ਵਿਸ਼ਵ ਭਰ ਦੇ ਖੋਜੀ ਅਕਤੂਬਰ ਮਹੀਨੇ ਨੋਬਲ ਪੁਰਸਕਾਰਾਂ ਦੇ ਐਲਾਨ ਦੀ ਉਡੀਕ ਜ਼ਰੂਰ ਕਰਦੇ ਹਨ। ਇਸ ਸਾਲ ਨੋਬਲ ਪੁਰਸਕਾਰਾਂ ਦਾ ਐਲਾਨ ਹੋ ਚੁੱਕਾ ਹੈ। ਆਓ, ਸੰਖੇਪ ਵਿਚ ਸਾਲ 2025 ਦੇ ਨੋਬਲ ਪੁਰਸਕਾਰ ਜੇਤੂਆਂ ਨਾਲ ਸਾਂਝ ਪਾਈਏ ਅਤੇ ਉਨ੍ਹਾਂ ਦੇ ਖੋਜ ਕਾਰਜਾਂ ਬਾਰੇ ਜਾਣੀਏ।
ਮੈਡੀਸਿਨ: ਇਸ ਵਾਰ ਮੈਡੀਸੀਨ ਦਾ ਨੋਬਲ ਪੁਰਸਕਾਰ ਸਿਆਟਲ (ਅਮਰੀਕਾ) ਦੀ ਮੈਰੀ.ਈ ਬਰੁੰਕੋ, ਸਾਨ ਫਰਾਂਸਿਸਕੋ (ਅਮਰੀਕਾ) ਦੇ ਫਰੈੱਡ ਰੈਮਸਡੇਲ ਅਤੇ ਓਕਾਸਾ ਯੂਨੀਵਰਸਿਟੀ ਜਪਾਨ ਦੇ ਸ਼ਿਮੋਨ ਸਾਕਾਗੁਚੀ ਨੂੰ ਇਮਿਊਨ ਸਿਸਟਮ ਦੇ ਸੁਰੱਖਿਆਗਾਰਡਾਂ, ਰੈਗੂਲੇਟਰੀ ਟੀ ਸੈੱਲਾਂ ਦੀ ਪਛਾਣ ਖੋਜਣ ਲਈ ਸਾਂਝੇ ਤੌਰ 'ਤੇ ਮਿਲਿਆ ਹੈ।
ਸਾਕਾਗੁਚੀ ਨੇ ਸਰੀਰ ਨੂੰ ਆਟੋਇਮਿਊਨ ਰੋਗਾਂ ਤੋਂ ਬਚਾਉਣ ਵਾਲੇ ਇਮਿਊਨ ਸੈੱਲਾਂ ਦੇ ਪਹਿਲਾਂ ਅਨਜਾਣੇ ਵਰਗ ਨੂੰ ਖੋਜਿਆ। ਮੈਰੀ ਬਰੁੰਕੋ ਅਤੇ ਫਰੈੱਡ ਰੈਮਸਡੇਲ ਨੇ ਚੂਹਿਆਂ ਦੇ ਇੱਕ ਜੀਨ ਵਿਚ ਇੱਕ ਬਦਲਾਅ ਦੇਖਿਆ, ਜਿਸ ਦਾ ਨਾਂਅ ਉਨ੍ਹਾਂ ਨੇ 6oxp੩ ਰੱਖਿਆ। ਮਨੁੱਖ ਵਿਚ ਇਸ ਦੇ ਤੁਲ ਜੀਨ ਗੰਭੀਰ ਆਟੋਇਮਿਊਨ ਰੋਗ ਦਾ ਕਾਰਨ ਬਣਦੀ ਸੀ। ਸ਼ਿਮੋਨਸਾਕਾਗੁੱਚੀ ਨੇ ਦੱਸਿਆ ਕਿ ਰੈਗੂਲੇਟਰੀ ਟੀ ਸੈੱਲ ਦੂਜੇ ਇਮਿਊਨ ਸੈੱਲਾਂ ਦੀ ਨਿਗਰਾਨੀ ਕਰਦੇ ਹਨ ਅਤੇ ਦਰਸਾਉਂਦੇ ਹਨ ਕਿ ਸਾਡਾ ਇਮਿਊਨ ਸਿਸਟਮ ਸਾਡੇ ਤੰਤੂਆਂ ਨੂੰ ਬਰਦਾਸ਼ਤ ਕਰਦਾ ਹੈ। ਇੰਜ ਪੈਰੀਫਿਰਲ ਸਹਿਣਸ਼ੀਲਤਾ ਦੇ ਖੇਤਰ ਦੀ ਸ਼ੁਰੂਆਤ ਹੋਈ ਹੈ। ਇਸ ਨਾਲ ਕੈਂਸਰ ਅਤੇ ਆਟੋਇਮਿਊਨ ਰੋਗਾਂ ਦੇ ਇਲਾਜ ਨੂੰ ਹੁਲਾਰਾ ਮਿਲਿਆ ਹੈ। ਹੁਣ ਵਧੇਰੇ ਸਫਲ ਟਰਾਂਸਪਲਾਂਟੇਸ਼ਨ ਹੋਣ ਦੀ ਸੰਭਾਵਨਾ ਬਣ ਗਈ ਹੈ।
ਫਿਜ਼ੀਕਸ : ਇਸ ਵਰ੍ਹੇ ਫਿਜ਼ੀਕਸ ਦਾ ਨੋਬਲ ਪੁਰਸਕਾਰ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ, ਅਮਰੀਕਾ ਦੇ ਜੌਨ੍ਹ ਕਲਾਰਕ, ਯੇਲ ਯੂਨੀਵਰਸਿਟੀ ਅਮਰੀਕਾ ਦੇ ਮਿਸ਼ੇਲ ਐਚ.ਡੇਵੋਰੇਟ ਅਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜੌਹਨ ਐਮ. ਮਾਰਟਿਨੀਸ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ।
ਜੇਤੂਆਂ ਨੇ ਸੁਪਰਕੰਡਕਟਰਾਂ ਤੋਂ ਬਣੇ ਇਲੈਕਟ੍ਰਾਨਿਕ ਸਰਕਟ ਨਾਲ ਪ੍ਰਯੋਗ ਕੀਤੇ, ਜਿਸ ਵਿਚ ਬਿਨਾਂ ਕਿਸੇ ਪ੍ਰਤੀਰੋਧ ਦੇ ਕਰੰਟ ਵਹਿ ਸਕਦਾ ਸੀ। ਕੰਡਕਟਿੰਗ ਕੰਪੋਨੈਂਟਸ ਨੂੰ ਇੱਕ ਗੈਰ ਚਾਲਕ ਪਤਲੀ ਪਰਤ ਨਾਲ ਵੱਖ ਕੀਤਾ ਗਿਆ। ਇਸ ਵਿਚੋਂ ਕਰੰਟ ਲੰਘਾਣ 'ਤੇ ਸਰਕਟ ਇਸ ਤਰਾਂ ਵਿਹਾਰ ਕਰਦਾ ਸੀ ਜਿਵੇਂ ਇਕੱਲੇ ਕਣ ਨੇ ਪੂਰੇ ਸਰਕਟ ਨੂੰ ਭਰ ਦਿੱਤਾ ਸੀ। ਪ੍ਰਯੋਗ ਵਿਚ ਸਿਸਟਮ ਸੁਰੰਗ ਰਾਹੀਂ ਜ਼ੀਰੋ ਵੋਲਟੇਜ ਸਥਿਤੀ ਤੋਂ ਬਚਣ ਦਾ ਪ੍ਰਬੰਧ ਕਰਕੇ ਆਪਣਾ ਕੁਆਂਟਮ ਚਰਿੱਤਰ ਦਰਸਾਉਂਦਾ ਹੈ। ਯਾਨਿ ਕਿ ਇਹ ਕੁਆਂਟਾਈਜ਼ਡ ਹੈ, ਭਾਵ ਇਹ ਖਾਸ ਮਾਤਰਾ ਵਿਚ ਊਰਜਾ ਸੋਖਦਾ ਹੈ ਜਾਂ ਛੱਡਦਾ ਹੈ।
ਇਸ ਖੋਜ ਨੇ ਕੁਆਂਟਮ ਤਕਨਾਲੋਜੀ ਦੀ ਅਗਲੀ ਪੀੜ੍ਹੀ ਨੂੰ ਵਿਕਸਿਤ ਕਰਨ ਦੇ ਮੌਕੇ ਦਿੱਤੇ ਹਨ, ਜਿਸ ਵਿਚ ਕੁਆਂਟਮ ਕ੍ਰਿਪਟੋਗ੍ਰਾਫੀ, ਕੁਆਂਟਮ ਕੰਪਿਊਟਰ ਅਤੇ ਕੁਆਂਟਮ ਸੈਂਸਰ ਸ਼ਾਮਲ ਹਨ।
ਕੈਮਿਸਟਰੀ : ਇਸ ਵਾਰ ਕੈਮਿਸਟਰੀ ਦਾ ਨੋਬਲ ਪੁਰਸਕਾਰ ਨਵੇਂ ਪਰਮਾਣੂ ਢਾਂਚੇ ਵਿਕਸਿਤ ਕਰਨ ਲਈ ਜਪਾਨ ਦੀ ਕਿਓਟੋ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਸੂਮੂ ਕਿਤਾਗਾਵਾ, ਆਸਟ੍ਰੇਲੀਆ ਦੀ ਮੈਲਬੌਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਰਿਚਰਡ ਰਾਬਸਨ ਅਤੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਉਮਰ ਐਮ. ਯਾਘੀ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਜੇਤੂ ਖੋਜ ਦਾ ਆਰੰਭ ਰਿਚਰਡ ਰਾਬਸਨ ਦੇ ਪ੍ਰਯੋਗਾਂ ਨਾਲ ਹੋਇਆ। ਉਹ ਆਪਣੇ ਵਿਦਿਆਰਥੀਆਂ ਨੂੰ ਅਣੂ ਬਣਾਉਣ ਦੀ ਪ੍ਰਕਿਰਿਆ ਸਮਝਾ ਰਿਹਾ ਸੀ। ਲੱਕੜ ਦੀਆਂ ਗੇਂਦਾਂ ਡੰਡੀਆਂ ਨਾਲ ਜੋੜਨ ਵੇਲੇ ਉਸ ਨੇ ਮਹਿਸੂਸ ਕੀਤਾ ਕਿ ਇੰਜ ਨਵਾਂ ਪਰਮਾਣੂ ਢਾਂਚਾ ਤਿਆਰ ਕੀਤਾ ਜਾ ਸਕਦਾ ਸੀ। ਉਮਰ ਸਾਘੀ ਨੇ ਅਮਰੀਕਾ ਜਾ ਕੇ ਨਵੀਂ ਰਸਾਇਣਕ ਡਿਜ਼ਾਈਨਿੰਗ ਕਰਦਿਆਂ ਸੰਨ 1999 'ਚ ਐਮ.ਓ.ਐਫ-5 ਫਰੇਮ ਵਰਕ ਤਿਆਰ ਕਰ ਲਿਆ। ਕਿਤਾਗਾਵਾ ਨੇ ਸਥਿਰ ਧਾਤੂ ਕਾਰਬਨ ਢਾਂਚੇ ਬਣਾਉਣ ਦੇ ਨਵੇਂ ਢੰਗ ਇਜਾਦ ਕੀਤੇ। ਇਨ੍ਹਾਂ ਢਾਂਚਿਆਂ ਵਿਚ ਮੌਜੂਦ ਖਾਲੀ ਖੱਪਿਆਂ ਵਿਚੋਂ ਗੈਸਾਂ ਅਤੇ ਹੋਰ ਪਦਾਰਥਾਂ ਦਾ ਵਹਾਅ ਹੋ ਸਕਦਾ ਸੀ। ਬਾਹਰੀ ਅਣੂ ਉਸ ਪਦਾਰਥ ਵਿਚ ਪ੍ਰਵੇਸ਼ ਕਰ ਅਤੇ ਮੁੜ ਬਾਹਰ ਵੀ ਨਿਕਲ ਸਕਦੇ ਸਨ। ਇਨ੍ਹਾਂ ਦੀ ਵਰਤੋਂ ਕਾਰਬਨ ਡਾਇਆਕਸਾਈਡ ਨੂੰ ਸੋਖਣ ਜਾਂ ਜ਼ਹਿਰੀਲੀਆਂ ਗੈਸਾਂ ਨੂੰ ਇਕੱਠਾ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਕਾਰਬਨ ਯੁਕਤ ਅਣੂਆਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਪਦਾਰਥਾਂ ਦਾ ਖੇਤਰਫਲ ਵੱਡਾ ਹੋ ਸਕਦਾ ਹੈ।
ਸਾਹਿਤ : ਇਸ ਵਾਰ ਸਾਹਿਤ ਦਾ ਨੋਬਲ ਪੁਰਸਕਾਰ ਹੰਗਰੀ ਲੇਖਕ ਲਾਸਜ਼ਲੋ ਕ੍ਰਾਸਜ਼ਨਾਹੋਰਕਾਈ ਨੂੰ ਮਿਲਿਆ ਹੈ। ਲਾਸਜ਼ਲੋ ਭਿਆਨਕ ਦਹਿਸ਼ਤ ਭਰੀ ਆਬੋਹਵਾ ਵਿਚਾਲੇ ਕਲਾ ਦੀ ਤਾਕਤ ਦੀ ਪੁਸ਼ਟੀ ਕਰਦਾ ਹੈ। ਉਸ ਨੂੰ ਉਦਾਸ ਨਾਵਲਾਂ ਦਾ ਲੇਖਕ ਕਿਹਾ ਜਾਂਦਾ ਹੈ। ਉਸ ਦੀਆਂ ਕਈ ਕਹਾਣੀਆਂ, ਜਿਨ੍ਹਾਂ ਵਿਚ ਸੈਟਨਟੈਂਗੋ ਅਤੇ ਦਿਮੇਂਲੈਂਕੋਲੀ ਆਫ ਰੇਜ਼ਿਸਟੈਂਸ ਸ਼ਾਮਿਲ ਹਨ, ਤੇ ਫੀਚਰ ਫ਼ਿਲਮਾਂ ਵੀ ਬਣੀਆਂ ਹਨ।
ਲਾਸਜ਼ਲੋ ਪੂਰਬੀ ਹੰਗਰੀ ਦੇ ਛੋਟੇ ਜਿਹੇ ਸ਼ਹਿਰ ਗਿਉਲਾ (7਼u&a) ਵਿਚ ਇੱਕ ਵਕੀਲ ਪਿਤਾ ਘਰ ਜੰਮਿਆ। ਯਹੂਦੀ ਪਿਤਾ ਨੇ ਚਿਰ ਤੀਕ ਆਪਣੀ ਪਛਾਣ ਨੂੰ ਲੋਕਾਂ ਤੋਂ ਲੁਕੋਈ ਰੱਖਿਆ। ਸੰਨ 1985 'ਚ ਪਹਿਲੇ ਨਾਵਲ ਸ਼ਤਾਨਟਾਂਗੋ ਨਾਲ ਆਪਣੀ ਪਹਿਚਾਣ ਬਣਾਈ, ਜੋ ਕਿ ਇਕ ਢਹਿ-ਢੇਰੀ ਹੋ ਰਹੇ ਪੇਂਡੂ ਭਾਈਚਾਰੇ ਨੂੰ ਦ੍ਰਿਸ਼ਟੀਗੋਚਰ ਕਰਦਾ ਸੀ। ਇਸ ਨਾਵਲ ਨੇ ਸੰਨ 2015 'ਚ ਅੰਗਰੇਜ਼ੀ ਵਿਚ ਮੈਨ ਬੁੱਕਰ ਇੰਟਰ ਨੈਸ਼ਨਲ ਪੁਰਸਕਾਰ ਜਿੱਤਿਆ ਸੀ। ਨਿਰਦੇਸ਼ਕ ਬੇਲਾ ਟਾਰ ਨੇ ਇਸ 'ਤੇ ਲੰਬੀ ਫ਼ਿਲਮ ਬਣਾਈ ਸੀ। ਆਮ ਤੌਰ 'ਤੇ ਪੋਸਟਮਾਡਰਨ ਵਜੋਂ ਜਾਣੇ ਜਾਂਦੇ ਕ੍ਰਾਸਨਾਹੋਰਕਾਈ ਨੂੰ ਉਸ ਦੇ ਲੰਬੇ ਵਾਕਾਂ (ਸੈਟਾਂਗੋ) ਦੇ ਬਾਰ੍ਹਾਂ ਅਧਿਆਇਆਂ ਵਿਚੋਂ ਇੱਕ ਪੈਰ੍ਹਾ ਹੈ। ਆਲੋਚਕਾਂ ਨੇ ਉਸ ਦੀ ਦ੍ਰਿਸ਼ਟੀ ਨੂੰ ਗੋਗੋਲ, ਮੇਲਵਿਲ ਅਤੇ ਕਾਫਕਾ ਦੇ ਪੱਧਰ ਦੀ ਕਿਹਾ ਹੈ। ਉਹ ਕੇਂਦਰੀ ਯੂਰਪੀ ਪ੍ਰੰਪਰਾ ਵਿਚ ਮਹਾਨ ਮਹਾਂਕਾਵਿ ਲੇਖਕ ਹੈ। ਸੂਜ਼ਨ ਸੋਂਟਾਗ ਨੇ ਉਸ ਨੂੰ 'ਸੱਭਿਆਚਾਰ ਦਾ ਹੰਗਰੀਆਈ ਮਾਸਟਰ' ਦੱਸਿਆ ਹੈ। ਉਸ ਦਾ ਕਰੀਅਰ ਭਾਸ਼ਾ ਦੇ ਨਾਲ-ਨਾਲ ਤੋਰੇ ਫੇਰੇ ਨੇ ਵੀ ਘੜਿਆ ਹੈ। ਸੰਨ 1987 'ਚ ਹੰਗਰੀ ਛੱਡ ਕੇ ਪੱਛਮੀ ਬਰਲਿਨ ਵਿਚ ਫੈਲੋਸ਼ਿਪ ਵਿਚ ਰਿਹਾ। ਫਿਰ ਪੂਰਬੀ ਏਸ਼ੀਆ ਮੰਗੋਲੀਆ, ਚੀਨ ਅਤੇ ਜੰਗ 'ਤੇ ਕੰਮ ਕਰਨ ਵੇਲੇ ਉਸ ਨੇ ਪੂਰੇ ਯੂਰਪ ਦੀ ਯਾਤਰਾ ਕੀਤੀ। ਉਸ ਦੇ ਸ਼ਬਦਾਂ ਵਿਚ ਮੁਹੱਬਤ ਵੀ ਹੈ, ਸੰਵੇਦਨਾ ਅਤੇ ਕਰੁਣਾ ਵੀ ਹੈ। ਪਰਲੋ ਦੇ ਦਿਨਾਂ ਵਿਚ ਵੀ, ਮੁਹੱਬਤ ਦੀ ਤਾਕਤ ਦੁਨੀਆ ਨੂੰ ਬਦਲ ਸਕਦੀ ਹੈ। ਇਹ ਪੁਰਸਕਾਰ ਉਸ ਦੀ ਜਦੋਜਹਿਦ ਦਾ ਸਨਮਾਨ ਹੈ।
ਸ਼ਾਂਤੀ ਪੁਰਸਕਾਰ : ਇਸ ਵਾਰ ਨੋਬਲ ਸ਼ਾਂਤੀ ਪੁਰਸਕਾਰ ਵੈਨੇਜ਼ੁਏਲਾ ਦੀ ਮਾਰੀਆ ਕੋਰੀਨਾ ਮਚਾਡੋ ਨੂੰ ਦਿੱਤਾ ਗਿਆ ਹੈ। ਉਸ ਨੂੰ ਇਹ ਸਨਮਾਨ ਲੋਕਤੰਤਰ ਦੀ ਮਸ਼ਾਲ ਜਲਦੀ ਰੱਖਣ ਵਾਲੀ ਵੀਰਾਂਗਣਾ ਹੋਣ ਕਰਕੇ ਉਥੋਂ ਦੇ ਲੋਕਾਂ ਦੇ ਮੌਲਿਕ ਹੱਕਾਂ ਦੀ ਰਖਵਾਲੀ ਕਰਨ, ਲੋਕਤੰਤਰ ਵਿਚ ਇਨਸਾਫ਼ ਪ੍ਰਾਪਤ ਕਰਨ ਲਈ, ਸ਼ਾਂਤੀ ਪੂਰਬਕ ਤਬਦੀਲੀ ਲਿਆਉਣ ਪ੍ਰਤੀ ਕੀਤੀ ਜਦੋਜਹਿਦ ਕਰਨ ਕਰਕੇ ਦਿੱਤਾ ਗਿਆ ਹੈ। ਉਸ ਨੂੰ 'ਫੌਲਾਦੀ ਔਰਤ' (9ron *ad਼) ਕਰਕੇ ਵੀ ਜਾਣਿਆਂ ਜਾਂਦਾ ਹੈ। ਮਚਾਡੋ ਇਸ ਵਕਤ ਮਾਦੂਰੋ ਸਰਕਾਰ ਤੋਂ ਰਾਜਸੀ ਦਮਨ ਦੇ ਡਰੋਂ ਵੈਨੇਜ਼ੁਏਲਾ ਵਿਚ ਹੀ ਕਿਤੇ ਛੁਪੀ ਹੋਈ ਹੈ। ਵੈਨੇਜ਼ੁਏਲਾ ਦੀ ਉਹ ਦੂਜੀ ਨੋਬਲ ਪੁਰਸਕਾਰ ਜੇਤੂ ਬਣੀ ਹੈ। ਮਚਾਡੋ ਸੰਨ 1967 'ਚ ਕਾਰਾਕਾਸ ਵਿਚ ਉਦਯੋਗਪਤੀ ਪਿਤਾ ਘਰ ਜਨਮੀ, 58 ਸਾਲਾ ਉਦਯੋਗਿਕ ਇੰਜੀਨੀਅਰ ਹੈ।
ਵਿਸ਼ਵ ਭਰ ਵਿਚ ਇਸ ਪੁਰਸਕਾਰ ਨੇ ਇੱਕ ਵਿਵਾਦ ਛੇੜ ਦਿੱਤਾ ਹੈ। ਕੁਝ ਲੋਕ ਮਚਾਡੋ ਨੂੰ ਅਮਨ ਜਾਂ ਸ਼ਾਂਤੀ ਦਾ ਪ੍ਰਤੀਕ ਨਹੀਂ ਮੰਨਦੇ। ਇਹ ਪੁਰਸਕਾਰ ਰਾਜਨੀਤੀ ਤੋਂ ਪ੍ਰੇਰਿਤ ਵੀ ਮੰਨਿਆ ਜਾ ਰਿਹਾ ਹੈ।
ਨੋਬਲ ਅਰਥ ਸ਼ਾਸਤਰ ਪੁਰਸਕਾਰ : ਇਸ ਸਾਲ ਦਾ ਨੋਬਲ ਅਰਥ ਸ਼ਾਸਤਰ ਪੁਰਸਕਾਰ ਬਰਾਊਨ ਯੂਨੀਵਰਸਿਟੀ ਦੇ ਕੈਨੇਡੀਅਨ ਅਰਥ ਸ਼ਾਸਤਰੀ ਪੀਟਰ ਵਿਲਕਿੰਸਨ ਹੋਵਿਟ, ਫਰਾਂਸੀਸੀ ਅਰਥ ਸ਼ਾਸਤਰੀ ਫਿਲਿਪ ਮਾਰੀਓ ਐਘੀਅਨ, ਨਾਰਥ ਵੈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਜੋਏਲ ਮੋਕਿਰ ਨੂੰ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ। ਜੋਏਲ ਮੋਕਿਰ ਨੇ ਨਿਰੰਤਰ ਵਿਕਾਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਤਿਹਾਸਕ ਸਾਧਨਾਂ ਦੀ ਵਰਤੋਂ ਕੀਤੀ। ਉਸ ਮੁਤਾਬਕ ਜੇਕਰ ਨਵੀਆਂ ਖੋਜਾਂ ਨੂੰ ਸਵੈ-ਉਤਪੰਨ ਪ੍ਰਕਿਰਿਆ ਵਿਚ ਸਫ਼ਲ ਕਰਨਾ ਹੈ ਤਾਂ ਸਾਨੂੰ ਉਸ ਦੀ ਵਿਗਿਆਨਕ ਵਿਆਖਿਆ ਦਾ ਵੀ ਪਤਾ ਹੋਣਾ ਜ਼ਰੂਰੀ ਹੈ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਅਜਿਹੀ ਕਮੀ ਹੋਣ ਕਾਰਨ ਨਵੀਆਂ ਖੋਜਾਂ ਦਾ ਨਿਰਮਾਣ ਕਰਨਾ ਮੁਸ਼ਕਿਲ ਹੋ ਗਿਆ ਸੀ। ਉਸ ਨੇ ਸਮਾਜ ਦੇ ਨਵੇਂ ਵਿਚਾਰਾਂ ਲਈ ਖੁੱਲ੍ਹੇ ਹੋਣ ਅਤੇ ਤਬਦੀਲੀ ਦੀ ਸਹਿਮਤੀ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਫਿਲਿਪ ਐਘੀਅਨ ਅਤੇ ਪੀਟਰ ਹਾਵਿਟ ਨੇ ਸੰਨ 1992 'ਚ ਉਨ੍ਹਾਂ ਨੇ ਰਚਨਾਤਮਕ ਵਿਨਾਸ਼ ਲਈ ਇਕ ਗਣਿਤਿਕ ਮਾਡਲ ਤਿਆਰ ਕੀਤਾ, ਜਿਸ ਅਨੁਸਾਰ : ਜਦੋਂ ਇਕ ਨਵਾਂ 'ਤੇ ਬਿਹਤਰ ਉਤਪਾਦ ਬਾਜ਼ਾਰ ਵਿਚ ਆਉਂਦਾ ਹੈ ਤਾਂ ਪੁਰਾਣੇ ਉਤਪਾਦਾਂ ਨੂੰ ਵੇਚਣ ਵਾਲੀਆਂ ਕੰਪਨੀਆਂ ਪਿਟ ਜਾਂਦੀਆਂ ਹਨ। ਨਵੀਨਤਾ ਕੁਝ ਨਵਾਂ ਦਰਸਾਉਂਦੀ ਹੈ। ਇਸ ਵਿਚ ਰਚਨਾਤਮਕਤਾ ਹੁੰਦੀ ਹੈ, ਜਦਕਿ ਇਹ ਵਿਨਾਸ਼ਕਾਰੀ ਵੀ ਹੈ, ਕਿਉਂਕਿ ਜਿਸ ਕੰਪਨੀ ਦੀ ਤਕਨਾਲੋਜੀ ਵਕਤ ਵਿਹਾ ਚੁੱਕੀ ਹੁੰਦੀ ਹੈ, ਉਹ ਮੁਕਾਬਲੇ ਤੋਂ ਬਾਹਰ ਹੋ ਜਾਂਦੀ ਹੈ।
ਸੋ, ਰਚਨਾਤਮਕਤੀ ਵਿਨਾਸ਼ ਟਕਰਾਅ ਪੈਦਾ ਕਰਦੀ ਹੈ। ਇਸ ਨੂੰ ਰਚਨਾਤਮਕ ਤਰੀਕੇ ਨਾਲ ਪ੍ਰਬੰਧਿਤ ਕੀਤਾ ਜਾਣਾ ਚਾਹੀਦਾ ਹੈ। ਨਹੀਂ ਤਾਂ ਸਥਾਪਿਤ ਕੰਪਨੀਆਂ ਅਤੇ ਹਿੱਤ ਸਮੂਹ ਨਵੀਨਤਾ ਨੂੰ ਰੋਕ ਦੇਣਗੇ। ਆਰਥਿਕ ਵਿਕਾਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਸਾਨੂੰ ਉਨ੍ਹਾਂ ਵਿਧੀਆਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ, ਜੋ ਰਚਨਾਤਮਕ ਵਿਨਾਸ਼ ਨੂੰ ਜਨਮ ਦਿੰਦੀਆਂ ਹਨ, ਤਾਂ ਜੋ ਅਸੀਂ ਵਾਪਸ ਖੜੋਤ 'ਚ ਨਾ ਪਹੁੰਚ ਜਾਈਏ।
-ਈ ਮੇਲ: mayer_hk@ yahoo.com