ਬਠਿੰਡਾ ਪੰਜਾਬ ਦਾ ਇਕ ਪੁਰਾਤਨ ਤੇ ਇਤਿਹਾਸਕ ਨਗਰ ਹੈ, ਜਿਹੜਾ ਇਕ ਵੱਡੇ ਰੇਲਵੇ ਸਟੇਸ਼ਨ ਤੇ ਫ਼ੌਜੀ ਛਾਉਣੀ ਕਰਕੇ ਪ੍ਰਸਿੱਧ ਹੈ। ਮੌਜੂਦਾ ਸਮੇਂ 'ਚ ਤੇਲ ਸੋਧਕ ਕਾਰਖ਼ਾਨੇ, ਏਮਜ਼, ਪੰਜਾਬ ਕੇਂਦਰੀ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਆਦਿ ਸੰਸਥਾਵਾਂ ਦੀ ਸਥਾਪਤੀ ਕਰਕੇ ਇਹ ਨਗਰ ਆਪਣੀ ਵਿਲੱਖਣ ਪਛਾਣ ਸਥਾਪਤ ਕਰ ਚੁੱਕਾ ਹੈ। ਕਿਹਾ ਜਾਂਦਾ ਹੈ ਕਿ ਭੱਟੀਰਾਉ ਰਾਜਪੂਤ ਨੇ ਇਹ ਨਗਰ ਵਸਾਇਆ ਸੀ। ਇਸ ਨਗਰ ਵਿਖੇ ਰਾਜਾ ਵਿਨੈਪਾਲ ਦੇ ਸਮੇਂ ਦਾ ਇਕ ਬਹੁਤ ਉੱਚਾ ਕਿਲ੍ਹਾ ਮੌਜੂਦ ਹੈ, ਜਿਸ ਦੀ ਉਚਾਈ 118 ਫੁੱਟ ਦੱਸੀ ਜਾਂਦੀ ਹੈ। 1840 ਦੇ ਲਗਪਗ ਲਿਖੀ ਮੰਨੀ ਜਾਂਦੀ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਵਿਚ ਇਸ ਕਿਲ੍ਹੇ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਰਾਜਾ ਬਿਨੈ ਪਾਲ ਨੇ 1400 ਸਾਲ ਪਹਿਲਾਂ ਇਸ ਕਿਲ੍ਹੇ ਦੀ ਉਸਾਰੀ ਕਰਵਾਈ ਸੀ। ਭੱਟੀ ਰਾਜਪੂਤਾਂ ਦੇ ਆਉਣ ਤੋਂ ਬਾਅਦ ਇਸ ਦਾ ਨਾਂਅ ਭੱਟੀਆਂ ਦਾ ਕੋਟ ਹੋ ਗਿਆ ਸੀ। ਡਾ. ਗੰਡਾ ਸਿੰਘ ਦੱਸਦੇ ਹਨ ਕਿ ਪਰੰਪਰਾ ਤੋਂ ਚੱਲੀ ਆ ਰਹੀ ਲੋਕ-ਕਥਾ ਅਨੁਸਾਰ ਬਠਿੰਡੇ ਦਾ ਕਿਲ੍ਹਾ ਜਿਸ ਦੇ ਦੁਆਲੇ ਹੌਲੀ-ਹੌਲੀ ਇਸੇ ਨਾਂਅ ਦਾ ਸ਼ਹਿਰ ਉੱਸਰ ਗਿਆ, 1800 ਵਰ੍ਹੇ ਹੋਏ ਵਿਨੈਪਾਲ ਦੇ ਇਕ ਵਡਿੱਕੇ ਰਾਜਾ ਦੱਬ ਨੇ ਬਣਵਾਇਆ ਸੀ। ਪੁਰਾਣੀਆਂ ਵੱਡੀਆਂ ਇੱਟਾਂ ਜੋ ਇਸ 'ਚ ਲੱਗੀਆਂ ਹਨ ਅਤੇ ਹੁਣ ਤੱਕ ਕਈ ਥਾਈਂ ਦਿਸਦੀਆਂ ਹਨ, ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਇਹ ਕਿਲ੍ਹਾ ਮੁਸਲਮਾਨਾਂ ਦੇ ਆਉਣ ਤੋਂ ਬਹੁਤ ਚਿਰ ਪਹਿਲਾਂ ਦਾ ਉਸਾਰਿਆ ਹੋਇਆ ਹੈ।
1706 ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਵਿਖੇ ਨਿਵਾਸ ਕਰ ਰਹੇ ਸਨ ਤਾਂ ਉਹ ਮਾਲਵੇ ਦੇ ਪਿੰਡਾਂ ਵਿਖੇ ਪ੍ਰਚਾਰ ਯਾਤਰਾ ਕਰਨ ਲਈ ਵੀ ਚਲੇ ਜਾਂਦੇ ਸਨ। ਇਸੇ ਸਮੇਂ ਹੀ ਗੁਰੂ ਜੀ ਬਠਿੰਡਾ ਵਿਖੇ ਆਏ ਤੇ ਸੰਗਤ ਦੀ ਬੇਨਤੀ 'ਤੇ ਉਹ ਕਿਲ੍ਹੇ ਵਿਚ ਗਏ ਸਨ। ਗੁਰੂ ਜੀ ਦੀ ਯਾਦ ਵਿਚ ਪਟਿਆਲਾ ਦੇ ਮਹਾਰਾਜਾ ਕਰਮ ਸਿੰਘ ਨੇ ਇਸ ਕਿਲ੍ਹੇ ਦਾ ਨਾਂਅ ਗੋਬਿੰਦਗੜ੍ਹ ਰੱਖ ਦਿੱਤਾ ਸੀ। ਇਸ ਨਗਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ 'ਚ ਦੋ ਗੁਰਧਾਮ ਸੁਸ਼ੋਭਿਤ ਹਨ।
ਗੁ. ਗੋਬਿੰਦ ਨਗਰ ਪਾਤਿਸ਼ਾਹੀ ਦਸਵੀਂ, ਹਾਜੀਰਤਨ-ਇਹ ਗੁਰਧਾਮ ਬਠਿੰਡਾ ਦੇ ਬੱਸ ਅੱਡੇ ਤੋਂ ਸਰਕਾਰੀ ਰਾਜਿੰਦਰਾ ਕਾਲਜ ਰਾਹੀਂ ਲਗਭਗ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ। ਇਲਾਕੇ ਵਿਚ ਇਹ ਗੁਰਧਾਮ ਗੁਰਦੁਆਰਾ ਸਾਹਿਬ ਹਾਜੀ ਰਤਨ ਵਜੋਂ ਪ੍ਰਸਿੱਧ ਹੈ। ਇਸ ਅਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਕੀਰ ਹਾਜੀ ਰਤਨ ਨਾਲ ਮੁਲਾਕਾਤ ਹੋਈ ਸੀ। ਇਹ ਫ਼ਕੀਰ ਪਹਿਲਾਂ ਰਾਜਾ ਵਿਨੈਪਾਲ ਦਾ ਵਜ਼ੀਰ ਸੀ। ਫਿਰ ਆਪਣੇ ਬਜ਼ੁਰਗਾਂ ਦੇ ਧਰਮ ਦਾ ਤਿਆਗ ਕਰਕੇ ਮੁਸਲਮਾਨ ਹੋ ਗਿਆ। ਉਪਰੰਤ ਇਹ ਹੱਜ ਕਰਨ ਲਈ ਮੱਕੇ ਚਲਾ ਗਿਆ ਤੇ ਵਾਪਸ ਆ ਕੇ ਇਹ ਆਮ ਲੋਕਾਂ 'ਚ ਵਿਚਰਨ ਲੱਗਾ ਤਾਂ ਇਸ ਦੀ ਸ਼ਖ਼ਸੀਅਤ ਇਕ ਫ਼ਕੀਰ ਵਜੋਂ ਪ੍ਰਸਿੱਧ ਹੋ ਗਈ। ਡਾ. ਗੰਡਾ ਸਿੰਘ ਦੱਸਦੇ ਹਨ ਕਿ ਇਕ ਪ੍ਰਾਚੀਨ ਕਥਾ ਅਨੁਸਾਰ ਰਤਨ, ਰਾਜਾ ਵਿਨੈਪਾਲ ਦਾ ਵਜ਼ੀਰ ਸੀ। ਜਦ ਮੁਸਲਮਾਨਾਂ ਨੇ ਇੱਥੇ ਹੱਲਾ ਕੀਤਾ ਤਾਂ ਇਹ ਉਨ੍ਹਾਂ ਨਾਲ ਰਲ ਗਿਆ ਤੇ ਕਿਲ੍ਹੇ 'ਤੇ ਕਬਜ਼ਾ ਕਰ ਲੈਣ 'ਚ ਸਹਾਈ ਹੋਇਆ। ਇਸ ਨੇ ਇਸਲਾਮ ਧਰਮ ਧਾਰ ਲਿਆ ਤੇ ਹੱਜ ਕਰਨ ਲਈ ਮੱਕੇ ਗਿਆ। ਇਸੇ ਕਰਕੇ ਹੀ ਇਹ ਹਾਜੀ ਬਾਬਾ ਕਰਕੇ ਪ੍ਰਸਿੱਧ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਕ ਗੁਰਦੁਆਰਾ ਬਾਬਾ ਹਾਜੀ ਰਤਨ ਦੇ ਰੋਜ਼ੇ ਕੋਲ ਉਸ ਅਸਥਾਨ 'ਤੇ ਹੈ, ਜਿੱਥੇ ਗੁਰੂ ਸਾਹਿਬ ਦਾ ਡੇਰਾ ਸੀ। ਸਥਾਨਕ ਪਰੰਪਰਾ ਦੱਸਦੀ ਹੈ ਕਿ ਭੁੱਚੋ ਤੇ ਭਾਗੂ ਪਿੰਡਾਂ 'ਚੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਵਿਖੇ ਪਹੁੰਚੇ ਤੇ ਰਤਨ ਹਾਜੀ ਨਾਲ ਬਚਨ ਬਿਲਾਸ ਕੀਤੇ। ਜਿਸ ਅਸਥਾਨ 'ਤੇ ਗੁਰੂ ਜੀ ਨੇ ਡੇਰਾ ਕੀਤਾ, ਉੱਥੇ ਇਲਾਕੇ ਦੀ ਸੰਗਤ ਉਨ੍ਹਾਂ ਦੇ ਦਰਸ਼ਨ ਲਈ ਆਈ ਸੀ। ਗੁਰੂ ਜੀ ਦੇ ਇੱਥੋਂ ਜਾਣ ਤੋਂ ਬਾਅਦ ਉਨ੍ਹਾਂ ਦੀ ਯਾਦ ਵਿਚ ਇੱਥੇ ਸੰਗਤ ਜੁੜਨ ਲੱਗੀ, ਜਿਹੜੀ ਕਿ ਹੌਲੀ-ਹੌਲੀ ਸਥਾਈ ਤੌਰ 'ਤੇ ਹਾਜ਼ਰੀ ਭਰਨ ਲੱਗੀ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਇਸ ਗੁਰਧਾਮ ਦੀ ਸੋਭਾ ਨਿਰੰਤਰ ਵਧਣ ਲੱਗੀ ਤੇ ਉਨ੍ਹਾਂ ਵਲੋਂ ਇਸ ਦੇ ਵਿਕਾਸ ਲਈ ਨਿਰੰਤਰ ਯਤਨ ਕੀਤੇ ਜਾਣ ਲੱਗੇ। ਸ਼੍ਰੋਮਣੀ ਕਮੇਟੀ ਦੇ ਮਤਿਆਂ ਰਾਹੀਂ ਇਸ ਗੁਰਧਾਮ ਦੀ ਉਸਾਰੀ ਸੰਬੰਧੀ ਇਹ ਜਾਣਕਾਰੀ ਮਿਲਦੀ ਹੈ:-
ਗੁ: ਕਮੇਟੀ ਹਾਜੀ ਰਤਨ, ਬਠਿੰਡਾ ਦੇ ਮਤਾ ਨੰਬਰ ੨੬, ਮਿਤੀ ੨੮.੧੨.੬੫, ਜਿਸ ਰਾਹੀਂ ਗੁ: ਸਾਹਿਬ ਦੀ ਅਧੂਰੀ ਇਮਾਰਤ ਨੂੰ ਮੁਕੰਮਲ ਕਰਨ ਦੀ ਪ੍ਰਵਾਨਗੀ ਮੰਗੀ ਹੈ, ਸੰਬੰਧੀ ਸ਼੍ਰੋਮਣੀ ਕਮੇਟੀ ਦੇ ਇਮਾਰਤੀ ਵਿਭਾਗ ਵਲੋਂ ਪੁੱਜਾ ਨਕਸ਼ਾ ਤੇ ੧੦੪੦੦੦/- ਆਖਰੀਂ ਇਕ ਲੱਖ ਚਾਰ ਹਜ਼ਾਰ ਰੁਪੈ ਦਾ ਅੰਦਾਜ਼ਾ ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਲੋਕਲ ਕਮੇਟੀ ਨੂੰ ਬਣੇ ਨਕਸ਼ੇ ਤੇ ਅੰਦਾਜ਼ੇ ਦੇ ਅੰਦਰ-ਅੰਦਰ ਖਰਚ ਕਰ ਕੇ ਸ: ਕਰਨੈਲ ਸਿੰਘ ਜੀ ਪੱਕਾ, ਮੈਂਬਰ ਅੰਤ੍ਰਿੰਗ ਕਮੇਟੀ ਦੀ ਨਿਗਰਾਨੀ ਹੇਠ ਲੋੜੀਂਦਾ ਸਾਮਾਨ ਖਰੀਦਣ ਅਤੇ ਇਮਾਰਤ ਮੁਕੰਮਲ ਕਰਾਉਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। (ਗੁਰਦੁਆਰਾ ਗਜ਼ਟ, ਦਸੰਬਰ 1966, ਪੰਨਾ 81)
ਹਾਜੀ ਰਤਨ ਵਿਖੇ ਇਕ ਵੱਡਾ ਗੁਰਦੁਆਰਾ ਬਣਾਇਆ ਗਿਆ ਹੈ। ਇੱਥੇ ਹੁਣ ਲੈਂਟਰ ਪਾਇਆ ਗਿਆ ਹੈ ਤੇ ਇਕ ਸ਼ਾਨਦਾਰ ਇਮਾਰਤ ਬਣ ਰਹੀ ਹੈ। ਇਸ ਦੇ ਅੰਦਰ ਹਜ਼ਾਰਾਂ ਸੰਗਤਾਂ ਬੈਠ ਕੇ ਕੀਰਤਨ ਸੁਣ ਸਕਿਆ ਕਰਨਗੀਆਂ। ਇੱਥੇ ਹੀ ਇਕ ਸਰੋਵਰ ਬਣਾਇਆ ਗਿਆ ਹੈ, ਜਿਸ ਵਿਚ ਸੰਗਤਾਂ ਇਸ਼ਨਾਨ ਕਰਕੇ ਅਨੰਦ ਮਾਣਦੀਆਂ ਹਨ। ਇੱਥੇ ਗੁਰਦੁਆਰੇ ਦੇ ਨਾਂਅ ਕਾਫ਼ੀ ਜ਼ਮੀਨ ਲਗਾਈ ਗਈ ਹੈ। (ਗੁਰਦੁਆਰਾ ਗਜ਼ਟ, ਫਰਵਰੀ 1969, ਪੰਨਾ 70-71)
ਇਸ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਵਿਚ ਸੰਤ ਫ਼ਤਹਿ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਹਿਲਾਂ ਇਸ ਗੁਰਧਾਮ ਦਾ ਪ੍ਰਬੰਧ ਗੁਰਦੁਆਰਾ ਐਕਟ ਦੀ ਧਾਰਾ-87 ਅਧੀਨ ਕੀਤਾ ਜਾਂਦਾ ਸੀ ਪਰ 1998 ਵਿਚ ਇਸ ਗੁਰਧਾਮ ਦਾ ਪ੍ਰਬੰਧ ਧਾਰਾ-85 ਅਧੀਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਗੁਰਧਾਮ ਦੇ ਪ੍ਰਬੰਧ ਅਤੇ ਵਿਕਾਸ ਲਈ ਵਿਸ਼ੇਸ਼ ਯਤਨ ਆਰੰਭ ਹੋ ਗਏ। ਮੌਜੂਦਾ ਸਮੇਂ ਵਿਚ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦੇ ਜਥੇ 'ਚੋਂ ਬਾਬਾ ਚਰਨਜੀਤ ਸਿੰਘ ਇਸ ਗੁਰਧਾਮ ਵਿਖੇ ਕਾਰ-ਸੇਵਾ ਦੇ ਕਾਰਜ ਕਰਾ ਰਹੇ ਹਨ। ਗੁਰਦੁਆਰਾ ਸਾਹਿਬ ਦੀ 9 ਏਕੜ ਜ਼ਮੀਨ 'ਤੇ ਦਰਬਾਰ ਹਾਲ, ਦੀਵਾਨ ਹਾਲ, ਲੰਗਰ ਹਾਲ, ਸਰੋਵਰ, ਦਫ਼ਤਰ, 16 ਰਿਹਾਇਸ਼ੀ ਕਮਰੇ ਆਦਿ ਬਣੇ ਹੋਏ ਹਨ। ਇਸ ਤੋਂ ਇਲਾਵਾ 6 ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਅਤੇ ਲਗਪਗ 43 ਏਕੜ ਜ਼ਮੀਨ ਕੋਟ ਸ਼ਮੀਰ ਵਿਖੇ ਮੌਜੂਦ ਹੈ, ਜਿਸ 'ਤੇ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਟ ਸ਼ਮੀਰ ਪਿੰਡ ਵਿਖੇ 4 ਏਕੜ ਝਿੜੀ ਵੀ ਗੁਰਦੁਆਰਾ ਸਾਹਿਬ ਦੇ ਨਾਂਅ ਹੈ। ਗੁਰਦੁਆਰਾ ਸਾਹਿਬ ਵਿਖੇ ਵਣ ਦਾ ਇਕ ਪੁਰਾਤਨ ਰੁੱਖ ਮੌਜੂਦ ਹੈ, ਜਿਹੜਾ ਕਿ ਇਤਿਹਾਸਕ ਮੰਨਿਆ ਜਾਂਦਾ ਹੈ। ਪਹਿਲੀ ਤੇ ਦਸਵੀਂ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ, ਵਿਸਾਖੀ, ਬੰਦੀ ਛੋੜ ਦਿਵਸ, ਮੱਸਿਆ ਆਦਿ ਦਿਨ ਇੱਥੇ ਪ੍ਰਮੁੱਖਤਾ ਨਾਲ ਮਨਾਏ ਜਾਂਦੇ ਹਨ।
ਗੁ. ਪਾਤਿਸ਼ਾਹੀ 10ਵੀਂ ਕਿਲ੍ਹਾ ਮੁਬਾਰਕ-ਬਠਿੰਡੇ ਦਾ ਇਕ ਪੁਰਾਤਨ ਕਿਲ੍ਹਾ ਸ਼ਹਿਰ ਦੇ ਵਿਚਕਾਰ ਮੌਜੂਦ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਮੌਜੂਦ ਹੈ। ਸਥਾਨਕ ਪਰੰਪਰਾ ਦੱਸਦੀ ਹੈ ਕਿ 21 ਜੂਨ, 1706 ਨੂੰ ਗੁਰੂ ਜੀ ਹਾਜੀ ਰਤਨ ਦੇ ਅਸਥਾਨ 'ਤੇ ਪੁੱਜੇ ਅਤੇ ਸੰਗਤਾਂ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਉਣ ਲੱਗੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਕਿਲ੍ਹੇ ਵਿਖੇ ਇਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ 10ਵੀਂ ਸੁਸ਼ੋਭਿਤ ਹੈ, ਜਿੱਥੇ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੁਰਧਾਮ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਹਾਜੀ ਰਤਨ ਰਾਹੀਂ ਕਰਦੀ ਹੈ।
-ਸਿੱਖ ਵਿਸ਼ਵ ਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।