14 ਹਜ਼ਾਰ ਕੋਈ ਥੋੜ੍ਹੀ ਰਕਮ ਨਹੀਂ ਹੁੰਦੀ। ਨੁਕਸਾਨ ਤਾਂ ਧੇਲੀ-ਪੌਲੀ ਦਾ ਮਾਣ ਨਹੀਂ ਤੇ ਇਧਰ ਚੜ੍ਹਦੀ ਸਵੇਰ ਹੀ ਹਜ਼ਾਰ-ਹਜ਼ਾਰ ਦੇ ਚੌਦਾਂ ਕੜਕਦੇ ਨੋਟ ਡਿੱਗੇ ਸਨ। ਉਹ ਵੀ ਆਪਣੀ ਹੀ ਜੇਬ ਚੋਂ। ਅੱਜ ਵੀ ਚੇਤੇ ਐ, ਤੇਰਾਂ ਤਰੀਕ ਸੀ ਉਸ ਦਿਨ। ਤਿੰਨ ਤੇਰਾਂ 'ਤੇ ਤੇਈ। ਇਨ੍ਹਾਂ ਤਰੀਕਾਂ ਵਾਲੇ ਦਿਨ ਤਾਂ ਮੇਰੇ ਕੋਲ ਰੱਤੀ ਭਰ ਵੀ ਵਿਹਲ ਨਹੀਂ। ਤਨਖਾਹ ਦੇਣੀ ਹੁੰਦੀ ਐ ਕੰਮ ਕਰਦੇ ਬੰਦਿਆਂ ਨੂੰ। ਤਿੰਨ ਤੇਰਾਂ ਤੇ ਤੇਈ ਵਾਲੀ ਸਲਾਹ ਬਾਪ ਜਿਊਂਦੇ ਜੀਅ ਦੇ ਕੇ ਗਿਆ ਸੀ। ਉਦੋਂ ਸ਼ਹਿਰਦਾਰੀ 'ਚ ਵਿਚਰਦਿਆਂ ਪੰਜ-ਸੱਤ ਵਰ੍ਹੇ ਲੰਘ ਗਏ ਸਨ। ਉਹਨੀ ਦਿਨੀਂ ਨਵੀਆਂ ਕਾਲੋਨੀਆਂ ਵਿਚ ਛੋਟੀ-ਮੋਟੀ ਠੇਕੇਦਾਰੀ ਚੱਲਣ ਲੱਗੀ ਸੀ। ਪਿੰਡ ਰਹਿੰਦਾ ਬਾਪ ਕਦੀ ਕਦਾਈਂ ਸ਼ਹਿਰ ਆਉਂਦਾ ਤਾਂ ਮੈਂ ਉਹਨੂੰ ਆਪਣੇ ਕੰਮਾਂ 'ਤੇ ਲੈ ਆਉਂਦਾ। ਉਹ ਆਪਣੀ ਆਦਤ ਮੂਜਬ ਇਕ ਨੁੱਕਰੇ ਖਲੋਤਾ ਅੱਖ ਮੀਚ ਕੇ ਇਕੱਲੀ ਇਕੱਲੀ ਕੰਧ ਦੀ ਸਧਾਈ ਵੇਖਦਾ। ਲੱਗ ਗਈ ਚਿਣਾਈ ਦੀ ਸਫਾਈ ਜਾਚਦਾ। ਛੋਹਲੇ ਹੱਥੀਂ ਕੰਮ ਕਰਦੇ ਮੁੰਡਿਆਂ ਨੂੰ ਨਿਹਾਰਦਿਆਂ ਇਸ਼ਾਰੇ ਨਾਲ ਮੈਨੂੰ ਕੋਲ ਬੁਲਾਉਂਦਿਆਂ ਸਹਿਜ ਨਾਲ ਕਹਿੰਦਾ 'ਛਿੰਦਿਆ, ਬੰਦਿਆਂ ਦੇ ਸਿਰੀਂ ਕੰਮ ਨਿਭਦੇ ਹੁੰਦੇ ਈ, ਤੇ ਬੰਦਾ ਚਾਅ ਨੂੰ ਨਹੀਂ, ਲੋੜ ਮਾਰਿਆ ਘਰੋਂ ਨਿਕਲਦਾ। ਪੈਹਾ-ਧੇਲਾ ਟੈਂਮ ਨਾਲ ਦਿਆ ਕਰ ਇਨ੍ਹਾਂ ਨੂੰ।'
ਬਾਪ ਤੁਰ ਗਿਆ ਆਪਣੇ ਹਿੱਸੇ ਦੀ ਪੁਗਾਅ ਕੇ। ਆਪਾਂ ਵੀ ਉਹਦੀ ਕਹੀ ਪੁਗਾਈ। ਤਿੰਨ, ਤੇਰਾਂ ਤੇਈ ਤਰੀਕਾਂ ਪੱਕੀਆਂ। ਹਰ ਮਹੀਨੇ ਦੀਆਂ। ਮੀਂਹ ਜਾਏ, ਹਨੇਰੀ ਜਾਏ। ਮੰਦਾ ਹੋਵੇ, ਤੇਜੀ ਹੋਵੇ। ਥੋੜ੍ਹੇ ਹੋਣ, ਬਹੁਤੇ ਹੋਣ। ਦੇਣੇ ਜ਼ਰੂਰ ਐ।
'ਤੇ ਹਾਂ, ਤੇਰਾਂ ਈ ਤਰੀਕ ਸੀ ਉਸ ਦਿਨ ਵੀ। ਅੱਸੂ-ਕੱਤੇ ਦੇ ਦਿਨਾਂ ਦੀ ਗੱਲ ਐ। ਪਹਿਲੀ ਫੇਰੀ ਪੁਰਾਣੇ ਫੋਕਲ ਪੁਆਇੰਟ। ਬੰਦ ਪਈ ਫੈਕਟਰੀ ਦੇ ਸ਼ੈੱਡ ਖਰੀਦੇ ਸੀ ਪੇਚਾਂ ਵਾਲੇ ਵਿਰਦੀਆਂ ਨੇ। ਭੰਨ -ਤੋੜ ਦਾ ਕੰਮ ਸੀ ਬਹੁਤਾ। ਖਲਾਰਾ ਸੀ ਅੰਦਰ-ਬਾਹਰ। ਖੱਬੇ ਹੱਥ ਵਾਲੇ ਪਹਿਲੇ ਸੈੱਡ 'ਚ ਵੜ੍ਹਿਆ। ਆਪੋ-ਆਪਣੇ ਕੰਮ 'ਚ ਰੁੱਝੇ ਹੋਏ ਸਾਰੇ। ਇਕੱਲੇ- ਇਕੱਲੇ ਨੂੰ ਦਿਹਾੜੀਆਂ ਪੁੱਛੀਆਂ। ਕਾਪੀ ਨਾਲ ਮੇਲੀਆਂ। ਹਿਸਾਬ ਚੁਕਦਾ ਕੀਤਾ ਤੇ ਬਚਦੇ ਨੋਟਾਂ ਨੂੰ ਹੱਥ ਮਾਰਿਆ। ਹਜ਼ਾਰ-ਹਜ਼ਾਰ ਦੇ ਸੋਲਾਂ ਸਨ ਪੂਰੇ। ਉਂਝ ਹੀ ਗੱਲੀਂ ਪਏ ਨੇ ਨੋਟ ਤਹਿ ਕੀਤੇ ਤੇ ਪੈਂਟ ਦੀ ਬੈਲਟ ਹੇਠਲੀ ਜੇਬ ਵਿਚ ਪਾਉਂਦਿਆਂ ਮੈਂ ਸ਼ੈੱਡ ਦੇ ਪਿਛਲੇ ਪਾਸੇ ਨੂੰ ਨਿਕਲ ਪਿਆ ਸਾਂ। ਕੰਮ ਕਰਦੇ ਮੁੰਡਿਆਂ ਸਾਹਬ ਸਲਾਮ ਕਹੀ। ਹੋਏ ਕੰਮ ਨੂੰ ਝਾਤੀ ਮਾਰਦਿਆਂ ਮੈਂ ਊਬੜ-ਖਾਬੜ ਪਏ ਇੱਟ ਰੋੜਿਆਂ ਤੋਂ ਥਾਂ ਸਿਰ ਹੋਣ ਲਈ ਆਪਣੇ ਪੈਰ ਟਿਕਾਉਣ ਹੀ ਲੱਗਿਆ ਸਾਂ ਜਦੋਂ ਪੈਂਟ ਦੇ ਸੱਜੇ ਪਾਂਉਂਚੇ ਰਾਹੀਂ ਹਜ਼ਾਰ- ਹਜ਼ਾਰ ਦੇ ਦੋ ਨੋਟ ਮੇਰੇ ਪੈਰਾਂ 'ਚ ਡਿੱਗੇ ਸਨ। ਮੈਂ ਤੁਰੰਤ ਪਹਿਲਾਂ ਤਾਂ ਹੇਠਾਂ ਪਏ ਨੋਟ ਚੁੱਕੇ ਤੇ ਫਿਰ ਕਾਹਲੀ ਨਾਲ ਬੈਲਟ ਹੇਠਲੀ ਜੇਬ ਵਿਚ ਹੱਥ ਮਾਰਿਆ। ਖਾਲੀ ਸੀ ਜੇਬ। ਮੈਂ ਇਹ ਸੋਚ ਕੇ ਕਿ ਦੋ ਚਾਰ ਮਿੰਟ ਪਹਿਲਾਂ ਦੀ ਤਾਂ ਗੱਲ ਐ ਮਸਾਂ, ਤੇ ਪੈਂਡਾ ਵੀ ਐਵੇਂ ਗਿਣਤੀ ਦੇ ਕਦਮਾਂ ਦਾ ਹੀ ਕੀਤਾ। ਬਸ ਕੰਧ ਦੇ ਉਸ ਪਾਸੇ ਤੋਂ ਇਸ ਪਾਸੇ ਹੀ ਤਾਂ ਆਇਆ ਸਾਂ। ਤਾਂ ਹੀ ਮੈਂ ਉੱਧਰ ਕੰਮ ਕਰਦੇ ਆਪਣੇ ਕਾਰੀਗਰ ਨੂੰ ਉੱਚੀ ਆਵਾਜ਼ ਮਾਰਦਿਆਂ ਕਿਹਾ ਸੀ ਕਿ 'ਓ ਰੂਪਿਆ, ਹਈਥੇ ਵੇਖੀਂ, ਪੈਸੇ ਡਿੱਗੇ ਹੋਣੇ ਈ' ਤੇ ਨਾਲ ਈ ਮੈਂ ਜ਼ਮੀਨ ਉੱਤੇ ਝਾਤੀ ਮਾਰਦਾ-ਮਾਰਦਾ ਛੋਹਲੇ ਕਦਮਾਂ ਨਾਲ ਉੱਧਰ ਨੂੰ ਹੋ ਤੁਰਿਆ ਸਾਂ। ਪੂਰੇ ਰਸਤੇ ਇਕ ਵੀ ਨੋਟ ਮੇਰੀ ਨਜ਼ਰੀਂ ਨਹੀਂ ਸੀ ਚੜ੍ਹਿਆ। ਉਧਰ ਵੀ ਸੁਣਦਿਆਂ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹੱਥ ਵਾਲਾ ਕੰਮ ਵਿਚਾਲੇ ਛੱਡ ਸਾਰੇ ਈ ਇੱਧਰ-ਉੱਧਰ ਲੱਭਣ ਲੱਗੇ। ਕੋਈ ਕਹੇ ਕਿ ਮੇਰੇ ਸਾਹਮਣੇ ਅੰਕਲ ਜੀ ਨੇ ਜੇਬ 'ਚ ਪਾਏ, ਕੋਈ ਕਹੇ ਮੈਂ ਤਾਂ ਜੀ ਅਈਥੋਂ ਹਿੱਲਿਆ ਤੱਕ ਨਹੀਂ, ਭਾਵੇਂ ਸੌਂਹ ਖਵਾ ਲਓ ਜ੍ਹਿਦੀ ਮਰਜ਼ੀ। ਕੋਈ ਕਹੇ ਭਾ ਜੀ ਤਲਾਸ਼ੀ ਲਓ, ਕੱਲੇ- ਕੱਲੇ ਦੀ।'
ਆਪਣੇ ਈ ਤਾਂ ਬੰਦੇ ਸੀ ਸਾਰੇ, ਪਿਛਲੇ ਕਈ ਵਰ੍ਹਿਆਂ ਤੋਂ ਆਪਣੇ ਈ ਕੋਲ ਕੰਮ ਕਰਦੇ। ਕੋਈ ਚੋਰੀ ਨਹੀਂ, ਉਲ੍ਹਾਮਾ ਨਹੀਂ ਹੁਣ ਤੱਕ। ਬਹੁਤੇ ਉਮਰਾਂ 'ਚ ਵੀ ਸਿਆਣੇ-ਬਿਆਣੇ। ਇਨ੍ਹਾਂ 'ਚੋਂ ਸ਼ੱਕ ਕਿਸ 'ਤੇ ਕੀਤਾ ਜਾਵੇ। ਫਿਰ ਸੋਚਦੈਂ ਕਿ ਹੈ ਤਾਂ ਹਨੇਰ ਵਾਲੀ ਗੱਲ, ਕੋਈ ਓਪਰਾ ਬੰਦਾ ਅੰਦਰ ਨਹੀਂ ਵੜਿਆ। ਅੰਦਰਲਾ ਕੋਈ ਬਾਹਰ ਨਹੀਂ ਗਿਆ। ਫਿਰ ਪੈਸੇ ਪੈ ਕਿਹੜੇ ਖੂਹ 'ਚ ਗਏ।
ਪੱਤ-ਪੱਤ ਫਰੋਲਦਿਆਂ ਸਾਰੇ ਹੀ ਹਾਰ ਹੰਭ ਗਏ ਸਾਂ। ਚੜ੍ਹਿਆ ਦਿਨ ਵੀ ਹੇਠਾਂ ਲਹਿ ਗਿਆ ਸੀ ਪਰ ਹੱਥ ਪੱਲੇ ਕੁਝ ਵੀ ਨਹੀਂ ਸੀ ਪਿਆ। ਉਦਾਸ ਤਾਂ ਮੈਂ ਵੀ ਬਹੁਤ ਸਾਂ। ਪਰ ਉਹ ਵੀ ਸਾਰੇ ਮੇਰੇ ਵਾਂਗ ਹੀ ਉਦਾਸ ਖਲੋਤੇ ਸਨ ਅਤੇ ਮੇਰੇ ਨਾਲ ਅੱਖ ਮਿਲਾਉਣ ਤੋਂ ਝਿਜਕ ਰਹੇ ਸਨ ਜਿਵੇਂ ਮੈਂ ਉਨ੍ਹਾਂ ਸਾਰਿਆਂ ਨੂੰ ਹੀ ਚੋਰ ਸਮਝ ਰਿਹਾ ਹੋਵਾਂ। ਉਨ੍ਹਾਂ ਵਿਚੋਂ ਹੀ ਥੋੜ੍ਹਾ ਹਟਵਾਂ ਖਲੋਤਾ ਰਾਜੂ ਸਹਿਜ-ਸਹਿਜ ਪੈਰ ਪੁਟਦਾ ਮੇਰੇ ਕੋਲ ਆਣ ਖਲੋਤਾ ਸੀ। ਪਿਛੋਂ ਬਿਹਾਰ ਦੇ ਕਿਸੇ ਪਿੰਡ ਤੋਂ ਹੈ ਇਹ। ਜਿਉਂ ਆਇਆ ਮੇਰੇ ਕੋਲ ਈ ਟਿਕਿਆ। ਹੁਣ ਤਾਂ ਮਜ਼ਦੂਰ ਤੋਂ ਮਿਸਤਰੀ ਬਣ ਗਿਆ। ਹਲਕਾ ਜਿਹਾ ਖੰਗੂਰਾ ਮਾਰਦਿਆਂ ਰਾਜੂ ਕਹਿੰਦਾ 'ਅਰੇ ਭਾ ਜੀ, ਆਈਸੇ ਤੋ ਜਿਤਨੀ ਦੇਰ ਆਪ ਕੇ ਪਾਈਸੇ ਕਾ ਪਤਾ ਨਹੀਂ ਚਲਤਾ, ਹਮ ਸਭੀ ਅਪਨੇ ਆਪ ਕੋ ਚੋਰ ਸਮਝ ਰਹੇ ਹੈਂ। ਮੇਰੀ ਬਾਤ ਮਾਨੀਏ, ਮੈਂ ਏਕ ਬਾਬਾ ਕੋ ਜਾਨਤਾ ਹੂੰ। ਬਹੁਤ ਲੋਗ ਆਤੇ ਹੈਂ ਉਸ ਕੇ ਪਾਸ। ਭਾਅ ਜੀ, ਬਿਸਵਾਸ ਕਰੇਂ। ਚੋਰ ਕਾ ਨਾਮ ਤੀਕ ਬਤਾ ਦੇ ਗਾ ਵੋ ਬਾਬਾ'। ਬਾਕੀ ਦਿਆਂ ਵੀ ਉਹਦੀ ਹਾਂ 'ਚ ਹਾਂ ਮਿਲਾਉਂਦਿਆਂ ਇਕ ਵਾਰ ਜਾ ਕੇ ਪੁਛਣਾ ਪਵਾਉਣ ਲਈ ਕਿਹਾ ਸੀ।
ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦੇ ਕਹੇ ਕਹਾਏ ਉਥੇ ਜਾ ਪਹੁੰਚਿਆ ਸਾਂ। ਜ਼ਮੀਨ ਤੋਂ ਫੁੱਟ 'ਕੁ ਉੱਚੀ ਕਬਰ ਦੇ ਕੋਲ ਹਰੀ ਜਿਹੀ ਚਾਦਰ ਦੀ ਬੁੱਕਲ ਮਾਰੀ ਅੱਧ-ਖੜ ਜਿਹੀ ਉਮਰ ਦਾ ਉਹ ਬਾਬਾ ਟਿਕ ਟਿਕੀ ਲਗਾ ਕੇ ਮੇਰੇ ਵੱਲ ਝਾਕ ਰਿਹਾ ਸੀ। ਬਾਬੇ ਨੇ ਗੱਲ ਸੁਣੀ, ਸਮਝੀ ਤੇ ਫਿਰ ਆਪਣਾ ਮੂੰਹ ਸਿਰ ਉਪਰ ਲਈ ਚਾਦਰ ਵਿਚ ਵਲ੍ਹੇਟ ਲਿਆ। ਐਵੇਂ ਡੇੜ੍ਹ ਦੋ ਮਿੰਟਾਂ ਬਾਅਦ ਹੀ ਉਸ ਨੇ ਆਪਣੀਆਂ ਅੱਖਾਂ ਤੋਂ ਚਾਦਰ ਥੋੜ੍ਹੀ ਕੁ ਹੇਠਾਂ ਖਿਸਕਾਈ ਤੇ ਨਾਲ ਹੀ ਧੌਣ ਦੇ ਇਸ਼ਾਰੇ ਜਿਹੇ ਨਾਲ ਨੇੜੇ ਹੋਣ ਲਈ ਕਹਿੰਦਿਆਂ ਰਲਵੀਂ ਜਿਹੀ ਭਾਸ਼ਾ 'ਚ ਬੋਲਿਆ 'ਠੇਕੇਦਾਰ ਸਾਹਬ, ਧਿਆਨ ਸੇ ਸੁਨੀਏ, ਸੂਰਜ ਚੜ੍ਹਨੇ ਸੇ ਪਹਿਲੇ ਉਸੀ ਜਗ੍ਹਾ ਪੇ ਜਾਨਾ ਔਰ ਸਾਥ ਮੇਂ ਆਟੇ ਕਾ ਪੇੜਾ ਲੇ ਕੇ ਜਾਨਾ। ਜਿਤਨਾ ਭੀ ਆਦਮੀ ਉਸ ਰੋਜ਼ ਵਹਾਂ ਥੇ। ਅਪਨੇ ਸਮੇਤ ਸਭੀ ਕੇ ਨਾਮ ਕਾ ਪਰਚੀ ਬਨਾ ਕੇ ਉਸੀ ਆਟਾ ਮੇਂ ਲਪੇਟ ਕੇ ਬਖਰਾ-ਬਖਰਾ ਗੋਲੀ ਬਨਾ ਲੇਨਾ। ਕਿਸੀ ਸਾਫ ਬਰਤਨ ਮੇਂ ਪਾਣੀ ਡਾਲਨਾ, ਬੀਚ ਮੇਂ ਸਭੀ ਨਾਮ ਵਾਲੀ ਆਟੇ ਕੀ ਗੋਲੀ ਡਾਲ ਦੇਨਾ ਔਰ ਪਾਨੀ ਕੋ ਕਿਸੀ ਕੱਪੜਾ ਕੇ ਸਾਥ ਢਕ ਕੇ ਰਖਨਾ। ਪੌਣੇ ਤੀਨ ਮਿੰਟ ਕੇ ਬਾਅਦ ਉਸੀ ਨਾਮ ਕਾ ਗੋਲੀ ਉਪਰ ਤੈਰਨੇ ਲਗੇਗਾ ਜਿਸ ਕੇ ਪਾਸ ਵੋ ਪੈਸਾ ਹੋਗਾ।'
ਮੈਂ ਬਾਬੇ ਦੀ ਅਜਿਹੀ ਕਲਾਕਾਰੀ ਤੋਂ ਹੈਰਾਨ ਸਾਂ। ਇਸੇ ਕਰਕੇ ਅਗਲੇ ਦਿਨ ਲੋਅ ਲਗਦਿਆਂ ਹੀ ਆਪਣੇ ਕੰਮ ਵਾਲੇ ਅੱਡੇ 'ਤੇ ਜਾ ਪੰਹੁਚਿਆ ਸਾਂ। ਉਸ ਵੇਲੇ ਕੋਈ ਚਿੜੀ ਕਾਂ ਵੀ ਨਹੀਂ ਸੀ ਲਾਗੇ ਬੰਨ੍ਹੇ। ਬਾਬੇ ਦੇ ਕਹੇ ਨੂੰ ਇੰਨ-ਬਿੰਨ ਮੰਨਦਿਆਂ ਸਾਰੇ ਕੰਮ ਨਿਪਟਾ ਮੈਂ ਆਪਣੀ ਨਜ਼ਰ ਘੜੀ ਦੀਆਂ ਸੂਈਆਂ 'ਤੇ ਟਿਕਾ ਲਈ ਸੀ। ਮੈਨੂੰ ਯਕੀਨ ਸੀ ਕਿ ਜਿਸ ਨੇ ਵੀ ਮੇਰੇ ਹਜ਼ਾਰ-ਹਜ਼ਾਰ ਦੇ ਉਹ ਚੌਦਾਂ ਨੋਟ ਏਧਰ ਉਧਰ ਕੀਤੇ ਐ, ਜ਼ਹਿਰ ਮੋਹਰੇ ਜਿਹੇ ਕੱਪੜੇ ਹੇਠ ਢਕਿਆ ਇਹ ਪਾਣੀ ਹੁਣੇ ਨਿਤਾਰਾ ਕਰ ਦੇਵੇਗਾ। ਬਸ ਇਕ ਵਾਰ ਬੰਦੇ ਦਾ ਨਾਮ ਸਾਹਮਣੇ ਆ ਜਾਵੇ। ਫਿਰ ਵੇਖ ਕਿੰਝ ਗਲ 'ਚ ਅੰਗੂਠਾ ਦੇ ਕੇ ਇਕੱਲਾ-ਇਕੱਲਾ ਨੋਟ ਕਢਵਾਉਨਾ ਅਗਲੇ ਤੋਂ। ਘੜੀ ਦੀ ਟਿੱਕ -ਟਿੱਕ ਤੋਂ ਬਹੁਤੀ ਤਾਂ ਮੇਰੇ ਦਿਲ ਦੀ ਧੜਕਣ ਸੁਣਾਈ ਦੇ ਰਹੀ ਸੀ ਤੇ ਪੈਰਾਂ ਭਾਰ ਭੌਏਂ ਉਤੇ ਬੈਠੇ ਦੇ ਸਾਹ ਤੇਜ਼-ਤੇਜ਼ ਚਲਣ ਲੱਗੇ ਸੀ।
ਟਾਈਮ ਦੋ ਮਿੰਟ ਤੋਂ ਉਪਰ ਨਿਕਲ ਗਿਆ ਸੀ। ਮੇਰੇ ਤੇ ਉਸ ਚੋਰ ਦੇ ਵਿਚਾਲੇ ਐਂਵੇਂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ। ਟਿਕੀ ਹੋਈ ਨਿਗ੍ਹਾ ਅੱਗਿਓਂ ਸਕਿੰਟਾਂ ਦਾ ਪੈਰੋ-ਪੈਰ ਘਟਦਾ ਜਾ ਰਿਹਾ ਪੈਂਡਾ ਮੇਰੇ ਦਿਲ ਦੀ ਧੜਕਣ ਨੂੰ ਹੋਰ ਜ਼ਰਬਾਂ ਦੇ ਰਿਹਾ ਸੀ। ਦੋ ਮਿੰਟ ਤੇ ਚਾਲੀ ਸਕਿੰਟ, ਫਿਰ ਇਕਤਾਲੀ, ਬਤਾਲੀ, ਤਰਤਾਲੀ, ਚੌਤਾਲੀ ਤੇ ਔਹੁ ਹੋ ਗਏ ਜੇ ਪੂਰੇ ਪੰਜਤਾਲੀ, ਮਤਲਬ ਪੌਣੇ ਤਿੰਨ ਮਿੰਟ। ਮੈਂ ਧੜਕਦੇ ਦਿਲ ਨੂੰ ਥੋੜ੍ਹਾ ਕਾਬੂ ਵਿਚ ਕਰਦਿਆਂ ਬਾਲਟੇ ਉਤਲਾ ਕੱਪੜਾ ਪਾਸੇ ਕੀਤਾ। ਵੇਖਦਿਆਂ ਸਾਰ ਹੈਰਾਨ। ਸੱਚਮੁੱਚ ਹੀ ਇਕ ਗੋਲੀ ਪਾਣੀ ਉੱਪਰ ਤੈਰ ਰਹੀ ਸੀ। ਮੈਂ ਸਹਿਜ ਨਾਲ ਗੋਲੀ ਨੂੰ ਸੱਜੇ ਹੱਥ ਦੇ ਦੋਵੇਂ ਪੋਟਿਆਂ 'ਚ ਫੜਿਆ ਅਤੇ ਫੜਦਿਆਂ ਸਾਰ ਇੰਝ ਮਹਿਸੂਸ ਹੋਇਆ ਜਿਵੇਂ ਉਸ ਚੋਰ ਨੂੰ ਮੈਂ ਡੌਲਿਓਂ ਜਾ ਫੜਿਆ ਹੋਵੇ।
ਪਾਣੀ ਨਾਲ ਗਿੱਲਾ ਹੋਇਆ ਆਟਾ ਮੇਰੇ ਪੋਟਿਆਂ ਵਿਚ ਖੁਰਦਾ ਜਾ ਰਿਹਾ ਸੀ ਅਤੇ ਹੇਠਲਾ ਚਿੱਟਾ ਕਾਗਜ਼ ਸਾਫ ਦਿਖਾਈ ਦੇਣ ਲੱਗਿਆ ਸੀ। ਮੈਂ ਵੀ ਜਲਦੀ ਨਾਲ ਕਿਸੇ ਤਣ-ਪੱਤਣ ਲੱਗਣਾ ਚਾਹੁੰਦਾ ਸਾਂ। ਚੌਦਾਂ ਹਜ਼ਾਰ ਮੂੰਹ ਨਾਲ ਈ ਆਖਣਾ ਸੌਖਾ। ਹਜ਼ਾਰ-ਹਜ਼ਾਰ ਦੇ ਕੜਕਦੇ ਨੋਟਾਂ ਦਾ ਹੁਣ ਤੀਕ ਵੀ ਚੇਤਾ ਆਉਂਦਾ ਤਾਂ ਗਸ਼ ਪੈਣ ਤੀਕ ਜਾਂਦੀ ਐ। ਕਿਤੇ ਰੱਤੀ ਭਰ ਚੈਨ ਨਹੀਂ ਆਇਆ ਕੱਲ੍ਹ ਦਾ।
ਚੈਨ ਤਾਂ ਕਾਗਜ਼ ਖੋਲ੍ਹ ਕੇ ਵੀ ਕਿਥੇ ਆਇਆ ਸੀ, ਸਗੋਂ ਹੋਰ ਬੇਚੈਨ ਹੋ ਗਿਆ ਸਾਂ ਜਦੋਂ ਹੱਥੀਂ ਲਿਖਿਆ ਨਾਮ ਪੜ੍ਹਦਿਆਂ ਸਾਰ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸਨ। ਉਹ ਤਾਂ ਏਨਾ ਸ਼ੁਕਰ ਸੀ ਕਿ ਮੇਰੇ ਆਸ ਪਾਸ ਕੋਈ ਨਹੀਂ ਸੀ, ਨਹੀਂ ਤਾਂ ਧਰਤੀ ਵਿਹਲ ਨਹੀਂ ਸੀ ਦੇਣਾ ਮੈਨੂੰ, ਹੋਰਨਾ ਸਾਹਮਣੇ।
ਭਾਵੇਂ ਇਕ-ਇਕ ਕਰਕੇ ਸਾਰੀਆਂ ਦੀਆਂ ਸਾਰੀਆਂ ਗੋਲੀਆਂ ਸਾਰੀਆਂ ਈ ਪਾਣੀ 'ਤੇ ਤੈਰਨ ਆਉਣ ਲੱਗੀਆਂ ਸਨ ਪਰ ਮੇਰਾ ਧਿਆਨ ਤਾਂ ਮੇਰੇ ਹੱਥ 'ਚ ਫੜੀ ਪਰਚੀ 'ਤੇ ਲਿਖੇ ਮੇਰੇ ਆਪਣੇ ਹੀ ਨਾਮ ਵੱਲ ਸੀ।
ਕਿਤੇ ਵਰ੍ਹਿਆਂ ਪਹਿਲਾਂ ਮੁੜ ਬਾਪ ਦੀ ਕਹੀ ਗੱਲ ਚੇਤੇ ਆਉਂਦੀ ਐ, ਠੀਕ ਹੀ ਤਾਂ ਕਹਿੰਦਾ ਹੁੰਦਾ ਸੀ ਅਖੇ 'ਛਿੰਦਿਆ, ਜਗ ਨੂੰ ਚੋਰ ਕਹਿਣ ਨਾਲੋਂ ਆਪਣਾ ਘਰ ਸਾਂਭ ਕੇ ਰਖੀਦਾ। ਅਣਗਹਿਲੀ ਪੈਸਾ ਵੀ ਗਵਾਉਂਦੀ ਊ ਤੇ ਰਿਸ਼ਤਾ ਵੀ।'
ਚਾਦਰ ਹੇਠੋਂ ਨਿੱਕੀਆਂ-ਨਿੱਕੀਆਂ ਚੁਨ੍ਹੀਆਂ ਜਿਹੀਆਂ ਅੱਖਾਂ ਨਾਲ ਖਚਰਾ ਜਿਹਾ ਝਾਕਦਾ ਬਾਬਾ ਮੁੜ ਮੇਰੇ ਜ਼ਿਹਨ 'ਚ ਆਉਂਦਾ। ਬੜ੍ਹਾ ਘਰੋੜ ਕੇ ਕਿਹਾ ਸੀ ਉਸ ਨੇ 'ਸਰਦਾਰ ਜੀ, ਅਪਨਾ ਨਾਮ ਬੀ ਸਾਥ ਮੇਂ ਲਿਖਨਾ' ਸਾਨੂੰ ਕਾਹਦਾ ਡਰ। ਡਰੇ ਤਾਂ ਉਹੋ ਜਿਹਦੇ ਢਿੱਡ 'ਚ ਚੋਰ ਹੋਊ। ਏਸੇ ਲਈ ਆਪਾਂ ਵੀ ਪੂਰਾ ਸਾਊਪੁਣਾ ਵਿਖਾਉਂਦਿਆਂ ਸਭ ਤੋਂ ਪਹਿਲਾਂ ਆਪਣੇ ਈ ਨਾਮ ਵਾਲੀ ਪਰਚੀ ਪਹਿਲੀਆਂ 'ਚ ਵਲੇਟਦਿਆਂ ਪਾਣੀ 'ਚ ਡੋਬੀ ਸੀ।
ਤਿੰਨ ਤੇਰਾਂ ਤੇ ਤੇਈ। ਭਾਵੇਂ ਅੱਜ ਵੀ ਬਹੁਤ ਰੁਝਿਆ ਹੁੰਨੈ ਇਹਨੀ ਦਿਨੀਂ। ਚੜ੍ਹਦੀ ਸਵੇਰ ਈ ਜਦੋਂ ਹੁਣ ਘਰੋਂ ਨਿਕਲਦਾਂ ਤਾਂ ਚਾਦਰ ਹੇਠੋਂ ਝਾਕਦਾ ਉਹ ਬਾਬਾ ਦਿਮਾਗ ਦੇ ਕਿਸੇ ਖੂੰਜੇ 'ਚੋਂ ਆਣ ਪ੍ਰਗਟ ਹੁੰਦਾ ਤੇ ਨਾਲ ਹੀ ਹਜ਼ਾਰ ਹਜ਼ਾਰ ਦੇ ਨੋਟਾਂ ਦਾ ਚੇਤਾ ਆਉਂਦਿਆਂ ਜੇਬ ਨੂੰ ਮੁੜ-ਮੁੜ ਹੱਥ ਮਾਰਨਾ ਕਿੱਥੇ ਭੁਲਦੈ ਹੁਣ ਮੈਂ।
-ਮੋਬਾਈਲ : 98721-65707