16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਯਾਦਾਂ ਦੀ ਕਰਵਟ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਰੋਟੀ ਦਿੰਦੇ ਹੋਏ ਨੂਰ ਬੋਲਿਆ, 'ਪਿਤਾ ਜੀ, ਤੁਸੀਂ ਇਕ ਹਫ਼ਤਾ ਹੁਣ ਰੋਟੀ ਛੋਟੇ ਬਾਈ ਕੋਲੋਂ ਖਾਇਆ ਕਰੋ। ਮਾਤਾ ਜੀ ਦੇ ਹੁੰਦਿਆਂ ਤੁਹਾਡੀ ਜ਼ਿੰਮੇਵਾਰੀ ਮੇਰੀ ਸੀ ਅਤੇ ਮਾਤਾ ਜੀ ਦੀ ਜ਼ਿੰਮੇਵਾਰੀ ਛੋਟੇ ਬਾਈ ਦੀ ਸੀ। ਪਰ ਹੁਣ ਉਨ੍ਹਾਂ ਦੇ ਪੂਰੇ ਹੋ ਜਾਣ ਤੋਂ ਬਾਅਦ ਅਸੀਂ ਦੋਵਾਂ ਭਰਾਵਾਂ ਨੇ ਇਵੇਂ ਸੋਚਿਆ ਹੈ।' ਇਹ ਸੁਣਦਿਆਂ ਹੀ ਬਚਨ ਸਿੰਘ ਨੇ ਰੋਟੀ ਦੀ ਬੁਰਕੀ ਲਿਆਂਦੀ ਥਾਲੀ ਵਿਚ ਰੱਖ ਦਿੱਤੀ। ਆਪਣੇ ਕਮਰੇ ਵਿਚ ਕੰਧ ਉਤੇ ਟੰਗੀ ਆਪਣੀ ਪਤਨੀ ਦੀ ਫੋਟੋ ਨੂੰ ਇਕ ਟੱਕ ਦੇਖਣ ਲੱਗਾ। ਦੇਖਦੇ ਹੀ ਦੇਖਦੇ ਧਿਆਨ ਉਨ੍ਹਾਂ ਦਿਨਾਂ ਵਿਚ ਗਿਆ ਜਦ ਨੂਰ ਤੇ ਅਮਰ ਛੋਟੇ ਸਨ ਅਤੇ ਬਚਨ ਸਿੰਘ ਦਫਤਰ ਜਾਂਦਾ ਹੁੰਦਾ ਸੀ।
ਇਕ ਦਿਨ ਦਫ਼ਤਰ ਵਿਚ ਮੀਟਿੰਗ ਸੀ, ਜਿਸ ਕਰਕੇ ਬਚਨ ਸਿੰਘ ਦਾ ਦੁਪਹਿਰ ਦਾ ਖਾਣਾ ਦਫਤਰ ਵਲੋਂ ਹੀ ਸੀ। 'ਮੈਂ ਕਿਹਾ ਜੀ ਭੁੱਖੇ ਨਾ ਜਾਇਓ ਭਾਵੇਂ ਇਕ ਰੋਟੀ ਖਾ ਕੇ ਹੀ ਚਲੇ ਜਾਇਓ', ਪਤਨੀ ਨੇ ਬਚਨ ਸਿੰਘ ਨੂੰ ਕਿਹਾ। 'ਓ ਨਾ ਜੀ! ਅੱਜ ਤਾਂ ਦਫ਼ਤਰ ਦੀ ਹੀ ਰੋਟੀ ਖਾਧੀ ਜਾਊ।' ਇਹ ਕਹਿ ਕੇ ਬਚਨ ਸਿੰਘ ਭੁੱਖੇ ਪੇਟ ਹੀ ਘਰੋਂ ਨਿਕਲ ਗਿਆ। ਦਫ਼ਤਰ ਵਿਚ ਮੀਟਿੰਗ ਤੋਂ ਬਾਅਦ ਸਭ ਨੂੰ ਖਾਣੇ ਵਾਲੀ ਪਲੇਟ ਮਿਲੀ ਜਿਸ ਵਿਚ 2 ਸੇਬ, 2 ਕੇਲੇ, 2 ਸਮੋਸੇ ਅਤੇ ਇਕ ਪੈਟੀ ਸੀ। ਸਵੇਰ ਦਾ ਭੁੱਖਾ ਪੇਟ ਹੋਣ ਕਰਕੇ ਬਚਨ ਸਿੰਘ ਨੇ ਬਸ ਇਕ ਪੈਟੀ ਖਾਧੀ ਅਤੇ ਬਾਕੀ ਦਾ ਸਾਮਾਨ ਆਪਣੇ ਛੋਟੇ-ਛੋਟੇ ਪੁੱਤਾਂ ਲਈ ਰੱਖ ਲਿਆ। ਘਰ ਜਾ ਕੇ ਜਦ ਉਹ ਪਲੇਟ ਬੱਚਿਆਂ ਨੂੰ ਦਿੱਤੀ ਤਾਂ ਦੋਵਾਂ ਨੇ ਬਹੁਤ ਮਜ਼ੇ ਨਾਲ ਖਾਧੀ। ਇਹ ਦੇਖ ਕੇ ਪਤਨੀ ਬੋਲੀ, 'ਜੀ ਤੁਸੀਂ ਆਪ ਕੁਝ ਨਹੀਂ ਖਾਧਾ, ਸਭ ਬੱਚਿਆਂ ਲਈ ਲੈ ਆਏ?' 'ਓ ਨਹੀਂ-ਨਹੀਂ ਜੀ! ਇਸ ਤੋਂ ਇਲਾਵਾ ਵੀ ਬਹੁਤ ਕੁਝ ਮਿਲਿਆ ਸੀ ਦਫਤਰ 'ਚੋਂ। ਮੇਰਾ ਤਾਂ ਢਿੱਡ ਭਰ ਗਿਆ। ਇਸ ਲਈ ਬੱਚਿਆਂ ਲਈ ਸਮਾਨ ਮੈਂ ਘਰ ਲੈ ਆਇਆ।'
ਯਾਦਾਂ ਨੇ ਸੁਨਹਿਰੀ ਕਰਵਟ ਬਦਲੀ ਤਾਂ ਬਚਨ ਸਿੰਘ ਦੀਆਂ ਅੱਖਾਂ ਮੂਹਰੇ ਪਤਨੀ ਦੀ ਤਸਵੀਰ ਅਤੇ ਰੋਟੀ ਵਾਲੀ ਥਾਲੀ ਸੀ। ਯਾਦਾਂ ਦੇ ਮਿੱਠੇ ਰਸ ਕਾਰਨ ਬਚਨ ਸਿੰਘ ਦਾ ਢਿੱਡ ਭਰ ਗਿਆ ਅਤੇ ਉਹ ਰੋਟੀ ਵਾਲੀ ਥਾਲੀ ਇਕ ਪਾਸੇ ਰੱਖ ਕੇ ਨਮ ਅੱਖਾਂ ਨਾਲ ਲੰਮਾ ਪੈ ਗਿਆ।

-ਪਿੰਡ ਥਰੀਏਵਾਲ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 82890-51214

Ad Position 22
No active advertisement
ਪਿਛਲੀ ਖ਼ਬਰ ਪੰਗੇ ਫੋਟੋ ਦੇ ਅਗਲੀ ਖ਼ਬਰ ਤੇਰੀ-ਮੇਰੀ ਇਕ ਕਹਾਣੀ, ਦੋ ਹਿੱਸਿਆਂ ਵਿਚ ਉਲਝੀ ਤਾਣੀ
Ad Position 24