ਬਚਪਨ ਤੋਂ ਹੀ ਸਾਨੂੰ ਸਿਖਾਇਆ ਜਾਂਦਾ ਹੈ ਕਿ ਪਰਮਾਤਮਾ, ਵਾਹਿਗੁਰੂ, ਅੱਲ੍ਹਾ, ਯਿਸੂ ਜਾਂ ਕਿਸੇ ਵੀ ਧਰਮ ਦੇ ਸੰਸਥਾਪਕ ਦੁੱਖਾਂ ਨੂੰ ਦੂਰ ਕਰਨ ਤੇ ਕਿਸੇ ਦੇ ਕਰਮਾਂ ਦਾ ਫਲ ਦੇਣ ਦੀ ਸ਼ਕਤੀ ਰੱਖਦੇ ਹਨ, ਇਸ ਲਈ ਉਨ੍ਹਾਂ ਨੂੰ ਯਾਦ ਕਰਨਾ ਦਿਨ ਦਾ ਸਭ ਤੋਂ ਪਹਿਲਾ ਕੰਮ ਸੀ। ਇਹ ਆਮ ਵਿਅਕਤੀ ਲਈ ਉਸ ਦੇ ਧਰਮ ਦੇ ਪਾਲਣਾ ਦੀ ਗੱਲ ਹੈ। ਕਿਸੇ ਨੂੰ ਵੀ ਨਾ ਮੰਨਣ ਵਾਲੇ ਮਤਲਬ ਨਾਸਤਿਕ ਵੀ ਗੰਭੀਰ ਸੰਕਟ 'ਚ ਫਸਣ 'ਤੇ ਉਸ ਸਰਬਉੱਚ ਸ਼ਕਤੀ ਦੀ ਮਹੱਤਤਾ ਨੂੰ ਸਮਝ ਕੇ ਪ੍ਰਾਰਥਨਾ ਕਰਨ ਲਗਦੇ ਹਨ।
ਅਰਬਾਂ ਰੁਪਏ ਦੇ ਦਾਨ
ਹੁਣ ਧਾਰਮਿਕ ਤੀਰਥ ਸਥਾਨ ਅਰਥਵਿਵਸਥਾ ਦੇ ਰੂਪ 'ਚ ਢਲਦੇ ਜਾ ਰਹੇ ਹਨ, ਜਿੱਥੇ ਪੈਰੋਕਾਰਾਂ ਤੇ ਸੈਲਾਨੀਆਂ ਦੁਆਰਾ ਚੜ੍ਹਾਏ ਜਾਂਦੇ ਲੱਖਾਂ ਕਰੋੜਾਂ ਦੇ ਦਾਨ ਨੇ ਇਨ੍ਹਾਂ ਦੀਆਂ ਵਪਾਰਕ ਸਰਗਰਮੀਆਂ ਨੂੰ ਸੁਵਿਧਾਜਨਕ ਬਣਾ ਦਿੱਤਾ ਹੈ। ਧਾਰਮਿਕ ਸੈਰ-ਸਪਾਟੇ ਦੇ ਨਾਂਅ 'ਤੇ ਇਕ ਬਹੁਤ ਵੱਡਾ ਕਾਰੋਬਾਰ ਵਧਣ-ਫੁੱਲਣ ਲੱਗਾ ਹੈ। ਤਿਰੂਪਤੀ ਬਾਲਾਜੀ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਧਾਰਮਿਕ ਸੰਸਥਾ ਹੈ, ਇਸ ਦਾ ਦੌਲਤ ਦਾ ਭੰਡਾਰ ਸੈਂਕੜੇ ਦੇਸ਼ਾਂ ਦੇ ਜੀਡੀਪੀ ਤੋਂ ਵੀ ਵੱਧ ਹੈ। ਜਿਸ ਦੀ ਆਮਦਨ ਦਾ ਆਡਿਟ ਹੁੰਦਾ ਹੈ ਅਤੇ ਬਜਟ ਰਾਜ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਂਦਾ ਹੈ। ਪਦਮਨਾਭਸਵਾਮੀ ਦੀ ਲਗਭਗ ਸਾਰੀ ਦੌਲਤ ਇਕ ਤਹਿਖਾਨੇ 'ਚ ਬੰਦ ਹੈ ਤੇ ਸੁਪਰੀਮ ਕੋਰਟ ਦੀ ਇਕ ਕਮੇਟੀ ਇਸ ਬਾਰੇ ਰਿਪੋਰਟ ਦਿੰਦੀ ਹੈ। ਇਸ ਦੀ ਤਿਜੌਰੀ ਬੰਦ ਹੈ ਅਤੇ ਕਦੇ ਵੀ ਇਸ ਦਾ ਜਨਤਕ ਤੌਰ 'ਤੇ ਆਡਿਟ ਨਹੀਂ ਹੋਇਆ। ਜਗਨਨਾਥ ਮੰਦਰ ਆਸਥਾ ਦਾ ਬੇਮਿਸਾਲ ਕੇਂਦਰ ਹੈ, ਜਿਸ ਦੀ 24 ਜ਼ਿਲ੍ਹਿਆਂ 'ਚ 60,000 ਏਕੜ ਜ਼ਮੀਨ ਹੈ। ਇਸ ਦੇ ਠੇਕੇ ਤੇ ਲੀਜ਼ ਦਾ ਪੈਸਾ ਕਿੱਥੇ ਤੇ ਕਿਸ ਰੂਪ ਵਿਚ ਹੈ, ਬਹੁਤ ਘੱਟ ਲੋਕ ਜਾਣਦੇ ਹਨ। ਇਹ ਸਾਰੇ ਧਾਰਮਿਕ ਸਥਾਨ ਆਪਣੀ ਆਮਦਨ ਦਾ ਇਕ ਵੱਡਾ ਹਿੱਸਾ ਜਨਤਾ ਦੀ ਭਲਾਈ ਲਈ ਖਰਚ ਕਰਦੇ ਹਨ ਤੇ ਸਕੂਲ, ਹਸਪਤਾਲ ਆਦਿ ਵੀ ਬਣਾਉਂਦੇ ਹਨ।
ਸਹੂਲਤਾਂ
ਦੋ ਸਾਲ ਪਹਿਲਾਂ ਮੈਂ ਚਾਰ ਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਦੁਬਾਰਾ ਕਦੇ ਯਾਤਰਾ 'ਤੇ ਨਹੀਂ ਜਾਵਾਂਗਾ। ਇਨ੍ਹਾਂ ਤੀਰਥ ਸਥਾਨਾਂ ਕੋਲ ਕਰੋੜਾਂ ਦੀ ਦੌਲਤ ਹੈ, ਪਰ ਮੰਦਰ ਤੱਕ ਪਹੁੰਚਣਾ ਬਹੁਤ ਔਖਾ ਹੈ। ਇੱਥੇ 70-80 ਸਾਲਾਂ ਦੇ ਬਜ਼ੁਰਗਾਂ ਦਾ ਥੋੜ੍ਹਾ ਜਿਹਾ ਸੰਤੁਲਨ ਵਿਗੜਨ 'ਤੇ ਸਿੱਧੇ ਯਮਲੋਕ ਦੇ ਦਰਸ਼ਨ ਹੋ ਸਕਦੇ ਹਨ। ਦਿੱਲੀ ਦੇ ਵਿਸ਼ਵ ਪ੍ਰਸਿੱਧ ਹਨੂੰਮਾਨਜੀ ਮੰਦਰ ਵਿਖੇ ਮੰਗਲਵਾਰ ਨੂੰ ਲੰਬੀਆਂ ਕਤਾਰਾਂ 'ਚ ਇੰਨੀ ਭੀੜ ਹੁੰਦੀ ਹੈ, ਕਿ ਸ਼ਰਧਾਲੂ ਆਪਣੇ ਬਟੂਏ ਤੇ ਮੋਬਾਈਲ ਫੋਨਾਂ ਨੂੰ ਹੀ ਸੰਭਾਲਦੇ ਰਹਿੰਦੇ ਹਨ ਤੇ ਮੂਰਤੀ ਤੱਕ ਪਹੁੰਚਣ ਲਈ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ। ਇੱਥੇ ਦਾਨ ਦੀਆਂ ਰਸੀਦਾਂ ਕਾਰਬਨ ਕਾਪੀ ਬਗੈਰ ਦਿੱਤੀਆਂ ਜਾਂਦੀਆਂ ਹਨ, ਨਕਦੀ ਦਾਨ ਖਾਤਿਆਂ 'ਚ ਜਮ੍ਹਾਂ ਹੁੰਦੀ ਹੈ ਜਾਂ ਨਹੀਂ ਸਭ ਗੁਪਤ ਹੈ। ਮੈਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਪਰ ਬਹੁਤ ਜ਼ਿਆਦਾ ਭੀੜ ਹੋਣ ਕਰਕੇ 5-6 ਘੰਟਿਆਂ ਦੀ ਉਡੀਕ ਬਾਅਦ ਵੀ ਇਹ ਸੰਭਵ ਨਾ ਹੋ ਸਕਿਆ। ਇਹ ਸਚਾਈ ਹੈ ਕਿ ਇੱਥੇ ਹਰ ਪੈਸੇ ਦਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ ਤੇ ਲੰਗਰ ਦੇ ਹਰ ਗੁਰਦੁਆਰੇ ਵਿਚ ਢੁਕਵੇਂ ਪ੍ਰਬੰਧ ਹਨ। ਇਸੇ ਤਰ੍ਹਾਂ ਤਿਰੂਪਤੀ, ਸਿੱਧੀਵਿਨਾਇਕ ਜਾਂ ਵੈਸ਼ਨੋ ਦੇਵੀ ਵਿਖੇ ਵੀ ਦਰਸ਼ਨ ਆਸਾਨ ਨਾਲ ਨਹੀਂ ਹੁੰਦੇ। ਦੁਬਈ ਦੇ ਨੇੜੇ ਅਬੂ ਧਾਬੀ ਦੇ ਰਾਮ ਮੰਦਰ 'ਚ ਭੀੜ-ਭੜੱਕਾ ਸੀ, ਪਰ ਦਰਸ਼ਨ ਤੋਂ ਲੈ ਕੇ ਪਰਿਕਰਮਾ ਤੱਕ ਕੋਈ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉੱਥੇੇ ਮਸਜਿਦ 'ਚ ਜਾਣ ਦਾ ਅਨੁਭਵ ਯਾਦਗਾਰੀ ਸੀ। ਵੈਟੀਕਨ ਸਿਟੀ ਦੀ ਯਾਤਰਾ ਵੀ ਯਾਦਗਾਰੀ ਸੀ, ਜਿਸ ਦਾ ਹੋਰ ਈਸਾਈ ਧਾਰਮਿਕ ਸਥਾਨਾਂ ਨਾਲ ਕੋਈ ਮੁਕਾਬਲਾ ਨਹੀਂ ਹੈ।
ਸਵਾਲ ਉਠਾਉਣਾ ਚਾਹੀਦਾ ਹੈ
ਜੇਕਰ ਇਨ੍ਹਾਂ ਸਾਰੇ ਧਾਰਮਿਕ ਸਥਾਨਾਂ ਕੋਲ ਇੰਨੀ ਜ਼ਿਆਦਾ ਦੌਲਤ ਹੈ, ਤਾਂ ਇਸ ਨੂੰ ਯਾਤਰੀਆਂ ਤੇ ਸ਼ਰਧਾਲੂਆਂ ਦੀਆਂ ਸਹੂਲਤਾਂ 'ਤੇ ਕਿਉਂ ਨਹੀਂ ਖਰਚਿਆ ਜਾਂਦਾ? ਕੀ ਬੈਂਕਾਂ ਜਾਂ ਤਹਿਖਾਨਿਆਂ 'ਚ ਜਮ੍ਹਾਂ ਪੈਸਾ ਲੋਕਾਂ ਦਾ ਨਹੀਂ ਹੈ, ਜੋ ਆਪਣੀ ਆਸਥਾ ਤੇ ਸ਼ਰਧਾ ਕਾਰਨ ਇਨ੍ਹਾਂ ਖਜ਼ਾਨਿਆਂ ਨੂੰ ਭਰਦੇ ਹਨ? ਦੁਨੀਆ ਦੇ ਸਭ ਤੋਂ ਅਮੀਰ ਧਾਰਮਿਕ ਸਥਾਨਾਂ 'ਚ ਗਿਣਿਆ ਜਾਣਾ ਮਾਣ ਕਰਨ ਵਾਲੀ ਪ੍ਰਾਪਤੀ ਨਹੀਂ ਹੈ; ਸਗੋਂ ਇਹ ਸ਼ਰਧਾਲੂਆਂ ਦਾ ਅਪਮਾਨ ਤੇ ਉਨ੍ਹਾਂ ਨਾਲ ਹੋਣ ਵਾਲੀ ਧੋਖਾਧੜੀ ਹੈ। ਅਯੁੱਧਿਆ ਦੇ ਰਾਮ ਮੰਦਰ ਵਿਚ ਹੋਏ ਗਬਨ ਦੀ ਘਟਨਾ ਕੋਈ ਇਕੱਲੀ ਘਟਨਾ ਨਹੀਂ ਹੈ; ਤਿਰੂਪਤੀ ਦੇ ਇਕ ਕਲਰਕ 'ਤੇ ਪਹਿਲਾਂ ਹੀ 100 ਕਰੋੜ ਰੁਪਏ ਦੇ ਗਬਨ ਦਾ ਦੋਸ਼ ਲੱਗ ਚੁੱਕਾ ਹੈ। ਸਿਰਫ਼ ਹਿੰਦੂ ਪੂਜਾ ਸਥਾਨ ਹੀ ਨਹੀਂ, ਸਗੋਂ ਮੁਸਲਿਮ ਵਕਫ਼ ਬੋਰਡ ਵੀ ਅਮਾਨਤ 'ਚ ਖਿਆਨਤ ਕਰਦੇ ਹਨ। ਗੁਰਦੁਆਰਿਆਂ ਤੇ ਜੈਨ ਮੰਦਰਾਂ 'ਚ ਕਦੇ ਬਹੁਤੇ ਪੈਸੇ ਦੀ ਦੁਰਵਰਤੋਂ ਦੇ ਮਾਮਲੇ ਸਾਹਮਣੇ ਨਹੀਂ ਆਏ, ਕਿਉਂਕਿ ਉਨ੍ਹਾਂ ਦਾ ਪ੍ਰਬੰਧਨ ਸੇਵਾ ਮਾਡਲ 'ਤੇ ਕੀਤਾ ਜਾਂਦਾ ਹੈ। ਆਸਥਾ ਨੂੰ ਬਚਾਉਣ ਤੇ ਘੁਟਾਲਿਆਂ ਨੂੰ ਰੋਕਣ ਲਈ ਇਕ ਰਾਸ਼ਟਰੀ ਧਾਰਮਿਕ ਸੈਰ-ਸਪਾਟਾ ਤੇ ਧਾਰਮਿਕ ਸਥਾਨ ਟਰੱਸਟ ਹੋਣਾ ਚਾਹੀਦਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਵਾਂਗ ਸੇਵਾ ਮਾਡਲ 'ਤੇ ਆਧਾਰਿਤ ਹੋਵੇ, ਕਿਸੇ ਖਜ਼ਾਨਾ ਮਾਡਲ 'ਤੇ ਨਹੀਂ। ਇਤਿਹਾਸ ਗਵਾਹ ਹੈ ਕਿ ਖਜ਼ਾਨੇ ਲੁੱਟੇ ਜਾਂਦੇ ਹਨ, ਜਦੋਂ ਕਿ ਸੇਵਾ ਹਮੇਸ਼ਾ ਦਾਨ ਦੀ ਭਾਵਨਾ ਨਾਲ ਕੀਤੀ ਜਾਂਦੀ ਹੈ।
ਹਾਦਸਿਆਂ ਨੂੰ ਕੁਦਰਤ ਦਾ ਪ੍ਰਕੋਪ ਮੰਨਣ ਦੀ ਬਜਾਏ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਡਿਜੀਟਲ ਦਰਸ਼ਨ ਤੇ ਡਿਜੀਟਲ ਦਾਨ ਨੂੰ ਲਾਜ਼ਮੀ ਕੀਤਾ ਜਾਵੇ, ਕੋਈ ਵੀ 1,000 ਤੋਂ ਵੱਧ ਦਾ ਦਾਨ ਸਿਰਫ਼ ਯੂ.ਪੀ.ਆਈ. ਜਾਂ ਕਾਰਡ ਭੁਗਤਾਨਾਂ ਨਾਲ ਹੋਵੇ। ਹਰੇਕ ਦਾਨ ਲਈ ਇਕ ਤੁਰੰਤ ਰਸੀਦ ਐਸ.ਐਮ.ਐਸ ਰਾਹੀਂ ਭੇਜੀ ਜਾਵੇ ਤੇ ਨਾਲ ਹੀ ਵੈੱਬਸਾਈਟ 'ਤੇ ਇਕ ਲਾਈਵ 'ਦਾਨ ਕਾਊਂਟਰ' ਹੋਵੇ। ਸ਼ਰਧਾਲੂਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਦਾਨ ਦਾ ਪੈਸਾ ਕਿੱਥੇ ਜਾਂਦਾ ਹੈ। ਹਰੇਕ ਟਿਕਟ/ਰਜਿਸਟ੍ਰੇਸ਼ਨ ਦੇ ਨਾਲ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਤੇ ਇਕ 24×7 ਹੈਲਪਲਾਈਨ ਹੋਵੇ । ਡਾਕਟਰੀ ਸਹੂਲਤਾਂ, ਪਖਾਨੇ ਤੇ ਪਾਣੀ ਦਾ ਢੁਕਵਾਂ ਪ੍ਰਬੰਧ ਹੋਵੇ। ਕੇਦਾਰਨਾਥ ਤੇ ਵੈਸ਼ਨੋ ਦੇਵੀ ਮੰਦਰ ਵਿਚ ਆਕਸੀਜਨ ਬੂਥ ਹੋਣੇ ਚਾਹੀਦੇ ਹਨ ਅਤੇ ਬਜ਼ੁਰਗਾਂ ਤੇ ਅਪਾਹਜਾਂ ਲਈ ਰੋਪਵੇਅ/ਪਾਲਕੀ ਦਰਾਂ ਤੈਅ ਹੋਣੀਆਂ ਚਾਹੀਦੀਆਂ ਹਨ। ਤੀਰਥ ਸਥਾਨਾਂ ਦੀ ਆਮਦਨ ਦੀ ਵਰਤੋਂ ਸੇਵਾ ਲਈ ਕੀਤੀ ਜਾਵੇ, ਦਾਨ ਦਾ 30 ਫ਼ੀਸਦੀ ਹਿੱਸਾ ਸਿੱਧਾ ਸਥਾਨਕ ਬੁਨਿਆਦੀ ਢਾਂਚੇ: ਸੜਕਾਂ, ਪਖਾਨੇ, ਪਾਰਕਿੰਗ, ਕੂੜਾ ਪ੍ਰਬੰਧਨ ਤੇ ਸਫਾਈੇ 'ਚ ਨਿਵੇਸ਼ ਕੀਤਾ ਜਾਵੇ। ਤਿਰੂਪਤੀ ਮੰਦਰ ਕੋਲ 18,000 ਕਰੋੜ ਰੁਪਏ ਫਿਕਸਡ ਡਿਪਾਜ਼ਿਟ ਹਨ, ਪਰ ਪੈਦਲ ਰਸਤੇ 'ਤੇ ਰੋਸ਼ਨੀ ਦੀ ਘਾਟ ਹੈ। ਹਰ 6 ਮਹੀਨਿਆਂ ਬਾਅਦ 'ਆਡਿਟ' ਕਰਕੇੇ ਖਰਚੇ ਦੇ ਵੇਰਵੇ ਵੈੱਬਸਾਈਟ 'ਤੇ ਪਾਉਣੇੇ ਚਾਹੀਦੇ ਹਨ। ਇਹ ਨਿਯਮ ਸਾਰੇ ਧਰਮਾਂ: ਹਿੰਦੂ, ਮੁਸਲਿਮ, ਸਿੱਖ, ਜੈਨ ਤੇ ਚਰਚ ਟਰੱਸਟਾਂ 'ਤੇ ਲਾਗੂ ਹੋਵੇ ਅਤੇ ਟਰੱਸਟੀਆਂ ਦੀਆਂ ਜਾਇਦਾਦਾਂ ਦਾ ਐਲਾਨ ਹੋਣਾ ਚਾਹੀਦਾ ਹੈ। ਕਿਸੇ ਵੀ ਪੱਧਰ 'ਤੇ ਕੋਈ ਸਰਕਾਰੀ ਦਖਲਅੰਦਾਜ਼ੀ ਨਾ ਹੋਵੇ ਤੇ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਟਰੱਸਟ 'ਚ ਸ਼ਾਮਿਲ ਨਾ ਹੋਣ ਤੇ ਕਿਸੇ ਨੂੰ ਵੀ ਕੋਈ ਵਿਸ਼ੇਸ਼ ਅਧਿਕਾਰ ਨਾ ਮਿਲੇ। ਹੱਜ ਦੇ ਸੁਵਿਧਾਜਨਕ ਬਣਨ ਨਾਲ ਵਿਸ਼ਵਾਸ ਘੱਟ ਨਹੀਂ ਹੋਇਆ। ਵੈਟੀਕਨ ਆਡਿਟ ਹੋਣ ਨਾਲ ਵਿਸ਼ਵਾਸ ਵਧਿਆ ਹੈ। ਭਾਰਤ 'ਚ 'ਦੁੱਖ' ਨੂੰ 'ਬ੍ਰਾਂਡ' ਬਣਾਉਣ ਨਾਲ ਸੈਲਾਨੀ ਤਾਂ ਆਉਣਗੇ, ਪਰ ਵਿਸ਼ਵਾਸ ਨਹੀਂ ਬਚੇੇਗਾ।
Email: pooranchandsarin@gmail.com