ਨਵੀਂ ਪੀੜ੍ਹੀ ਜਿਸ ਨੂੰ ਅੱਜ-ਕੱਲ੍ਹ ਜੇਨ-ਜ਼ੀ ਵਜੋਂ ਵੀ ਜਾਣਿਆ ਜਾਂਦਾ ਹੈ, ਵਿਚ ਨਵੀਂ ਸੋਚ ਅਤੇ ਬਦਲਾਅ ਬਾਰੇ ਵਧੇਰੇ ਉਤਸ਼ਾਹ ਦਿਖਾਈ ਦੇ ਰਿਹਾ ਹੈ। ਬੇਰੁਜ਼ਗਾਰੀ ਤੇ ਵਿਕਾਸ ਨਾਲ ਸੰਬੰਧਿਤ ਦੇਸ਼ ਦੇ ਭੱਖਦੇ ਮੁੱਦਿਆਂ ਵਿਚ ਲੋਕਾਂ ਦੀ ਵਿਸ਼ੇਸ਼ ਤੌਰ 'ਤੇ ਤਵੱਜੋ ਵਧ ਰਹੀ ਹੈ। ਪਰ ਇਨ੍ਹਾਂ ਵਿਸ਼ਿਆਂ ਵਿਚ ਅਹਿਮ ਅਤੇ ਧਿਆਨ ਦੇਣ ਯੋਗ ਲੁਕਿਆ ਹੋਇਆ ਇਕ ਹੋਰ ਮੁੱਦਾ ਵੀ ਹੈ। ਅੱਜ ਦੇ ਸਮੇਂ ਵਿਚ ਕੁੜੀਆਂ ਨਾਲ ਸਬੰਧਿਤ ਕਈ ਪਹਿਲੂਆਂ 'ਤੇ ਵੱਡੇ ਪੱਧਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ, ਜਿਵੇਂ 'ਬੇਟੀ ਬਚਾਓ ਬੇਟੀ ਪੜ੍ਹਾਓ' ਅਤੇ 'ਨਾਰੀ ਸ਼ਕਤੀ' ਵਰਗੀਆ ਮੁਹਿੰਮਾਂ। ਪਰ ਇਨ੍ਹਾਂ ਸਭ ਤੋਂ ਇਲਾਵਾ ਇਕ ਹੋਰ ਬਹੁਤ ਮਹੱਤਵਪੂਰਨ ਅਤੇ ਗੰਭੀਰ ਮੁੱਦਾ ਵੀ ਹੈ, ਜਿਸ ਵੱਲ ਸਮਾਜ ਦਾ ਪੂਰਾ ਧਿਆਨ ਨਹੀਂ ਜਾ ਰਿਹਾ। ਇਹ ਮੁੱਦਾ ਹੈ ਕਿ ਸਾਡੇ ਸਮਾਜ ਵਿਚ ਕੁੜੀਆਂ ਦੀ ਇਕ ਵੱਡੀ ਗਿਣਤੀ ਆਪਣੇ ਮਾਪਿਆਂ ਨੂੰ ਛੱਡ ਕੇ ਘਰ ਤੋਂ ਦੂਰ ਜਾਣ ਦੀ ਰਾਹ ਫੜ ਰਹੀ ਹੈ। ਨਵੀਂ ਸੋਚ ਅਤੇ ਤਬਦੀਲੀ ਵਿਚ ਰੁਚੀ ਰੱਖਣ ਵਾਲੀ ਅਜੋਕੀ ਪੀੜ੍ਹੀ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਇਸ ਮੁੱਦੇ 'ਤੇ ਵੀ ਉਨੀ ਹੀ ਗੰਭੀਰਤਾ ਨਾਲ ਗ਼ੌਰ ਕਰੇ, ਜਿੰਨਾ ਕਿ ਬਾਕੀ ਵਿਸ਼ਿਆਂ 'ਤੇ ਕਰ ਰਹੀ ਹੈ। ਦੁੱਖ ਦੀ ਗੱਲ ਹੈ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਵੀ ਸਮਾਜ ਦੇ ਕੁਝ ਹਿੱਸਿਆਂ 'ਚ ਡਰ, ਦਬਾਅ ਅਤੇ ਪਰੰਪਰਾਵਾਂ ਕਾਰਨ ਘਰੋਂ ਜਾਣ ਵਾਲੀਆਂ ਕੁੜੀਆਂ ਨੂੰ ਲੈ ਕੇ ਕਈ ਵਾਰ ਅਣਗਹਿਲੀ ਜਾਂ ਬਹੁਤ ਸਖ਼ਤ ਕਦਮ ਚੁੱਕੇ ਜਾਂਦੇ ਹਨ।
ਅੱਜ ਦਾ ਦੌਰ ਬਾਲੀਵੁੱਡ ਅਤੇ ਗਲੋਬਲ ਸਿਨੇਮਾ ਦੀਆਂ ਫ਼ਿਲਮਾਂ ਦਾ ਦੌਰ ਹੈ, ਜਿਨ੍ਹਾਂ ਨੂੰ ਵੇਖਦੇ ਹੋਏ ਅੱਜ ਦੀ ਪੀੜ੍ਹੀ ਵੱਡੀ ਹੋ ਰਹੀ ਹੈ। ਇਹ ਫ਼ਿਲਮਾਂ ਪਿਆਰ ਅਤੇ ਰਿਸ਼ਤਿਆਂ ਬਾਰੇ ਉਨ੍ਹਾਂ ਦੇ ਵਿਚਾਰਾਂ, ਉਮੀਦਾਂ ਅਤੇ ਵਿਵਹਾਰ ਨੂੰ ਗਹਿਰਾਈ ਨਾਲ ਆਕਾਰ ਦਿੰਦੀਆਂ ਹਨ। ਪਰ ਕੀ ਇਸ ਪ੍ਰਭਾਵ ਨੂੰ ਸਿਰਫ਼ ਬਾਲੀਵੁੱਡ ਦਾ ਦੀਵਾਨਾਪਨ ਕਹਿ ਦੇਣਾ ਠੀਕ ਹੈ? ਲੋੜ ਹੈ ਇਸ ਗੱਲ ਨੂੰ ਵਿਚਾਰਾਤਮਕ ਢੰਗ ਨਾਲ ਸਮਝਣ ਦੀ ਕਿ ਆਖ਼ਰ ਇਨ੍ਹਾਂ ਮੁੱਦਿਆਂ ਦੇ ਅਸਲ ਕਾਰਨ ਕੀ ਹਨ ਅਤੇ ਕਿਉਂ ਕੁੜੀਆਂ ਅਜਿਹੇ ਕਦਮ ਚੁੱਕਣ ਤੋਂ ਨਹੀਂ ਕਤਰਾਉਂਦੀਆਂ । ਅਸਲ ਵਿਚ ਉਨ੍ਹਾਂ ਦੀ ਖ਼ਾਹਿਸ਼ ਆਜ਼ਾਦੀ ਦੀ ਹੈ, ਖੁੱਲ੍ਹੇ ਆਸਮਾਨ ਵਿਚ ਆਪਣੇ ਸੁਪਨਿਆਂ ਨਾਲ ਉੱਡਣ ਦੀ ਆਜ਼ਾਦੀ, ਆਜ਼ਾਦੀ ਆਪਣੇ ਅਸਤਿਤਵ ਨੂੰ ਪਛਾਨਣ ਦੀ ਅਤੇ ਜਿਊਣ ਦੀ। ਅੱਜ ਦੇ ਯੁੱਗ ਦੀਆਂ ਕੁੜੀਆਂ ਪੜ੍ਹੀਆਂ-ਲਿਖੀਆਂ ਅਤੇ ਸੁਚੇਤ ਹਨ। ਇਸ ਲਈ ਇਹ ਮੰਨਣਾ ਠੀਕ ਨਹੀਂ ਹੈ ਕਿ ਉਹ ਆਸਾਨੀ ਨਾਲ ਆਪਣੇ ਮਾਪਿਆਂ ਨੂੰ ਛੱਡ ਕੇ ਕਿਸੇ ਨਾਲ ਵੀ ਜਾ ਸਕਦੀਆਂ ਹਨ। ਪਰ ਜੇ ਇਸ ਦੇ ਪਿੱਛੇ ਦੇ ਕਾਰਨਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਦੋਵਾਂ ਧਿਰਾਂ ਵਿਚ ਕਈ ਕਮੀਆਂ ਸਾਹਮਣੇ ਆਉਂਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁੜੀਆਂ ਅਤੇ ਮਾਪਿਆਂ ਵਿਚਕਾਰ ਆਪਸੀ ਸੰਚਾਰ ਦੀ ਕਮੀ ਹੁੰਦੀ ਹੈ, ਜਿਸ ਨਾਲ ਦੂਰੀਆਂ ਤੇ ਗਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਕਈ ਵਾਰ ਮਾਪੇ ਆਪਣੀ ਸੋਚ ਅਤੇ ਤਜਰਬਿਆਂ ਨੂੰ ਕੁੜੀਆਂ 'ਤੇ ਲੱਦਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਸਮਝਦਾਰੀ ਦੀ ਥਾਂ ਦਬਾਅ ਪੈਦਾ ਹੋ ਜਾਂਦਾ ਹੈ। ਇਸ ਸਾਰੇ ਮਾਹੌਲ ਵਿਚ 'ਲੋਕ ਕੀ ਕਹਿਣਗੇ' ਵਰਗੀ ਸੋਚ ਇਕ ਹੋਰ ਵੱਡਾ ਬੋਝ ਬਣ ਜਾਂਦੀ ਹੈ, ਜੋ ਕੁੜੀਆਂ ਦੀ ਆਵਾਜ਼ ਅਤੇ ਉਨ੍ਹਾਂ ਦੀ ਆਜ਼ਾਦੀ ਨੂੰ ਦਬਾਅ ਦਿੰਦੀ ਹੈ। ਜਦੋਂ ਹਰ ਫ਼ੈਸਲੇ ਨੂੰ ਸਮਾਜ ਦੀ ਨਜ਼ਰ ਨਾਲ ਤੋਲਿਆ ਜਾਂਦਾ ਹੈ ਤਾਂ ਕੁੜੀਆਂ ਦੇ ਆਪਣੇ ਸੁਪਨੇ ਅਤੇ ਚੋਣਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਇਹੀ ਦਬਾਅ ਕਈ ਵਾਰ ਉਨ੍ਹਾਂ ਨੂੰ ਅਜਿਹੇ ਕਦਮ ਚੁੱਕਣ ਵੱਲ ਧੱਕ ਦਿੰਦਾ ਹੈ।
ਦੂਜੇ ਪਾਸੇ ਕਈ ਵਾਰ ਕੁੜੀਆਂ ਵਿਚ ਵੀ ਸਮਝਦਾਰੀ ਦੀ ਘਾਟ ਨਜ਼ਰ ਆਉਂਦੀ ਹੈ, ਜਿੱਥੇ ਉਨ੍ਹਾਂ ਨੂੰ ਰਵਾਇਤੀ ਯੁੱਗ ਦੀ ਹਰ ਚੀਜ਼ ਗ਼ਲਤ ਜਾਪਦੀ ਹੈ, ਪੁਰਾਣੇ ਦੀ ਕੋਈ ਅਹਿਮੀਅਤ ਨਜ਼ਰ ਨਹੀਂ ਆਉਂਦੀ ਅਤੇ ਉਹ ਨਵੇਂ ਦੌਰ ਨੂੰ ਹੀ ਸਭ ਕੁਝ ਮੰਨ ਕੇ ਪੁਰਾਣੀਆਂ ਪਰੰਪਰਾਵਾਂ, ਪਰਿਵਾਰਕ ਮੁੱਲਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਜਦ ਕਿ ਇਹ ਸੱਚ ਹੈ ਕਿ ਕਰੀਅਰ ਅਤੇ ਤਰੱਕੀ ਦੀਆਂ ਨਵੀਆਂ ਇਮਾਰਤਾਂ ਵੀ ਪੁਰਾਣੀ ਮਜ਼ਬੂਤ ਬਨਿਆਦ ਪਰਿਵਾਰ, ਸੰਸਕਾਰ ਅਤੇ ਪਰੰਪਰਾਵਾਂ 'ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਇਹ ਸੰਤੁਲਨ ਦੀ ਕਮੀ ਹੀ ਹੁੰਦੀ ਹੈ, ਜੋ ਕਈ ਵਾਰ ਅਜਿਹੀਆਂ ਸਥਿਤੀਆਂ ਨੂੰ ਜਨਮ ਦੇ ਦਿੰਦੀ ਹੈ। ਇਸ ਸਥਿਤੀ ਵਿਚ ਲੋੜ ਹੈ ਕਿ ਮਾਪੇ ਆਪਣੀ ਸੋਚ ਵਿਚ ਕਠੋਰਤਾ ਨਾ ਰੱਖਦੇ ਹੋਏ ਸਮਝਦਾਰੀ ਅਤੇ ਲਚਕਤਾ ਅਪਣਾਉਣ। ਇਸ ਦੇ ਨਾਲ ਹੀ ਕੁੜੀਆਂ ਲਈ ਵੀ ਜ਼ਰੂਰੀ ਹੈ ਕਿ ਉਹ ਆਪਣੇ ਵਿਕਾਸ ਅਤੇ ਸਿੱਖਿਆ ਦੇ ਨਾਲ-ਨਾਲ ਪਰਿਵਾਰਕ ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ 'ਤੇ ਵਿਸ਼ਵਾਸ ਬਣਾਈ ਰੱਖਣ। ਇਹ ਵਿਸ਼ਵਾਸ ਅੰਧ-ਵਿਸ਼ਵਾਸ ਨਹੀਂ, ਸਗੋਂ ਸਮਝਦਾਰੀ ਅਤੇ ਸੰਤੁਲਨ ਨਾਲ ਹੋਣਾ ਚਾਹੀਦਾ ਹੈ।
-ਮੋਬਾਈਲ : 82795-91318