ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਸਭ ਦਾ ਸਾਥ-ਸਭ ਦਾ ਵਿਕਾਸ

Ad Position 21
No active advertisement
ਅਜੀਤ ਡੈਸਕ 11-07-2026

ਇਕ ਪਾਸੇ ਭਾਰਤ ਅਤੇ ਪਾਕਿਸਤਾਨ ਵਿਚ ਦੂਰੀਆਂ ਇਸ ਕਰਕੇ ਵਧ ਗਈਆਂ ਹਨ ਕਿ ਪਾਕਿਸਤਾਨ ਭਾਰਤ ਨੂੰ ਆਪਣੇ ਪਾਲੇ ਅੱਤਵਾਦੀਆਂ ਰਾਹੀਂ ਲਗਾਤਾਰ ਲਹੂ-ਲੁਹਾਨ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਿਹਾ। ਉੱਥੇ ਦੇ ਫ਼ੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ ਦੇ ਸਮੇਂ ਤੋਂ ਅੱਤਵਾਦੀ ਸੰਗਠਨਾਂ ਨੂੰ ਪਾਲ ਕੇ ਭਾਰਤ ਨੂੰ ਲਹੂ-ਲੁਹਾਨ ਕਰਨ ਦੀ ਨੀਤੀ ਚਲਦੀ ਆ ਰਹੀ ਹੈ, ਜਿਸ ਨੇ ਦੋਹਾਂ ਦੇਸ਼ਾਂ ਵਿਚ ਆਪਸੀ ਘ੍ਰਿਣਾ ਅਤੇ ਦੁਸ਼ਮਣੀ ਨੂੰ ਹੀ ਜਨਮ ਦਿੱਤਾ ਹੈ। ਦੂਜੇ ਪਾਸੇ ਭਾਰਤ ਵਿਚ ਸਾਲ 2014 ਤੋਂ ਕੇਂਦਰ ਵਿਚ ਰਾਸ਼ਟਰੀ ਲੋਕਤੰਤਰਿਕ ਗੱਠਜੋੜ (ਐਨ.ਡੀ.ਏ.) ਦੀ ਸਰਕਾਰ ਚਲਾ ਰਹੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੁਣ ਤੱਕ ਆਜ਼ਾਦ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ 'ਚੋਂ ਲੰਬਾ ਸਮਾਂ ਪ੍ਰਸ਼ਾਸਨ ਚਲਾਉਣ ਦਾ ਰਿਕਾਰਡ ਸਥਾਪਿਤ ਕੀਤਾ ਹੈ। ਸ੍ਰੀ ਨਰਿੰਦਰ ਮੋਦੀ ਸ਼ੁਰੂ ਤੋਂ ਹੀ ਰਾਸ਼ਟਰੀ ਸੋਇਮ ਸੇਵਕ ਸੰਘ ਨਾਲ ਜੁੜੇ ਰਹੇ ਹਨ, ਇਸ ਲਈ ਇਹ ਹੀ ਪ੍ਰਭਾਵ ਬਣਿਆ ਰਿਹਾ ਹੈ ਕਿ ਉਹ ਸੰਘ ਦੇ ਰਾਸ਼ਟਰੀ ਏਜੰਡੇ ਨੂੰ ਦੇਸ਼ ਵਿਚ ਹਰ ਪੱਖੋਂ ਲਾਗੂ ਕਰਨ ਦੇ ਚਾਹਵਾਨ ਹਨ।
ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਅਤੇ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਵਿਚ ਸਫ਼ਲ ਹੋਣ ਤੋਂ ਪਿੱਛੋਂ ਉਨ੍ਹਾਂ ਸੰਬੰਧੀ ਸੰਘ ਦੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਨੇਤਾ ਹੋਣ ਦਾ ਪ੍ਰਭਾਵ ਹੋਰ ਵੀ ਵਧ ਗਿਆ ਹੈ। ਕੌਮੀ ਪਾਰਟੀ ਕਾਂਗਰਸ ਅਤੇ ਕੁਝ ਹੋਰ ਮਹੱਤਵਪੂਰਨ ਸਿਆਸੀ ਦਲ ਉਨ੍ਹਾਂ ਦੀ ਇਸ ਪੱਖੋਂ ਸਖ਼ਤ ਆਲੋਚਨਾ ਵੀ ਕਰਦੇ ਰਹੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਆਗੂਆਂ ਵਲੋਂ ਇਸ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਹਨ ਜਿਨ੍ਹਾਂ ਤੋਂ ਕੁਝ ਢਾਰਸ ਪੈਦਾ ਹੁੰਦੀ ਹੈ। ਇਨ੍ਹਾਂ ਵਿਚ ਸੋਇਮ ਸੇਵਕ ਸੰਘ ਸਰ-ਸੰਘ-ਚਾਲਕ ਮੋਹਨ ਭਾਗਵਤ ਅਤੇ ਸੰਗਠਨ ਦੇ ਪ੍ਰਮੁੱਖ ਪਦ ਅਧਿਕਾਰੀ ਦੱਤਾਤ੍ਰੇਅ ਹੋਸਬੋਲੇ ਸ਼ਾਮਿਲ ਹਨ। ਮੋਹਨ ਭਾਗਵਤ ਨੇ ਇਕ ਬਿਆਨ ਵਿਚ ਕਿਹਾ ਕਿ ਸਮਾਜ ਵਿਚ ਪਹਿਲਾਂ ਵਰਨ ਵੰਡ ਇਕ ਵਿਵਸਥਾ ਸੀ, ਪਰ ਬਾਅਦ ਵਿਚ ਇਸ ਆਧਾਰ 'ਤੇ ਭੇਦਭਾਵ ਸ਼ੁਰੂ ਹੋ ਗਿਆ, ਜੋ ਗ਼ਲਤ ਹੈ। ਭੇਦਭਾਵ ਧਰਮ ਅਤੇ ਸਮਾਜ ਦਾ ਨੁਕਸਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਸਾਰੇ ਬਣਨਾ ਚਾਹੁੰਦੇ ਹਨ, ਪਰ ਦਾਊਦ ਕੋਈ ਨਹੀਂ ਬਣਨਾ ਚਾਹੁੰਦਾ। ਜੋ ਕਿਸੇ ਸ਼ਖ਼ਸੀਅਤ ਵਰਗਾ ਬਣਨ ਦਾ ਯਤਨ ਕਰਦਾ ਹੈ, ਉਸ ਨੂੰ ਉਸ ਜਿਹਾ ਆਚਾਰ-ਵਿਹਾਰ ਵੀ ਰੱਖਣਾ ਪਵੇਗਾ। ਅਜਿਹੇ ਹੀ ਵਿਚਾਰ ਦੱਤਾਤ੍ਰੇਅ ਹੋਸਬੋਲੇ ਨੇ ਪ੍ਰਗਟ ਕੀਤੇ ਹਨ ਅਤੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਇਤਿਹਾਸਕ ਤੌਰ 'ਤੇ ਨਕਲੀ ਆਧਾਰਾਂ 'ਤੇ ਹੋਈ ਹੈ ਅਤੇ ਇਹ ਵੀ ਕਿ ਉਨ੍ਹਾਂ ਦੇਸ਼ਾਂ ਨਾਲ ਆਪਣੇ ਸੰਬੰਧ ਕਿਵੇਂ ਬਿਹਤਰ ਬਣਾਏ ਜਾ ਸਕਦੇ ਹਨ, ਜੋ ਇਤਿਹਾਸਕ ਅਤੇ ਭੁਗੋਲਿਕ ਤੌਰ 'ਤੇ ਸਾਡੇ ਨਾਲ ਜੁੜੇ ਹੋਏ ਹਨ। ਇਹ ਸੋਚਣ-ਵਿਚਾਰਨ ਦਾ ਮਸਲਾ ਹੈ। ਸੰਘ ਮੁਖੀ ਮੋਹਨ ਭਾਗਵਤ ਨੇ ਵੀ ਹੋਸਬੋਲੇ ਦੇ ਉਸ ਬਿਆਨ 'ਤੇ ਮੋਹਰ ਲਾਈ ਹੈ, ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਨਾਲ ਗੱਲਬਾਤ ਦੀ ਗੁੰਜਾਇਸ਼ ਪੈਦਾ ਕਰਨ ਦੀ ਵਕਾਲਤ ਕੀਤੀ ਸੀ। ਇਸੇ ਗੱਲ ਨੂੰ ਅੱਗੇ ਤੋਰਦਿਆਂ ਭਾਗਵਤ ਨੇ ਇਹ ਕਿਹਾ ਹੈ ਕਿ ਪਾਕਿਸਤਾਨ ਵਿਚ ਬਹੁਤੇ ਲੋਕ ਅਜਿਹੇ ਹਨ, ਜੋ ਦੇਸ਼ ਦੀ ਵੰਡ ਨੂੰ ਗ਼ਲਤ ਮੰਨਦੇ ਰਹੇ ਹਨ। ਅਜਿਹੇ ਲੋਕ ਦੋ ਰਾਸ਼ਟਰ ਦੇ ਸਿਧਾਂਤ ਦੇ ਖ਼ਿਲਾਫ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਕੱਠੇ ਰਹਿਣਾ ਹੀ ਬਿਹਤਰ ਸੀ। ਇਸ ਕੜੀ ਨੂੰ ਹੀ ਅੱਗੇ ਤੋਰਦਿਆਂ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੋ ਸੰਘ ਦੇ ਨੇੜੇ ਮੰਨੇ ਜਾਂਦੇ ਹਨ, ਨੇ ਨਾਗਪੁਰ ਵਿਚ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਭਾਈਚਾਰੇ ਦੇ ਖ਼ਿਲਾਫ਼ ਨਹੀਂ ਹੈ ਅਤੇ ਸਾਰੇ ਭਾਈਚਾਰਿਆਂ, ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ। ਭਾਰਤ ਸਿਰਫ਼ ਹਿੰਦੂ ਦੇਸ਼ ਨਹੀਂ ਹੈ, ਸਗੋਂ ਸਾਰੇ ਭਾਰਤੀਆਂ ਦਾ ਸਾਂਝਾ ਦੇਸ਼ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਵੰਡ ਸਮੇਂ ਦੋ ਦੇਸ਼ ਭਾਰਤ ਅਤੇ ਪਾਕਿਸਤਾਨ ਬਣਾਏ ਗਏ। ਇਨ੍ਹਾਂ ਦੇ ਇਤਿਹਾਸ ਨੂੰ ਦੇਖਿਆ ਜਾਏ ਤਾਂ ਅਸੀਂ ਸਾਰੇ ਹੀ ਇਸ ਵੰਡ ਦੇ ਨਤੀਜਿਆਂ ਨੂੰ ਭੁਗਤ ਰਹੇ ਹਾਂ। ਰਾਸ਼ਟਰ ਉੱਤਮ ਹੈ ਅਤੇ ਰਾਸ਼ਟਰਵਾਦ ਸਾਡਾ ਸਭ ਦਾ ਸਾਂਝਾ ਵਿਸ਼ਵਾਸ ਹੈ। ਅਸੀਂ ਸਾਰੇ ਆਪਸ ਵਿਚ ਸਾਂਝ ਰੱਖਦੇ ਹਾਂ ਤੇ ਸਾਡੇ ਦੇਸ਼ ਵਿਚ ਕੋਈ ਮਸਜਿਦ ਵਿਚ ਜਾਂਦਾ ਹੈ, ਕੋਈ ਬੁੱਧ ਵਿਹਾਰ ਵਿਚ ਜਾਂਦਾ ਹੈ ਅਤੇ ਕੋਈ ਗੁਰਦੁਆਰੇ ਜਾਂਦਾ ਹੈ, ਪਰ ਤਾਂ ਵੀ ਅਸੀਂ ਸਾਰੇ ਇਕ ਹਾਂ। ਅਸੀਂ ਭਾਰਤੀ ਹਾਂ, ਸਾਡਾ ਸੱਭਿਆਚਾਰ, ਇਤਿਹਾਸ ਅਤੇ ਵਿਰਾਸਤ ਸਭ ਸਾਂਝੇ ਹਨ। ਚਾਹੇ ਸਾਡੀ ਭਗਤੀ ਅਤੇ ਅਰਦਾਸਾਂ ਵੱਖੋ-ਵੱਖਰੀਆਂ ਹਨ। ਅਸੀਂ ਇਹ ਮੰਨਦੇ ਹਾਂ ਕਿ ਸਾਡਾ ਸੰਵਿਧਾਨ ਹਰ ਇਕ ਨੂੰ ਇਕੋ ਜਿਹੇ ਅਧਿਕਾਰ ਦਿੰਦਾ ਹੈ। ਸਾਡਾ ਦੇਸ਼ ਕਿਸੇ ਵੀ ਜਾਤ, ਭਾਈਚਾਰੇ ਜਾਂ ਧਰਮ ਦੇ ਲੋਕਾਂ ਲਈ ਬਰਾਬਰ ਹੈ। ਅਸੀਂ ਨਿਤਿਨ ਗਡਕਰੀ ਦੇ ਇਨ੍ਹਾਂ ਵਿਚਾਰਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਪਹਿਲਾਂ ਵੀ ਕਦੇ ਕਿਸੇ ਤਰ੍ਹਾਂ ਦੀ ਫਿਰਕੂ ਸੋਚ ਜਾਂ ਅਮਲਾਂ ਦਾ ਦਿਖਾਵਾ ਨਹੀਂ ਕੀਤਾ। ਜੇਕਰ ਦੇਸ਼ ਦੇ ਬਹੁਗਿਣਤੀ ਆਗੂ ਅਜਿਹੀ ਸੋਚ ਵਾਲੇ ਬਣ ਜਾਣ ਤਾਂ ਦੇਸ਼ ਹਰ ਪੱਖੋਂ ਵਿਕਾਸ ਦੇ ਰਾਹ 'ਤੇ ਆਪਣੀ ਨਿਰੰਤਰ ਤੋਰ ਜਾਰੀ ਰੱਖਣ ਦੇ ਸਮਰੱਥ ਹੋ ਸਕੇਗਾ।

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਅਸਥਾਨਾਂ ਦੇ ਫੰਡ ਲੋਕਾਂ ਦੀ ਭਲਾਈ ਲਈ ਵਰਤੇ ਜਾਣ ਅਗਲੀ ਖ਼ਬਰ ਭਵਿੱਖ ਨੂੰ ਸਾਕਾਰ ਕਰ ਦੇਣਾ ਹੀ ਸਭ ਤੋਂ ਵਧੀਆ ਪੇਸ਼ੀਨਗੋਈ ਹੈ। -ਜੋਸਲ ਕਾਫਮੈਨ
Ad Position 24
No active advertisement