23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅਨਹਦ ਨਾਦ

Ad Position 21
No active advertisement
ਅਜੀਤ ਡੈਸਕ 22-06-2026

ਵਿਭਿੰਨ ਧਾਰਮਿਕ ਗ੍ਰੰਥ, ਪੁਸਤਕਾਂ, ਵੇਦ ਤੇ ਸ਼ਾਸਤਰਾਂ 'ਚ ਕੁਝ ਅਜਿਹੇ ਸ਼ਬਦਾਂ ਦਾ ਉਲੇਖ ਜ਼ਰੂਰ ਮਿਲਦਾ ਹੈ, ਜੋ ਸਾਡੀ ਸੋਚ ਤੇ ਸਮਝ ਵਿਚ ਕੇਵਲ ਕਲਪਨਾ ਮਾਤਰ ਹੀ ਹਨ। ਆਤਮਾ, ਪਰਮਾਤਮਾ, ਸੂਖਮ ਸਰੀਰ, ਸਥੂਲ ਸਰੀਰ, ਕਾਰਨ ਸਰੀਰ, ਕੁੰਡਲਿਨੀ ਵਿਵਸਥਾ, ਸੁਖਮਨਾ ਨਾੜੀ, ਸਰੀਰ ਦੇ ਵਿਭਿੰਨ ਚੱਕਰ ਆਦਿ ਇਹ ਕੁਝ ਅਜਿਹੇ ਸ਼ਬਦ ਹਨ, ਜੋ ਅਦ੍ਰਿਸ਼ਤਾ ਨਾਲ ਸੰਬੰਧਿਤ ਹਨ। ਭਾਵ ਇਨ੍ਹਾਂ ਨੂੰ ਬਾਹਰੀ ਅੱਖਾਂ ਨਾਲ ਦੇਖਣਾ ਅਸੰਭਵ ਮੰਨਿਆ ਗਿਆ ਹੈ। ਅਦ੍ਰਿਸ਼ਟਤਾ ਨਾਲ ਸੰਬੰਧਿਤ ਇਨ੍ਹਾਂ ਸ਼ਬਦਾਂ ਦੀ ਇਸੇ ਲੜੀ ਵਿਚ ਇਕ ਹੋਰ ਅਜਿਹਾ ਖ਼ਾਸ ਸ਼ਬਦ ਹੈ, ਜੋ ਅਜਿਹੀਆਂ ਵਿਭਿੰਨ ਅੰਦਰੂਨੀ ਧੁਨੀਆਂ ਵੱਲ ਸੰਕੇਤ ਕਰਦਾ ਹੈ, ਜਿਨ੍ਹਾਂ ਨੂੰ ਬਾਹਰੀ ਕੰਨਾਂ ਨਾਲ ਸੁਣਨਾ ਅਸੰਭਵ ਹੈ। ਇਹ ਸ਼ਬਦ ਹੈ ਅਨਹਦ ਨਾਦ। ਨਾਦ ਨੂੰ ਸਰਲ ਅਰਥਾਂ ਵਿਚ ਧੁਨੀ (ਆਵਾਜ਼) ਵੀ ਕਿਹਾ ਜਾਂਦਾ ਹੈ ਪਰ ਜਦੋਂ ਇਸ ਸ਼ਬਦ ਦੇ ਨਾਲ ਅਨਹਦ ਸ਼ਬਦ ਜੁੜ ਜਾਂਦਾ ਹੈ ਤਾਂ ਇਸ ਸ਼ਬਦ ਦੀ ਮਹੱਤਤਾ ਕੇਵਲ ਲੌਕਿਕ ਨਹੀਂ, ਸਗੋਂ ਅਲੌਕਿਕ ਹੋ ਜਾਂਦੀ ਹੈ। ਅਨਹਦ ਤੋਂ ਭਾਵ ਜਿਸ ਦੀ ਕੋਈ ਹੱਦ, ਕੋਈ ਸੀਮਾ ਨਾ ਹੋਵੇ। ਬੇਅੰਤ ਭਾਵ ਜਿਸ ਦਾ ਕੋਈ ਅੰਤ ਨਾ ਹੋਵੇ ਜਾਂ ਆਪਣੇ-ਆਪ ਉਤਪੰਨ ਹੋਣ ਵਾਲੀ ਧੁਨੀ। ਮਨੁੱਖਤਾ ਨਾਲ ਅਨਹਦ ਨਾਦ ਦਾ ਗੂੜ੍ਹਾ ਸਬੰਧ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਵਿਚ ਸ਼ਬਦ ਹਨ:-
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ
ਗੁਰਮਤੀ ਸਬਦੁ ਸੁਣਾਵਣਿਆ॥
(ਮਾਝ, ਮ:3 ਅੰਗ:124)
ਭਾਵ ਗੁਰਮਤਿ ਰਾਹੀਂ ਮਨੁੱਖ ਦੇ ਅੰਦਰ ਦਿਨ-ਰਾਤ ਅਨਹਦ ਸ਼ਬਦ ਦੀ ਧੁਨ ਵੱਜਦੀ ਹੈ।
ਇਸ ਅਨਹਦ ਨਾਦ ਦਾ ਜ਼ਿਕਰ ਵਿਭਿੰਨ ਧਾਰਮਿਕ ਗ੍ਰੰਥਾਂ ਵਿਚ ਵੀ ਕੀਤਾ ਗਿਆ ਹੈ। ਵੇਦਾਂ ਤੇ ਉਪਨਿਸ਼ਦਾਂ ਅਨੁਸਾਰ, 'ਨਾਦ ਹੀ ਬ੍ਰਹਮ ਹੈ'। ਭਾਵ ਕਿ ਅੰਦਰੂਨੀ ਨਾਦ ਨੂੰ ਪਰਮਾਤਮਾ ਨਾਲ ਜੋੜਿਆ ਗਿਆ ਹੈ। ਕੁਰਾਨ ਵਿਚ ਅਨਹਦ ਨਾਦ ਲਈ 'ਸੌਤ-ਏ-ਸਰਮਦੀ' ਭਾਵ ਅਨੰਤ ਧੁਨੀ ਦਾ ਜ਼ਿਕਰ ਮਿਲਦਾ ਹੈ। ਇਸ ਤੋਂ ਇਲਾਵਾ ਅਨੇਕ ਪੁਸਤਕਾਂ ਵਿਚ ਅਨਹਦ ਨਾਦ ਨਾਲ ਸੰਬੰਧਿਤ ਅਨੇਕਾਂ ਸ਼ਬਦਾਂ ਜਿਵੇਂ ਦਿਵਯ ਧੁਨੀ, ਇਲਾਹੀ ਬਾਣੀ, ਅੰਦਰੂਨੀ ਸੰਗੀਤ, ਧੁਨਕਾਰ, ਰੂਹਾਨੀ ਸੰਗੀਤ ਆਦਿ ਸ਼ਬਦਾਂ ਦਾ ਉਲੇਖ ਵੀ ਮਿਲਦਾ ਹੈ। ਇਸ ਅੰਦਰੂਨੀ ਅਨਹਦ ਨਾਦ ਬਾਰੇ ਇਕ ਮਹਾਨ ਸੰਤ ਮੌਲਾਨਾ ਰੂਮ ਦੇ ਕਹਿੰਦੇ ਹਨ, 'ਜੇ ਇਸ ਦੈਵੀ ਸੰਗੀਤ ਦੀ ਇਕ ਧੁਨੀ ਪ੍ਰਗਟ ਕਰਦਿਆਂ ਤਾਂ ਮੁਰਦੇ ਕਬਰਾਂ 'ਚੋਂ ਨਿਕਲ ਕੇ ਬਾਹਰ ਆ ਜਾਣ।'
ਪੁਸਤਕ ਪਰਮਾਰਥੀ ਪੱਤਰ ਭਾਗ-2 ਅਨੁਸਾਰ, 'ਤੀਸਰੇ ਤਿਲ ਵਿਚ ਦਸ ਪ੍ਰਕਾਰ ਦਾ ਸ਼ਬਦ ਹੈ। ਨਗਾੜੇ, ਸੀਟੀ, ਵਾਇਲਨ, ਘੰਟੇ, ਸ਼ੰਖ ਆਦਿ। ਇਨ੍ਹਾਂ 'ਚੋਂ ਅੱਠ ਸ਼ਬਦ ਧੁਨਾਂ ਇਸੇ ਮੰਡਲ ਦੀਆਂ ਹਨ। ਘੰਟੇ ਤੇ ਸ਼ੰਖ ਦੀਆਂ ਧੁਨੀਆਂ ਉੱਪਰਲੇ ਮੰਡਲਾਂ ਤੋਂ ਆਉਂਦੀਆਂ ਹਨ। ਧਿਆਨ ਦੇ ਤੀਸਰੇ ਤਿਲ ਵਿਚ ਇਕਾਗਰ ਹੋਣ ਦੇ ਨਾਲ ਇਹ ਧੁਨਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਮਨ ਦੇ ਪੂਰੀ ਤਰ੍ਹਾਂ ਥਿਰ ਹੋ ਕੇ ਤੀਸਰੇ ਤਿਲ ਨੂੰ ਆਪਣਾ ਨਿਵਾਸ ਸਥਾਨ ਬਣਾ ਲੈਣ ਨਾਲ ਸੁਰਤ ਇਨ੍ਹਾਂ ਧੁਨਾਂ ਵਿਚ ਨਿਖੇੜਾ ਕਰਨ ਲੱਗ ਜਾਂਦੀ ਹੈ। ਸ਼ੁਰੂ ਵਿਚ ਜਿਹੜੀ ਵੀ ਆਵਾਜ਼ ਸੁਣਾਈ ਦੇਵੇ ਫੜ ਲਈ ਜਾਂਦੀ ਹੈ ਤੇ ਧਿਆਨ ਵਿਚ ਉੱਨਤੀ ਹੋਣ ਨਾਲ ਵਧੇਰੇ ਸੁਰੀਲੀਆਂ ਧੁਨਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਅੰਤ ਵਿਚ ਘੰਟੇ ਦੀ ਆਵਾਜ਼ ਫੜ ਲਈ ਜਾਂਦੀ ਹੈ ਤੇ ਬਾਕੀ ਸਭ ਆਵਾਜ਼ਾਂ ਛੱਡ ਦਿੱਤੀਆਂ ਜਾਂਦੀਆਂ ਹਨ। ਘੰਟੇ ਦੀ ਆਵਾਜ਼ ਸੰਹਸਦਲ ਕੰਵਲ ਤੱਕ ਲੈ ਜਾਂਦੀ ਹੈ, ਜਿਸ ਤੋਂ ਬਾਅਦ ਸਾਧਕ ਸ਼ੰਖ ਦੀ ਆਵਾਜ਼ ਫੜਦਾ ਹੈ।'
ਇਸ ਅਨਹਦ ਨਾਦ ਦਾ ਜ਼ਿਕਰ ਭਾਵੇਂ ਅਨੇਕ ਧਾਰਮਿਕ ਗ੍ਰੰਥ, ਪੁਸਤਕਾਂ, ਵੇਦਾਂ, ਸ਼ਾਸਤਰਾਂ ਵਿਚ ਕੀਤਾ ਗਿਆ ਹੈ ਪਰ ਸਵਾਲ ਇਹ ਹੈ ਕਿ ਜੇ ਇਹ ਰੂਹਾਨੀ ਨਾਦ ਹਰ ਸਮੇਂ ਮਨੁੱਖ ਦੇ ਅੰਦਰ ਵੱਜ ਰਿਹਾ ਤਾਂ ਸਾਨੂੰ ਸੁਣਾਈ ਕਿਉਂ ਨਹੀਂ ਦਿੰਦਾ? ਇਸ ਸਵਾਲ ਦਾ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ:-
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ॥
(ਮਾਝ, ਮ:2 ਅੰਗ:139)
ਭਾਵ ਇਹ ਸੰਗੀਤ ਸਾਨੂੰ ਬਾਹਰੀ ਕੰਨਾਂ ਨਾਲ ਸੁਣਾਈ ਨਹੀਂ ਦੇ ਸਕਦਾ। ਇਸ ਸੰਗੀਤ ਨੂੰ ਸੁਣਨ ਲਈ ਉਨ੍ਹਾਂ ਅੰਦਰੂਨੀ ਕੰਨਾਂ ਦੀ ਵਰਤੋਂ ਕਰਨੀ ਪਵੇਗੀ, ਜਿਨ੍ਹਾਂ ਦਾ ਜ਼ਿਕਰ ਰਿਸ਼ੀਆਂ-ਮੁਨੀਆਂ, ਸੰਤ-ਮਹਾਤਮਾ ਨੇ ਆਪਣੇ ਗ੍ਰੰਥਾਂ ਵਿਚ ਕੀਤਾ ਹੈ। ਮਨੁੱਖੀ ਸਰੀਰ ਅੰਦਰ ਨਿਰੰਤਰ ਚੱਲ ਰਹੇ ਇਸ ਅਨਹਦ ਨਾਦ ਨੂੰ ਸੁਣਨ ਲਈ ਮਨੁੱਖ ਨੂੰ ਖ਼ੁਦ ਉਸ ਅਵਸਥਾ ਤੱਕ ਲਿਜਾਣਾ ਪਵੇਗਾ, ਜਿੱਥੇ ਜਾ ਕੇ ਮਨ ਸ਼ਾਂਤ, ਨਿਰਮਲ ਤੇ ਸ਼ੁੱਧ ਹੋ ਸਕੇ। ਅਜਿਹੀ ਸਾਧਨਾ ਅਤੇ ਭਗਤੀ ਕਰਨੀ ਪਵੇਗੀ, ਜਿਸ ਨਾਲ ਸਾਡੇ ਅੰਦਰ ਧੁਨਕਾਰਾਂ ਦੇ ਰਿਹਾ ਇਹ ਰੂਹਾਨੀ ਸੰਗੀਤ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਪ ਦੇ ਰਸਤੇ ਵੱਲ ਲੈ ਕੇ ਜਾ ਸਕੇ।

-ਮੋਬਾਈਲ : 7973327963

Ad Position 22
No active advertisement
ਪਿਛਲੀ ਖ਼ਬਰ ਬਰਸੀ ਸਮਾਗਮ 'ਤੇ ਵਿਸ਼ੇਸ਼-ਨਿਰਮਲ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ (ਰਾਏਕੋਟ) ਅਗਲੀ ਖ਼ਬਰ ਸੂਰਬੀਰ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ
Ad Position 24