ਅੱਜ ਲਈ ਵਿਸ਼ੇਸ਼
ਬਾਬਾ ਸਾਹਿਬ ਨਾਲ ਕੌਲ ਕਰਾਰ ਕਰਕੇ
ਝੰਡਾ ਚੁੱਕਿਆ ਉਨ੍ਹਾਂ ਸਖ਼ਾਵਤਾਂ ਦਾ
ਦੱਬੇ ਕੁਚਲੇ ਸਮਾਜ ਦੀ ਗੱਲ ਕਰਕੇ
ਬਾਲੀ ਬਣ ਗਿਆ ਨਾਮ ਬਗ਼ਾਵਤਾਂ ਦਾ
ਮੇਰੇ ਗੀਤ ਦੀਆਂ ਇਹ ਸਤਰਾਂ ਬਾਲੀ ਸਾਹਿਬ ਦੇ ਜੀਵਨ ਤੇ ਸੰਘਰਸ਼ ਨਾਲ ਸੰਬੰਧਿਤ ਗੀਤ 'ਤਿਆਗ' 'ਚੋਂ ਹਨ, ਜੋ ਉਨ੍ਹਾਂ ਦੇ ਜਿਊਂਦੇ ਜੀਅ ਮੈਂ ਲਿਖਿਆ ਤੇ ਉਨ੍ਹਾਂ ਨੂੰ ਸੁਣਾਇਆ। ਮੈਂ ਜੀਵਨ ਦੇ ਲਗਭਗ 40 ਸਾਲ ਉਨ੍ਹਾਂ ਨਾਲ ਗੁਜ਼ਾਰੇ ਹਨ। ਬਾਲੀ ਸਾਹਿਬ 20 ਜੁਲਾਈ 1930 ਨੂੰ ਜ਼ਿਲ੍ਹਾ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿਚ ਮਾਤਾ ਪ੍ਰੇਮੀ ਤੇ ਪਿਤਾ ਭਗਵਾਨ ਦਾਸ ਦੇ ਘਰ ਪੈਦਾ ਹੋਏ। ਉਹ ਆਪਣੇ ਸੱਤ ਭੈਣ-ਭਰਾਵਾਂ 'ਚੋਂ ਇਕ ਸਨ।
ਉਹ ਭਾਰਤ ਦੇ ਉਨ੍ਹਾਂ ਮਹਾਨ ਲੋਕਾਂ 'ਚੋਂ ਇਕ ਸਨ, ਜਿਨਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਨਾਲ ਰਹਿ ਕੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦਾ ਮਾਣ ਹਾਸਿਲ ਕੀਤਾ। 6 ਦਸੰਬਰ 1956 ਨੂੰ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਤੋਂ ਬਾਅਦ ਉਨ੍ਹਾਂ ਨੇ ਮਿਸ਼ਨ ਨੂੰ ਅੱਗੇ ਤੋਰਨ ਲਈ ਆਪਣੀ ਸਰਕਾਰੀ ਨੌਕਰੀ ਛੱਡ ਕੇ ਪੂਰੀ ਜ਼ਿੰਦਗੀ ਮਿਸ਼ਨ ਨੂੰ ਸਮਰਪਿਤ ਕਰ ਦਿੱਤੀ। ਉਨ੍ਹਾਂ ਮਿਸ਼ਨ ਦੇ ਪ੍ਰਚਾਰ ਹਿੱਤ 1958 ਤੋਂ ਭੀਮ ਪੱਤ੍ਰਿਕਾ ਉਰਦੂ, ਅੰਗਰੇਜ਼ੀ ਤੇ ਫਿਰ ਹਿੰਦੀ, ਵਿਚ ਸ਼ੁਰੂ ਕੀਤੀ। ਪੰਜਾਬ ਵਿਚ ਬਾਲੀ ਸਾਹਿਬ ਨੇ ਆਪਣੇ ਸਾਥੀਆਂ ਸਮੇਤ 1963 ਨੂੰ ਚੱਕ ਹਕੀਮ (ਫਗਵਾੜਾ) ਵਿਖੇ ਬੁੱਧ ਧਮ ਦੀ ਦੀਕਸ਼ਾ ਲਈ, ਜੋ ਉਨ੍ਹਾਂ ਨੂੰ ਬਹੁਤ ਮਹਿੰਗੀ ਪਈ, ਕਿਉਂਕਿ ਉਸ ਸਮੇਂ ਧਰਮ ਬਦਲਣ ਵਾਲਿਆਂ ਨੂੰ ਸੰਵਿਧਾਨਕ ਸਹੂਲਤਾਂ ਤੋਂ ਕਾਨੂੰਨੀ ਤੌਰ 'ਤੇ ਵਾਂਝਾ ਕਰ ਦਿੱਤਾ ਜਾਂਦਾ ਸੀ। ਇਸੇ ਕਰਕੇ 1967 ਨੂੰ ਜਦ ਜਲੰਧਰ ਲੋਕ ਸਭਾ ਦੀ ਚੋਣ ਹੋਈ, ਉਸ ਸਮੇਂ ਇਹ ਜਨਰਲ ਸੀਟ ਸੀ, ਮਜਬੂਰੀ ਵਿਚ ਲੜਨੀ ਪਈ। ਇਕ ਪਾਸੇ ਬਾਲੀ ਸਾਹਿਬ ਤੇ ਦੂਜੇ ਪਾਸੇ ਇੰਦਰਾ ਗਾਂਧੀ ਦੀ ਕੈਬਨਿਟ ਵਿਚ ਸ਼ਾਮਿਲ ਰਹੇ ਸਨ, ਰੱਖਿਆ ਮੰਤਰੀ ਸਿਰਕੱਢ ਕਾਂਗਰਸੀ ਆਗੂ ਸਵਰਨ ਸਿੰਘ, ਪਰ ਫਿਰ ਵੀ ਉਨ੍ਹਾਂ ਨੇ ਸਵਰਨ ਸਿੰਘ ਵਰਗੇ ਆਗੂ ਨੂੰ ਪਿੰਡਾਂ ਤੇ ਗਲੀਆਂ ਵਿਚ ਘੁੰਮਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਮਿਲੀ ਹਾਰ ਤੋਂ ਬਾਅਦ ਬਾਲੀ ਸਾਹਿਬ ਨੇ ਵੋਟਾਂ ਦੀ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਸੀ।
ਅੰਬੇਡਕਰੀ ਸਹਿਤ ਵਿਚ ਵੀ ਬਾਲੀ ਸਾਹਿਬ ਦਾ ਵਡਮੁੱਲਾ ਯੋਗਦਾਨ ਹੈ। ਉਨ੍ਹਾਂ ਦੀ ਜਗਤ ਪ੍ਰਸਿੱਧ ਕਿਤਾਬ 'ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ' ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਹੁਣ ਡੱਚ (ਜਰਮਨ ਭਾਸ਼ਾ) ਵਿਚ ਵੀ ਛਪ ਚੁੱਕੀ ਹੈ। ਇਸ ਤੋਂ ਇਲਾਵਾ ਮਿਸ਼ਨ ਨਾਲ ਸੰਬੰਧਿਤ 100 ਤੋਂ ਵੱਧ ਕਿਤਾਬਾਂ ਉਨ੍ਹਾਂ ਲਿਖੀਆਂ। ਉਨ੍ਹਾਂ ਨੂੰ ਕੁਝ ਆਪਣਿਆਂ ਦੀ ਗੱਦਾਰੀ, ਕੁਝ ਸਰਕਾਰਾਂ ਦਾ ਦਮਨ, ਕੁਝ ਸੱਚ ਬੋਲਣ ਦੀ ਆਦਤ ਤੇ ਕੱਟੜ ਅੰਬੇਡਕਰਵਾਦੀ ਹੋਣ ਦਾ ਮੁੱਲ ਅਨੇਕਾਂ ਮੁਕੱਦਮਿਆਂ ਦੇ ਰੂਪ 'ਚ ਤਾਰਨਾ ਪਿਆ। ਉਹ ਜ਼ਿਆਦਾ ਪੜ੍ਹੇ-ਲਿਖੇ ਬੰਦਿਆਂ ਨੂੰ ਘੱਟ ਹੀ ਪਸੰਦ ਕਰਦੇ ਸਨ। ਉਹ ਕਹਿੰਦੇ ਹੁੰਦੇ ਸੀ ਕਿ ਮੇਰੇ ਨਾਲ ਜਿੰਨੇ ਵੀ ਅਨਪੜ੍ਹ ਲੋਕ ਆਏ, ਉਨ੍ਹਾਂ ਸਭ ਨੇ ਮੇਰਾ ਤਨਦੇਹੀ ਨਾਲ ਸਾਥ ਦਿੱਤਾ ਤੇ ਬਾਬਾ ਸਾਹਿਬ ਦਾ ਮਿਸ਼ਨ ਇਨ੍ਹਾਂ ਸਧਾਰਨ ਅਨਪੜ੍ਹ ਲੋਕਾਂ ਕਰਕੇ ਹੀ ਸਫ਼ਲ ਹੋਇਆ। ਉਨ੍ਹਾਂ ਦੀ ਅਗਵਾਈ ਵਿਚ ਰਿਪਬਲਿਕਨ ਪਾਰਟੀ ਆਫ਼ ਇੰਡੀਆ ਵਲੋਂ 1964 ਵਿਚ ਲੜਿਆ ਗਿਆ ਸਤਿਆਗ੍ਰਹਿ ਅੰਦੋਲਨ ਜਿਸ ਵਿਚ ਲੱਖਾਂ ਲੋਕ ਜੇਲ੍ਹਾਂ ਵਿਚ ਗਏ, ਦੌਰਾਨ ਖ਼ੁਦ ਬਾਲੀ ਸਾਹਿਬ ਵੀ ਆਪਣੇ ਬੱਚਿਆਂ ਤੇ ਪਤਨੀ ਨਾਲ ਜਲੰਧਰ ਦੀ ਸੈਂਟਰਲ ਜੇਲ੍ਹ 'ਚ 70 ਦਿਨ ਨਜ਼ਰਬੰਦ ਰਹੇ। ਉਨ੍ਹਾਂ ਨਾਲ ਦਾਸ ਰਾਮ ਸੂਦ ਜੇਲ੍ਹ ਵਿਚ ਸਿਹਰਾ ਲਾ ਕੇ ਗਿਆ। ਇਸ ਅੰਦੋਲਨ ਵਿਚ 14 ਬੰਦੇ ਸ਼ਹੀਦ ਵੀ ਹੋਏ। ਸਧਾਰਨ ਤੇ ਅਨਪੜ੍ਹ ਲੋਕਾਂ ਕਰਕੇ ਇਹ ਅੰਦੋਲਨ ਜਿੱਤਿਆ ਗਿਆ, ਇਹ ਅੰਦੋਲਨ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਜੇਲ੍ਹ ਅੰਦੋਲਨ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਰੀਆਂ 14 ਮੰਗਾਂ ਮੰਨ ਲਈਆਂ ਸਨ।
ਡਾ. ਅੰਬੇਡਕਰ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਵੀ.ਪੀ. ਸਿੰਘ ਸਰਕਾਰ ਵਲੋਂ ਇਕ ਸ਼ਤਾਬਦੀ ਕਮੇਟੀ ਬਣਾਈ ਗਈ, ਜਿਸ ਵਿਚ ਸਭ ਪਾਰਟੀਆਂ ਦੇ ਸਿਰਕੱਢ ਆਗੂ ਤੇ ਵੱਡੇ ਬੁੱਧੀਜੀਵੀ ਸ਼ਾਮਿਲ ਕੀਤੇ ਗਏ ਸਨ। ਇਸ ਵਿਚ ਖ਼ਾਸ ਕਰਕੇ ਲਾਲ ਕ੍ਰਿਸ਼ਨ ਅਡਵਾਨੀ, ਰਾਮਵਿਲਾਸ ਪਾਸਵਾਨ, ਇੰਦਰਜੀਤ ਗੁਪਤਾ, ਸ਼ਰਦ ਪਵਾਰ, ਸ਼ਰਦ ਯਾਦਵ, ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਮ ਧੰਨ, ਜਾਰਜ ਫਰਨਾਂਡਿਜ਼, ਲਾਲੂ ਪ੍ਰਸਾਦ ਯਾਦਵ ਆਦਿ ਵੀ ਸ਼ਾਮਿਲ ਸਨ, ਇਨ੍ਹਾਂ 'ਚ ਬਾਲੀ ਸਾਹਿਬ ਵੀ ਇਕ ਮੈਂਬਰ ਸਨ। ਵੀ.ਪੀ. ਸਿੰਘ ਵਲੋਂ ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਚਾਰ-ਪ੍ਰਸਾਰ ਸਬ-ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਬਾਲੀ ਸਾਹਿਬ ਨੇ ਪਹਿਲੀ ਮੀਟਿੰਗ ਵਿਚ ਹੀ ਬਜਟ ਦਾ ਸਾਰਾ ਪੈਸਾ ਪਾਸ ਕਰ ਦਿੱਤਾ। ਬਾਲੀ ਸਾਹਿਬ ਦੇ ਜੀਵਨ ਸਬੰਧੀ ਵਧੇਰੇ ਜਾਣਕਾਰੀ ਉਨ੍ਹਾਂ ਦੀ ਆਤਮ ਕਥਾ 'ਅੰਬੇਡਕਰੀ ਹੋਨੇ ਕਾ ਅਰਥ' ਪੜ੍ਹੀ ਜਾ ਸਕਦੀ ਹੈ। ਬਾਲੀ ਸਾਹਿਬ ਦੀ ਮਿਸ਼ਨ ਨੂੰ ਜੋ ਦੇਣ ਹੈ, ਉਸ ਦਾ ਕੋਈ ਸਾਨੀ ਨਹੀਂ। ਉਨ੍ਹਾਂ ਵਲੋਂ ਕੀਤੇ ਗਏ ਮਹਾਨ ਕਾਰਜਾਂ 'ਚ ਖ਼ਾਸ ਤੌਰ 'ਤੇ ਬਾਬਾ ਸਾਹਿਬ ਦੀ ਦੀ ਚਰਨ ਛੋਹ ਪ੍ਰਾਪਤ ਭੂਮੀ ਆਪਣੇ ਸਾਥੀ ਕਰਮ ਚੰਦ ਬਾਠ ਨਾਲ ਮਿਲ ਕੇ 1963 ਵਿਚ ਬੜੀ ਮੁਸ਼ੱਕਤ ਨਾਲ ਖ਼ਰੀਦੀ, ਜਿੱਥੇ 1972 'ਚ ਅੰਬੇਡਕਰ ਭਵਨ ਟਰੱਸਟ ਬਣਾਇਆ ਗਿਆ। ਇਸ ਥਾਂ ਡਾ. ਅੰਬੇਡਕਰ 27 ਅਕਤੂਬਰ 1951 ਨੂੰ ਪਧਾਰੇ ਸਨ। ਅੱਜ ਅੰਬੇਡਕਰ ਭਵਨ ਜਲੰਧਰ ਪੰਜਾਬ 'ਚ ਹੀ ਨਹੀਂ, ਸਗੋਂ ਉੱਤਰੀ ਭਾਰਤ ਵਿਚ ਅੰਬੇਡਕਰੀ ਸਰਗਰਮੀਆਂ ਦਾ ਮੁੱਖ ਕੇਂਦਰ ਹੈ। ਇਸੇ ਤਰ੍ਹਾਂ ਆਪਣੇ ਸਾਥੀ ਐਡਵੋਕੇਟ ਭਗਵਾਨ ਦਾਸ ਨਾਲ ਮਿਲ ਕੇ 1978 ਵਿਚ 'ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ' ਦਾ ਗਠਨ ਕੀਤਾ, ਜਿਸ ਦਾ ਮੈਂ ਵੀ ਦੋ ਸਾਲ ਪ੍ਰਧਾਨ ਰਿਹਾ ਹਾਂ ਤੇ ਹੁਣ ਪ੍ਰੋ. ਬਲਵੀਰ ਆਪਣੀ ਸਮੁੱਚੀ ਟੀਮ ਨਾਲ ਸੁਸਾਇਟੀ ਚਲਾ ਰਹੇ ਹਨ। ਬਾਬਾ ਸਾਹਿਬ ਵਲੋਂ 13 ਮਾਰਚ 1927 ਨੂੰ ਸਥਾਪਿਤ 'ਸਮਤਾ ਸੈਨਿਕ ਦਲ' ਮੁੜ ਤੋਂ ਪੁਨਰ ਸੁਰਜੀਤ ਕਰਨ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਪੂਰੇ ਭਾਰਤ ਵਿਚ ਬਾਲੀ ਸਾਹਿਬ ਨੇ ਅਨੇਕਾਂ ਮਿਸ਼ਨਰੀ ਸੰਸਥਾਵਾਂ ਦਾ ਗਠਨ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 93 ਸਾਲ ਬਾਬਾ ਸਾਹਿਬ ਦੇ ਮਿਸ਼ਨ ਦੇ ਲੇਖੇ ਲਾ ਕੇ ਦੱਬੇ ਕੁਚਲੇ ਸਮਾਜ ਦੇ ਦਰਦ ਨੂੰ ਸਿਰਫ਼ ਸਮਝਿਆ ਹੀ ਨਹੀਂ, ਉਸ ਨੂੰ ਖ਼ਤਮ ਕਰਨ ਲਈ ਪੂਰਾ-ਪੂਰਾ ਯਤਨ ਵੀ ਕੀਤਾ। ਉਨ੍ਹਾਂ ਨੂੰ ਅਨੇਕਾਂ ਸੰਸਥਾਵਾਂ ਨੇ ਸਨਮਾਨਿਤ ਵੀ ਕੀਤਾ ਸੀ।
ਪੂਰੀ ਦੁਨੀਆ ਨੂੰ ਗਿਆਨ ਦੀ ਰੌਸ਼ਨੀ ਵੰਡਦਾ ਇਹ ਅੰਬੇਡਕਰੀ ਆਕਾਸ਼ ਦਾ ਸੂਰਜ ਅੰਤ 6 ਜੁਲਾਈ 2023 ਨੂੰ ਸਦਾ ਲਈ ਅਸਤ ਹੋ ਗਿਆ। ਉਨ੍ਹਾਂ ਦੀ ਯਾਦ ਵਿਚ ਅੱਜ ਜਲੰਧਰ ਦੇ ਅੰਬੇਡਕਰ ਭਵਨ ਵਿਚ ਸ਼ਾਮ ਚਾਰ ਵਜੇ ਇਕ ਵਿਸ਼ੇਸ਼ ਸੈਮੀਨਾਰ ਵੀ ਹੋ ਰਿਹਾ ਹੈ। ਅਖ਼ੀਰ ਵਿਚ ਮੇਰੀ ਗ਼ਜ਼ਲ ਦੇ ਕੁਝ ਸ਼ੇਅਰ ਜੋ ਬਾਲੀ ਸਾਹਿਬ ਦੇ ਜਾਣ ਤੋਂ ਬਾਅਦ ਲਿਖੇ, ਉਨ੍ਹਾਂ ਨੂੰ ਖ਼ਿਰਾਜ਼-ਏ-ਅਕੀਦਤ ਵਜੋਂ ਪੇਸ਼ ਹਨ:-
ਅੱਜ ਆਪ ਸਦਾ ਲਈ ਸੌਂ ਗਿਆ ਦੁਨੀਆ ਜਗਾਉਣ ਵਾਲਾ
ਮਸੀਹਾ ਸੀ ਉਹ ਕੌਮ ਦਾ ਦੁੱਖੜੇ ਵੰਡਾਉਣ ਵਾਲਾ
ਰੁਕਿਆ ਕਦੇ ਨਾ ਝੁਕਿਆ ਕਦੇ ਨਾ ਡਰਿਆ ਕਦੇ ਨਾ ਉਹ
ਡੰਕੇ ਦੀ ਚੋਟ ਬੋਲਿਆ ਸੱਚ ਦੁਨੀਆ ਹਿਲਾਉਣ ਵਾਲਾ
ਬਾਲੀ ਸਾਹਿਬ ਨੂੰ ਇਹੋ ਸ਼ਰਧਾ ਦੇ ਫੁੱਲ ਨੇ ਯਾਰੋ
ਇਕ ਵੀ ਬਚੇ ਨਾ ਕੋਈ ਹਨੇਰਾ ਫੈਲਾਉਣ ਵਾਲਾ
-ਮੁੱਖ ਸਲਾਹਕਾਰ, ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ) ਪੰਜਾਬ।
ਮੋਬਾਈਲ : 94640-66955