ਰਾਤੀਂ ਅੰਬਰ ਚੋਰੀ-ਚੋਰੀ, ਸਾਗਰ 'ਤੇ ਕੁਝ ਵਾਹ ਕੇ ਆਇਐ |
ਜ਼ੁਲਮਾਂ ਦੀ ਜੋ ਗਰਦ ਚੜ੍ਹੀ ਸੀ, ਆਪਣੇ ਤਨ ਤੋਂ ਲਾਹ ਕੇ ਆਇਐ |
ਕੋਠੀ ਦੇ ਨਕਸ਼ੇ ਵਿਚ ਨਹੀਂ ਸੀ, ਮਾਂ ਪਿਓ ਜੋਗੀ ਥਾਂ ਦੀ ਸੁਵਿਧਾ,
ਇਸ ਕਰ ਕੇ ਉਹ ਮਾਂ ਦਾ ਮੰਜਾ, ਬੁੱਢੇ ਘਰ ਵਿਚ ਡਾਹ ਕੇ ਆਇਐ |
ਉੱਗ ਪਏ ਸੀ ਉਸ ਦੇ ਦਿਲ ਵਿਚ, ਨਫ਼ਰਤ ਸਾੜੇ ਦੇ ਕੱਖ-ਕੰਡੇ,
ਪਿਆਰ ਮੁਹੱਬਤ ਦਾ ਹਲ ਲੈ ਉਹ, ਦਿਲ ਦੀ ਪੈਲੀ ਵਾਹ ਕੇ ਆਇਐ |
ਉਸ ਨੇ ਹਰ ਘਰ ਦੀ ਛੱਤ ਉੱਤੋਂ, ਦਿੱਤੇ ਪੁੱਟ ਸਿਆਸੀ ਗੁੰਬਦ,
ਸਾਂਝਾਂ ਦਾ ਉਹ ਪਾਠ ਪੜ੍ਹਾ ਕੇ, ਸਭ ਦੀਵਾਰਾਂ ਢਾਹ ਕੇ ਆਇਐ |
ਨਾ-ਮਨਜ਼ੂਰ ਨੇ ਇਸ ਨੂੰ ਹੱਦਾਂ, ਨਾ ਮੰਨੇ ਇਹ ਈਨ ਕਿਸੇ ਦੀ,
ਮਨ ਦਾ ਪੰਛੀ ਮਾਰ ਉਡਾਰੀ, ਧਰਤੀ ਅੰਬਰ ਗਾਹ ਕੇ ਆਇਐ |
ਪਹਿਲਾਂ ਜੋ ਸੀ ਬੋਝਲ ਗੱਡਾ, ਹੁਣ ਦਿਲ ਹੈ ਸਾਹਾਂ ਤੋਂ ਹੌਲਾ,
ਬਹਿ 'ਜਗਜੀਤ' ਦੇ ਕੋਲ ਜਦੋਂ ਦਾ, ਭਾਰ ਗ਼ਮਾਂ ਦਾ ਲਾਹ ਕੇ ਆਇਐ |
ਗ਼ਜ਼ਲ
ਅਜੀਤ ਡੈਸਕ
22-02-2026