ਵਿਦੇਸ਼ਾਂ ਵਿਚ ਜਾਣ ਦਾ ਰੁਝਾਨ ਢਾਈ ਕੁ ਦਹਾਕੇ ਪਹਿਲਾਂ ਪ੍ਰਚਲਿਤ ਹੋਇਆ। ਪਰ ਉਸ ਸਮੇਂ ਕੋਈ ਵਿਰਲਾ-ਟਾਵਾਂ ਹੀ ਇਸ ਦੌੜ ਵਿਚ ਸ਼ਾਮਿਲ ਸੀ। ਕੋਈ-ਕੋਈ ਪਿੰਡ ਹੁੰਦਾ ਸੀ, ਜਿਸ ਵਿਚੋਂ ਦੋ-ਚਾਰ ਘਰ ਬਾਹਰ ਜਾ ਕੇ, ਉਥੇ ਹੀ ਆਪਣਾ ਪੱਕ ਬਸੇਰਾ ਕਰ ਲੈਂਦੇ ਸਨ। ਬਹੁਤ ਸਮਾਂ ਇਹ ਰੁਝਾਨ ਕੇਵਲ ਵਿਆਹ ਕਰਵਾ ਕੇ ਜਾਂ ਕੰਮ ਕਰਨ ਖ਼ਾਤਿਰ ਜਾਣ ਦਾ ਹੀ ਰਿਹਾ। ਪਰ ਹੁਣ ਡੇਢ ਕੁ ਦਹਾਕੇ ਤੋਂ ਇਹ ਰੁਝਾਨ ਘਟਿਆ ਨਹੀਂ, ਸਗੋਂ ਬੜੀ ਤੇਜ਼ੀ ਨਾਲ ਵਧਿਆ ਹੈ। ਫਰਕ ਕੇਵਲ ਇਹ ਹੈ ਕਿ ਹੁਣ ਜਾਣ ਦੇ ਤਰੀਕਿਆਂ ਵਿਚ ਅੰਤਰ ਆ ਗਿਆ ਹੈ। ਹੁਣ ਪੜ੍ਹ-ਲਿਖ ਕੇ ਤੇ ਸਿਆਣੇ ਹੋ ਕੇ, ਵਿਦੇਸ਼ੀ ਧਰਤੀ 'ਤੇ ਪੈਰ ਰੱਖਣ ਦੀ ਬਜਾਏ, ਪੜ੍ਹਨ ਲਈ ਜਾਣ ਵਾਲੀ ਭਾਵ ਉਮਰ ਪੱਖੋਂ ਨਿਆਣੀ ਨਹੀਂ ਤਾਂ ਸਿਆਣੀ ਵੀ ਨਾ ਕਹੀ ਜਾ ਸਕਣ ਵਾਲੀ ਪੀੜ੍ਹੀ ਨੇ ਲੈ ਲਈ। ਕਿਹਾ ਜਾ ਸਕਦਾ ਹੈ ਕਿ ਜਿਥੇ ਪਹਿਲਾਂ ਆਰਥਿਕ ਮਜਬੂਰੀਆਂ ਨੇ ਲੋਕਾਂ ਨੂੰ ਵਿਦੇਸ਼ਾਂ ਵੱਲ ਭੱਜਣ ਲਈ ਪ੍ਰੇਰਿਤ ਕੀਤਾ ਸੀ, ਹੁਣ ਇਹ ਦੌੜ ਬਿਹਤਰ ਭਵਿੱਖ ਖਾਤਰ ਲੱਗ ਗਈ ਹੈ।
ਕੱਚੀ ਉਮਰੇ ਆਪਣੀ ਜਨਮ ਭੂਮੀ ਛੱਡ ਕੇ, ਵਿਦੇਸ਼ੀ ਧਰਤੀ ਵੱਲ ਤੁਰ ਜਾਣ ਵਾਲੇ ਬੱਚੇ ਘਰ ਤੋਂ ਦੂਰ ਹੋਣ ਦਾ ਦੁੱਖ ਤੇ ਇਕੱਲਤਾ ਹੰਢਾਉਂਦੇ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੰਘਰਸ਼ ਕਰਦੇ ਹੋਏ, ਕਦੋਂ ਵਿਦੇਸ਼ੀ ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਲਗਦਾ ਤੇ ਫਿਰ 'ਮੇਰਾ ਭਾਰਤ ਮਹਾਨ', 'ਆਈ ਲਵ ਮਾਈ ਇੰਡੀਆ' ਜਿਹੇ ਸਲੋਗਨਾਂ 'ਤੇ ਭਾਵੁਕ ਹੋਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਅਕਸਰ ਇਹ ਕਹਿਣ ਲੱਗ ਪੈਂਦੇ ਹਨ ਕਿ ਹੁਣ ਤਾਂ ਮੁੜਨਾ ਮੁਸ਼ਕਿਲ ਹੈ।
ਇਸ ਪੀੜ੍ਹੀ ਨੂੰ ਵਿਦੇਸ਼ਾਂ ਦਾ ਸਿਸਟਮ, ਕੰਮ ਦਾ ਮਿਲਦਾ ਚੰਗਾ ਵੇਤਨ ਤੇ ਆਲੇ-ਦੁਆਲੇ ਦਾ ਸਾਫ-ਸੁਥਰਾ ਵਾਤਾਵਰਨ ਆਕਰਸ਼ਿਤ ਕਰਦਾ ਹੈ ਤੇ ਜਦੋਂ ਕੁਝ ਕੁ ਸਾਲਾਂ ਬਾਅਦ ਉਹ ਆਪਣੇ ਵਤਨੀਂ ਗੇੜਾ ਮਾਰਦੇ ਹਨ ਤਾਂ ਪਹਿਲੇ ਦੋ ਕੁ ਹਫ਼ਤੇ ਬੜੇ ਚਾਅ ਨਾਲ ਘੁੰਮਦੇ-ਫਿਰਦੇ ਹਨ ਤੇ ਫਿਰ ਇਥੇ ਆਹ ਨਹੀਂ ਠੀਕ, ਔਹ ਨਹੀਂ ਠੀਕ ਦਾ ਰਾਗ ਅਲਾਪਣ ਲੱਗ ਪੈਂਦੇ ਹਨ। ਆਖਰ ਬੱਚਿਆਂ ਦੇ ਪੱਕਾ ਵਿਦੇਸ਼ ਵਸਣ ਦੇ ਫ਼ੈਸਲੇ ਨੂੰ ਮਾਪੇ ਵੀ ਤਰਜੀਹ ਦਿੰਦੇ ਹਨ। ਪਰ ਫਿਰ ਸ਼ੁਰੂ ਹੁੰਦੀ ਹੈ ਅਸਲ ਕਹਾਣੀ। ਹੁਣ ਮਾਪਿਆਂ ਦੀ ਜ਼ਿੰਦਗੀ ਦੋ ਧਿਰਾਂ ਵਿਚ ਵੰਡ ਕੇ ਰਹਿ ਜਾਂਦੀ ਹੈ।
'ਔਲਾਦ ਦਾ ਮੋਹ ਖਿੱਚ ਲੈਂਦਾ ਹੈ ਵਿਦੇਸ਼ੀ ਧਰਤੀ ਵੱਲ, ਪਰ ਆਪਣੀ ਧਰਤੀ ਦੀ ਮੁਹੱਬਤ ਹੈ ਕਿ ਉਥੇ ਟਿਕਣ ਨਹੀਂ ਦਿੰਦੀ।'
ਬੱਚਿਆਂ ਦੇ ਵਿਦੇਸ਼ਾਂ ਵਿਚ ਪੱਕੇ ਤੌਰ 'ਤੇ ਵਸ ਜਾਣ ਕਾਰਨ ਮਾਪਿਆਂ ਦਾ ਉਨ੍ਹਾਂ ਕੋਲ ਆਪਣੀ ਬਜ਼ੁਰਗ ਉਮਰ ਕੱਟਣ ਤੋਂ ਬਿਨਾਂ ਕੋਈ ਹੱਲ ਨਹੀਂ ਹੁੰਦਾ ਤੇ ਪਿੱਛੇ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਆਲੀਸ਼ਾਨ ਹਵੇਲੀਆਂ ਵਿਚ ਕਬੂਤਰ ਬੋਲਦੇ ਨਜ਼ਰ ਆਉਂਦੇ ਹਨ। ਇਨ੍ਹਾਂ ਘਰਾਂ ਵਿਚ ਉਨ੍ਹਾਂ ਦੁਆਰਾ ਬੜੀ ਹੀ ਸ਼ਿੱਦਤ ਨਾਲ ਲਗਾਏ ਗਏ ਫਲ, ਫੁੱਲਾਂ ਦੇ ਪੌਦੇ ਵੀ ਆਪਣਿਆਂ ਦੇ ਮੋਹ ਨੂੰ ਤਰਸ ਕੇ ਕੁਝ ਸਮੇਂ ਪਿਛੋਂ ਮੁਰਝਾਉਣੇ ਜਾਂ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਓਪਰੀ ਧਰਤੀ 'ਤੇ ਅਧੇੜ ਉਮਰ ਵਿਚ ਗਏ ਮਾਪੇ, ਬੱਚਿਆਂ ਦੇ ਘਰਾਂ ਵਿਚ ਬੰਦ ਹੋ ਕੇ ਰਹਿ ਜਾਂਦੇ ਹਨ। ਉਹ ਨਾ ਤਾਂ ਆਪਣੇ ਅਤੀਤ ਨੂੰ ਪੂਰੀ ਤਰ੍ਹਾਂ ਛੱਡ ਪਾਉਂਦੇ ਹਨ ਤੇ ਨਾ ਹੀ ਵਰਤਮਾਨ ਵਿਚ ਜੀ ਪਾਉਂਦੇ ਹਨ।
ਕੋਹਾਂ ਦੂਰ ਬੈਠਾ ਮੈਂ, ਮਾਤ ਭੂਮੀ ਨੂੰ ਚਾਹੁੰਦਾ ਹਾਂ
ਅੱਖਾਂ ਮੂਹਰੇ ਆਵੇ ਹਰਦਮ, ਉਹ ਮੇਰੀ ਪੰਜਾਬੀ ਧਰਤੀ।
ਪਰ 'ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ' ਵਾਲੀ ਗੱਲ ਹੋ ਨਿਬੜਦੀ ਹੈ। ਇਕੋ ਛੱਤ ਥੱਲੇ ਰਹਿ ਕੇ ਵੀ ਦੋ ਧਾਰਾਵਾਂ ਬਣ ਜਾਂਦੀਆਂ ਹਨ, ਜਿਥੇ ਬੱਚੇ ਆਧੁਨਿਕਤਾ ਦਾ ਪੱਖ ਪੂਰਦੇ ਹੋਏ ਮਾਪਿਆਂ ਦੇ ਸੱਭਿਆਚਾਰ ਨੂੰ ਨਜ਼ਰ-ਅੰਦਾਜ਼ ਕਰਦੇ ਨਜ਼ਰ ਆਉਂਦੇ ਹਨ ਤੇ ਮਾਪੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਦੁਹਾਈ ਦਿੰਦੇ ਰਹਿੰਦੇ ਹਨ।
ਇਹ ਕਹਾਣੀ ਤਾਂ ਹੁੰਦੀ ਹੈ ਉਥੇ ਪਹੁੰਚ ਚੁੱਕੇ ਮਾਪਿਆਂ ਦੀ ਤੇ ਜਿਹੜੇ ਮਾਪੇ ਆਪਣੀ ਜਨਮ ਭੋਇੰ 'ਤੇ ਰਹਿ ਜਾਂਦੇ ਹਨ, ਉਹ ਵੀ ਸ਼ਸ਼ੋਪੰਜ ਵਿਚ ਫਸ ਕੇ ਰਹਿ ਜਾਂਦੇ ਹਨ, ਜਿਥੇ ਉਨ੍ਹਾਂ ਨੂੰ ਕੋਈ ਹੱਲ ਨਜ਼ਰੀਂ ਨਹੀਂ ਆਉਂਦਾ। ਕਈ ਵਾਰ ਤਾਂ ਤਰਸਦੀਆਂ ਅੱਖਾਂ ਨਾਲ ਆਪਣੇ ਤੋਂ ਦੂਰ ਬੈਠੇ ਆਪਣੇ ਨਜ਼ਦੀਕੀਆਂ ਨੂੰ ਉਡੀਕਦਿਆਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੰਦੇ ਹਨ। ਕਾਗਜ਼ ਪੱਤਰ ਪੂਰੇ ਕਰਨ ਦੀ ਦੌੜ ਵਿਚ ਫਸਿਆ ਮਨੁੱਖ ਕਈ ਵਾਰ ਆਪਣਿਆਂ ਦੇ ਅੰਤਿਮ ਦਰਸ਼ਨ ਕਰਨ ਤੋਂ ਵੀ ਵਾਂਝਾ ਰਹਿ ਜਾਂਦਾ ਹੈ। ਇਥੇ ਸੁਰਜੀਤ ਪਾਤਰ ਦੀਆਂ ਸਤਰਾਂ ਬੜੀਆਂ ਢੁਕਵੀਆਂ ਹਨ:
ਜੋ ਬਿਦੇਸ਼ਾਂ 'ਚ ਰੁਲਦੇ ਨੇ ਰੋਟੀ ਲਈ,
ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਭਾਵ ਦੂਰ ਬੈਠਾ ਮਨੁੱਖ, ਜ਼ਰੂਰੀ ਨਹੀਂ ਕਿ ਹਰ ਦੁੱਖ-ਸੁੱਖ ਵਿਚ ਪਹੁੰਚ ਸਕੇ। ਉਸ ਦੀਆਂ ਮਜਬੂਰੀਆਂ, ਉਸ ਨੂੰ ਕਈ ਦੁੱਖ-ਸੁੱਖ ਇਕੱਲਿਆਂ ਭੋਗਣ ਲਈ ਮਜਬੂਰ ਕਰ ਦਿੰਦੀਆਂ ਹਨ। ਇਕ ਥਾਂ 'ਤੇ ਰਹਿ ਕੇ ਉਹ ਹਮੇਸ਼ਾ ਦੋ ਹਿੱਸਿਆਂ ਵਿਚ ਵੰਡਿਆ ਮਹਿਸੂਸ ਕਰਦਾ ਹੈ। ਪਰ ਹੁਣ ਇਸ ਉਲਝੀ ਹੋਈ ਤਾਣੀ ਨੂੰ ਸੁਲਝਾਉਣਾ ਉਸ ਦੇ ਵੱਸੋਂ ਬਾਹਰੀ ਗੱਲ ਜਾਪਦੀ ਹੈ।
-ਮੋਬਾਈਲ : 97750-52732
hirdechhina1@gmail.com