ਤੂੰ ਚੀਕਾਂ ਕਢਵਾਈ ਜਾਵੇਂ ਸੁਣਦਾ ਨੀ ਗੱਲ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜ ਕੱਲ੍ਹ |
ਲੇਲ੍ਹੜੀਆਂ ਲੋਕ ਕੱਢੀ ਜਾਂਦੇ ਨੇ ਬਥੇਰੀਆਂ
ਇਸ ਮੌਕੇ ਦਸੇ ਨੇ ਘਿਓ ਵਿੱਚ ਤੇਰੀਆਂ
ਬਿਨ੍ਹਾਂ ਫਰਮੈਸ਼ ਤੋਂ ਹੋਵੇ ਨਾ ਤੇਰਾ ਹੱਲ੍ਹ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜ ਕੱਲ੍ਹ |
ਅੱਜ ਦੀ ਘੜੀ ਤੂੰ ਮਹਿੰਗਾ ਸਾਰੇ ਹੀ ਸਾਮਾਨ ਤੋਂ
ਰੱਖਣ ਲੁਕੋ ਕੇ ਸਾਰੇ ਤੈਨੂੰ ਜਿੰਦ ਜਾਨ ਤੋਂ
ਤਕੜਾ, ਮਾੜਾ ਨਾ ਵੇਖੇਂ ਲਾਹੀ ਜਾਵੇਂ ਖੱਲ੍ਹ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜਕਲ੍ਹ |
ਹਰ ਥਾਂ ਤੇ ਹਰ ਵੇਲੇ ਤੇਰਾ ਹੀ ਜ਼ਿਕਰ ਏ
ਬੀਬੀਆਂ ਭੈਣਾਂ ਨੂੰ ਵੱਧ ਤੇਰਾ ਹੀ ਫ਼ਿਕਰ ਏ
ਵੱਢ ਵੱਢ ਖਾਈ ਜਾਂਦਾ ਝੋਰਾ ਪਲ਼ ਪਲ਼ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜ ਕੱਲ੍ਹ |
ਲੱਗੀਆ ਨੇ ਲਾਇਨਾਂ ਅੱਜ ਤੇਰੇ ਪਿੱਛੇ ਵੱਡੀਆਂ
ਘੁੰਮਦੇ ਨੇ ਮੋਟਰਸਾਈਕਲ ਨਾਲ਼ੇ ਗੱਡੀਆਂ
ਭੱਜੀਆਂ ਸਕੂਟਰੀਆਂ ਆਉਣ ਤੇਰੇ ਵੱਲ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜ ਕੱਲ੍ਹ |
ਲੱਕੜਾਂ ਤੇ ਪਾਥੀਆਂ ਦੀ ਕਦਰ ਪਵਾਤੀ ਤੂੰ
'ਕੌਰੇਆਣੇ ਭੱਟੀ' ਤੋਂ ਕਵਿਤਾ ਲਿਖਵਾਤੀ ਤੂੰ
ਆਜਾ ਥੱਲੇ ਹਾੜ੍ਹੇ ਉੱਚੀ ਜਗ੍ਹਾ ਨਾ ਤੂੰ ਮੱਲ |
ਚਾਂਦੀ ਆ ਸਿਲੰਡਰਾ ਓਏ ਤੇਰੀ ਅੱਜ ਕੱਲ੍ਹ |
-ਗੁਰਮੇਲ ਭੱਟੀ, ਕੌਰੇਆਣਾ
ਮੋਬਾਈਲ : 9876684438