ਸਮੁੰਦਰਾਂ ਵਿਚ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿਚ ਕਰ ਕੇ ਉਨ੍ਹਾਂ ਦੇ ਕਰੂਜ਼ ਮੈਂਬਰਾਂ, ਯਾਤਰੀਆਂ ਅਤੇ ਕੈਪਟਨ ਨੂੰ ਡਰਾ ਧਮਕਾ ਕੇ, ਦਬਾਅ ਬਣਾ ਕੇ ਜਹਾਜ਼ ਮਾਲਕਾਂ ਤੋਂ ਫਿਰੋਤੀ ਦੀ ਮੰਗ ਕਰਨ ਵਾਲੇ ਸਮੁੰਦਰੀ ਲੁਟੇਰੇ ਲਗਾਤਾਰ ਬੜੇ ਸਰਗਰਮ ਹਨ। ਉਨ੍ਹਾਂ ਦਾ ਆਪਣੇ ਸਮੁੰਦਰੀ ਖੇਤਰ ਵਿਚ ਪੂਰਾ ਦਬਦਬਾ ਚੱਲਦਾ ਹੈ ਤੇ ਉਨ੍ਹਾਂ ਦਾ ਭੈਅ ਹਰ ਪਾਸੇ ਫੈਲਿਆ ਹੋਇਆ ਹੈ। ਸੋਮਾਲੀਆ ਦੇ ਦੇਸ਼ ਦਾ ਸਮੁੰਦਰੀ ਤੱਟ ਦਾ ਖੇਤਰ ਅਦਨ ਦੀ ਖਾੜੀ, ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਲੱਗਦਾ ਹੈ। ਇਨ੍ਹਾਂ ਸਮੁੰਦਰੀ ਖੇਤਰਾਂ ਦੇ ਨੇੜਲੇ ਖੇਤਰਾਂ ਵਿਚ ਜਿੱਥੋਂ ਦੇ ਸਮੁੰਦਰੀ ਜਹਾਜ਼ ਬੇੜੇ ਲੰਘਦੇ ਹਨ ਉਥੋਂ ਤੱਕ ਸਮਾਲੀਆ ਦੇ ਸਮੁੰਦਰੀ ਲੁਟੇਰਿਆਂ ਦੀ ਲੁੱਟ ਦਾ ਖੇਤਰ ਹੈ। ਸੰਨ 1960 ਵਿਚ ਸੋਮਾਲੀਆ ਆਜ਼ਾਦ ਹੋਇਆ ਪਰ ਫਿਰ ਵੀ ਉਥੋਂ ਦਾ ਸਰਕਾਰੀ ਢਾਂਚਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਅਤੇ ਦੇਸ਼ ਵਿਚ ਅਰਾਜਕਤਾ ਫੈਲ ਗਈ। ਸੋਮਾਲੀਆ ਦੇ ਲਾਗੇ ਸਮੁੰਦਰ ਵਿਚ ਮੱਛੀਆਂ ਦਾ ਭੰਡਾਰ ਹੋਣ ਕਰਕੇ ਬਹੁਤ ਸਾਰੇ ਲੋਕ ਮੱਛੀਆਂ ਦਾ ਵਪਾਰ ਕਰਦੇ ਸਨ ਉਦੋਂ ਸਮੁੰਦਰੀ ਲੁਟੇਰਿਆਂ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਸੀ ਜਦੋਂ ਦੇਸ਼ ਵਿਚ ਖਾਨਾ ਜੰਗੀ ਹੋਈ ਤਾਂ ਇਸ ਦਾ ਫਾਇਦਾ ਵਿਦੇਸ਼ੀ ਕੰਪਨੀਆਂ ਨੇ ਚੁੱਕਿਆ ਤੇ ਵੱਡੀ ਪੱਧਰ 'ਤੇ ਆਰਥਿਕ ਲੁੱਟ ਕੀਤੀ। ਜਦੋਂ ਸੋਮਾਲੀਆ ਦੇ ਲੋਕ ਆਪਣੀਆਂ ਛੋਟੀਆਂ ਕਿਸ਼ਤੀਆਂ ਨਾਲ ਸਮੁੰਦਰ ਵਿਚ ਜਾ ਕੇ ਮੱਛੀਆਂ ਫੜਦੇ ਸਨ ਤੇ ਇਸ ਤਰ੍ਹਾਂ ਉਹ ਆਪਣਾ ਵਪਾਰ ਕਰਦੇ ਸਨ। ਉਦੋਂ ਸੋਮਾਲੀਆ ਦੇ ਲੋਕਾਂ ਸਾਹਮਣੇ ਵਿਦੇਸ਼ੀ ਕੰਪਨੀਆਂ ਆ ਖੜ੍ਹੀਆਂ ਤੇ ਉਨ੍ਹਾਂ ਕੰਪਨੀਆਂ ਦੇ ਆਪਣੇ ਲੋਕ ਅਤੇ ਕਾਮੇ ਸਨ। ਇਸ ਤਰ੍ਹਾਂ ਸੋਮਾਲੀਆ ਦੇ ਲੋਕਾਂ ਦੇ ਕਾਰਜ ਪ੍ਰਭਾਵਿਤ ਹੋਏ, ਨੌਕਰੀਆਂ ਖ਼ਤਮ ਹੋਣ ਲੱਗੀਆਂ। ਦੇਸ਼ ਵਿਚ ਅਕਾਲ, ਭੁੱਖ ਮਰੀ ਅਤੇ ਬੇਰੁਜ਼ਗਾਰੀ ਨੇ ਵੱਡੀ ਪੱਧਰ ਤੇ ਪੈਰ ਪਸਾਰ ਲਏ ਤੇ ਉਨ੍ਹਾਂ ਦਾ ਜਿਊਣਾ ਦੁੱਬਰ ਹੋ ਗਿਆ। ਸੋਮਾਲੀਆ ਦੇਸ਼ ਵਿਚ ਨਾ ਸਰਕਾਰ ਸੀ, ਨਾ ਪੁਲਿਸ ਸੀ ਤੇ ਨਾ ਹੀ ਕੋਈ ਪ੍ਰਬੰਧ ਸੀ। ਜਦੋਂ ਵਿਦੇਸ਼ੀ ਕੰਪਨੀਆਂ ਵਾਲੇ ਸੋਮਾਲੀਆ ਖੇਤਰ ਵਿਚ ਆਉਂਦੇ ਸਨ ਤਾਂ ਉਹ ਜਾਨ-ਲੇਵਾ ਜ਼ਹਿਰ, ਕੂੜਾ ਕਰਕਟ ਸੁੱਟਦੇ ਤੇ ਮੁੜਦੇ ਹੋਏ ਮੱਛੀਆਂ ਫੜ ਕੇ ਲੈ ਜਾਂਦੇ ਸਨ। ਇਸ ਤਰ੍ਹਾਂ ਵਿਦੇਸ਼ੀ ਕੰਪਨੀਆਂ ਨੇ ਸੋਮਾਲੀਆ ਦੇ ਲੋਕਾਂ ਦੇ ਕਾਰੋਬਾਰ ਖ਼ਤਮ ਕਰ ਦਿੱਤੇ। ਸੋਮਾਲੀਆ ਦੇ ਲੋਕ ਇਹ ਧੱਕੇਸ਼ਾਹੀ, ਜ਼ੁਲਮ ਅਤੇ ਅਨਿਆਂ ਦੇਖ ਰਹੇ ਸਨ ਅਤੇ ਇਸ ਦੇ ਵਿਰੁੱਧ ਸੋਮਾਲੀਆ ਦੇ ਜਵਾਨ ਅੱਗੇ ਆਏ। ਉਨ੍ਹਾਂ ਆਪਣੇ ਸਮੁੰਦਰੀ ਤੱਟ ਦੀ ਰੱਖਿਆ ਲਈ ਵਿਦੇਸ਼ੀਆਂ ਦੇ ਵਿਰੁੱਧ ਡੱਟ ਕੇ ਪਹਿਰਾ ਦੇਣ ਲੱਗ ਗਏ। ਜਦੋਂ ਵਿਦੇਸ਼ੀ ਸਮੁੰਦਰੀ ਬੇੜੇ ਸੋਮਾਲੀਆ ਦੇ ਸਮੁੰਦਰ ਨੇੜੇ ਦੇ ਇਲਾਕਿਆਂ ਵਿਚ ਆਉਂਦੇ ਸਨ ਤਾਂ ਪਹਿਲਾਂ ਪਹਿਲ ਉਹ ਉਨ੍ਹਾਂ ਨੂੰ ਖਦੇੜ ਦਿੰਦੇ ਸਨ ਤੇ ਆਪਣੇ ਤੱਟ ਦੀ ਰੱਖਿਆ ਕਰਦੇ ਸਨ। ਫਿਰ ਸੋਮਾਲੀਆ ਦੇ ਰੱਖਿਆ ਜਵਾਨਾਂ ਦੇ ਦਿਮਾਗ਼ ਵਿਚ ਸ਼ੈਤਾਨੀ ਯੋਜਨਾ ਆਈ ਤੇ ਉਹ ਆਪਣੀਆਂ ਕਿਸ਼ਤੀਆਂ ਵਿਚ ਬੈਠ ਕੇ ਹਥਿਆਰਾਂ ਨਾਲ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿਚ ਕਰ ਲੈਂਦੇ ਤੇ ਲੁੱਟਾਂ ਖੋਹਾਂ ਕਰਦੇ। ਉਦੋਂ ਉਨ੍ਹਾਂ ਦੀ ਵਿਚਾਰਧਾਰਾ ਹੀ ਬਦਲ ਗਈ ਕਿਉਂਕ ਦੇਸ਼ ਵਿਚ ਨਾ ਨੌਕਰੀ, ਨਾ ਸਿੱਖਿਆ, ਨਾ ਖਾਣਾ ਅਤੇ ਨਾ ਧਨ ਸੀ। ਜ਼ਿੰਦਗੀ ਜਿਊਣ ਲਈ ਹਰ ਚੀਜ਼ ਦੀ ਲੋੜ ਹੁੰਦੀ ਹੈ ਤੇ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਰਣਨੀਤੀ ਬਦਲ ਲਈ, ਉਨ੍ਹਾਂ ਕੋਲ ਪੁਰਾਤਨ ਸਮੇਂ ਵਾਲੀਆਂ ਕਿਸ਼ਤੀਆਂ ਤੇ ਬੰਦੂਕਾਂ ਸਨ। ਉਹ ਆਪਣੀਆਂ ਚਾਲਾਂ ਨਾਲ ਸਮੁੰਦਰੀ ਬੇੜਿਆਂ ਨੂੰ ਘੇਰ ਕੇ ਕਾਬੂ ਵਿਚ ਕਰ ਲੈਂਦੇ। ਉਹ ਪਹਿਲਾਂ ਬੰਦਿਆਂ ਨੂੰ ਡਰਾਉਂਦੇ, ਫਿਰ ਕਰੂਜ਼ ਮੁਲਾਜ਼ਮਾਂ ਨੂੰ ਧਮਕਾਉਂਦੇ ਤੇ ਬਾਅਦ ਵਿਚ ਕੈਪਟਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਸਨ। ਇਸ ਤਰ੍ਹਾਂ ਫਿਰ ਲੰਬਾ ਸਮਾਂ ਕਾਬੂ ਕਰੀ ਰੱਖਦੇ ਤੇ ਫਿਰ ਕੰਪਨੀ ਮਾਲਕਾਂ ਕੋਲੋਂ ਫਿਰੋਤੀ ਲੈ ਕੇ ਛੱਡ ਦਿੰਦੇ ਸਨ। ਇਸ ਸਮੁੰਦਰੀ ਰਸਤੇ ਰਾਹੀਂ, ਕਰੀਬ 20 ਫ਼ੀਸਦੀ ਸਮੁੰਦਰੀ ਬੇੜੇ ਲੰਘਦੇ ਸਨ। ਉਹ ਕਾਰਗੋ ਜਹਾਜ਼ ਨੂੰ ਕਾਬੂ ਕਰ ਕੇ ਲੁੱਟਦੇ ਸਨ ਤੇ ਫਿਰੌਤੀਆਂ ਲੈ ਕੇ ਖਹਿੜਾ ਛੱਡਦੇ ਸਨ। ਸੋਮਾਲੀਆ ਦੇ 70 ਫ਼ੀਸਦੀ ਆਮ ਨਾਗਰਿਕ ਸੋਮਾਲੀਆ ਲੁਟੇਰਿਆਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਦੇ ਹੱਕ ਵਿਚ ਹਨ। ਉਨ੍ਹਾਂ ਨੇ ਹੌਲੀ-ਹੌਲੀ ਸਪੀਡ ਬੋਟ, ਚੰਗੇ ਨਵੇਂ ਹਥਿਆਰ, ਟਰੈਕਿੰਗ ਡਿਵਾਈਸ ਅਤੇ ਨਵਾਂ ਤਜਰਬਾ ਅਪਣਾਉਣਾ ਸ਼ੁਰੂ ਕਰ ਦਿੱਤਾ। ਇਹ ਸਪੀਡ ਬੋਟ ਸਮੁੰਦਰੀ ਬੇੜਿਆਂ ਨਾਲੋਂ ਬਹੁਤ ਤੇਜ਼ ਚੱਲਦੀ ਸੀ। ਇਸ ਤਰ੍ਹਾਂ ਉਹ ਤਿੰਨ ਚਾਰ ਸਪੀਡ ਬੋਟ ਲੈ ਕੇ ਸਮੁੰਦਰੀ ਬੇੜਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲੈਂਦੇ ਸਨ ਤੇ ਫਿਰ ਆਪਣੀ ਸਪੀਡ ਬੋਟ, ਸਮੁੰਦਰੀ ਜਹਾਜ਼ ਦੇ ਨਾਲ ਲਾ ਕੇ ਹੁੱਕਾ, ਰੱਸੀਆਂ ਅਤੇ ਪੌੜੀਆਂ ਨਾਲ ਸਮੁੰਦਰੀ ਜਹਾਜ਼ਾਂ ਦੇ ਚੜ੍ਹ ਜਾਂਦੇ ਸਨ ਤੇ ਹਥਿਆਰਾਂ ਦੇ ਬਲਬੂਤੇ ਨਾਲ ਸਭ ਕੁਝ ਆਪਣੇ ਕਬਜ਼ੇ ਵਿਚ ਕਰ ਲੈਂਦੇ ਸਨ। ਉਹ ਇਹ ਸਾਰਾ ਕੰਮ ਅੱਧੇ ਘੰਟੇ ਵਿਚ ਕਰ ਲੈਂਦੇ ਸਨ। ਸਮੁੰਦਰੀ ਲੁਟੇਰੇ ਫਿਰ ਇਨ੍ਹਾ ਜਹਾਜ਼ਾਂ ਨੂੰ ਇਕ ਪਾਸੇ ਟਿਕਾਣੇ 'ਤੇ ਲੈ ਜਾਂਦੇ ਸਨ ਉਥੇ ਉਨ੍ਹਾਂ ਚਿਰ ਕਾਬੂ ਵਿਚ ਰੱਖਦੇ ਸਨ ਜਿੰਨਾ ਚਿਰ ਉਨ੍ਹਾਂ ਨੂੰ ਚੰਗੀ ਫਿਰੌਤੀ ਨਹੀਂ ਮਿਲ ਜਾਂਦੀ ਸੀ। ਉਨ੍ਹਾਂ ਦੀ ਪ੍ਰਾਪਤੀ ਦੀ ਰਾਸ਼ੀ ਉਨ੍ਹਾਂ ਤੱਕ ਪੈਰਾਸ਼ੂਟ ਰਾਹੀਂ ਪਹੁੰਚਦੀ ਸੀ। ਅਕਸਰ ਹੀ ਸਮੁੰਦਰੀ ਲੁਟੇਰੇ ਇੱਕ ਅੱਖ ਢੱਕ ਕੇ ਰੱਖਦੇ ਸਨ ਕਿਉਂਕਿ ਜਦੋਂ ਵੀ ਉਹ ਚਾਨਣ ਤੋਂ ਹਨੇਰੇ ਜਾਂ ਹਨੇਰੇ ਤੋਂ ਚਾਨਣ ਵਿਚ ਜਾਂਦੇ ਸੀ ਤਾਂ ਉਦੋਂ ਅੱਖਾਂ ਨੂੰ ਸੈੱਟ ਹੋਣ ਲਈ ਕੁਝ ਸਮਾਂ ਲੱਗਦਾ ਸੀ। ਇਸ ਕਰ ਕੇ ਉਹ ਜਹਾਜ਼ ਉੱਪਰ ਉੱਪਰਲੀ ਖੁੱਲ੍ਹੀ ਛੱਤ ਚਾਨਣ ਵਾਲੀ ਤੋਂ ਹੇਠਲੀ ਅੰਦਰਲੀ ਹਨੇਰੇ ਵਾਲੀ ਮੰਜ਼ਿਲ ਵਿਚ ਜਾਣ ਸਮੇਂ ਉਹ ਹੇਠਾਂ ਜਾ ਕੇ ਆਪਣੀ ਅੱਖ ਤੋਂ ਪੱਟੀ ਉਤਾਰ ਦਿੰਦੇ ਸਨ ਤੇ ਉਨ੍ਹਾਂ ਨੂੰ ਉਸ ਅੱਖ ਵਿਚ ਮੌਕੇ 'ਤੇ ਹੀ ਸਹੀ ਦਿਸਦਾ ਸੀ ਤੇ ਦੂਜੀ ਖੁੱਲ੍ਹੀ ਅੱਖ ਲਈ ਸਮਾਂ ਲੱਗਦਾ ਸੀ। ਇਸ ਕਰਕੇ ਉਨ੍ਹਾਂ ਨੂੰ ਦੇਖਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਸੀ ਉਹ ਜਲਦੀ ਹੀ ਸਭ ਨੂੰ ਕਾਬੂ ਕਰ ਲੈਂਦੇ ਸਨ। ਸੋਮਾਲੀਆ ਦੇ ਲੁਟੇਰਿਆਂ ਕੋਲ ਚੰਗਾ ਧਨ ਅਤੇ ਚੰਗੀ ਸ਼ਕਤੀ ਸੀ। ਉਹ ਦਿਨੋ-ਦਿਨ ਤਕੜੇ ਹੋ ਰਹੇ ਸਨ। ਉਹ ਸੁੰਦਰ ਔਰਤਾਂ ਨਾਲ ਵਿਆਹੇ ਹੋਏ ਹਨ ਤੇ ਉਨ੍ਹਾਂ ਦੀ ਉਮਰ ਵੀ 25 ਤੋਂ 35 ਸਾਲ ਦੇ ਵਿਚਕਾਰ ਹੈ ਜਿਹੜੇ ਲੁਟੇਰੇ ਜਲਦੀ ਸੈੱਟ ਹੋ ਜਾਂਦੇ ਸੀ ਉਹ ਦੂਜਾ ਅਤੇ ਤੀਜਾ ਵਿਆਹ ਕਰਵਾ ਲੈਂਦੇ ਸੀ ਅਤੇ ਬੜੇ ਫੈਸ਼ਨ ਕਰਦੇ ਸੀ। ਉਨ੍ਹਾਂ ਕੋਲ ਵੱਡੇ ਘਰ, ਨਵੀਆਂ ਕਾਰਾਂ ਅਤੇ ਨਵੇਂ ਹਥਿਆਰ ਸਨ। ਉਹ ਲੁੱਟੀ ਹੋਈ ਰਾਸ਼ੀ ਦਾ ਕੁਝ ਹਿੱਸਾ ਆਪਣੇ ਗ਼ਰੀਬ ਨਾਗਰਿਕਾਂ ਅਤੇ ਅਪਾਹਜਾਂ 'ਤੇ ਖਰਚ ਕਰਦੇ ਸਨ। ਸੰਨ 2009 ਵਿਚ ਅਮਰੀਕਾ ਤੇ ਹੋਰ ਦੇਸ਼ਾਂ ਨੇ ਅੰਤਰਰਾਸ਼ਟਰੀ ਜਲ ਮਿਸ਼ਨ ਟਾਸਕ ਬਲ ਦਾ ਗਠਨ ਕੀਤਾ, ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਤੇ ਨਾਟੋ ਦੇਸ਼ ਅਤੇ ਫਿਰ ਚੀਨ, ਰੂਸ ਅਤੇ ਭਾਰਤ ਨੇ ਵੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ। ਇਸ ਤਰ੍ਹਾਂ ਸੰਨ 2011 ਵਿਚ 237, ਸੰਨ 2012 ਵਿਚ 75 ਅਤੇ ਸੰਨ 2013 ਵਿਚ 15 ਘਟਨਾਵਾਂ ਹੋਈਆਂ ਸਨ। ਜਦੋਂ ਤੋਂ ਸਮੁੰਦਰੀ ਵਪਾਰਕ ਜਹਾਜ਼ਾਂ 'ਤੇ ਹਥਿਆਰਬੰਦ ਸੁਰੱਖਿਆ ਦਸਤੇ ਤਾਇਨਾਤ ਹੋਏ ਹਨ ਉਸ ਸਮੇਂ ਤੋਂ ਸਮੁੰਦਰੀ ਲੁਟੇਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਕਿਉਂਕਿ ਜਦੋਂ ਵੀ ਸਮੁੰਦਰੀ ਲੁਟੇਰੇ ਸਪੀਡ ਬੋਟ ਰਾਹੀਂ ਸਮੁੰਦਰੀ ਜਹਾਜ਼ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਇਹ ਸੁਰੱਖਿਆ ਗਾਰਡ ਉਨ੍ਹਾਂ 'ਤੇ ਹਮਲਾ ਕਰ ਦਿੰਦੇ ਤੇ ਉਨ੍ਹਾਂ ਨੂੰ ਜਹਾਜ਼ ਤੱਕ ਪਹੁੰਚਣ ਤੋਂ ਪਹਿਲਾਂ ਖਦੇੜ ਦਿੰਦੇ ਸਨ ਤੇ ਨਾ ਖਹਿੜਾ ਛੱਡਣ ਵਾਲਿਆਂ ਨੂੰ ਮਾਰ ਮੁਕਾਉਂਦੇ ਸਨ। ਇਸ ਤਰ੍ਹਾਂ ਸੰਨ 2017 ਤੋਂ 2023 ਤੱਕ ਸਮੁੰਦਰੀ ਲੁਟੇਰੇ ਕਿਸੇ ਵੀ ਕਾਰਵਾਈ ਦੇ ਵਿਚ ਸਫਲ ਨਹੀਂ ਹੋਏ ਤੇ ਉਨ੍ਹਾਂ ਦੇ ਮਨਸੂਬੇ ਫੇਲ੍ਹ ਹੋ ਗਏ। ਉਨ੍ਹਾਂ ਦੀਆਂ ਕਾਰਵਾਈਆਂ ਖ਼ਤਮ ਹੋ ਗਈਆਂ ਸਨ। ਸੰਨ 2023 ਵਿਚ ਜਦੋਂ ਹਮਾਸ ਇਜ਼ਰਾਇਲ ਜੰਗ ਸ਼ੁਰੂ ਹੋਈ ਤਾਂ ਸਮੁੰਦਰੀ ਲੁਟੇਰੇ ਫਿਰ ਸਰਗਰਮ ਹੋ ਗਏ। ਬੀਤੇ ਸਮੇਂ 35 ਸਮੁੰਦਰੀ ਲੁਟੇਰਿਆਂ ਨੇ ਐਮ.ਵੀ. ਰੋਆਨ ਜਹਾਜ਼ ਤੇ ਕਬਜ਼ਾ ਕਰ ਲਿਆ ਸੀ ਤੇ ਇਹ ਭਾਰਤ ਦੇ ਸਮੁੰਦਰੀ ਕਿਨਾਰੇ ਤੋਂ 2600 ਕਿੱਲੋਮੀਟਰ ਦੀ ਦੂਰੀ 'ਤੇ ਸੀ ਜਦੋਂ ਭਾਰਤੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਇਸ ਜਹਾਜ਼ ਨੂੰ ਬਚਾਉਣ ਲਈ ਜਹਾਜ਼ ਦੇ ਨੇੜੇ ਗਿਆ ਤੇ ਭਾਰਤੀ ਸੈਨਾ ਨੇ ਸਮੁੰਦਰੀ ਲੁਟੇਰਿਆਂ ਨੂੰ ਜਹਾਜ਼ ਦੇ ਮੁਲਾਜ਼ਮਾਂ ਨੂੰ ਰਿਹਾ ਕਰਨ ਨੂੰ ਕਿਹਾ ਤਾਂ ਉਨ੍ਹਾਂ ਨੇ ਇਹ ਹੁਕਮ ਨਾ ਮੰਨ ਕੇ ਉਲਟਾ ਹੈਲੀਕਾਪਟਰ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਭਾਰਤੀ ਜਲ ਸੈਨਾ ਨੇ 40 ਘੰਟਿਆਂ ਵਿਚ ਸਮੁੱਚੀ ਕਾਰਵਾਈ ਕਰ ਕੇ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੂੰ ਕਾਬੂ ਕਰ ਲਿਆ ਤੇ ਜਹਾਜ਼ ਦੇ 17 ਕਰੂਜ਼ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
-ਮਕਾਨ ਨੰਬਰ; 166, ਗਲੀ ਹਜ਼ਾਰਾ ਸਿੰਘ ਮੋਗਾ-142002
ਵਟਸਐਪ: +91-97-810-40140