ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੰਨ ਤਾਰਿਆਂ ਤੋਂ ਅਗਾਂਹ

Ad Position 21
No active advertisement
ਅਜੀਤ ਡੈਸਕ 22-02-2026

ਮੇਰੀ ਮਾਂ ਭਾਵੇਂ ਕੋਰੀ ਅਨਪੜ੍ਹ ਸੀ ਪਰ ਸਾਨੂੰ ਉਹ ਹਮੇਸ਼ਾ ਪੜ੍ਹਾਈ ਦਾ ਮਹੱਤਵ ਸਮਝਾਉਂਦੀ ਹੋਈ ਕਹਿੰਦੀ ਹੁੰਦੀ ਸੀ,”ਦੱਬ ਕੇ ਪੜ੍ਹੋ, ਪਰਮਾਤਮਾ ਤੁਹਾਨੂੰ ਵੱਡੇ ਅਫ਼ਸਰ ਬਣਾਵੇ | ਉਸ ਦੀਆਂ ਨਸੀਹਤਾਂ ਵਿਚ ਦੁਆਵਾਂ ਵੀ ਸ਼ਾਮਿਲ ਹੁੰਦੀਆਂ ਸਨ |
'ਸੋ ਸਤਿਗੁਰੂ ਪਿਆਰਾ ਮੇਰੇ ਨਾਲਿ ਹੈ...'” ਵਾਲਾ ਸ਼ਬਦ ਉਹ ਕੰਮ ਕਰਦੀ-ਕਰਦੀ ਗੁਣਗੁਣਾਉਂਦੀ ਰਹਿੰਦੀ | ਮੈਂ ਕੋਰਟ ਆ ਕੇ ਕਦੇ-ਕਦੇ ਉਸ ਨੂੰ ਵਿਹਲਾ ਜਿਹਾ ਹੋ ਕੇ ਫ਼ੋਨ ਵਿਚੋਂ ਘਰ ਵਿਚ ਲੱਗੇ ਕੈਮਰੇ ਵਿਚ ਕੰਮ ਕਰਦੀ ਨੂੰ ਵੇਖਦਾ | ਉਹ ਬਸ ਬਿੰਦ ਝੱਟ ਲਈ ਹੀ ਆਰਾਮ ਕਰਦੀ | ਸਾਰਾ ਦਿਨ ਘਰ ਦੇ ਕੰਮਾਂ ਵਿਚ ਹੀ ਰੁੱਝੀ ਰਹਿੰਦੀ | ਮਾਂ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਹਿੰਦੀ | ਉਹ ਸਾਨੂੰ ਵੀ ਪ੍ਰਮਾਤਮਾ ਦੀ ਰਜ਼ਾ ਵਿਚ ਰਹਿਣ ਲਈ ਕਹਿੰਦੀ |
ਬਾਹਰ ਨਾ ਜਾਇਓ , ਬਾਹਰ ਵਾਲ ਕੱਟਣ ਵਾਲੀ ਬੁੜ੍ਹੀ ਫਿਰਦੀ ਆ....ਤਾਰੇ ਕੇ ਮੁੰਡੇ ਦੇ ਵਾਲ ਕੱਟੇ ਗਏ ਸੀ” |  ਦੀਵਾਲੀ ਵਾਲੇ ਦਿਨਾਂ ਵਿਚ ਮਾਂ ਸਾਨੂੰ ਇਹ ਕਹਿ ਕੇ ਡਰਾਉਂਦੀ | ਅਸੀਂ ਸਾਰੇ ਨਿਆਣੇ ਡਰਦੇ ਬਾਹਰ ਨਾ ਨਿਕਲਦੇ |
ਕੀ ਪੜ੍ਹਦਾ ਏ ਮੇਰਾ ਪੁੱਤ ?  ਇਕ ਦਿਨ ਮਾਂ ਦੁੱਧ ਦਾ ਗਲਾਸ ਮੇਜ਼ 'ਤੇ ਰੱਖਦੀ ਹੋਈ ਪੁੱਛਣ ਲੱਗੀ | ਮੈਂ ਮੰਗਲ ਗ੍ਰਹਿ ਬਾਰੇ ਪੜ੍ਹ ਰਿਹਾ ਸੀ | ਮਾਂ ਨੂੰ ਕੀ ਸਮਝ ਮੰਗਲ ਗ੍ਰਹਿ ਬਾਰੇ, ਸੋਚ ਕੇ ਮੈਂ ਇਹ ਕਹਿ ਦਿੱਤਾ “ਹੋਰ ਧਰਤੀ ਬਾਰੇ ਪੜ੍ਹ ਰਿਹਾ ਹਾਂ |”  
ਹਾਂ, ਹੋਰ ਧਰਤੀਆਂ ਵੀ ਨੇ… ਬਾਬੇ ਨਾਨਕ ਨੇ ਵੀ ਕਿਹਾ ਕਿ ''ਧਰਤੀ ਹੋਰੁ ਪਰੈ ਹੋਰੁ ਹੋਰੁ'' ਮਾਂ ਕਹਿੰਦੀ ਤੇ ਫਿਰ ਨਾਲ ਹੀ ਅਗਲੀ ਗੱਲ ਜੋੜਦੀ ਦੱਸਦੀ “ ਅਸੀਂ ਜਦੋਂ ਨਿੱਕੇ ਹੁੰਦੇ ਸਾਂ ਤਾਂ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਸਾਡੇ ਨਾਲ ਦੇ ਪਿੰਡ ਵਿਚ ਕੋਈ ਡੂੰਘਾ ਜ਼ਮੀਨੀ ਬੋਰ ਕਰਦਾ ਸੀ… | ਬੋਰ ਕਰਦੇ ਸਮੇਂ ਧਰਤੀ ਥੱਲਿਓਾ ਇਕ ਬਹੁਤ ਛੋਟਾ ਜਿਹਾ ਬੰਦਾ ਨਿਕਲਿਆ....ਉਹ ਇਕ ਗਿੱਠ ਤੇ ਮੁੱਠ ਜਿੰਨਾ ਸੀ, 'ਗਿਠਮੁਠੀਆ ਜਿਹਾ'… | ਬਾਹਰ ਨਿਕਲਦਿਆਂ ਹੀ ਉਹ ਮਰ ਗਿਆ |” ਮਾਂ ਦੀ ਇਸ ਕਹਾਣੀ 'ਤੇ ਮੈਂ ਮੁਸਕਰਾ ਪਿਆ | 
ਮੈਂ ਵੀ ਆਪਣੀ ਮਾਂ ਵਾਂਗ ਆਪਣੇ ਬੇਟੇ ਸੰਨੀ ਨੂੰ ਗੱਲਾਂ-ਗੱਲਾਂ ਵਿਚ ਐਦਾਂ ਦੀਆਂ ਕਹਾਣੀਆਂ ਸੁਣਾਉਣ ਲੱਗ ਪੈਂਦਾ ਹਾਂ |
'ਇਕ ਵਾਰ ਤੇਰਾ ਮਾਮਾ ਆਪਾਂ ਨੂੰ ਮਿਲਣ ਆਇਆ | ਉਸ ਦਿਨ ਅੰਤਾਂ ਦਾ ਮੀਂਹ ਪੈਣ ਲੱਗਾ ਅਤੇ ਨਾਲੇ ਬਿਜਲੀ ਵੀ ਲਿਸ਼ਕੀ ਜਾਵੇ | ਤੇਰੀ ਦਾਦੀ ਮਾਂ “ਵਾਖਰੂ… ਵਾਖਰੂ” ਕਰਦੀ ਕੌਲੀ ਚਮਚਾ ਖੜਕਾਉਣ ਲੱਗੀ | ਤੇਰੀ ਦਾਦੀ ਨੇ ਤੇਰੇ ਮਾਮੇ ਨੂੰ ਆਪਣੇ ਗੁਆਂਢੀਆਂ ਦੇ ਘਰੇ ਭੇਜ ਦਿੱਤਾ | ਤੇਰੀ ਦਾਦੀ ਮਾਂ ਨੂੰ ਵਹਿਮ ਸੀ ਕਿ ਮਾਮੇ ਭਾਣਜੇ ਜਦੋਂ ਮੀਂਹ ਵਾਲੇ ਦਿਨਾਂ ਵਿਚ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਉੱਪਰ ਬਿਜਲੀ ਡਿੱਗ ਜਾਂਦੀ ਆ |'”ਮੈਨੂੰ ਇਹ ਕਹਾਣੀਆਂ ਆਪਣੇ ਬੇਟੇ ਨੂੰ ਸੁਣਾ ਕੇ ਬੜਾ ਆਨੰਦ ਆਉਂਦਾ |
ਮੈਨੂੰ ਪਤਾ ਸੀ ਮੈਡੀਕਲ ਦੀ ਪੜ੍ਹਾਈ ਕਰਦਾ ਮੇਰਾ ਬੇਟਾ ਸੰਨੀ ਵੀ ਮੇਰੇ ਵਾਂਗ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦਾ ਸੀ | ਸੰਨੀ ਇਹ ਕਹਾਣੀਆਂ ਸੁਣ ਕੇ ਉਸ ਤਰ੍ਹਾਂ ਹੀ ਮੁਸਕਰਾਉਂਦਾ ਜਿਵੇਂ ਮੈਂ ਆਪਣੀ ਮਾਂ ਦੀਆਂ ਕਹਾਣੀਆਂ ਸੁਣ ਕੇ ਮੁਸਕਰਾਉਂਦਾ ਸੀ ਜਦ ਕਿ ਮੈਂ ਜਾਣਦਾ ਹਾਂ ਕਿ ਸਾਡੀਆਂ ਬਾਤਾਂ ਚੰਨ ਤਾਰਿਆਂ ਤੋਂ ਅਗਾਂਹ ਨਿਕਲ ਗਈਆਂ ਹਨ | ਪਰ ਮੈਂ ਸੰਨੀ ਨੂੰ ਆਪਣੀ ਮਾਂ ਤੇ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਵਿਚ ਹਮੇਸ਼ਾ ਲੱਗਾ ਰਹਿੰਦਾ ਹਾਂ |

-ਆਫਿਸ ਨੰਬਰ 121, ਸਿਵਲ ਕੋਰਟਸ ਖੰਨਾ | 
ਮੋਬਾਈਲ : 78379-63067

Ad Position 22
No active advertisement
ਪਿਛਲੀ ਖ਼ਬਰ ਉਹ ਵੀ ਤਾਂ ਵਤਨ ਦੀਆਂ ਭੈਣਾਂ ਨੇ ਅਗਲੀ ਖ਼ਬਰ ਸ਼ਰਾਧ ਦੇ ਬਹਾਨੇ
Ad Position 24
No active advertisement