ਜਲੰਧਰ, 9 ਜੁਲਾਈ (ਸ਼ਿਵ)- ਬਿਨਾਂ ਦਸਤਾਵੇਜ਼ਾਂ ਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਆਰ. ਟੀ. ਓ. ਦਫਤਰ ਨੇ ਲਗਾਤਾਰ ਕਾਰਵਾਈ ਕਰਦੇ ਹੋਏ ਅਲੱਗ-ਅਲੱਗ ਕਰੀਬ 16 ਗੱਡੀਆਂ ਦੇ ਚਲਾਨ ਕੀਤੇ ਹਨ। ਆਰ. ਟੀ. ਓ. ਦਾ ਕੰਮ ਦੇਖ ਰਹੇ ਸਕੱਤਰ ਆਰ. ਟੀ. ਏ. ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਹਾਈਵੇ ’ਤੇ ਇਨ੍ਹਾਂ ਗੱਡੀਆਂ ਦੇ ਚਲਾਨ ਕੀਤੇ ਗਏ ਹਨ । ਇਨ੍ਹਾਂ ਗੱਡੀਆਂ ਵਾਲਿਆਂ ਨੂੰ ਕਰੀਬ 3 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੇ ਬਿਨਾਂ ਦਸਾਤਵੇਜਾਂ ਤੋਂ ਹਰ ਮਹੀਨੇ ਗੱਡੀਆਂ ਦੀ ਚੈਕਿੰਗ ਦੌਰਾਨ 12 ਤੋਂ 15 ਲੱਖ ਦੇ ਕਰੀਬ ਜੁਰਮਾਨਾ ਕੀਤਾ ਜਾਂਦਾ ਹੈ। ਵਿਭਾਗ ਦਾ ਕਹਿਣਾ ਸੀ ਕਿ ਜਿਨਾਂ ਈ-ਰਿਕਸ਼ਿਆਂ ਵਾਲਿਆਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੁੰਦੇ ਹਨ ਤਾਂ ਉਨਾਂ ਦੇ ਹਰ ਮਹੀਨੇ 15 ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਨਾਲ ਕੀਤੀ ਗਈ ਮੀਟਿੰਗ ਵਿਚ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਈ-ਰਿਕਸ਼ੇ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਟਰਾਂਸਪੋਰਟ ਅਧਿਕਾਰੀ ਮੁਤਾਬਕ ਜਿਹੜੇ ਆਟੋ, ਈ-ਰਿਕਸ਼ੇ ਵਾਲਿਆਂ ਕੋਲ ਸ਼ਹਿਰ ਦੇ ਬਾਹਰ ਵਾਹਨ ਚਲਾਉਣ ਦਾ ਪਰਮਿਟ ਨਹੀਂ ਹੈ। ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਰ. ਟੀ. ਓ. ਬਲਜਿੰਦਰ ਢਿੱਲੋਂ ਨੇ ਦੱਸਿਆ ਕਿ ਲੋਕਾਂ ਨੂੰ ਆਗਾਹ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਸੜਕਾਂ ’ਤੇ ਗ਼ਲਤ ਡਰਾਈਵਿੰਗ, ਸ਼ਰਾਬ ਪੀ ਕੇ ਗੱਡੀਆਂ ਚਲਾਨ ’ਤੇ ਘੱਟ ਉਮਰ ਵਾਲਿਆਂ ਵਲੋੇਂ ਗੱਡੀਆਂ ਚਲਾਉਣ ਦੇ ਮਾਮਲੇ ਵਿਚ ਸਖ਼ਤੀ ਕਰਦੇ ਹੋਏ ਨਵੇਂ ਟ੍ਰੈਫਿਕ ਨਿਯਮ ਤੋੜਨ ਦੇ ਇਨ੍ਹਾਂ ਮਾਮਲਿਆਂ ਨੂੰ ਰਾਜ਼ੀਨਾਮਾ ਨਾ ਹੋਣ ਵਾਲੇ ਵਰਗ ਵਿਚ ਸ਼ਾਮਿਲ ਕੀਤਾ ਹੈ। ਇਨ੍ਹਾਂ ਵਿਚ ਲਾਲ ਲਾਈਟ ਜੰਪ ਕਰਨਾ ਵੀ ਸ਼ਾਮਿਲ ਹੈ। ਇਨ੍ਹਾਂ ਨਿਯਮਾਂ ਦੀ ਸਾਰਿਆਂ ਪਾਲਨਾ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਕੈਟਾਗਰੀ ਵਿਚ ਜੇਕਰ ਚਲਾਨ ਹੁੰਦਾ ਹੈ ਤਾਂ ਉਸ ਦਾ ਭੁਗਤਾਨ ਨਾ ਮੌਕੇ ’ਤੇ ਅਤੇ ਨਾ ਹੀ ਇਸ ਨੂੰ ਆਰ. ਟੀ. ਓ. ਦਫਤਰ ਵਿਚ ਇਸ ਨੂੰ ਭੁਗਤ ਸਕਣਗੇ। ਇਸ ਤਰਾਂ ਦੇ ਚਲਾਨ ਅਦਾਲਤਾਂ ਵਿਚ ਭੇਜੇ ਜਾਣਗੇ। ਜੇਕਰ ਚਲਾਨ ਦੀ ਸੁਣਵਾਈ ਦੌਰਾਨ ਮਾਮਲਾ ਗੰਭੀਰ ਹੁੰਦਾ ਹੈ ਤਾਂ ਵਾਹਨ ਚਲਾਉਣ ਵਾਲਿਆਂ ਨੂੰ ਐਕਟ ਮੁਤਾਬਕ ਕਾਨੂੰਨੀ ਸਜਾ ਵੀ ਹੋ ਸਕਦੀ ਹੈ।