02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਗਤ ਪੂਰਨ ਸਿੰਘ ਨੇ ਮੇਰੀ ਇੰਟਰਵਿਊ ਇੰਜ ਲਈ

ਭਗਤ ਪੂਰਨ ਸਿੰਘ ਨੇ ਮੇਰੀ ਇੰਟਰਵਿਊ ਇੰਜ ਲਈ

Ad Position 21
No active advertisement
ਅਜੀਤ ਡੈਸਕ 03-08-2026

18 ਅਪ੍ਰੈਲ 1976 ਵਿਚ ਮੇਰਾ ਵਿਆਹ ਹੋ ਗਿਆ ਸੀ। ਉਦੋਂ ਮੈਂ ਬੇਰੁਜ਼ਗਾਰ ਸਾਂ। ਮੇਰੇ ਪਿਤਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਨਿਭਾਅ ਰਹੇ ਸਨ। ਉਨ੍ਹਾਂ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲਿਆਂ ਤੱਕ ਪਹੁੰਚ ਕੀਤੀ ਅਤੇ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਲਈ ਕਹਿ ਦਿੱਤਾ। ਮੈਂ ਅਗਲੇ ਦਿਨ ਜਾ ਪਹੁੰਚਿਆ। ਮੈਨੂੰ ਮੇਰੇ ਪਿਤਾ ਜੀ ਆਪਣੇ ਇਕ ਹੋਰ ਸਾਥੀ ਨਾਲ ਭਗਤ ਜੀ ਕੋਲ ਲੈ ਗਏ। ਭਗਤ ਜੀ ਨੇ ਹਾਮੀ ਭਰ ਦਿੱਤੀ ਅਤੇ ਮੈਨੂੰ ਉੱਥੇ ਹੀ ਰੱਖ ਲਿਆ। 15-20 ਦਿਨ ਮੈਂ ਭਗਤ ਜੀ ਕੋਲ ਦਰੀ ਉੱਤੇ ਬੈਠਾ ਰਹਿੰਦਾ। ਉਹ ਮੈਨੂੰ ਅਖ਼ਬਾਰ ਪੜ੍ਹਨ ਲਈ ਕਹਿੰਦੇ ਰਹਿੰਦੇ। ਕੁਝ ਦਿਨਾਂ ਬਾਅਦ ਮੈਨੂੰ ਉਨ੍ਹਾਂ ਨੇ ਲਿਖਾਉਣਾ ਸ਼ੁਰੂ ਕਰ ਦਿੱਤਾ। ਉਹ ਬੋਲਦੇ ਰਹਿੰਦੇ ਅਤੇ ਮੈਂ ਲਿਖਦਾ ਰਹਿੰਦਾ। ਪੰਜਾਬੀ ਦੀ ਲਿਖਾਈ ਬਹੁਤ ਖ਼ੂਬਸੂਰਤ ਸੀ। ਉਨ੍ਹਾਂ ਨੇ ਮੈਨੂੰ ਦਫ਼ਤਰ ਵਿਚ ਰੱਖਣ ਦੀ ਥਾਂ ਆਪਣੇ ਨਿੱਜੀ ਸਟਾਫ਼ ਵਿਚ ਰੱਖ ਲਿਆ। ਦੋ ਮਹੀਨੇ ਬੀਤ ਗਏ। ਮੇਰੀ ਨਾ ਹਾਜ਼ਰੀ ਲੱਗੇ ਅਤੇ ਨਾ ਤਨਖ਼ਾਹ ਮਿਲੇ। ਮੈਂ ਇਕ ਦਿਨ ਆਪਣੀ ਹਾਜ਼ਰੀ ਸ਼ੁਰੂ ਕਰਨ ਲਈ ਬੇਨਤੀ ਕੀਤੀ ਤਾਂ ਉਹ ਕਹਿਣ ਲੱਗੇ ਕਿ ਅਜੇ ਸਮਾਂ ਨਹੀਂ ਆਇਆ। ਮੈਂ ਸਤਿ ਬਚਨ ਕਹਿ ਕੇ ਚੁੱਪ ਕਰ ਗਿਆ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣਾ ਲੋਹੇ ਦਾ ਬਾਟਾ ਮੈਨੂੰ ਫੜਾ ਦਿੱਤਾ। ਉਹ ਅਕਸਰ ਇਹ ਬਾਟਾ ਆਪਣੇ ਕੋਲ ਰੱਖਦੇ ਸਨ। ਜਦ ਵੀ ਕਿਧਰੇ ਜਾਂਦੇ ਤਾਂ ਰਸਤੇ ਵਿਚ ਪਏ ਕੱਚ, ਖੁਰੀਆਂ, ਮੇਖ਼ਾਂ ਆਦਿ ਇਸ ਬਾਟੇ ਵਿਚ ਪਾਉਂਦੇ ਰਹਿੰਦੇ ਤਾਂ ਜੋ ਕਿਸੇ ਦੇ ਪੈਰਾਂ ਵਿਚ ਨਾ ਲੱਗ ਜਾਵੇ। ਮੈਨੂੰ ਉਨ੍ਹਾਂ ਬਾਟਾ ਫੜਾਇਆ ਅਤੇ ਚੱਲਣ ਲਈ ਕਹਿ ਦਿੱਤਾ। ਅਸੀਂ ਤੁਰਦੇ-ਤੁਰਦੇ ਹਾਲ ਗੇਟ ਜਾ ਪਹੁੰਚੇ, ਜਿੱਥੇ ਲੜਕੀਆਂ ਦਾ ਡੀ. ਏ. ਵੀ. ਕਾਲਜ ਹੈ। ਸਮਾਂ ਉਹ ਚੁਣਿਆ ਜਦ ਕਾਲਜ ਵਿਚ ਛੁੱਟੀ ਹੋ ਰਹੀ ਸੀ। ਉਨ੍ਹਾਂ ਦੀ ਨਜ਼ਰ ਸੜਕ ਉੱਤੇ ਪਏ ਗੋਹੇ 'ਤੇ ਜਾ ਪਈ। ਮੈਨੂੰ ਉਹ ਗੋਹਾ ਚੁੱਕਣ ਦਾ ਆਦੇਸ਼ ਹੋ ਗਿਆ। ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ, ਵਧੀਆ ਕੱਪੜੇ ਪਾਏ ਹੋਏ ਤੇ ਚੜ੍ਹਦੀ ਉਮਰ ਸੀ। ਲੜਕੀਆਂ ਕਾਲਜ 'ਚੋਂ ਬਾਹਰ ਨਿਕਲ ਰਹੀਆਂ ਸਨ ਅਤੇ ਮੈਂ ਗੋਹਾ ਚੁੱਕ ਰਿਹਾ ਸਾਂ, ਪਰ ਮੇਰੇ ਮਨ ਨੇ ਕਹਿ ਦਿੱਤਾ ਕਿ ਭਗਤ ਜੀ ਦਾ ਆਦੇਸ਼ ਜ਼ਰੂਰੀ ਹੈ। ਮੈਂ ਗੋਹਾ ਚੁੱਕਿਆ ਅਤੇ ਅਗਲਾ ਹੁਕਮ ਪੁੱਛਿਆ। ਮੈਨੂੰ ਆਦੇਸ਼ ਹੋਇਆ ਕਿ ਇਹ ਗੋਹਾ ਰੂੜੀਆਂ 'ਤੇ ਸੁੱਟ ਦਿਓ। ਹਾਲ ਗੇਟ ਦੇ ਬਾਹਰ ਜਿੱਥੇ ਅੱਜ-ਕੱਲ੍ਹ ਫ਼ਲਾਂ ਦੀਆਂ ਦੁਕਾਨਾਂ ਹਨ, ਉਸ ਸਮੇਂ ਉੱਥੇ ਰੂੜੀਆਂ ਹੁੰਦੀਆਂ ਸਨ। ਮੈਂ ਗੋਹਾ ਸੁੱਟ ਕੇ ਵਾਪਸ ਆ ਗਿਆ। ਆਉਂਦਿਆਂ ਹੀ ਨਵਾਂ ਆਦੇਸ਼ ਹੋ ਗਿਆ ਕਿ ਬਾਜ਼ਾਰ ਵਿਚ ਸੜਕ ਦੇ ਕਿਨਾਰੇ ਕੁੱਤਾ ਮਰਿਆ ਪਿਆ ਹੈ, ਇਹ ਕੁੱਤਾ ਚੁੱਕ ਕੇ ਰੂੜੀ ਵਿਚ ਦਬਾ ਦਿੱਤਾ ਜਾਵੇ। ਮੈਂ ਬਾਟੇ ਨਾਲ ਰੂੜੀ ਵਿਚ ਟੋਆ ਪੁੱਟਿਆ ਅਤੇ ਕੁੱਤੇ ਨੂੰ ਇਸ ਟੋਏ ਵਿਚ ਦੱਬ ਕੇ ਵਾਪਸ ਆ ਗਿਆ। ਅਸੀਂ ਪਿੰਗਲਵਾੜੇ ਨੂੰ ਵਾਪਸ ਚੱਲ ਪਏ। ਭਗਤ ਜੀ ਮੈਨੂੰ ਰਸਤੇ ਵਿਚ ਪੁੱਛਣ ਲੱਗੇ ਕਿ ਇਹ ਗੋਹਾ ਤੇ ਮਰਿਆ ਹੋਇਆ ਕੁੱਤਾ ਕਿਉਂ ਚੁੱਕਿਆ ਗਿਆ ਹੈ। ਮੈਂ ਕਿਹਾ ਕਿ ਭਗਤ ਜੀ ਤੁਹਾਡਾ ਹੁਕਮ ਸੀ। ਉਨ੍ਹਾਂ ਸਮਝਾਇਆ ਕਿ ਇਹ ਗੋਹਾ ਲੋਕਾਂ ਦੇ ਪੈਰਾਂ ਨਾਲ ਲੱਗ ਰਿਹਾ ਸੀ, ਮਰੇ ਹੋਏ ਕੁੱਤੇ ਕਾਰਨ ਬਦਬੂ ਫੈਲ ਰਹੀ ਸੀ, ਪਰ ਇਹ ਦੋਵੇਂ ਜਦ ਰੂੜੀ ਵਿਚ ਚਲੇ ਗਏ ਤਾਂ ਵਧੀਆ ਖਾਦ ਬਣ ਜਾਵੇਗੀ, ਜੋ ਖੇਤਾਂ ਲਈ ਕੰਮ ਆਵੇਗੀ। ਆਉਣ ਸਾਰ ਮੇਰੀ ਹਾਜ਼ਰੀ ਸ਼ੁਰੂ ਕਰ ਦਿੱਤੀ ਗਈ ਅਤੇ ਤਨਖ਼ਾਹ ਲਾ ਕੇ ਪਿਛਲਾ ਬਕਾਇਆ ਵੀ ਦਿਵਾ ਦਿੱਤਾ ਗਿਆ।
-ਇੰਚਾਰਜ, ਅਜੀਤ ਉਪ ਦਫਤਰ, ਸੰਗਰੂਰ।
ਮੋਬਾਈਲ : 98142-82543

Ad Position 22
No active advertisement
ਪਿਛਲੀ ਖ਼ਬਰ ਸ਼ੁਕਰਾਨੇ 'ਚ ਜੀਓ, ਉਲਾਂਭੇ 'ਚ ਨਹੀਂ ਅਗਲੀ ਖ਼ਬਰ ਕੀ ਸਰਕਾਰ ਅੰਦੋਲਨਕਾਰੀਆਂ ਦੀਆਂ ਮੰਗਾਂ ਪ੍ਰਤੀ ਗੰਭੀਰ ਰਹੇਗੀ?
Ad Position 24
No active advertisement