੇ ਸਾਥੀ ਹਮੇਸ਼ਾ ਪ੍ਰਸ਼ਾਸਨਾਂ ਲਈ ਇਕ ਵੱਡੀ ਚੁਣੌਤੀ ਬਣੇ ਰਹੇ ਹਨ। ਅਮਰੀਕਾ ਤੇ ਹੋਰ ਦੇਸ਼ਾਂ ਵਿਚ ਸਰਗਰਮ ਹੋਈਆਂ ਜਾਂਚ ਏਜੰਸੀਆਂ ਫੈਲੇ ਇਸ ਨੈੱਟਵਰਕ ਦੀਆਂ ਕਾਰਵਾਈਆਂ ਨੂੰ ਕਿਸ ਹੱਦ ਤੱਕ ਰੋਕਣ ਦੇ ਸਮਰੱਥ ਹੋਣਗੀਆਂ, ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ।
-ਬਰਜਿੰਦਰ ਸਿੰਘ ਹਮਦਰਦ
'ਆਪ੍ਰੇਸ਼ਨ ਹਾਰਡ ਬਾਲ'
ਅਜੀਤ ਡੈਸਕ
10-07-2026