ਸ਼ਾਇਰ ਟੀ.ਐਨ. 'ਰਾਜ' ਦਾ ਇਕ ਸ਼ਿਅਰ ਹੈ:
ਹੈ ਯਹੀ ਜੀਅ ਮੇਂ ਕਿ ਸਭ ਖਾਨਾ ਜੰਗੀ ਮੇਂ ਮਰੇਂ,
ਮੁਲਕ ਪੇ ਮਿਟਨੇ ਕੀ ਖ਼ਾਤਿਰ ਖਾਨਦਾਂ ਕੋਈ ਨਾ ਹੋ।
ਬੇਸ਼ੱਕ ਇਹ ਸ਼ਿਅਰ ਦੇਸ਼ ਲਈ ਕੁਰਬਾਨੀ ਬਾਰੇ ਹੈ। ਪਰ ਮੈਂ ਇਸ ਨੂੰ ਇਥੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਕਾਂਗਰਸ ਲਈ ਕੁਰਬਾਨੀ ਦੇ ਸੰਦਰਭ ਵਿਚ ਹੀ ਦੇਖ ਰਿਹਾ ਹਾਂ। ਕਾਂਗਰਸ ਇਸ ਵੇਲੇ ਪੂਰੀ ਤਰ੍ਹਾਂ ਖਾਨਾ ਜੰਗੀ ਵਿਚ ਹੀ ਫਸੀ ਹੋਈ ਹੈ ਤੇ ਸਾਰੇ ਲੀਡਰ ਕਾਂਗਰਸ ਨੂੰ ਜਿਤਾਉਣ ਦੇ ਨਾਂਅ 'ਤੇ ਆਪੋ-ਆਪਣੀਆਂ ਰੋਟੀਆਂ ਸੇਕਣ 'ਤੇ ਲੱਗੇ ਹੋਏ ਹਨ। ਪਰ ਸ਼ਾਇਦ ਉਹ ਇਹ ਨਹੀਂ ਸੋਚਦੇ ਕਿ ਇਹ ਖਾਨਾਜੰਗੀ ਕਾਂਗਰਸ ਨੂੰ ਕਿੰਨਾ ਨੁਕਸਾਨ ਪਹੁੰਚਾ ਸਕਦੀ ਹੈ ਤੇ ਇਹ ਕਾਂਗਰਸ ਦੀ ਬੇੜੀ ਹੀ ਬਿਠਾ ਸਕਦੀ ਹੈ। ਇਸ ਤਰ੍ਹਾਂ ਉਹ ਸਾਰੇ ਮੁੱਖ ਮੰਤਰੀ ਬਣਦੇ-ਬਣਦੇ ਵਿਧਾਇਕ ਬਣਨ ਤੋਂ ਵੀ ਰਹਿ ਸਕਦੇ ਹਨ।
ਖ਼ੈਰ, ਭਾਵੇਂ ਅੱਜ ਚੰਨੀ ਗੁੱਟ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਮਿਲਣ ਦਾ ਫੈਸਲਾ ਕੀਤਾ ਹੈ, ਜਿਸ ਦਾ ਮੀਡੀਆ ਵਿਚ ਇਹ ਪ੍ਰਭਾਵ ਲਿਆ ਜਾ ਰਿਹਾ ਹੈ ਕਿ ਚੰਨੀ ਗਰੁੱਪ ਦੇ ਤੇਵਰ ਨਰਮ ਪੈ ਗਏ ਹਨ। ਪਰ ਅਸਲੀਅਤ ਇਹ ਨਹੀਂ ਹੈ, ਸਗੋਂ ਇਹ ਉਸ ਗਰੁੱਪ ਦੀ ਲੜਾਈ ਦੇ ਦਾਅ-ਪੇਚ ਦਾ ਇਕ ਹਿੱਸਾ ਹੈ। ਸਾਡੀ ਜਾਣਕਾਰੀ ਅਨੁਸਾਰ ਅਜਿਹਾ ਇਸ ਲਈ ਕੀਤਾ ਗਿਆ ਹੈ, ਤਾਂ ਜੋ ਰਾਹੁਲ ਗਾਂਧੀ ਕੋਲ ਖੁੱਲ੍ਹੀ ਬਗ਼ਾਵਤ ਦਾ ਪ੍ਰਭਾਵ ਨਾ ਬਣੇ ਉਹ ਕਾਂਗਰਸ ਛੱਡਣ ਦੀ ਰਣਨੀਤੀ 'ਤੇ ਚੱਲ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਹੁਣ ਤੱਕ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਕਿਸੇ ਹੋਰ ਨੂੰ ਪ੍ਰਧਾਨ ਬਣਾਉਣਾ ਸੀ। ਪਰ ਹੁਣ ਉਹ ਰਾਹੁਲ ਗਾਂਧੀ ਤੋਂ ਪੰਜਾਬ ਕਾਂਗਰਸ ਦਾ ਇੰਚਾਰਜ ਬਦਲਣ ਦੀ ਮੰਗ ਵੀ ਕਰਨਗੇ। ਇਕ ਬਹੁਤ ਵੱਡੇ ਕਾਂਗਰਸੀ ਨੇਤਾ ਨੇ ਕਿਹਾ ਕਿ ਡੀ.ਜੀ.ਪੀ. ਵਾਰ-ਵਾਰ ਇਹ ਬਿਆਨ ਦੇ ਰਿਹਾ ਹੈ ਕਿ ਇਸ ਐਸ.ਐਸ.ਪੀ. ਨੂੰ ਕਿਸੇ ਕੀਮਤ 'ਤੇ ਨਹੀਂ ਹਟਾਇਆ ਜਾਵੇਗਾ, ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਖੁਦ ਡੀ.ਜੀ.ਪੀ. ਹੀ ਬਦਲ ਦਿੱਤਾ ਜਾਵੇ। ਇਸ ਲਈ ਭਾਵੇਂ ਹਾਲ ਦੀ ਘੜੀ ਦੋਵਾਂ ਵਿਚੋਂ ਕੋਈ ਵੀ ਗੁੱਟ ਕਾਂਗਰਸ ਛੱਡਣ ਦੀ ਗੱਲ ਨਹੀਂ ਕਰ ਰਿਹਾ ਪਰ ਅੱਜ ਦੀ ਰਾਤ ਰਾਹੁਲ ਗਾਂਧੀ ਦੀ ਦੇਸ਼ ਵਾਪਸੀ ਤੋਂ ਬਾਅਦ ਜੇਕਰ ਰਾਹੁਲ ਗਾਂਧੀ ਨੇ ਜ਼ਮੀਨੀ ਹਕੀਕਤ ਵੇਖ ਕੇ ਕੋਈ ਬਹੁਸੰਮਤੀ ਜਾਂ ਸਰਬਸੰਮਤੀ ਵਾਲਾ ਫ਼ੈਸਲਾ ਨਾ ਕੀਤਾ ਤਾਂ ਪੰਜਾਬ ਕਾਂਗਰਸ ਦੋਫਾੜ ਹੋਣ ਵੱਲ ਵੀ ਵਧ ਸਕਦੀ ਹੈ।
ਜੋ ਡੂਬੇਗੀ ਕਿਸ਼ਤੀ ਤੋ ਡੂਬੇਂਗੇ ਸਾਰੇ,
ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਹਰੇ।
ਪੰਜਾਬ ਕਾਂਗਰਸ ਵਿਚ ਲੜਾਈ ਵਧੀ ਕਿਵੇਂ?
ਰਹਬਰ ਕੀ ਖ਼ਤਾ ਇਕ ਪਲ ਕੀ ਭੀ
ਸਦੀਓਂ ਪੇ ਭਾਰੀ ਪੜ੍ਹਤੀ ਹੈ
ਤੁਮ ਇਤਨਾ ਤਗ਼ਾਫੁਲ ਕਰ ਬੈਠੇ
ਕਿ ਬਾਤ ਬਿਗੜਤੀ ਜਾਤੀ ਹੈ।
(ਲਾਲ ਫਿਰੋਜ਼ਪੁਰੀ)
(ਤਗ਼ਾਫੁਲ-ਦੇਰੀ, ਲਾਪ੍ਰਵਾਹੀ)
ਮੈਂ ਰਾਹੁਲ ਗਾਂਧੀ ਨੂੰ ਨਿੱਜੀ ਤੌਰ 'ਤੇ ਮਿਲਿਆ ਹਾਂ ਤੇ ਉਸ ਦੀ ਸਮਝ ਤੋਂ ਪ੍ਰਭਾਵਿਤ ਵੀ ਹਾਂ, ਪਰ ਸ਼ਾਇਦ ਉਹ ਇਕ ਰਾਜਨੇਤਾ ਘੱਟ ਤੇ ਇਕ ਵਿਚਾਰਕ ਤੇ ਸਵਾਲ ਉਠਾਉਣ ਵਾਲਾ ਵਿਅਕਤੀ ਜ਼ਿਆਦਾ ਹੈ। ਜਿੰਨੀ ਕੁ ਅੰਦਰੂਨੀ ਜਾਣਕਾਰੀ ਪੰਜਾਬ ਕਾਂਗਰਸ ਦੀ ਲੜਾਈ ਬਾਰੇ ਮੈਨੂੰ ਮਿਲੀ ਹੈ, ਉਸ ਅਨੁਸਾਰ ਇਸ ਲੜਾਈ ਦੇ ਵਧਣ ਵਿਚ ਰਾਹੁਲ ਗਾਂਧੀ ਦੀ ਇਕ ਪਲ ਦੀ ਗ਼ਲਤੀ ਜ਼ਿਆਦਾ ਲਗਦੀ ਹੈ। ਰਾਹੁਲ ਗਾਂਧੀ ਨਾਲ ਆਖ਼ਰੀ ਫ਼ੈਸਲਾ ਇਹ ਹੋਇਆ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਮੁਖੀ ਬਣਾਇਆ ਜਾਵੇਗਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਬਰਾਬਰ ਦਾ ਸਤਿਕਾਰ ਦੇਣ ਲਈ ਇਕ ਕਮੇਟੀ ਦਾ ਮੁਖੀ ਲਾਇਆ ਜਾਵੇਗਾ ਪਰ ਪਹਿਲੇ ਨੰਬਰ 'ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵਿਜੈ ਇੰਦਰ ਸਿੰਗਲਾ ਜਾਂ ਫਿਰ ਕਿਸੇ ਅੜਿਚਨ ਦੀ ਸੰਭਾਵਨਾ 'ਤੇ ਪ੍ਰਗਟ ਸਿੰਘ ਨੂੰ ਬਣਾਇਆ ਜਾ ਸਕਦਾ ਹੈ।
ਇਥੇ ਰਾਹੁਲ ਗਾਂਧੀ ਦੀ ਇਕ ਪਲ ਦੀ ਗ਼ਲਤੀ ਇਹੀ ਮੰਨੀ ਜਾ ਰਹੀ ਹੈ ਕਿ ਉਹ ਖ਼ੁਦ ਫੈਸਲਾ ਲਾਗੂ ਕਰਵਾਉਣ ਦੀ ਥਾਂ ਆਪਣੇ ਪੂਰਵ ਨਿਰਧਾਰਿਤ ਪ੍ਰੋਗਰਾਮ 'ਤੇ ਵਿਦੇਸ਼ ਚਲੇ ਗਏ। ਬਾਅਦ ਵਿਚ ਰਾਜਾ ਵੜਿੰਗ ਤੇ ਉਨ੍ਹਾਂ ਦੇ ਸਮਰਥਕ ਮੰਨੇ ਜਾਂਦੇ ਭੁਪੇਸ਼ ਬਘੇਲ ਨੇ ਕਾਂਗਰਸ ਸੰਗਠਨ ਇੰਚਾਰਜ ਕੇ.ਸੀ. ਵੇਣੂਗੋਪਾਲ ਰਾਹੀਂ ਰਾਹੁਲ ਨੂੰ ਸੰਦੇਸ਼ ਭਿਜਵਾਏ ਕਿ ਜੇਕਰ ਰਾਜਾ ਵੜਿੰਗ ਨੂੰ ਬਦਲਿਆ ਗਿਆ ਤਾਂ ਪੰਜਾਬ ਕਾਂਗਰਸ ਵਿਚ ਵੱਡੀ ਫੁੱਟ ਪੈ ਸਕਦੀ ਹੈ, ਕਿਉਂਕਿ ਲਗਭਗ ਸਾਰੇ ਜ਼ਿਲ੍ਹਾ ਪ੍ਰਧਾਨ ਰਾਜਾ ਵੜਿੰਗ ਦੇ ਹੱਕ ਵਿਚ ਹਨ। ਇਸ 'ਤੇ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਲਈ ਹਾਂ ਕਰ ਦਿੱਤੀ। ਚੰਨੀ ਧੜਾ ਤੇ ਬਾਕੀ ਵੜਿੰਗ ਵਿਰੋਧੀ ਧੜੇ ਇਸ ਐਲਾਨ 'ਤੇ ਹੱਕੇ-ਬੱਕੇ ਰਹਿ ਗਏ, ਉਨ੍ਹਾਂ ਵਿਚ ਏਕਤਾ ਵਧੀ ਤੇ ਉਨ੍ਹਾਂ ਨੇ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ। ਪਰ ਦੂਜੇ ਪਾਸੇ ਭੁਪੇਸ਼ ਬਘੇਲ ਸਪੱਸ਼ਟ ਰੂਪ ਵਿਚ ਰਾਜਾ ਵੜਿੰਗ ਦੇ ਹੱਕ ਵਿਚ ਨਿੱਤਰ ਆਏ ਹਨ। ਸਾਡੀ ਜਾਣਕਾਰੀ ਅਨੁਸਾਰ ਚੰਨੀ ਅਤੇ ਦੂਜੇ ਸਮਰਥਕ ਧੜੇ ਰਣਨੀਤੀ ਤਹਿਤ ਕਿ ਉਨ੍ਹਾਂ ਦਾ ਕੋਈ ਸਾਥੀ ਟੁੱਟੇ ਨਾ, ਭੁਪੇਸ਼ ਬਘੇਲ ਨੂੰ ਮਿਲ ਕੇ ਆਪਣੀ ਤਾਕਤ ਦਾ ਵਿਖਾਵਾ ਤਾਂ ਕਰਨਗੇ, ਪਰ ਰਾਹੁਲ ਗਾਂਧੀ ਅੱਗੇ ਉਹ ਹੁਣ ਸਿਰਫ਼ ਰਾਜਾ ਵੜਿੰਗ ਨੂੰ ਹੀ ਨਹੀਂ ਸਗੋਂ ਭੁਪੇਸ਼ ਬਘੇਲ ਨੂੰ ਬਦਲਣ ਦੀ ਮੰਗ ਵੀ ਰੱਖਣਗੇ। ਜਦੋਂ ਕਿ ਦੂਜੇ ਪਾਸੇ ਰਾਜਾ ਵੜਿੰਗ ਦੇ ਸਮਰਥਕ ਵੀ ਲਗਾਤਾਰ ਆਪਣੀ ਤਾਕਤ ਵਧਾਉਣ ਅਤੇ ਦਿਖਾਉਣ ਵਿਚ ਲੱਗੇ ਹੋਏ ਹਨ।
'ਸਤਲੁਜ' ਫ਼ਿਲਮ ਤੇ ਭਾਜਪਾ ਨੇਤਾ
ਵਹੀ ਹੈ ਰੰਗ ਮਗਰ ਬੂ ਹੈ ਕੁਛ ਲਹੂ ਜੈਸੀ
ਯੇ ਅਬ ਕੀ ਫ਼ਸਲ ਮੇਂ ਖ਼ਿਲਤੇ ਗੁਲਾਬ ਕੈਸੇ ਹੈਂ?
(ਬਸ਼ਰ ਨਵਾਜ਼)
ਹੈਰਾਨੀ ਦੀ ਗੱਲ ਹੈ ਕਿ ਦੇਸ਼ ਵਿਚ ਦਰਜਨ ਦੇ ਕਰੀਬ ਸਿਆਸੀ ਨਿਸ਼ਾਨੇ ਤੋਂ ਪ੍ਰੇਰਿਤ ਫਿਲਮਾਂ ਜੋ ਸਿੱਧੇ ਅਸਿੱਧੇ ਰੂਪ ਵਿਚ ਭਾਜਪਾ ਦੇ ਹਿੰਦੂਤਵ ਦੇ ਏਜੰਡੇ ਨੂੰ ਉਭਾਰਦੀਆਂ ਹਨ, ਰਿਲੀਜ਼ ਹੋ ਚੁੱਕੀਆਂ ਹਨ, ਇਨ੍ਹਾਂ ਵਿਚ 'ਦਾ ਕਸ਼ਮੀਰ ਫਾਇਲਜ਼', 'ਦਾ ਕੇਰਲਾ ਸਟੋਰੀ', 'ਸਾਬਰਮਤੀ ਰਿਪੋਰਟ', 'ਆਰਟੀਕਲ 370', ਬਸਤਰ-ਦਾ ਨਕਸਲ ਸਟੋਰੀ', 'ਜੇ.ਐਨ.ਯੂ.-ਜਹਾਂਗੀਰ ਨੈਸ਼ਨਲ ਯੂਨੀਵਰਸਿਟੀ', 'ਸਵਤੰਤਰ ਵੀਰ ਸਾਵਰਕਰ' ਅਤੇ 'ਰਜ਼ਾਕਾਰ' ਵਰਗੀਆਂ ਕਈ ਹੋਰ ਫ਼ਿਲਮਾਂ ਵੀ ਸ਼ਾਮਿਲ ਹਨ। ਫਿਰ ਭਾਜਪਾ ਨੂੰ ਕੀ ਲੋੜ ਪੈ ਗਈ ਕਿ ਇਕ ਅਜਿਹੀ ਫ਼ਿਲਮ ਜੋ ਭਾਜਪਾ 'ਤੇ ਸਵਾਲ ਖੜ੍ਹੇ ਕਰਨ ਦੀ ਬਜਾਏ ਉਸ ਵੇਲੇ ਦੇ ਕਾਂਗਰਸੀ ਰਾਜ 'ਤੇ ਸਵਾਲ ਖੜ੍ਹੇ ਕਰਦੀ ਹੈ ਤੇ ਸਿੱਖਾਂ ਤੇ ਪੰਜਾਬੀਆਂ 'ਤੇ ਹੋਏ ਜ਼ੁਲਮ ਦੇ ਇਕ ਕਾਂਡ ਦਾ ਫਿਲਮਾਂਕਣ ਹੈ, ਨੂੰ ਪਹਿਲਾਂ ਤਾਂ ਸੈਂਸਰ ਬੋਰਡ ਤੋਂ ਸਿਨੇਮਿਆਂ ਵਿਚ ਚੱਲਣ ਦੀ ਇਜਾਜ਼ਤ ਨਹੀਂ ਮਿਲਦੀ ਤੇ ਫਿਰ ਜੇ ਓ.ਟੀ.ਟੀ. ਪਲੇਟਫਾਰਮ 'ਤੇ ਰਿਲੀਜ਼ ਕੀਤੀ ਜਾਂਦੀ ਹੈ ਤਾਂ 2 ਦਿਨਾਂ ਵਿਚ ਹੀ ਬੈਨ ਕਰ ਦਿੱਤੀ ਜਾਂਦੀ ਹੈ। ਇਹ ਰਵੱਈਆ ਭਾਜਪਾ ਨੂੰ ਫਾਇਦਾ ਨਹੀਂ ਪਹੁੰਚਾ ਰਿਹਾ, ਸਗੋਂ ਉਸ ਦੇ ਸਿੱਖਾਂ ਅਤੇ ਪੰਜਾਬ ਪ੍ਰਤੀ ਰਵੱਈਏ ਬਾਰੇ ਸਵਾਲ ਹੀ ਖੜ੍ਹੇ ਕਰ ਰਿਹਾ ਹੈ। ਇਸ ਤਰ੍ਹਾਂ ਜਾਪਦਾ ਹੈ ਜਾਂ ਤਾਂ ਭਾਜਪਾ ਨੇ ਪੰਜਾਬ ਚੋਣਾਂ ਵਿਚ ਵੀ ਹਿੰਦੂ ਕਾਰਡ ਖੇਡਣ ਦਾ ਫੈਸਲਾ ਕਰ ਲਿਆ ਹੈ ਜਾਂ ਫਿਰ ਉਹ ਇਸ ਬਾਰੇ ਸੁਚੇਤ ਰੂਪ ਵਿਚ ਇਕ ਭੰਬਲਭੂਸੇ ਵਾਲੀ ਸਥਿਤੀ ਪੈਦਾ ਕਰਨਾ ਚਾਹੁੰਦੀ ਹੈ। ਕਿਉਂਕਿ ਉਸ ਦੇ ਨੇਤਾ ਵੀ ਕੋਈ ਇਕ ਸਟੈਂਡ ਨਹੀਂ ਲੈ ਰਹੇ, ਸਗੋਂ ਬਿਲਕੁਲ ਇਕ-ਦੂਜੇ ਦੇ ਵਿਰੋਧੀ ਬਿਆਨ ਦਾਗ਼ ਰਹੇ ਹਨ। ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਕਹਿੰਦੇ ਹਨ ਕਿ ਫ਼ਿਲਮ ਸੈਂਸਰ ਬੋਰਡ ਤੋਂ ਕਲੀਅਰ ਨਹੀਂ ਸੀ, ਸਰਕਾਰ ਨੇ ਇਸ ਲਈ ਇਸ ਨੂੰ ਬੈਨ ਕੀਤਾ। ਹੁਣ ਬਣਾਈ ਰਿਵੀਊ ਕਮੇਟੀ ਹੀ ਇਸ ਬਾਰੇ ਫ਼ੈਸਲਾ ਕਰੇਗੀ। ਇਸ ਦੇ ਉਲਟ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿੰਦੇ ਹਨ ਕਿ ਫ਼ਿਲਮ ਹਟਾਉਣ ਵਿਚ ਭਾਜਪਾ ਜਾਂ ਸਰਕਾਰ ਦਾ ਕੋਈ ਰੋਲ ਨਹੀਂ ਪਰ ਅਗਲੇ ਹੀ ਸਾਹ ਉਹ ਦਿਲਜੀਤ ਸਿੰਘ ਦੋਸਾਂਝ 'ਤੇ ਤਿੱਖੇ ਨਿੱਜੀ ਹਮਲੇ ਕਰਦੇ ਹਨ ਤੇ ਫ਼ਿਲਮ ਨੂੰ ਅੱਧੀ ਸਚਾਈ ਵੀ ਦੱਸਦੇ ਹਨ। ਉਹ ਆਪਣੇ ਦਾਦਾ ਤੇ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਲਾਉਣ ਦਾ ਵੀ ਵਿਰੋਧ ਕਰਦੇ ਹਨ। ਜਦੋਂ ਕਿ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਿਲਕੁਲ ਹੀ ਵੱਖਰਾ ਤੇ ਫ਼ਿਲਮ ਦੇ ਹੱਕ ਵਿਚ ਸਟੈਂਡ ਲੈਂਦੇ ਦਿਖਾਈ ਦੇ ਰਹੇ ਹਨ। ਇਹ ਵੀ ਹੈਰਾਨੀਜਨਕ ਗੱਲ ਹੈ ਕਿ ਭਾਜਪਾ ਦੇ ਬਹੁਤ ਸਾਰੇ ਪ੍ਰਮੁੱਖ ਸਿੱਖ ਨੇਤਾ ਇਸ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ ਹਨ ਤੇ ਇਹ ਸਭ ਜਾਣਦੇ ਹਨ ਕਿ ਕਈ ਵਾਰ ਖ਼ਾਮੋਸ਼ੀ ਜ਼ਿਆਦਾ ਉੱਚੀ ਆਵਾਜ਼ ਵਿਚ ਆਪਣੇ ਅਰਥ ਬਿਆਨ ਕਰਦੀ ਹੈ।
ਪ੍ਰਮੁੱਖ ਸਿੱਖ ਭਾਜਪਾ ਨੇਤਾਵਾਂ ਦੀ ਭੂਮਿਕਾ ਬਦਲੀ
ਪਿਛਲੇ ਦਿਨਾਂ ਵਿਚ ਇਨ੍ਹਾਂ ਕਾਲਮਾਂ ਵਿਚ ਲਿਖਿਆ ਸੀ ਕਿ ਭਾਜਪਾ ਨੇ ਆਪਣੇ ਸਿੱਖ ਤੇ ਪੰਜਾਬ ਮਸਲਿਆਂ ਬਾਰੇ ਸਲਾਹਕਾਰ ਬਦਲੇ ਹਨ। ਹਾਲਾਤ ਇਸ ਗੱਲ ਦੀ ਪੁਸ਼ਟੀ ਕਰਦੇ ਜਾਪਦੇ ਹਨ। ਹੁਣ ਫ਼ਿਲਮ 'ਸਤਲੁਜ' ਦੇ ਮਾਮਲੇ ਵਿਚ ਸਿੱਖ ਮਸਲਿਆਂ ਬਾਰੇ ਭਾਜਪਾ ਦੇ ਸਭ ਤੋਂ ਵੱਡੇ ਸਲਾਹਕਾਰ ਮੰਨੇ ਜਾਂਦੇ ਭਾਜਪਾ ਦੇ ਕੌਮੀ ਸਕੱਤਰ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਰਾਜ ਸਭਾ ਵਿਚ ਪੰਜਾਬ ਬਾਰੇ ਸਭ ਤੋਂ ਵੱਧ ਸਵਾਲ ਉਠਾਉਣ ਵਾਲੇ ਭਾਜਪਾ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਜਪਾ ਦੇ ਸੰਸਦੀ ਬੋਰਡ ਦੇ ਮੈਂਬਰ ਅਤੇ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਲਗਭਗ ਚੁੱਪ ਹਨ। ਸਾਡੀ ਜਾਣਕਾਰੀ ਅਨੁਸਾਰ ਸਿਰਸਾ ਦੀ ਤਾਕਤ ਨਹੀਂ ਘਟਾਈ ਗਈ, ਸਗੋਂ ਉਨ੍ਹਾਂ ਨੂੰ ਕਿਸੇ ਵਿਵਾਦ ਵਿਚ ਨਾ ਪਾ ਕੇ ਯੂ.ਪੀ. ਵਿਧਾਨ ਸਭਾ ਚੋਣਾਂ ਲਈ ਕੰਮ ਕਰਨ ਦੀ ਵੱਡੀ ਡਿਊਟੀ ਸੰਭਾਲੀ ਗਈ ਹੈ। ਉਹ ਅਮਿਤ ਸ਼ਾਹ ਤੇ ਪਾਰਟੀ ਪ੍ਰਧਾਨ ਨਿਤਿਨ ਨਬੀਨ ਦੀ ਸਲਾਹਕਾਰ ਟੀਮ ਵਿਚ ਸ਼ਾਮਿਲ ਦੱਸੇ ਜਾਂਦੇ ਹਨ। ਸਤਨਾਮ ਸਿੰਘ ਸੰਧੂ ਪਾਰਟੀ ਦੀ ਨੀਤੀ ਨਿਰਧਾਰਨ ਤੇ ਵਿਕਾਸ ਦੇ ਏਜੰਡੇ ਵਾਲੀ ਟੀਮ ਵਿਚ ਸ਼ਾਮਿਲ ਹਨ ਅਤੇ ਉਹ ਪਿੱਛੇ ਰਹਿ ਕੇ ਚੁੱਪ-ਚਾਪ 'ਇੰਡੀਅਨ ਮਿਨਾਰਟੀਜ਼ ਫਾਊਂਡੇਸ਼ਨ' ਰਾਹੀਂ ਘੱਟ-ਗਿਣਤੀਆਂ ਤੇ ਸਿੱਖਾਂ ਨੂੰ ਭਾਜਪਾ ਨਾਲ ਜੋੜਨ ਦੇ ਏਜੰਡੇ 'ਤੇ ਕੰਮ ਕਰ ਰਹੇ ਹਨ। ਜਦੋਂ ਕਿ ਲਾਲਪੁਰਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਉਦੋਂ ਤੱਕ ਬਿਆਨ ਦੇਣ ਤੋਂ ਗੁਰੇਜ਼ ਹੀ ਕਰਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਪਾਰਟੀ ਵਲੋਂ ਇਸ਼ਾਰਾ ਨਾ ਕੀਤਾ ਜਾਵੇ। ਇਸ ਵੇਲੇ ਪੰਜਾਬ ਅਤੇ ਸਿੱਖ ਮਸਲਿਆਂ 'ਤੇ ਭਾਜਪਾ ਵਲੋਂ ਬੋਲਣ ਦੀ ਜ਼ਿਮੇਵਾਰੀ ਸ਼ਾਇਦ ਆਰ.ਪੀ. ਸਿੰਘ, ਸੰਸਦ ਮੈਂਬਰ ਤਰੁਣ ਚੁੱਘ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਹੋਈ ਹੈ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com