ਲਖਨਊ ਦੇ ਇਕ ਕੋਚਿੰਗ ਸੈਂਟਰ 'ਚ ਅੱਗ ਲੱਗਣ ਕਾਰਨ ਕਈ ਵਿਦਿਆਰਥੀਆਂ ਦੀ ਦੁਖਦਾਈ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਨੀਟ ਪੇਪਰ ਲੀਕ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਸਨ। ਦੇਸ਼ ਦੇ ਪ੍ਰਮੁੱਖ ਕੋਚਿੰਗ ਸੈਂਟਰਾਂ ਵਾਲੇ ਸ਼ਹਿਰ ਕੋਟਾ ਵਿਚ ਵੀ ਸਾਲ ਦਰ ਸਾਲ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਦੁਖਦਾਈ ਤੇ ਚਿੰਤਾਜਨਕ ਘਟਨਾਵਾਂ ਦਾ ਸਮਾਜ ਤੇ ਸਰਕਾਰਾਂ ਦੋਹਾਂ ਨੂੰ ਗੰਭੀਰਤਾ ਨਾਲ ਹੱਲ ਕਰਨਾ ਚਾਹੀਦਾ ਹੈ। ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖਿਆ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਵੱਖ-ਵੱਖ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੁੰਦੇ ਰਹੇ ਹਨ। ਇਹ ਪੇਪਰ ਅਕਸਰ ਵਿੱਤੀ ਪ੍ਰਭਾਵ ਤੇ ਮਿਲੀਭੁਗਤ ਨਾਲ ਲੀਕ ਕੀਤੇ ਜਾਂਦੇ ਹਨ। ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੁਬਾਰਾ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਅੰਦਰ ਅਨਿਸ਼ਚਿਤਤਾ ਤੇ ਤਣਾਅ ਵਧਦਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 10 ਸਾਲਾਂ ਦੌਰਾਨ ਲਗਭਗ 90 ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋ ਚੁੱਕੇ ਹਨ।
ਵਿਦਿਆਰਥੀ ਸਖ਼ਤ ਮਿਹਨਤ ਕਰਕੇ ਉੱਚ ਸਿੱਖਿਆ ਸੰਸਥਾਵਾਂ 'ਚ ਦਾਖਲਾ ਪ੍ਰਾਪਤ ਕਰਨ ਦੀ ਉਮੀਦ ਨਾਲ ਪ੍ਰੀਖਿਆਵਾਂ ਦਿੰਦੇ ਹਨ, ਇਸ ਪੂਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੇ ਪਰਿਵਾਰ ਵੀ ਬਰਾਬਰ ਦੇ ਭਾਈਵਾਲ ਬਣੇ ਰਹਿੰਦੇ ਹਨ, ਕਿਉਂਕਿ ਮਾਪੇ ਵੀ ਆਪਣੇ ਬੱਚਿਆਂ ਨੂੰ ਬਿਹਤਰ ਉੱਚ ਸਿੱਖਿਆ ਪ੍ਰਾਪਤ ਕਰਦੇ ਵੇਖਣਾ ਚਾਹੁੰਦੇ ਹਨ। ਬਹੁਤ ਸਾਰੇ ਵਿਦਿਆਰਥੀ ਇਸ ਉਮੀਦ ਨਾਲ ਇਕੋ ਪ੍ਰੀਖਿਆ 3-4 ਵਾਰ ਤੱਕ ਦਿੰਦੇ ਹਨ ਤਾਂ ਜੋ ਬਿਹਤਰ ਅੰਕ ਪ੍ਰਾਪਤ ਕਰਕੇ ਉਹ ਆਪਣੀ ਮਨਚਾਹੀ ਸੰਸਥਾ 'ਚ ਦਾਖਲਾ ਲੈ ਸਕਣਗੇ। ਪਰ ਜਦੋਂ ਪ੍ਰਸ਼ਨ ਪੱਤਰ ਲੀਕ ਹੁੰਦੇ ਹਨ ਤਾਂ ਵਿਦਿਆਰਥੀਆਂ 'ਚ ਗੁੱਸਾ, ਨਿਰਾਸ਼ਾ ਤੇ ਬੇਵੱਸੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਸਮਝਣਾ ਕਠਿਨ ਨਹੀਂ ਹੈ ਕਿ ਪ੍ਰੀਖਿਆ 'ਚ ਕਿਸੇ ਵਿਦਿਆਰਥੀ ਦੇ ਚੰਗੇ ਪ੍ਰਦਰਸ਼ਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਤੇ ਉਹ ਦੁਬਾਰਾ ਉਸੇ ਪ੍ਰੀਖਿਆ ਵਿਚ ਚੰਗਾ ਪ੍ਰਦਰਸ਼ਨ ਕਰ ਸਕੇਗਾ ਕਿ ਨਹੀਂ ਇਹ ਵੀ ਕਿਹਾ ਨਹੀਂ ਜਾ ਸਕਦਾ। ਕਈ ਛੋਟੀ ਉਮਰ ਦੇ ਵਿਦਿਆਰਥੀ ਇਸ ਮਾਨਸਿਕ ਦਬਾਅ ਨੂੰ ਸਹਿਣ ਨਹੀਂ ਕਰ ਪਾਉਂਦੇ ਤਾਂ ਉਹ ਖੁਦਕੁਸ਼ੀ ਜਿਹਾ ਕਦਮ ਉਠਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਤੇ ਸਮਾਜ ਦੋਹਾਂ ਨੂੰ ਡੂੰਘਾ ਸਦਮਾ ਪਹੁੰਚਦਾ ਹੈ।
ਵਰਤਮਾਨ ਸਮੇਂ ਦੌਰਾਨ ਕਈ ਸਕੂਲਾਂ 'ਚ 10ਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ ਲਗਭਗ ਇਕ ਰਸਮ ਬਣ ਕੇ ਰਹਿ ਗਈ ਹੈ। ਵਿਦਿਆਰਥੀਆਂ ਨੂੰ ਕੋਚਿੰਗ ਸੰਸਥਾਵਾਂ ਵਿਚ ਭੇਜਿਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਸਿਰਫ਼ ਦਾਖਲਾ ਪ੍ਰੀਖਿਆਵਾਂ ਲਈ ਤਿਆਰੀ ਕਰਵਾਈ ਜਾਂਦੀ ਹੈ। ਕਈ ਮਾਮਲਿਆਂ 'ਚ ਤਾਂ ਸਕੂਲ ਖੁਦ ਵਿਦਿਆਰਥੀਆਂ ਨੂੰ ਕੋਚਿੰਗ ਵਿਚ ਜਾਣ ਲਈ ਪ੍ਰੇਰਿਤ ਕਰਕੇ ਆਪਣੀਆਂ ਅਕਾਦਮਿਕ ਜ਼ਿੰਮੇਵਾਰੀਆਂ ਤੋਂ ਪਾਸਾ ਵੱਟ ਲੈਂਦੇ ਹਨ। ਕੁਝ ਸਕੂਲ ਤਾਂ ਰਸਮੀ ਤੌਰ 'ਤੇ ਵਿਦਿਆਰਥੀਆਂ ਦੀ ਹਾਜ਼ਰੀ ਤੱਕ ਵੀ ਦਰਜ ਕਰਦੇ ਰਹਿੰਦੇ ਹਨ। ਸਕੂਲ ਸਿੱਖਿਆ ਦੌਰਾਨ ਅਧਿਆਪਕਾਂ ਨਾਲ ਗੱਲਬਾਤ, ਚਰਚਾ ਤੇ ਵਿਦਿਆਰਥੀਆਂ ਦੇ ਬੌਧਿਕ ਦਾਇਰੇ ਦਾ ਵਿਸਤਾਰ ਸ਼ਾਮਿਲ ਹੁੰਦਾ ਹੈ, ਜੋ ਉਨ੍ਹਾਂ ਦੇ ਸਮੁੱਚੇ ਵਿਕਾਸ ਲਈ ਮਹੱਤਵਪੂਰਨ ਹੈ। ਇਸ ਦੇ ਉਲਟ ਕੋਚਿੰਗ ਸੰਸਥਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦਾਖਲਾ ਪ੍ਰੀਖਿਆ ਦੇ ਪ੍ਰਸ਼ਨਾਂ ਨੂੰ ਹੱਲ ਕਰਨਾ ਤੇ ਉਨ੍ਹਾਂ ਨੂੰ ਯਾਦ ਕਰਨਾ ਸਿਖਾਉਣਾ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕੋ-ਇੱਕ ਉਦੇਸ਼ ਹਰ ਹਾਲਤ 'ਚ ਦਾਖਲਾ ਪ੍ਰਾਪਤ ਕਰਨਾ ਹੈ, ਜਦੋਂ ਕਿ ਸਿੱਖਿਆ ਦਾ ਅਸਲ ਉਦੇਸ਼ ਬੱਚਿਆਂ ਨੂੰ ਚੰਗੇ ਨਾਗਰਿਕ, ਗਿਆਨਵਾਨ, ਵਿਆਪਕ ਸੋਚ ਵਾਲੇ ਚਿੰਤਕ ਤੇ ਸਮਾਜਿਕ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਇਨਸਾਨ ਤਿਆਰ ਕਰਨਾ ਹੁੰਦਾ ਹੈ।
ਕੋਚਿੰਗ ਸੰਸਥਾਵਾਂ ਦੀ ਪੜ੍ਹਾਈ ਬਹੁਤ ਮਹਿੰਗੀ ਹੋਣ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਬੱਚੇ ਇਸ ਦਾ ਵਿੱਤੀ ਬੋਝ ਨਹੀਂ ਉਠਾ ਸਕਦੇ। ਨਤੀਜੇ ਵਜੋਂ ਉਨ੍ਹਾਂ ਦੇ ਬੱਚੇ ਮੁਕਾਬਲੇ ਦੀਆਂ ਪ੍ਰੀਖਿਆਵਾਂ 'ਚ ਪਿੱਛੇ ਰਹਿ ਜਾਂਦੇ ਹਨ। ਅਕਸਰ ਸੁਣਿਆ ਜਾਂਦਾ ਹੈ ਕਿ ਬਹੁਤੀਆਂ ਕੋਚਿੰਗ ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਦੀ ਹੀ ਚੋਣ ਕਰਦੀਆਂ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਬਿਹਤਰ ਨਤੀਜਿਆਂ ਦੀ ਉਮੀਦ ਹੋਵੇ, ਇਸ ਨਾਲ ਛੋਟੀ ਉਮਰ ਦੇ ਵਿਦਿਆਰਥੀਆਂ 'ਚ ਵਿਤਕਰੇ ਦੀ ਭਾਵਨਾ ਵਿਕਸਤ ਹੋਣ ਲਗਦੀ ਹੈ। ਦਰਅਸਲ ਮੌਜੂਦਾ ਪ੍ਰੀਖਿਆ ਪ੍ਰਣਾਲੀ ਵਿਦਿਆਰਥੀਆਂ ਦੀ ਅਸਲ ਪ੍ਰਤਿਭਾ ਦਾ ਸਹੀ ਮੁਲਾਂਕਣ ਨਹੀਂ ਕਰ ਸਕਦੀ। ਅਜਿਹੇ 'ਚ ਇਹ ਸਵਾਲ ਉਠਦਾ ਹੈ ਕਿ ਵਿਦਿਆਰਥੀਆਂ ਦੇ ਮੁਲਾਂਕਣ ਲਈ ਹੋਰ ਵਧੇਰੇ ਤਰਕਸੰਗਤ ਪ੍ਰਣਾਲੀ ਕੀ ਹੋ ਸਕਦੀ ਹੈ? ਪਹਿਲਾਂ ਪੇਸ਼ੇਵਰ ਕਾਲਜਾਂ 'ਚ ਦਾਖਲਾ ਮੁੱਖ ਤੌਰ 'ਤੇ 12ਵੀਂ ਜਮਾਤ ਦੇ ਅੰਕਾਂ ਦੇ ਆਧਾਰ 'ਤੇ ਹੁੰਦਾ ਸੀ, ਪਰ ਹੁਣ ਪ੍ਰਸਥਿਤੀਆਂ ਬਦਲ ਗਈਆਂ ਹਨ ਅਤੇ ਅੰਕ ਵੀ ਸਿਫ਼ਾਰਸ਼ਾਂ ਤੇ ਹੋਰ ਦਬਾਅ ਤੋਂ ਪ੍ਰਭਾਵਿਤ ਹੁੰਦੇ ਹਨ। ਪ੍ਰੈਕਟੀਕਲ ਪ੍ਰੀਖਿਆਵਾਂ ਵੀ ਅਜਿਹੇ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹਨ। ਨਵੀਂ ਸਿੱਖਿਆ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਇਹ ਚਿੰਤਾਵਾਂ ਵਧੀਆਂ ਹਨ ਕਿ, ਕੀ ਸਿੱਖਿਆ ਪ੍ਰਣਾਲੀ 'ਚ ਅਮੀਰ ਵਰਗਾਂ ਦੇ ਹਿੱਤਾਂ ਨੂੰ ਜ਼ਿਆਦਾ ਮਹੱਤਵ ਦਿੱਤੇ ਜਾਣ ਨਾਲ ਅਸਮਾਨਤਾਵਾਂ ਵਧ ਰਹੀਆਂ ਹਨ। ਇਸ ਵਿਸ਼ੇ ਬਾਰੇ ਸਿੱਖਿਆ ਮਾਹਿਰਾਂ ਨਾਲ ਵਿਆਪਕ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ, ਕਿ ਵਿਦਿਆਰਥੀਆਂ ਦੀ ਯੋਗਤਾ ਦੇ ਮੁਲਾਂਕਣ ਦਾ ਸਭ ਤੋਂ ਢੁਕਵਾਂ ਢੰਗ ਕੀ ਹੋ ਸਕਦਾ ਹੈ ।
ਜਿੱਥੋਂ ਤੱਕ ਨੀਟ ਦਾ ਪ੍ਰਸ਼ਨ ਪੱਤਰ ਲੀਕ ਹੋਣ ਦਾ ਸਵਾਲ ਹੈ ਤਾਂ ਇਹ ਪ੍ਰੀਖਿਆ ਕਰਵਾਉਣ ਵਾਲੀਆਂ ਏਜੰਸੀਆਂ ਦੀ ਇਨ੍ਹਾਂ ਦੀ ਪੂਰੀ ਸੁਰੱਖਿਆ ਤੇ ਗੁਪਤਤਾ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਬਣਦੀ ਹੈ। ਅਰਧ ਸੈਨਿਕ ਬਲਾਂ ਤੇ ਪੁਲਿਸ ਦੀ ਭਾਰੀ ਤਾਇਨਾਤੀ ਨੇ 21 ਜੂਨ ਨੂੰ ਨੀਟ ਦੇ ਦੁਬਾਰਾ ਹੋਏ ਪੇਪਰ ਸਮੇਂ ਪ੍ਰੀਖਿਆ ਕੇਂਦਰਾਂ 'ਤੇ ਵਿਦਿਆਰਥੀਆਂ 'ਤੇ ਬੇਲੋੜਾ ਦਬਾਅ ਬਣਾਇਆ ਗਿਆ। ਵਿਦਿਆਰਥਣਾਂ ਦੇ ਵਾਲਾਂ ਦੇ ਜੂੜੇ ਤੱਕ ਖੁਲ੍ਹਵਾ ਕੇ ਇਸ ਤਰ੍ਹਾਂ ਤਲਾਸ਼ੀ ਲਈ ਗਈ, ਜਿਵੇਂ ਕਿ ਪਿਛਲੀ ਵਾਰ ਪ੍ਰਸ਼ਨ ਪੱਤਰ ਇਸੇ ਕਰਕੇ ਲੀਕ ਹੋਇਆ ਹੋਵੇ। ਅਜਿਹੀਆਂ ਕਾਰਵਾਈਆਂ ਨਾਲ ਨੌਜਵਾਨ ਵਿਦਿਆਰਥਣਾਂ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਆਖਰੀ ਸਮੇਂ 'ਤੇ ਵੱਡੀ ਗਿਣਤੀ 'ਚ ਪ੍ਰੀਖਿਆ ਕੇਂਦਰ ਬਦਲ ਦੇਣ ਕਾਰਨ ਬਹੁਤ ਸਾਰੇ ਵਿਦਿਆਰਥੀ ਪ੍ਰੀਖਿਆ ਹੀ ਨਹੀਂ ਦੇ ਸਕੇ। ਅਜਿਹੀਆਂ ਘਟਨਾਵਾਂ ਮਨੁੱਖੀ ਕਦਰਾਂ-ਕੀਮਤਾਂ ਦੀ ਅਣਦੇਖੀ ਨੂੰ ਦਰਸਾਉਂਦੀਆਂ ਹਨ। ਪ੍ਰਸ਼ਨ ਪੱਤਰਾਂ ਨੂੰ ਇਕ ਸਥਾਨ ਤੋਂ ਦੂਜੀ ਥਾਂ 'ਤੇ ਲਿਜਾਣ ਲਈ ਭਾਰਤੀ ਫ਼ੌਜ ਤੇ ਭਾਰਤੀ ਹਵਾਈ ਸੈਨਾ ਦੀ ਮਦਦ ਲਈ ਗਈ, ਜੋ ਸਰਕਾਰ ਦੀ ਕਮਜ਼ੋਰੀ ਨੂੰ ਦਰਸਾਉਂਦੀ ਹੈ। ਹਥਿਆਰਬੰਦ ਸੈਨਾਵਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਲਈ ਹੁੰਦੀਆਂ ਹਨ, ਉਨ੍ਹਾਂ ਦਾ ਕੰਮ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵੰਡਣਾ ਨਹੀਂ ਹੈ।
ਇਸ ਸੰਦਰਭ ਵਿਚ ਨੌਜਵਾਨਾਂ ਤੇ ਵਿਦਿਆਰਥੀਆਂ ਵਲੋਂ 'ਕਾਕਰੋਚ ਜਨਤਾ ਪਾਰਟੀ' ਦੇ ਬੈਨਰ ਹੇਠ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ। ਏ.ਆਈ.ਐਸ.ਐਫ., ਐਨ.ਐਸ.ਯੂ.ਆਈ. ਅਤੇ ਕਈ ਹੋਰ ਵਿਦਿਆਰਥੀ ਸੰਗਠਨਾਂ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਪ੍ਰਦਰਸ਼ਨ ਵੀ ਕੀਤੇ ਹਨ। ਇਸ ਵਰਤਾਰੇ ਤੋਂ ਦੁਖੀ ਕਈ ਦਰਜਨ ਦੇ ਲਗਭਗ ਵਿਦਿਆਰਥੀ ਖੁਦਕੁਸ਼ੀ ਵੀ ਕਰ ਗਏ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਪੂਰੇ ਮੁੱਦੇ 'ਤੇ ਇਕ ਸ਼ਬਦ ਤੱਕ ਨਹੀਂ ਬੋਲਿਆ। ਪ੍ਰਧਾਨ ਮੰਤਰੀ 21 ਜੂਨ ਨੂੰ ਯੋਗਾ ਅਭਿਆਸ ਕਰਦੇ ਹੋਏ ਫੋਟੋਆਂ ਖਿਚਵਾਉਣ ਤੇ ਦੁਨੀਆ ਭਰ ਵਿਚ ਯੋਗਾ ਦਾ ਪ੍ਰਚਾਰ ਕਰਨ 'ਚ ਰੁੱਝੇ ਰਹੇ। ਵਿਦਿਆਰਥੀਆਂ ਦੀ ਪੀੜਾ ਪ੍ਰਤੀ ਉਨ੍ਹਾਂ ਦਾ ਅਜਿਹਾ ਰਵੱਈਆ ਅਸੰਵੇਦਨਸ਼ੀਲ ਜਾਪਦਾ ਹੈ।
(ਸੰਵਾਦ)