ਇਸ ਤਰ੍ਹਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਸਾਡੀ ਗੁਣਵਾਨ ਮਾਂ ਸਾਨੂੰ ਨਕਸ਼ਤਰਾਂ ਬਾਰੇ ਜਾਣਕਾਰੀ ਦਿੰਦੀ ਸੀ | ਸਾਡੀ ਮਾਂ ਉਹ ਗਿਆਨ ਇੰਨਾ ਸੁੰਦਰ ਤੇ ਰੁਚੀਕਾਰ ਢੰਗ ਨਾਲ ਸੁਣਾਉਂਦੀ ਕਿ ਸਾਡਾ ਮਨ ਕਦੇ ਨਹੀਂ ਭਰਦਾ ਸੀ | ਪਤਾ ਨਹੀਂ ਮਾਂ ਕੋਲ ਇਨ੍ਹਾਂ ਗੱਲਾਂ ਦਾ ਇੰਨਾ ਵੱਡਾ ਖ਼ਜ਼ਾਨਾ ਕਦੋਂ ਅਤੇ ਕਿਵੇਂ ਆ ਗਿਆ ਸੀ ਕਿ ਸਾਨੂੰ ਆਪ ਹੀ ਹੈਰਾਨੀ ਹੁੰਦੀ ਸੀ | ਵੇਖਣ ਵਿਚ ਸਿੱਧੀ-ਸਾਦੀ ਸੁਭਾਅ ਦੀ, ਪਰ ਗਿਆਨ ਦਾ ਖ਼ਜ਼ਾਨਾ ਏਨਾ ਵੱਡਾ ਕਿ ਇਕ ਤੋਂ ਬਾਅਦ ਇਕ ਕਹਾਣੀ |
ਆਕਾਸ਼ ਦੇ ਨਕਸ਼ਤਰਾਂ ਬਾਰੇ ਜਿਵੇਂ ਪਹਿਲਾਂ ਰਾਜਾ ਹਰੀਸ਼ ਚੰਦਰ ਦੀ ਨਗਰੀ, ਫਿਰ ਬਾਲਕ ਧਰੁਵ, ਸਰਵਣ ਦੀ ਬਹਿੰਗੀ ਅਤੇ ਸਪਤ ਰਿਸ਼ੀਆਂ ਦੀ ਕਥਾ ਇਸ ਤੋਂ ਬਾਅਦ ਮਾਂ ਨੇ ਇਕ ਹੋਰ ਕਹਾਣੀ ਸੁਣਾਈ ਸੀ, ਜਿਸਦਾ ਨਾਂਅ ਸੀ ਆਕਾਸ਼ ਗੰਗਾ |
ਅਗਲੀ ਰਾਤ ਅਸੀਂ ਮਾਂ ਤੋਂ ਪੁੱਛਿਆ, ਮਾਂ! ਉਹ ਬਹੁਤ ਉੱਪਰ, ਇਕ ਧੁੰਦਲੀ ਜਿਹੀ ਲੰਮੀ ਤੇ ਕੁਝ ਘੱਟ ਚੌੜੀ ਪੱਟੀ ਜਾਂ ਪਗਡੰਡੀ ਵਰਗੀ ਜੋ ਦਿਸਦੀ ਹੈ, ਉਸ ਨੂੰ ਕੀ ਕਹਿੰਦੇ ਹਨ?
ਤਦ ਮਾਂ ਨੇ ਦੱਸਿਆ ਕਿ ਉਸ ਦਾ ਨਾਂਅ ਹੈ ਆਕਾਸ਼ ਗੰਗਾ |
ਹੈਂਣ! ਆਕਾਸ਼ ਗੰਗਾ?
ਅਸੀਂ ਤਿੰਨਾਂ ਭੈਣ-ਭਰਾਵਾਂ ਨੇ ਹੈਰਾਨ ਹੋ ਕੇ ਪੁੱਛਿਆ |
ਤਦ ਮਾਂ ਬੋਲੀ, ਹਾਂ, ਇਹੀ ਇਸ ਦਾ ਨਾਂਅ ਹੈ | ਇਹ ਉਹ ਰਸਤਾ ਹੈ ਜਿਸ ਰਾਹੀਂ ਨੇਕ ਤੇ ਭਲੇ ਕੰਮ ਕਰਨ ਵਾਲੇ ਸਿੱਧੇ ਸਵਰਗ ਜਾਂਦੇ ਹਨ |
ਮੈਂ ਮਨ ਹੀ ਮਨ ਇਸ ਸਵਰਗ ਵਾਲੇ ਰਸਤੇ ਬਾਰੇ ਸੋਚ ਰਹੀ ਸੀ, ਪਰ ਛੋਟੇ ਵੀਰ ਨੇ ਸਿੱਧਾ ਪੁੱਛ ਲਿਆ, ਜੇ ਇਹ ਰਸਤਾ ਸਿੱਧਾ ਸਵਰਗ ਨੂੰ ਜਾਂਦਾ ਹੈ ਤਾਂ ਇਸ ਦਾ ਨਾਂਅ ਤਾਂ 'ਆਕਾਸ਼ ਸੜਕ' ਹੋਣਾ ਚਾਹੀਦਾ ਸੀ | 'ਆਕਾਸ਼ ਗੰਗਾ' ਨਾਂਅ ਤਾਂ ਠੀਕ ਨਹੀਂ ਲਗਦਾ |
ਓਏ ਛੋਟੇ! ਚੁੱਪ ਕਰਕੇ ਬੈਠ ਜਾ | ਕਹਾਣੀ ਵਿਚਕਾਰ ਅੜੰਗਾ ਨਾ ਪਾ, ਅਸੀਂ ਕਿਹਾ |
ਪਰ ਮਾਂ ਨੇ ਦੋਵਾਂ ਨੂੰ ਪਿਆਰ ਨਾਲ ਸਮਝਾਇਆ, ਚੁੱਪਚਾਪ ਸ਼ਾਂਤ ਹੋ ਕੇ ਬੈਠ ਜਾਓ, ਜਿਵੇਂ ਤੁਹਾਡੀ ਇਹ ਬੋਬੋ (ਮੇਰੀ ਵੱਲ ਇਸ਼ਾਰਾ ਕਰਦੇ ਹੋਏ) | ਤੁਸੀਂ ਇਸ ਤਰ੍ਹਾਂ ਨੋਕ-ਝੋਕ ਕਰਦੇ ਰਹੋਗੇ ਤਾਂ ਕਹਾਣੀ ਦਾ ਰਸ ਖ਼ਤਮ ਹੋ ਜਾਵੇਗਾ |
ਠੀਕ ਹੈ ਮਾਂ, ਅਸੀਂ ਵਿਚਕਾਰ ਨਹੀਂ ਬੋਲਾਂਗੇ | ਪਰ ਉਹ ਉੱਪਰ ਆਕਾਸ਼ ਗੰਗਾ ਹੈ ਜਾਂ ਆਕਾਸ਼ ਸੜਕ?
ਮਾਂ ਮੁਸਕਰਾਈ ਤੇ ਬੋਲੀ, 'ਚੰਗਾ ਬੱਚਿਓ ਸੁਣੋ | ਇਹ ਗੱਲ ਉਸ ਸਮੇਂ ਦੀ ਹੈ ਜਦੋਂ ਸਿ੍ਸ਼ਟੀ ਦੀ ਰਚਨਾ ਵੀ ਨਹੀਂ ਹੋਈ ਸੀ | ਕਰੋੜਾਂ, ਅਰਬਾਂ, ਖਰਬਾਂ ਸਾਲ ਪਹਿਲਾਂ-ਉਸ ਵੇਲੇ ਆਕਾਸ਼ ਗੰਗਾ ਦਾ ਜਨਮ ਹੋਇਆ ਹੋਵੇਗਾ | ਇਹ ਉਸ ਅਗਿਆਤ ਸ਼ਕਤੀ, ਅਰਥਾਤ ਪਰਮਾਤਮਾ ਦੀ ਰਚਨਾ ਹੈ | ਇਸ ਲਈ ਤਾਰਿਆਂ ਦੇ ਉਸ ਸਮੂਹ ਨੂੰ ਆਕਾਸ਼ ਗੰਗਾ ਹੀ ਕਹਿੰਦੇ ਹਨ | ਜੇ ਇਸ ਨੂੰ ਆਕਾਸ਼ ਸੜਕ ਕਹਾਂਗੇ ਤਾਂ ਠੀਕ ਨਹੀਂ ਰਹੇਗਾ | ਸੜਕ ਵਰਗੀ ਚੀਜ਼ ਤਾਂ ਮਨੁੱਖ ਨੇ ਕੇਵਲ ਕੁਝ ਹੀ ਸਦੀਆਂ ਪਹਿਲਾਂ ਬਣਾਈ ਹੈ |
ਛੋਟੇ ਭਰਾ ਨੇ ਫਿਰ ਪੁੱਛਿਆ, ਮਾਂ, ਕੀ ਸੱਚਮੁੱਚ ਇਸ ਰਸਤੇ ਨਾਲ ਸਵਰਗ ਜਾ ਸਕਦੇ ਹਾਂ? ਕੀ ਇਸ ਦੇ ਕਿਨਾਰੇ ਕਿਸ਼ਤੀਆਂ ਹਨ ਜਿਨ੍ਹਾਂ 'ਤੇ ਬੈਠ ਕੇ ਸਵਰਗ ਜਾ ਸਕੀਦਾ ਹੈ?
ਮਾਂ ਹੌਲੇ ਨਾਲ ਹੱਸੀ ਤੇ ਕਹਿੰਦੀ, ਨਹੀਂ ਬੱਚਿਓ! ਇਸਨੂੰ ਵੀ ਠੀਕ ਉਸੇ ਤਰ੍ਹਾਂ ਸਮਝੋ ਜਿਵੇਂ ਹਰੀਸ਼ਚੰਦਰ ਦੀ ਨਗਰੀ ਵਾਲੀ ਕਹਾਣੀ ਸੀ |
ਸੱਚਮੁੱਚ, ਮਾਂ ਦੇ ਮੂੰਹੋਂ ਆਕਾਸ਼ ਗੰਗਾ ਦੀ ਕਹਾਣੀ ਸੁਣ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ, ਇਸ ਗੱਲ ਦੀ ਖ਼ੁਸ਼ੀ ਕਿ ਮਾਂ ਦੇ ਗਿਆਨ-ਰੂਪੀ ਖ਼ਜ਼ਾਨੇ ਦਾ ਇਕ-ਇਕ ਅੰਸ਼ ਸਾਡੇ ਕੋਲ ਆ ਰਿਹਾ ਸੀ |
ਪਤਾ ਨਹੀਂ ਉਸ ਦਿਨ ਸਾਨੂੰ ਇੰਨੀ ਜਲਦੀ ਨੀਂਦ ਕਿਵੇਂ ਆ ਗਈ | ਮਾਂ ਸਮਝ ਗਈ ਕਿ ਰਾਤ ਦੇਰ ਤੱਕ ਕਹਾਣੀ ਸੁਣਦੇ ਰਹਿਣ ਕਾਰਨ ਸਾਡੀ ਨੀਂਦ ਪੂਰੀ ਨਹੀਂ ਹੁੰਦੀ | ਇਸ ਲਈ ਉਸ ਨੇ ਕਿਹਾ, ਹੁਣ ਸੋ ਜਾਓ |ਉਧਰ ਪਿਤਾ ਜੀ ਦੀ ਆਵਾਜ਼ ਆਈ,ਹੁਣ ਸੌ ਜਾਓ! ਸਵੇਰੇ ਉੱਠਣ ਦਾ ਨਾਮ ਹੀ ਨਹੀਂ ਲੈਂਦੇ |
ਟਿੱਪਣੀ : ਮੈਂ ਆਪਣਾ ਇਹ ਸੰਸਮਰਨ ਇੰਨਾ ਮਗਨ ਹੋ ਕੇ ਲਿਖ ਰਹੀ ਸੀ ਕਿ ਜਿਵੇਂ ਉਸੇ ਸਮੇਂ ਵਿੱਚ ਪਹੁੰਚ ਗਈ ਹਾਂ | ਤਦ ਹੀ ਤਾਂ ਮੇਰੇ ਪਿਤਾ ਜੀ (ਗਿਆਨੀ ਬਲਵੰਤ ਸਿੰਘ) ਦੀ ਆਵਾਜ਼ ਮੇਰੇ ਕੰਨਾਂ ਵਿਚ ਗੰੂਜੀ-
'ਸੌ ਜਾਓ! ਸਵੇਰੇ ਤੁਹਾਡੀ ਅੱਖ ਨਹੀਂ ਖੁੱਲ੍ਹਦੀ |'
-ਮੋਬਾਈਲ : 081782-84733