ਸੈਕਰਾਮੈਂਟੋ, 2 ਅਪ੍ਰੈਲ (ਹੁਸਨ ਲੜੋਆ)-ਬਰੈਂਪਟਨ ਵਾਸੀ ਗੁਰਅਮਿ੍ਤ ਸਿੱਧੂ ਜਿਸ ਨੂੰ 2024 ਵਿਚ ਡਰੱਗ ਮਾਮਲੇ ਦਾ ਸਾਹਮਣਾ ਕਰਨ ਲਈ ਅਮਰੀਕਾ ਦੇ ਸਪੁਰਦ ਕੀਤਾ ਗਿਆ ਸੀ, ਨੇ ਲਾਸ ਏਾਜਲਸ ਦੀ ਇਕ ਸੰਘੀ ਅਦਾਲਤ ਵਿੱਚ ਆਪਣੇ ਵਿਰੁੱਧ ਲੱਗੇ ਵੱਡੀ ਪੱਧਰ 'ਤੇ ਡਰੱਗ ਤਸਕਰੀ ਕਰਨ ਦੇ ਦੋਸ਼ਾਂ ਨੂੰ ਮੰਨ ਲਿਆ ਹੈ | 62 ਸਾਲਾ ਸਿੱਧੂ ਜਿਸ ਨੂੰ ਕੌਮਾਂਤਰੀ ਡਰੱਗ ਟਰੈਫਿਕਿੰਗ ਸਿੰਡੀਕੇਡ ਦਾ ਸਰਗਰਨਾ ਮੰਨਿਆ ਜਾਂਦਾ ਹੈ , ਨੇ ਅਦਾਲਤ ਵਿਚ ਦਰਖਾਸਤ ਦਾਇਰ ਕਰਕੇ ਸਵਿਕਾਰ ਕੀਤਾ ਕਿ ਉਹ ਵੱਡੀ ਪੱਧਰ 'ਤੇ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਿਲ ਰਿਹਾ ਹੈ | ਸਿੱਧੂ ਵਿਰੁੱਧ ਦੋਸ਼ ਹਨ ਕਿ ਉਸ ਨੇ 2022 ਦੇ ਅੰਤ ਵਿੱਚ 5 ਹਫਤਿਆਂ ਦੌਰਾਨ 1.7 ਕਰੋੜ ਡਾਲਰ ਮੁੱਲ ਦੀ ਮੈਥੰਫੇਟਾਮਾਈਨ ਤੇ ਕੋਕੀਨ ਅਮਰੀਕਾ ਤੋਂ ਕੈਨੇਡਾ ਭੇਜੀ | ਸੰਘੀ ਵਕੀਲਾਂ ਤੇ ਅਦਾਲਤੀ ਦਸਤਾਵੇਜਾਂ ਅਨੁਸਾਰ ਸਿੱਧੂ ਦੀ ਸਿੰਡੀਕੇਟ ਅਮਰੀਕਾ ਵਿੱਚੋਂ ਥੋਕ ਵਿੱਚ ਡਰੱਗ ਖ੍ਰੀਦ ਕੇ ਉਸ ਨੂੰ ਸੈਮੀ ਟਰੱਕਾਂ ਰਾਹੀਂ ਕੈਨੇਡਾ ਭੇਜਦੀ ਸੀ ਜਿਥੇ ਇਹ ਡਰੱਗ ਵੇਚਿਆ ਜਾਂਦਾ ਸੀ | ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਸੰਤਬਰ ਤੇ ਅਕਤੂਬਰ ਦਰਮਿਆਨ ਸਿੱਧੂ ਦੁਆਰਾ ਭੇਜੀਆਂ ਵੱਖ ਵੱਖ 8 ਖੇਪਾਂ ਨੂੰ ਫੜਿਆ ਜਿਨਾਂ ਵਿੱਚ 523 ਕਿਲੋਗ੍ਰਾਮ ਮੈਥੰਫੇਟਾਮਾਈਨ ਤੇ 347 ਕਿਲੋਗ੍ਰਾਮ ਕੋਕੀਨ ਸ਼ਾਮਿਲ ਸੀ | ਇਸ ਮਾਮਲੇ ਵਿੱਚ ਕੁਲ 19 ਸ਼ੱਕੀ ਦੋਸ਼ੀ ਸ਼ਾਮਿਲ ਹਨ ਜਿਨਾਂ ਵਿੱਚੋਂ ਸਿੱਧੂ ਸਤਵੇਂ ਦੋਸ਼ੀ ਹਨ ਜਿਸ ਨੇ ਗੁਨਾਹ ਦਰਖਾਸਤ ਦਾਇਰ ਕੀਤੀ ਹੈ | ਉਸ ਦੇ ਸਾਥੀ ਦੋਸ਼ੀਆਂ ਨੂੰ 2 ਤੋਂ 9 ਸਾਲ ਸਜ਼ਾ ਹੋਈ ਹੈ ਜਦ ਕਿ ਸਿੱਧੂ ਦੀ ਭੂਮਿਕਾ ਇੱਕ ਸਰਗਨੇ ਦੀ ਹੈ, ਉਸ ਨੂੰ ਗੰਭੀਰ ਕਾਨੂੰਨੀ ਸਿੱਟਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਯੂ ਐਸ ਡਿਸਟਿ੍ਕਟ ਜੱਜ ਜੌਹਨ ਏ ਕਰੋਨਸਟਾਡਟ ਨੇ ਸਿੱਧੂ ਨੂੰ ਸਜ਼ਾ ਸੁਣਾਉਣ ਲਈ 9 ਜੁਲਾਈ ਤਰੀਕ ਤੈਅ ਕੀਤੀ ਹੈ |