ਸ. ਫ਼ੌਜਾ ਸਿੰਘ ਬਰਾੜ (ਨਵਰਾਹੀ ਘੁਗਿਆਣਵੀ) ਪੰਜਾਬ ਦੇ ਸਿਰਮੌਰ ਸਾਹਿਤਕਾਰਾਂ ਵਿਚੋਂ ਸਨ ਜਿਨ੍ਹਾਂ ਨੇ ਲੋਕਪੱਖੀ ਸਾਹਿਤ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ | ਉਨ੍ਹਾਂ ਦਾ ਜਨਮ 11 ਅਗਸਤ 1937 ਨੂੰ ਸ: ਮਿਹਰ ਸਿੰਘ ਅਤੇ ਮਾਤਾ ਬੀਬੀ ਕਰਤਾਰ ਕੌਰ ਦੇ ਘਰ ਹੋਇਆ | ਉਹ ਸਿੱਖਿਆ ਵਿਭਾਗ ਪੰਜਾਬ ਵਿਚ ਅਧਿਆਪਕ ਵਜੋਂ ਭਰਤੀ ਹੋਏ | ਅਧਿਆਪਕ ਲੱਗਣ ਪਿੱਛੋਂ ਉਨ੍ਹਾਂ ਨੇ 1963 ਵਿਚ ਐਮ.ਏ. ਅੰਗਰੇਜ਼ੀ ਅਤੇ 1970 ਵਿਚ ਐਮ.ਏ. ਪੰਜਾਬੀ ਕੀਤੀ | ਉਹ 1995 'ਚ ਸਰਕਾਰੀ ਸੇਵਾਵਾਂ ਤੋਂ ਪਿ੍ੰਸੀਪਲ ਵਜੋਂ ਸੇਵਾ ਮੁਕਤ ਹੋਏ | ਉਹ ਪ੍ਰਗਤੀ ਦੇ ਸ਼ਾਇਰ ਸਨ | ਉਨ੍ਹਾਂ ਵਲੋਂ ਰਚੇ ਸਾਹਿਤ ਵਿਚ ਆਧੁਨਿਕਤਾ ਅਤੇ ਉਦਾਰਵਾਦ ਦੀ ਝਲਕ ਪੈਂਦੀ ਹੈ | ਰੁਬਾਈ ਅਤੇ ਗੀਤ ਉਨ੍ਹਾਂ ਦੇ ਮਨਭਾਉਂਦੇ ਕਾਵਿ ਰੂਪ ਸਨ | ਪੰਜਾਬੀ ਕਾਵਿ ਦੇ ਖੇਤਰ ਵਿਚ ਘੁਗਿਆਣਵੀ ਨੇ ਸੰਨ 1971 ਵਿਚ 'ਘਾਲਣਾ' ਕਾਵਿ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਹਾਜ਼ਰੀ ਲਗਵਾਈ | ਲਗਪਗ ਇਕ ਦਰਜਨ ਸਾਂਝੇ ਕਾਵਿ ਸੰਗ੍ਰਹਿਆਂ ਵਿਚ ਭਾਗੀਦਾਰ ਬਣਨ ਤੋਂ ਬਿਨਾਂ ਸੋਲਾਂ ਕਾਵਿ ਪੁਸਤਕਾਂ ਉਨ੍ਹਾਂ ਦੇ ਨਾਂਅ 'ਤੇ ਬੋਲਦੀਆਂ ਹਨ | ਇਨ੍ਹਾਂ ਵਿਚੋਂ ਦੋ ਪੁਸਤਕਾਂ 'ਅੰਬੀਆਂ' (ਸੰਨ 2000) ਅਤੇ ਛਹਿਬਰ ਸਾਲ 2010 ਵਿਚ ਕ੍ਰਮਵਾਰ ਪੰਜਾਬੀ ਕਾਵਿ ਰੂਪ ਰੁਬਾਈ ਅਤੇ ਗੀਤ ਅਧਾਰਤ ਰਚਨਾਵਾਂ ਹਨ | ਇਕ ਵਰਗ ਹੈ ਬੱਚਿਆਂ ਲਈ ਲਿਖੀਆਂ ਕਵਿਤਾਵਾਂ ਦਾ ਅਤੇ ਦੂਜਾ ਵਰਗ ਹੈ ਸਮਾਜਿਕ ਵਰਤਾਰੇ ਨੂੰ ਵਿਅੰਗ ਦਾ ਨਿਸ਼ਾਨਾ ਬਣਾਉਣ ਵਾਲੀਆਂ ਕਵਿਤਾਵਾਂ ਦਾ | ਉਨ੍ਹਾਂ ਦੇ ਕਾਵਿ ਵਿਅੰਗ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਪੰਜਾਬ ਦੇ ਸਿਰਮੌਰ ਅਖ਼ਬਾਰ 'ਅਜੀਤ' ਦੇ ਹਫ਼ਤਾਵਾਰੀ ਮੈਗਜ਼ੀਨ ਦਾ ਸ਼ਿੰਗਾਰ ਬਣਦੇ ਆ ਰਹੇ ਹਨ | ਇਨ੍ਹਾਂ ਕਾਵਿ ਵਿਅੰਗਾਂ ਵਿਚੋਂ ਚੋਣਵੇਂ ਬੰਦਾਂ 'ਤੇ ਆਧਾਰਿਤ 'ਤਰਕਸ਼' ਸਾਲ 2012, 'ਗੁਲੇਲ' ਸਾਲ 2014, 'ਖਰਖਰਾ' ਸਾਲ 2017, ਜਾਇਜ਼ਾ ਸਾਲ 2018 ਅਤੇ 'ਜਬੈ ਬਾਣ ਲਾਗਯੋ' ਸਾਲ 2021 ਵਿਚ ਪ੍ਰਕਾਸ਼ਿਤ ਹੋਏ | ਉਹ ਮਾਲਵੇ ਦੀ ਲਗਪਗ ਹਰ ਸਾਹਿਤ ਸਭਾ ਨੂੰ ਉਤਸ਼ਾਹਿਤ ਕਰਦੇ ਰਹੇ | ਫ਼ਰੀਦਕੋਟ ਵਿਚ ਸਾਹਿਤ ਸਭਾਵਾਂ ਦਾ ਆਰੰਭ ਬਿਸਮਿਲ ਫ਼ਰੀਦਕੋਟੀ ਨੇ ਪੰਜਾਹਵਿਆਂ ਵਿਚ ਕੀਤਾ ਸੀ | ਨਵਰਾਹੀ ਘੁਗਿਆਣਵੀ ਨੇ ਬਿਸਮਿਲ ਫ਼ਰੀਦਕੋਟੀ ਦੀਆਂ ਰੁਬਾਈਆਂ ਦੇ ਸੰਕਲਨ 'ਖੌਲਦੇ ਸਾਗਰ' ਨੂੰ ਖੁਦ ਆਪਣੇ ਵਸੀਲਿਆਂ ਨਾਲ ਪ੍ਰਕਾਸ਼ਿਤ ਕਰਵਾਇਆ ਸੀ | ਇਨ੍ਹਾਂ ਆਪਣੇ ਪਿੰਡ 'ਘੁਗਿਆਣਾ' ਵਿਚ ਇਕ ਲਾਇਬ੍ਰੇਰੀ ਵੀ ਸਥਾਪਿਤ ਕੀਤੀ ਸੀ | ਉਹ ਖੇਤੀਬਾੜੀ ਵਿਚ ਵੀ ਦਿਲਚਸਪੀ ਰੱਖਦੇ ਸਨ | ਸੋ, ਉਨ੍ਹਾਂ ਆਪਣੇ ਪਿਛਲੇ ਜੀਵਨ ਵਿਚ ਫ਼ਰੀਦਕੋਟ ਦੀਆਂ ਜੋੜੀਆਂ ਨਹਿਰਾਂ 'ਤੇ ਇਕ ਨਵੀਂ ਅਤੇ ਖੁੱਲ੍ਹੀ ਡੁੱਲ੍ਹੀ ਕੋਠੀ ਬਣਾ ਲਈ | ਜਿਸ ਨੂੰ ਉਨ੍ਹਾਂ ਮਾਊਾਟ ਵਿਊ, ਲੇਕ ਵਿਊ ਆਦਿ ਅੰਗਰੇਜ਼ੀ ਨਾਵਾਂ ਦੀ ਤਰਜ਼ 'ਨਹਿਰ ਨਜ਼ਾਰਾ' ਦਾ ਨਾਮ ਦਿੱਤਾ |
ਉਨ੍ਹਾਂ ਦਾ ਅੰਤਲਾ ਕਾਵਿ-ਸੰਗ੍ਰਹਿ 'ਮਾਹੌਲ' ਲੋਕ ਪੱਖ ਵਿਚ ਉੱਚੀ ਸੁਰ ਵਾਲਾ ਹੈ | ਮਾਹੌਲ ਵੱਲ ਪਾਠਕ ਦਾ ਧਿਆਨ ਦਿਵਾਉਂਦੇ ਲਿਖਦੇ ਹਨ :
ਇਹੋ ਜਿਹਾ ਮਾਹੌਲ ਹੁਣ ਬਣ ਗਿਆ ਹੈ,
ਨਿਰਧਨ ਨਹੀਂ ਇਲਾਜ ਕਰਵਾ ਸਕਦਾ |
ਦੇਸ਼ ਵਿਚ ਨਾ ਮਿਲੇ ਰੁਜ਼ਗਾਰ ਉਸ ਨੂੰ ,
ਨਾ ਹੀ ਉਹ ਵਿਦੇਸ਼ਾਂ ਨੂੰ ਜਾ ਸਕਦਾ |
ਉਸ ਦੀ ਯੋਗਤਾ ਕਿਸੇ ਨਾ ਕੰਮ ਆਵੇ,
ਬੱਚੇ ਆਪਣੇ ਨਹੀਂ ਪੜ੍ਹਾਅ ਸਕਦਾ |
ਉਹ ਹੁਣ ਕਰੇ ਤਾਂ ਕਰੇ ਵੀ ਕੀ, ਦੱਸੋ,
ਹੋਂਦ ਆਪਣੀ ਨਹੀਂ ਬਚਾਅ ਸਕਦਾ |
ਨਵਰਾਹੀ ਨੇ ਆਜ਼ਾਦੀ ਮਿਲਣ ਉਪਰੰਤ ਦੇਸ਼ 'ਚ ਹਰ ਪੱਖੋਂ ਆਈ ਗਿਰਾਵਟ ਨੂੰ ਅੱਖਾਂ ਨਾਲ ਦੇਖਿਆ ਹੈ | ਉਨ੍ਹਾਂ ਦੀ ਨਜ਼ਰ ਵਿਚ ਅਜਿਹਾ ਮਾਹੌਲ ਰਾਜਨੀਤੀਵਾਨਾਂ ਦੇ ਚਰਿੱਤਰ ਵਿਚ ਆਈ ਗਿਰਾਵਟ ਕਾਰਨ ਵਾਪਰਿਆ ਹੈ | ਨਵਰਾਹੀ ਨੇ ਆਪਣੀ ਕਵਿਤਾ ਵਿਚ ਅਜਿਹੇ ਆਗੂਆਂ ਦੇ ਲੱਛਣਾਂ ਨੂੰ ਬਿਆਨ ਕੀਤਾ ਹੈ |
ਮੋਹਰੇ ਜਿਵੇਂ ਸ਼ਤਰੰਜ ਵਿਚ ਜਾਣ ਵਰਤੇ,
ਰਾਜਨੀਤੀ ਵਿਚ ਇਹੀ ਵਿਹਾਰ ਚਲਦਾ |
ਆਮ ਆਦਮੀ ਨਹੀਂ ਇਹ ਸਮਝ ਸਕਦਾ,
ਇਨ੍ਹਾਂ ਲੋਕਾਂ ਦਾ ਕਿੰਝ ਸੰਸਾਰ ਚਲਦਾ |....
ਉਨ੍ਹਾਂ ਨੂੰ ਇਸ ਗੱਲ ਦਾ ਵੀ ਦੁੱਖ ਰਿਹਾ ਕਿ ਦੇਸ਼ ਵਿਚ ਰਾਜ ਕਰਨ ਵਾਲੀ ਕਿਸੇ ਵੀ ਸਰਕਾਰ ਨੇ ਪੰਜਾਬ ਨਾਲ ਨਿਆਂ ਨਹੀਂ ਕੀਤਾ | ਪੰਜਾਬੀਆਂ ਵਲੋਂ ਦੇਸ਼ ਦੀ ਆਜ਼ਾਦੀ ਵਾਸਤੇ ਘਾਲੀਆਂ ਘਾਲਣਾਵਾਂ ਦਾ ਮੁੱਲ ਤਾਂ ਕੀ ਪਾਉਣਾ ਸੀ, ਨਵੀਂਆਂ ਤੋਂ ਨਵੀਆਂ ਸਮੱਸਿਆਵਾਂ ਪੈਦਾ ਕਰਕੇ ਪੰਜਾਬ ਨਾਲ ਧਰੋਅ ਕਮਾਇਆ ਹੈ | ਇਸ ਬਾਰੇ ਉਨ੍ਹਾਂ ਦਾ ਇਕ ਚੁਪਾਲੀਆ ਹੈ :
ਦਿੱਲੀ ਸਦਾ ਪੰਜਾਬ ਨੂੰ ਠਿੱਠ ਕੀਤਾ,
ਕੀਤਾ ਵਿਤਕਰਾ ਬੜਾ ਖੁਆਰ ਕੀਤਾ |
ਕਿਹੜੀ ਗੱਲ ਦਾ ਰਿਹਾ ਗੁਮਾਨ ਉਸ ਨੂੰ ,
ਜਿਸ ਨੇ ਕਿਰਤੀ ਕਿਸਾਨ 'ਤੇ ਵਾਰ ਕੀਤਾ |
ਪਾਈ ਕਦਰ ਨਾ ਰਤਾ ਕੁਰਬਾਨੀਆਂ ਦੀ,
ਖਵਰੇ ਕਾਸ ਤੋਂ ਏਡਾ ਹੰਕਾਰ ਕੀਤਾ |
ਜੜ੍ਹਾਂ ਕੁਤਰੀਆਂ ਚੂਹਿਆਂ ਦੇ ਵਾਂਗ ਉਸ ਨੇ,
ਸਾਨੂੰ ਗੀਦੀਆਂ ਵਿਚ ਸ਼ੁਮਾਰ ਕੀਤਾ |
ਉਸ ਦੀ ਧਰਮ ਪਤਨੀ ਸ੍ਰੀਮਤੀ ਅਮਰਜੀਤ ਕੌਰ ਬਰਾੜ ਸੇਵਾ ਮੁਕਤ ਲੈਕਚਰਾਰ ਹਨ | ਉਨ੍ਹਾਂ ਦਾ ਇਕਲੌਤਾ ਸਪੁੱਤਰ ਇੰਜ. ਨਵਜੀਤ ਸਿੰਘ ਬਰਾੜ ਅਤੇ ਨੂੰ ਹ ਗੁਰਪ੍ਰੀਤ ਕੌਰ ਬਰਾੜ ਕਾਫ਼ੀ ਸਮਾਂ ਯੂ.ਐਸ.ਏ ਵਿਚ ਰਹੇ ਅਤੇ ਹੁਣ ਕੁਝ ਵਰੇ੍ਹ ਪਹਿਲਾਂ ਉਸਨੇ ਮੋਹਾਲੀ ਵਿਚ ਆਪਣਾ ਸੁਤੰਤਰ ਬਿਜ਼ਨੈਸ ਸਥਾਪਿਤ ਕਰ ਲਿਆ ਹੈ | ਨਵਰਾਹੀ ਘੁਗਿਆਣਵੀ ਦਾ ਪੋਤਰਾ ਮਹਿਤਾਬ ਇੰਜੀਨੀਅਰ ਹੈ ਅਤੇ ਪੋਤਰੀ ਸੀਰਤ ਪਾਇਲਟ ਵਜੋਂ ਸੇਵਾ ਨਿਭਾ ਰਹੀ ਹੈ | ਇਨ੍ਹਾਂ ਬੱਚਿਆਂ ਦੀ ਬਾਲ ਲੀਲ੍ਹਾ ਦੌਰਾਨ ਉਨ੍ਹਾਂ ਬਾਲ ਸਾਹਿਤ ਦੀਆਂ ਦੋ ਪੁਸਤਕਾਂ 'ਮਹਿਤਾਬ ਨਾਮਾ (1998)' ਅਤੇ ਸੀਰਤ ਨਾਮਾ (2004) ਪ੍ਰਕਾਸ਼ਿਤ ਕੀਤੀਆਂ ਸਨ | ਬਾਲ ਸਾਹਿਤ ਨਾਲ ਉਨ੍ਹਾਂ ਦੀਆਂ ਕੁਝ ਹੋਰ ਪੁਸਤਕਾਂ ਲਗਰਾਂ (1995), ਗਨੇਰੀਆਂ (2006) ਅਤੇ ਮਾਸੂਮ ਆਦਿ ਵੀ ਕਾਫ਼ੀ ਪ੍ਰਸਿੱਧ ਹੋਈਆਂ |
ਮੈਨੂੰ ਵੀ ਉਨ੍ਹਾਂ ਦੇ ਵਿਦਿਆਰਥੀ ਹੋਣ ਦਾ ਸੁਭਾਗ ਪ੍ਰਾਪਤ ਹੈ, ਉਹ ਜਦੋਂ ਵੀ ਕਿਤੇ ਸਮਾਗਮਾਂ ਜਾਂ ਅਜੀਤ ਦੇ ਉਪ ਦਫ਼ਤਰ ਵਿਖੇ ਆਉਂਦੇ ਤਾਂ ਮੈਨੂੰ ਪਿਆਰ ਅਤੇ ਸਤਿਕਾਰ ਬਖ਼ਸ਼ਦੇ ਅਤੇ ਆਪ ਵੀ ਗੁਰੂ ਹੋਣ ਦਾ ਮਾਣ ਮਹਿਸੂਸ ਕਰਦੇ | ਨਵਰਾਹੀ ਘੁਗਿਆਣਵੀ ਜਿੱਥੇ ਇਕ ਵਧੀਆ ਕਵੀ ਸਨ, ਉੱਥੇ ਉਭਰਦੇ ਸਾਹਿਤਕਾਰਾਂ, ਕਵੀਆਂ ਅਤੇ ਲੇਖਕਾਂ ਲਈ ਚਾਨਣ ਮੁਨਾਰਾ ਅਤੇ ਰਾਹ-ਦਸੇਰਾ ਵੀ ਸਨ | ਪੰਜਾਬੀ ਸਾਹਿਤ ਵਿਚ ਉਨ੍ਹਾਂ ਵਲੋਂ ਪਾਇਆ ਵੱਡਮੁੱਲਾ ਯੋਗਦਾਨ ਸਾਹਿਤ ਪ੍ਰੇਮੀਆਂ ਨੂੰ ਯਾਦ ਰਹੇਗਾ | ਉਹ ਹਮੇਸ਼ਾ ਆਖਦੇ ਸਨ ਕਿ ਕਵੀ ਨੂੰ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਚੱਲਣਾ ਚਾਹੀਦਾ ਹੈ ਪ੍ਰੰਤੂ ਜੇ ਉਹ ਮੌਕੇ ਦੇ ਹਾਕਮਾਂ ਦੀ ਖੁਸ਼ਾਮਦ ਕਰਕੇ ਨਿੱਕੇ ਮੋਟੇ ਲਾਹੇ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਲੇਖਕ ਨਹੀਂ ਜੁਗਾੜੀਆ ਹੈ |
-ਇੰਚਾਰਜ ਸਬ ਆਫ਼ਿਸ ਫ਼ਰੀਦਕੋਟ |
ਮੋਬਾਈਲ : 98145-53988