ਬਾਬਾ ਬੰਦਾ ਸਿੰਘ ਬਹਾਦਰ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਅਤੇ ਖ਼ਾਸ ਉਪਦੇਸ਼ ਦੇ ਕੇ ਨੰਦੇੜ ਤੋਂ ਮੁਗਲਾਂ ਨਾਲ ਟੱਕਰ ਲੈਣ ਲਈ ਪੰਜਾਬ ਵੱਲ ਤੋਰਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ (ਕਈ ਇਤਿਹਾਸਕਾਰ 16 ਅਕਤੂਬਰ ਵੀ ਦੱਸਦੇ ਹਨ) 1670 'ਚ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਪਿੰਡ ਰਾਜੌਰੀ ਵਿਖੇ ਬਾਬਾ ਰਾਮ ਦੇਵ ਦੇ ਘਰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂਅ ਲਛਮਣ ਦਾਸ ਰੱਖਿਆ। ਬਾਬਾ ਰਾਮ ਦੇਵ ਨੇ ਉਨ੍ਹਾਂ ਨੂੰ ਰਾਜਪੂਤ ਰਵਾਇਤਾਂ ਮੁਤਾਬਕ ਘੋੜ ਸਵਾਰੀ, ਕੁਸ਼ਤੀ, ਤਲਵਾਰਬਾਜ਼ੀ, ਤੀਰ-ਅੰਦਾਜ਼ੀ ਤੇ ਹੋਰ ਗੁਰ ਸਿਖਾਏ। ਉਹ ਨਿੱਕੀ ਉਮਰ ਵਿਚ ਹੀ ਸ਼ਿਕਾਰ ਖੇਡਣ ਲੱਗ ਪਏ ਸਨ ਪਰ ਇਤਿਹਾਸ ਮੁਤਾਬਕ ਇਕ ਘਟਨਾ ਕਾਰਨ ਉਨ੍ਹਾਂ ਨੇ ਸ਼ਿਕਾਰ ਛੱਡ ਕੇ ਜਾਨਕੀ ਦਾਸ ਵੈਰਾਗੀ ਸਾਧੂ ਤੋਂ ਰਾਜੌਰੀ 'ਚ ਹੀ ਉਪਦੇਸ਼ ਲਿਆ। ਪਿੱਛੋਂ ਸਾਧੂ ਰਾਮ ਦਾਸ ਤੋਂ ਰਾਮ ਧੰਮਣ ਜ਼ਿਲ੍ਹਾ ਲਾਹੌਰ ਵਿਖੇ ਅਤੇ ਜੋਗੀ ਔਗੜ ਨਾਥ ਤੋਂ ਨਾਸਿਕ ਵਿਖੇ ਉਪਦੇਸ਼ ਲਿਆ। ਇੱਥੇ ਤੱਕ ਉਨ੍ਹਾਂ ਦਾ ਨਾਂਅ ਮਾਧੋ ਦਾਸ ਵੈਰਾਗੀ ਹੋ ਗਿਆ ਸੀ। ਫਿਰ ਅੰਤ 'ਚ ਗੁਰੂ ਗੋਬਿੰਦ ਜੀ ਤੋਂ ਨੰਦੇੜ ਦੱਖਣ ਵਿਚ ਅੰਮ੍ਰਿਤ ਛਕਿਆ ਤੇ ਗੁਰੂ ਜੀ ਨੇ ਉਨ੍ਹਾਂ ਨੂੰ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣਾ ਦਿੱਤਾ। ਗੁਰੂ ਜੀ ਨੇ ਉਨ੍ਹਾਂ ਨੂੰ ਰਹਿਤ ਵਿਚ ਪੱਕੇ ਰਹਿਣ ਅਤੇ ਔਕੜ ਵੇਲੇ ਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਵਿਸ਼ੇਸ਼ ਹਦਾਇਤ ਕੀਤੀ।
1708 'ਚ ਆਪਣੇ ਜੋਤਿ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਤੋਂ ਤਿਆਰ ਬਰ ਤਿਆਰ ਕਰਕੇ ਪੰਜ ਸਿੰਘਾਂ ਦੀ ਅਗਵਾਈ ਵਿਚ ਅਤੇ ਆਪਣੇ ਪੱਥੇ 'ਚੋਂ ਪੰਜ ਤੀਰ ਦੇ ਕੇ ਪੰਜਾਬ ਵੱਲ ਮੁਗਲਾਂ ਨਾਲ ਟੱਕਰ ਲੈਣ ਲਈ ਭੇਜਿਆ। ਉਸ ਸਮੇਂ ਕੁਝ ਸਿੰਘ ਉਨ੍ਹਾਂ ਨਾਲ ਹੋਰ ਵੀ ਭੇਜੇ ਗਏ ਸਨ। 26 ਨਵੰਬਰ 1709 ਨੂੰ ਸਭ ਤੋਂ ਪਹਿਲਾਂ ਇਨ੍ਹਾਂ ਨੇ ਸਮਾਣੇ 'ਤੇ ਧਾਵਾ ਬੋਲਿਆ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਤਲ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸਲਬੇਗ, ਬਾਸ਼ਲਬੇਗ ਰਹਿੰਦੇ ਸਨ। ਫਿਰ ਘੁੜਾਮ, ਠਸਕਾ, ਸ਼ਾਹਾਬਾਦ, ਵਜ਼ੀਰ ਖ਼ਾਂ ਦਾ ਪਿੰਡ ਕੁੰਜਪੁਰਾ, ਮੁਸਤਫ਼ਾਬਾਦ, ਕਪੂਰੀ ਤੇ ਸਢੌਰੇ ਦੇ ਦੁਸ਼ਟਾਂ ਨੂੰ ਸੋਧਿਆ। 12 ਮਈ 1710 ਨੂੰ ਚੱਪੜਚਿੜੀ ਦਾ ਮੈਦਾਨ ਤੇ 14 ਮਈ 1710 ਨੂੰ ਸਰਹਿੰਦ ਫ਼ਤਹਿ ਕਰਦੇ ਹੋਏ 1715 ਤੱਕ ਬਟਾਲਾ-ਕਲਾਨੌਰ ਵੱਲ ਨਿੱਕਲ ਗਏ। ਉਨ੍ਹਾਂ ਅਖੀਰਲੀ ਲੜਾਈ ਲਾਹੌਰ ਦੇ ਸੂਬੇ ਅਬਦਲ ਸਮੁੱਦ ਖ਼ਾਂ ਨਾਲ ਗੁਰਦਾਸਪੁਰ ਤੋਂ 4 ਕੁ ਮੀਲ ਪੱਛਮ ਵੱਲ ਪਿੰਡ ਗੁਰਦਾਸਪੁਰ ਨੰਗਲ ਦੇ ਦੁਨੀ ਚੰਦ ਦੀ ਗੜ੍ਹੀ ਨੁਮਾ ਹਵੇਲੀ ਵਿਚ ਲੜੀ। ਸ਼ਾਹੀ ਫੌਜਾਂ ਨੇ ਗੜ੍ਹੀ ਅੰਦਰ ਰਾਸ਼ਨ ਪਾਣੀ ਜਾਣਾ ਸਭ ਕੁਝ ਬੰਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘ ਅੰਦਰ ਕੱਚਾ ਅਨਾਜ ਖਾ ਕੇ ਗੁਜ਼ਾਰਾ ਕਰਦੇ ਰਹੇ। ਅਖੀਰ ਭੁੱਖਣ ਭਾਣਿਆਂ ਨੂੰ 8 ਮਹੀਨੇ ਦੀ ਲੜਾਈ ਮਗਰੋਂ 7 ਦਸੰਬਰ 1715 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਗਿਣਤੀ 700 ਦੇ ਕਰੀਬ ਸੀ। ਇਨ੍ਹਾਂ ਨੂੰ ਗੜ੍ਹੀ ਤੋਂ ਕੈਦ ਕਰਕੇ ਦਿੱਲੀ ਵੱਲ ਤੋਰ ਦਿੱਤਾ। ਰਸਤੇ 'ਚ ਜੋ ਵੀ ਸਿੰਘ ਮਿਲਿਆ, ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਬਾਬਾ ਬੰਦਾ ਸਿੰਘ ਦੀ ਮਾਤਾ, ਪਤਨੀ ਤੇ ਉਨ੍ਹਾਂ ਦੇ ਤਿੰਨ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਵੀ ਫੜ ਕੇ ਨਾਲ ਲਿਜਾਇਆ ਗਿਆ।
ਬਾਬਾ ਜੀ ਨੂੰ ਸੰਗਲਾਂ ਨਾਲ ਨੂੜ ਕੇ ਲੋਹੇ ਦੇ ਪਿੰਜਰ 'ਚ ਕੈਦ ਕਰਕੇ ਹਾਥੀ 'ਤੇ ਲਿਜਾਇਆ ਜਾ ਰਿਹਾ ਸੀ। ਕੋਲ ਇਕ ਮੁਗਲ ਸੈਨਿਕ ਵੀ ਬਿਠਾਇਆ ਗਿਆ ਤਾਂ ਕਿ ਜੇ ਬਾਬਾ ਜੀ ਭੱਜਣ ਦੀ ਹਰਕਤ ਕਰਨ ਤਾਂ ਇਕਦਮ ਛੁਰਾ ਮਾਰ ਦਿੱਤਾ ਜਾਵੇ। ਬਾਬਾ ਜੀ ਦੇ ਮਗਰ ਕੈਦੀਆਂ ਦੀ ਗਿਣਤੀ 700 ਤੇ ਨੇਜ਼ਿਆਂ 'ਤੇ ਟੰਗੇ ਗਏ ਸਿਰਾਂ ਦੀ ਗਿਣਤੀ 2000 ਦੇ ਲਗਭਗ ਸੀ। ਇਹ ਕਾਫ਼ਲਾ 28 ਫ਼ਰਵਰੀ 1716 ਨੂੰ ਦਿੱਲੀ ਪੁੱਜਾ। ਬਾਦਸ਼ਾਹ ਫਰੁਖਸ਼ੀਅਰ ਦੇ ਹੁਕਮ 'ਤੇ ਬਾਬਾ ਬੰਦਾ ਸਿੰਘ ਬਹਾਦਰ ਜੀ, ਭਾਈ ਬਾਜ਼ ਸਿੰਘ, ਬਾਬਾ ਕਾਨ੍ਹ ਸਿੰਘ, ਭਾਈ ਫ਼ਤਹਿ ਸਿੰਘ ਆਦਿ ਮੋਹਰੀ ਸਿੱਖ ਸਰਦਾਰਾਂ ਨੂੰ ਅਲਹਿਦਾ ਕੈਦ 'ਚ ਰੱਖਿਆ ਗਿਆ। ਬਾਕੀ 700 ਤੋਂ ਵੱਧ ਸਿੱਖਾਂ ਨੂੰ ਸਰਬਰਾਹ ਖ਼ਾਂ ਕੋਤਵਾਲ ਦੇ ਸਪੁਰਦ ਕੀਤਾ ਗਿਆ। ਕੈਦੀ ਸਿੱਖਾਂ ਦਾ ਕਤਲੇਆਮ 5 ਮਾਰਚ ਤੋਂ 12 ਮਾਰਚ 1716 ਤੱਕ ਕੀਤਾ ਗਿਆ। ਰੋਜ਼ਾਨਾ ਸੌ ਸਿੱਖਾਂ ਦਾ ਕਤਲ ਕੀਤਾ ਜਾਂਦਾ ਸੀ। ਸਿੱਖਾਂ ਨੂੰ ਪਹਿਲਾਂ ਧਰਮ ਬਦਲਣ ਦਾ ਲਾਲਚ ਦਿੱਤਾ ਜਾਂਦਾ ਪਰ ਸਿੱਖਾਂ ਨੇ ਅਡੋਲ ਰਹਿ ਕੇ ਸ਼ਹੀਦੀ ਦਾ ਜਾਮ ਪੀਤਾ। ਇਨ੍ਹਾਂ ਦੀਆਂ ਲਾਸ਼ਾਂ ਦੇ ਟੁਕੜੇ ਕਰਕੇ ਦਿੱਲੀ ਸ਼ਹਿਰ 'ਚ ਚਾਰੇ ਪਾਸੇ ਲਟਕਾ ਦਿੱਤਾ ਗਏ ਤਾਂ ਜੋ ਲੋਕਾਂ ਵਿਚ ਦਹਿਸ਼ਤ ਫੈਲਾਈ ਜਾ ਸਕੇ। ਕੁਝ ਹੀ ਦਿਨਾਂ ਵਿਚ ਇਨ੍ਹਾਂ ਲਾਸ਼ਾਂ ਦੇ ਟੁਕੜਿਆਂ ਦਾ ਮਾਸ ਗਿਰਝਾਂ ਨੇ ਖਾ ਲਿਆ ਪਰ ਇਨ੍ਹਾਂ ਦੇ ਪਿੰਜਰ ਤੇ ਹੱਡੀਆਂ ਬਹੁਤ ਸਮੇਂ ਤੱਕ ਲਟਕਦੀਆਂ ਰਹੀਆਂ। ਇਸ ਕਤਲੇਆਮ ਤੋਂ ਬਾਅਦ ਤਿੰਨ ਮਹੀਨੇ ਤੱਕ ਪੂਰੀ ਚੁੱਪ ਰਹੀ ਅਤੇ ਬਾਬਾ ਬੰਦਾ ਸਿੰਘ ਤੇ ਉਨ੍ਹਾਂ ਦੇ ਮੁੱਖ ਸਾਥੀਆਂ ਨੂੰ ਨਹੀਂ ਮਾਰਿਆ ਗਿਆ ਤਾਂ ਕਿ ਉਨ੍ਹਾਂ ਤੋਂ ਖ਼ਜ਼ਾਨੇ ਦਾ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਪਤਾ ਲੱਗ ਸਕੇ। ਬਾਬਾ ਬੰਦਾ ਸਿੰਘ ਬਹਾਦਰ ਨੂੰ 26 ਸਾਥੀਆਂ ਸਮੇਤ 25 ਜੂਨ 1716 ਵਿਚ ਇਕ ਜਲੂਸ ਦੀ ਸ਼ਕਲ 'ਚ ਪੁਰਾਣੇ ਸ਼ਹਿਰ ਦੇ ਬਾਜ਼ਾਰ ਵਿਚ ਕੁਤਬਮਿਨਾਰ ਨੇੜੇ ਖ਼ੁਆਜਾ ਕੁਤਬ-ਉਲ-ਦੀਨ ਬਖ਼ਤਿਆਰ ਕਾਕੀ ਦੇ ਮਕਬਰੇ ਲਾਗੇ ਲੈ ਗਏ। ਇੱਥੇ ਉਨ੍ਹਾਂ ਨੂੰ ਇਸਲਾਮ ਜਾਂ ਮੌਤ ਦੀ ਅੰਤਿਮ ਪੇਸ਼ਕਸ਼ ਕੀਤੀ ਗਈ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਮੌਤ ਕਬੂਲ ਕੀਤੀ।
ਬਾਬਾ ਬੰਦਾ ਸਿੰਘ ਦੇ ਤਿੰਨ ਸਾਲਾਂ ਦੇ ਬੱਚੇ ਅਜੈ ਸਿੰਘ ਨੂੰ ਜਲਾਦ ਨੇ ਉਨ੍ਹਾਂ ਦੇ ਸਾਹਮਣੇ ਟੁਕੜੇ-ਟੁਕੜੇ ਕਰਕੇ ਮਾਸ ਬਾਬਾ ਜੀ ਦੇ ਮੂੰਹ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਸਿਦਕ 'ਤੇ ਕਾਇਮ ਰਹੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹੁਤ ਜ਼ਿਆਦਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਉਹ ਆਖਰੀ ਦਮ ਤੱਕ ਸ਼ਾਂਤ ਤੇ ਅਡੋਲ ਰਹੇ। ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
-ਕੈਲਪੁਰ ਰੋਡ, ਮੁੱਲਾਂਪੁਰ ਦਾਖਾ।
ਮੋਬਾਈਲ : +918427454104