ਮਿੰਨੀ ਕਹਾਣੀਆਂ
ਗਿਆਰਵੀਂ ਜਮਾਤ ਨੂੰ ਜਿਉਗਰਾਫੀ ਪੜ੍ਹਾਉਂਦਿਆਂ ਪ੍ਰੋਫੈਸਰ ਆਪਣੇ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ, 'ਇਸ ਧਰਤੀ ਨੂੰ ਪੱਧਰਾ ਕਰਨ ਵਿਚ ਨਦੀਆਂ ਨੇ ਵੀ ਕਾਫੀ ਹਿੱਸਾ ਪਾਇਆ ਹੈ | ਨਦੀਆਂ ਪੂਰੀ ਗਤੀ ਨਾਲ ਵਹਿੰਦੀਆਂ ਜ਼ਮੀਨ ਦਾ ਗੰਦ, ਨਿੱਕ-ਸੁੱਕ ਅਤੇ ਵਾਧੂ ਮਿੱਟੀ ਆਪਣੇ ਨਾਲ ਸਮੇਟ ਲੈਂਦੀਆਂ ਹਨ | ਤੁਸੀਂ ਵੇਖਿਆ ਹੋਣੈ ਜਿੱਥੋਂ ਦੀ ਦਰਿਆ ਜਾਂ ਨਦੀ ਦਾ ਪਾਣੀ ਲੰਘਦਾ ਹੈ ਉਹ ਥਾਂ ਸਮਤਲ ਹੋ ਜਾਂਦੀ ਹੈ |
ਇਕ ਸੂਝਵਾਨ ਵਿਦਿਆਰਥੀ ਨੇ ਗੰਭੀਰ ਸੁਰ ਵਿਚ ਕਿਹਾ, 'ਸਰ, ਫਿਰ ਤਾਂ ਮਨੁੱਖ ਨਾਲੋਂ ਨਦੀਆਂ-ਦਰਿਆ ਕਿਤੇ ਚੰਗੇ ਹੋਏ |'
'ਉਹ ਕਿਵੇਂ?'
'ਹੋਰ ਜੀ, ਅੱਜ ਦੇ ਮਨੁੱਖ ਨੇ ਤਾਂ ਆਪਣੀਆਂ ਵਹਿਸ਼ੀ ਹਰਕਤਾਂ ਨਾਲ ਇਨਸਾਨੀਅਤ ਵਿਚ ਥਾਂ ਥਾਂ ਟੋਏ ਪਾ ਦਿੱਤੇ ਨੇ | ਦਿਲਾਂ ਵਿਚ ਜ਼ਹਿਰ ਅਤੇ ਡਰ ਪੈਦਾ ਕਰ ਕੇ ਕੁਦਰਤ ਦੀ ਸਮਤਲ ਧਰਤੀ ਤੇ ਬੇਡਰ ਤੁਰਨ ਜੋਗਾ ਵੀ ਨਹੀਂ ਛੱਡਿਆ | ਕੀ ਪਤਾ ਕਿਹੜੇ ਪਾਸਿਓਾ ਕੋਈ ਗੋਲੀ...... |'
ਵਿਦਿਆਰਥੀ ਦੀ ਕਹੀ ਗੱਲ ਨੇ ਪ੍ਰੋਫੈਸਰ ਨੂੰ ਵੀ ਗੰਭੀਰ ਕਰ ਦਿੱਤਾ |
ਵੋਟ
ਚੋਣ ਪ੍ਰਚਾਰ ਜ਼ੋਰਾਂ 'ਤੇ ਸੀ | ਚੌਧਰੀ ਸਾਹਿਬ ਆਪ ਘਰ-ਘਰ ਜਾ ਕੇ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਨਾਲ ਲੈ ਕੇ ਪ੍ਰਚਾਰ ਕਰ ਰਹੇ ਸਨ | ਇਕ ਘਰ ਦੇ ਅੱਗੇ ਖੜ੍ਹੇ ਹੋ ਕੇ ਚੌਧਰੀ ਸਾਹਿਬ ਨੇ ਕਿਹਾ, ਹਾਂ ਬਈ ਸੰਤੂ, ਪਤੈ ਨਾ ਇਸ ਵਾਰ ਵੋਟ ਸਾਡੇ ਵੱਲ ਪਾਉਣੀ ਐਂ | ਇਹ ਐ ਆਪਣਾ ਕੈਂਡੀਡੇਟ | ਬੱਸ ਜਿਤਾਉਣੈ ਇਹਨੂੰ |
ਤੇ ਸੰਤੂ ਨੇ ਹੱਥ ਜੋੜਦਿਆਂ ਤੁਰੰਤ ਜਵਾਬ ਦਿਤਾ, ਅਸੀਂ ਤਾਂ ਵੋਟ ਥੋਨੂੰ ਦੇਣੀ ਐ | ਭਾਵੇਂ ਕੁੱਤੇ ਨੂੰ ਪਵਾ ਦਿਓ ਭਾਮੇਂ ਗਧੇ ਨੂੰ |'
ਉਮੀਦਵਾਰ ਇਕ ਪਾਸੇ ਖੜੋਤਾ ਗੰਭੀਰਤਾ ਨਾਲ ਸੋਚ ਰਿਹਾ ਸੀ, ਇਹਦੇ ਕਹਿਣ ਅਨੁਸਾਰ ਭਲਾਂ ਮੇਰੇ ਤੇ ਵਿਰੋਧੀ ਉਮੀਦਵਾਰ 'ਚੋਂ ਕੁੱਤਾ ਕਿਹੜਾ ਹੋਇਆ ਤੇ ਗਧਾ ਕਿਹੜਾ?
ਇਨਾਮ
ਬੱਚੇ ਦੀ ਜ਼ਿੱਦ ਕਰਨ 'ਤੇ ਬਾਬੇ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਇਕ ਮੁੰਡਾ ਪੁੱਤ ਬਾਹਰ ਰੇਲ ਦੀ ਪਟੜੀ ਕੋਲ ਡੰਗਰ ਚਾਰਦਾ ਸੀ | ਉਸਨੇ ਵੇਖਿਆ ਕਿ ਰੇਲ ਦੇ ਪੁਲ ਨੂੰ ਅੱਗ ਲੱਗੀ ਹੋਈ ਹੈ | ਉੱਧਰੋਂ ਗੱਡੀ ਆਉਣ ਵਾਲੀ ! ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ | ਸੋਟੀ 'ਤੇ ਕੱਪੜਾ ਤਾਣ ਕੇ ਪਟੜੀ ਦੇ ਵਿਚਾਲੇ ਖੜ੍ਹਾ ਹੋ ਗਿਆ | ਡਰਾਈਵਰ ਨੇ ਦੂਰੋਂ ਵੇਖਿਆ | ਐਨ ਉਸਦੇ ਕੋਲ ਆ ਕੇ ਗੱਡੀ ਖੜ੍ਹ ਗਈ | ਡਰਾਈਵਰ ਤੇ ਗਾਰਡ ਨੂੰ ਉਸ ਨੇ ਪੁਲ ਨੂੰ ਅੱਗ ਲੱਗਣ ਵਾਲੀ ਘਟਨਾ ਸੰਬੰਧੀ ਦੱਸਿਆ | ਇਉਂ ਹਜ਼ਾਰਾਂ ਜਾਨਾਂ ਦਾ ਬਚਾਓ ਹੋ ਗਿਆ |'
ਫਿਰ ਤਾਂ ਬਾਬਾ ਉਸ ਬਹਾਦਰ ਮੁੰਡੇ ਨੂੰ ਸਰਕਾਰ ਨੇ ਇਨਾਮ ਦਿੱਤਾ ਹੋਣੈ ? ਪੋਤੇ ਨੇ ਪੁੱਛਿਆ |
ਕਾਹਨੂੰ ਸ਼ੇਰਾ! ਉਸ ਨੂੰ ਤਾਂ ਬਾਅਦ 'ਚ ਪੁਲਿਸ ਫੜ ਕੇ ਲੈ ਗਈ | ਉਸ ਤੋਂ ਅੱਗ ਲਾਉਣ ਵਾਲੇ ਅੱਤਵਾਦੀਆਂ ਦਾ ਥਹੁ ਪਤਾ ਪੁੱਛਣ ਲਈ ਕੁੱਟਮਾਰ ਕਰਦੇ ਰਹੇ!' ਬਾਬੇ ਨੇ ਹੌਕਾ ਭਰ ਕੇ ਜਵਾਬ ਦਿੱਤਾ |
ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ,ਸੰਗਰੂਰ |
ਸੰਪਰਕ : 94171-48866