02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸੂਬੇ 'ਚ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ ਬਰਸਾਤੀ ਪਾਣੀ ਸੰਭਾਲਣ ਵਾਲੀ ਸਾਂਝਾ ਜਲ ਤਾਲਾਬ ਯੋਜਨਾ

Ad Position 21
No active advertisement
ਜਲੰਧਰ ਜ਼ਿਲ੍ਹੇ ਦੇ ਪਿੰਡ ਦੌਲੀਕੇ ਸੁੰਦਰਪੁਰ 'ਚ ਤਿਆਰ ਕੀਤੇ ਗਏ ਸਾਂਝਾ ਜਲ ਤਾਲਾਬ 'ਚ ਉੱਗਿਆ ਘਾਹ-ਫੂਸ | ਤਸਵੀਰ : ਮੁਨੀਸ਼ <br/> 16-06-2026

ਪੰਜਾਬ ਲਈ 1725 ਸਾਂਝੇ ਜਲ ਤਾਲਾਬ ਬਣਾਉਣ ਦਾ ਮਿੱਥਿਆ ਸੀ ਟੀਚਾ, ਸਿਰਫ 1453 ਹੀ ਬਣੇ
ਜਲੰਧਰ, 15 ਜੂਨ (ਜਤਿੰਦਰ ਪੰਮੀ)-ਲਗਾਤਾਰ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਦੇ ਉਦੇਸ਼ ਨਾਲ ਬਰਸਾਤੀ ਪਾਣੀ ਦੀ ਸੰਭਾਲ ਲਈ ਕੇਂਦਰ ਸਰਕਾਰ ਵਲੋਂ 2023 'ਚ ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਆਜ਼ਾਦੀ ਦਾ ਮਹਾਉਤਸਵ ਤਹਿਤ 24 ਅਪ੍ਰੈਲ 2022 ਨੂੰ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਅੰਮਿ੍ਤ ਸਰਵੋਰ ਯੋਜਨਾ, ਜਿਸ ਨੂੰ ਪੰਜਾਬ ਸਰਕਾਰ ਨੇ ਸਾਂਝਾ ਜਲ ਤਾਲਾਬ ਯੋਜਨਾ ਦਾ ਨਾਂਅ ਦਿੱਤਾ ਗਿਆ ਸੀ, ਸੂਬੇ 'ਚ ਚਾਰ ਸਾਲ ਬਾਅਦ ਵੀ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ | ਇਸ ਯੋਜਨਾ ਦਾ ਉਦੇਸ਼ ਸੂਬੇ ਦੇ ਹਰੇਕ ਜ਼ਿਲ੍ਹੇ 'ਚ 15 ਅਗਸਤ 2023 ਤੱਕ 75 ਸਾਂਝੇ ਜਲ ਤਾਲਾਬ ਬਣਾਉਣੇ ਸਨ, ਜਿਨ੍ਹਾਂ 'ਚ ਬਰਸਾਤੀ ਪਾਣੀ ਨੂੰ ਸੰਭਾਲਣਾ ਸੀ | ਇਸ ਯੋਜਨਾ ਤਹਿਤ ਪੰਜਾਬ 'ਚ 1725 ਤਾਲਾਬ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ, ਜਿਸ ਤਹਿਤ ਪੇਂਡੂ ਵਿਕਾਸ ਵਿਭਾਗ ਵਲੋਂ 2133 ਥਾਵਾਂ ਦੀ ਸ਼ਨਾਖਤ ਕੀਤੀ ਗਈ | ਇਨ੍ਹਾਂ ਵਿਚੋਂ 1479 'ਤੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ ਅਤੇ ਇਨ੍ਹਾਂ 'ਚੋਂ 1453 ਸਾਂਝੇ ਜਲ ਤਾਲਾਬ ਤਿਆਰ ਕਰ ਦਿੱਤੇ ਗਏ ਸਨ ਪਰ ਬਹੁਤੇ ਸਾਂਝੇ ਜਲ ਤਾਲਾਬ ਸਹੀ ਢੰਗ ਨਾਲ ਨਾ ਬਣਾਏ ਜਾਣ ਕਾਰਨ ਉਨ੍ਹਾਂ ਵਿਚ ਫਿਰ ਘਾਹ-ਬੂਟੀ ਉੱਗ ਚੁੱਕੀ ਹੈ ਤੇ ਮੁੜ ਗੰਦੇ ਛੱਪੜ ਦਾ ਰੂਪ ਧਾਰ ਚੁੱਕੇ ਹਨ ਜਾਂ ਉਜਾੜ ਨਜ਼ਰ ਆਉਂਦੇ ਹਨ | ਸਰਕਾਰੀ ਨੀਤੀਆਂ ਮੁਤਾਬਕ ਨਰੇਗਾ ਸਕੀਮ ਅਧੀਨ ਇਕ ਏਕੜ ਰਕਬੇ 'ਚ ਸਾਂਝਾ ਜਲ ਤਾਲਾਬ ਬਣਾਇਆ ਜਾਣਾ ਸੀ | ਇਸ 'ਚ 10,000 ਕਿਊਬਿਕ ਪਾਣੀ ਦੀ ਸੰਭਾਲ ਕਰਨੀ ਤੇ ਸਿੰਚਾਈ ਤੇ ਹੋਰ ਕੰਮਾਂ ਲਈ ਵਰਤੋਂ ਕਰਨਾ ਸ਼ਾਮਿਲ ਸੀ | ਤਾਲਾਬ ਬਣਾਉਣ ਤੇ ਉਸ ਦੇ ਆਲੇ-ਦੁਆਲੇ ਬੂਟੇ ਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ | ਇਸ ਤੋਂ ਬਾਅਦ ਉਸਦਾ ਸੁੰਦਰੀਕਰਨ ਦਾ ਜ਼ਿੰਮਾ ਪੰਚਾਇਤਾਂ ਤੇ ਸੰਸਥਾਵਾਂ ਨੂੰ ਸੌਂਪਿਆ ਜਾਣਾ ਸੀ | ਜਿਹੜੇ ਪਿੰਡ 'ਚ ਇਹ ਸਾਂਝਾ ਜਲ ਤਾਲਾਬ ਤਿਆਰ ਕੀਤਾ ਜਾਣਾ ਸੀ, ਉਸੇ ਪਿੰਡ ਦੇ ਆਜ਼ਾਦੀ ਘੁਲਾਟੀਏ, ਪਦਮਸ਼੍ਰੀ ਪ੍ਰਾਪਤ ਸ਼ਖਸੀਅਤ ਤੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਨਾਂਅ 'ਤੇ ਤਾਲਾਬ ਦਾ ਨਾਮ ਰੱਖਿਆ ਜਾਣਾ ਸੀ | ਇਸ ਦੇ ਸੁੰਦਰੀਕਰਨ ਕਰਕੇ ਇਸ ਨੂੰ ਪਿੰਡ 'ਚ ਲੋਕਾਂ ਦੇ ਸੈਰ ਕਰਨ ਵਾਲੀ ਥਾਂ ਵਜੋਂ ਵੀ ਵਿਕਸਿਤ ਕਰਨਾ ਸੀ |
ਵਾਤਾਵਰਨ ਪ੍ਰੇਮੀ ਤੇ ਦਿਸ਼ਾਦੀਪ ਸੰਸਥਾ ਦੇ ਸੰਸਥਾਪਕ ਸੁਰਿੰਦਰ ਮੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ ਤੇ ਪੰਜਾਬ ਦੇ ਕਈ ਬਲਾਕ ਪਿਛਲੇ ਸਮੇਂ ਦੌਰਾਨ ਡਾਰਕ ਜ਼ੋਨ 'ਚ ਜਾ ਚੁੱਕੇ ਹਨ | ਇਸ ਲਈ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਤੇ ਵਿਅਰਥ ਜਾਣ ਵਾਲੇ ਬਰਸਾਤੀ ਪਾਣੀ ਦੀ ਸੰਭਾਲ ਕਰਨ ਲਈ ਸਾਂਝਾ ਜਲ ਤਾਲਾਬ ਯੋਜਨਾ ਪੰਜਾਬ ਲਈ ਬਹੁਤ ਹੀ ਅਹਿਮ ਹੈ | ਇਸ ਲਈ ਸਰਕਾਰ ਤੇ ਵਿਭਾਗ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ ਤਾਂ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਬੰਜਰ ਹੋਣ ਤੋਂ ਬਚਾਇਆ ਜਾ ਸਕੇ |
ਸਿਰਫ਼ 10 ਜ਼ਿਲ੍ਹੇ ਹੀ ਪੂਰਾ ਕਰ ਸਕੇ 75 ਤਾਲਾਬ ਬਣਾਉਣ ਦਾ ਮਿੱਥਿਆ ਟੀਚਾ
ਜੇਕਰ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਨਿਰਧਾਰਤ 75 ਸਾਂਝੇ ਜਲ ਤਾਲਾਬ ਬਣਾਉਣ ਦੇ ਟੀਚੇ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ 23 ਜ਼ਿਲਿ੍ਹਆਂ 'ਚੋਂ ਸਿਰਫ 10 ਜ਼ਿਲ੍ਹੇ ਹੀ ਅਜਿਹੇ ਹਨ, ਜਿਨ੍ਹਾਂ 'ਚ ਇਹ ਟੀਚਾ ਪੂਰਾ ਹੋ ਸਕਿਆ ਹੈ ਜਦੋਂ ਕਿ ਬਾਕੀ ਦੇ 13 ਜ਼ਿਲ੍ਹੇ ਮਿੱਥੇ ਟੀਚੇ ਤੋਂ ਪੱਛੜੇ ਰਹੇ ਹਨ | ਜਿਨ੍ਹਾਂ ਜ਼ਿਲਿ੍ਹਆਂ 'ਚ 75 ਸਾਂਝੇ ਜਲ ਤਾਲਾਬ ਤਿਆਰ ਕੀਤੇ ਗਏ ਹਨ, ਉਨ੍ਹਾਂ 'ਚ ਬਠਿੰਡਾ, ਫਤਹਿਗੜ੍ਹ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਲੁਧਿਆਣਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਾਮਲ ਹਨ | ਮਾਲੇਰਕੋਟਲਾ ਜ਼ਿਲ੍ਹਾ ਜੋ ਕੁਝ ਸਾਲ ਪਹਿਲਾਂ ਹੀ ਹੋਂਦ 'ਚ ਆਇਆ ਸੀ, ਉਥੇ ਸਿਰਫ 14 ਤਾਲਾਬ ਹੀ ਬਣਾਏ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਪੋਲੀਓ ਦਾ ਸ਼ਿਕਾਰ ਹੋਇਆ ਸਾਵਨ, ਹੁਣ ਕਰੇਗਾ ਆਈ. ਆਈ. ਟੀ. ਦੀ ਪੜ੍ਹਾਈ ਅਗਲੀ ਖ਼ਬਰ ਸਿੱਖ ਏਡ ਆਸਟਰੀਆ ਦੇ ਮੁੱਖ ਸੇਵਾਦਾਰ ਭਾਈ ਪੰਮਾ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹਮਾਇਤ ਦਾ ਐਲਾਨ
Ad Position 24
No active advertisement