ਇਕ ਵਾਰ ਦੀ ਗੱਲ ਹੈ ਕਿ ਇਕ ਕੁੱਤੇ ਦਾ ਕਤੂਰਾ ਆਪਣੇ ਮਾਲਕ ਦੇ ਘਰ ਦੇ ਬਾਹਰ ਧੁੱਪ ਵਿਚ ਸੁੱਤਾ ਪਿਆ ਸੀ। ਮਾਲਿਕ ਦਾ ਘਰ ਜੰਗਲ ਦੇ ਕੰਢੇ 'ਤੇ ਸੀ। ਇਸ ਕਰਕੇ ਉਥੇ ਬਘਿਆੜ, ਗਿੱਦੜ ਅਤੇ ਲੱਕੜਬੱਘੇ ਜਿਹੇ ਜਾਨਵਰ ਆਉਂਦੇ ਰਹਿੰਦੇ ਸਨ। ਇਹ ਗੱਲ ਉਸ ਨਿੱਕੇ ਕਤੂਰੇ ਨੂੰ ਪਤਾ ਨਹੀਂ ਸੀ। ਉਸ ਦੀ ਉਮਰ ਵੀ ਅਜੇ ਦੋ ਕੁ ਮਹੀਨੇ ਦੀ ਸੀ। ਅਚਾਨਕ ਇੱਕ ਲੂੰਬੜ ਉਥੇ ਆ ਨਿਕਲਿਆ, ਉਸ ਨੇ ਆਰਾਮ ਨਾਲ ਸੁੱਤੇ ਹੋਏ ਕਤੂਰੇ ਨੂੰ ਨੱਪ ਲਿਆ। ਕਤੂਰਾ ਇਸ ਅਚਾਨਕ ਹੋਏ ਹਮਲੇ ਤੋਂ ਭੈਭੀਤ ਹੋ ਉੱਠਿਆ।
ਪਰ ਉਹ ਬੜੀ ਹੀ ਸਮਝਦਾਰ ਨਸਲ ਦਾ ਸੀ। ਉਸ ਦਾ ਪਿਤਾ ਮਿਲਟਰੀ ਵਿਚ ਸੀ ਅਤੇ ਮਾਂ ਪੁਲਿਸ ਵਿਚ ਜਸੂਸੀ ਕਰਦੀ ਸੀ। ਸਿਰ 'ਤੇ ਆਏ ਸੰਕਟ ਨੂੰ ਦੇਖ ਕੇ ਉਹ ਘਬਰਾਇਆ ਨਹੀਂ ਅਤੇ ਧੀਰਜ ਨਾਲ ਬੋਲਿਆ, ਲੂੰਬੜ ਭਰਾ, ਹੁਣ ਤੂੰ ਮੈਨੂੰ ਫੜ ਲਿਆ ਹੈ ਤਾਂ ਖਾ ਲੈ? ਪਰ ਮੇਰੀ ਇਕ ਸਲਾਹ ਹੈ ਜੇਕਰ ਤੂੰ ਮੰਨੇ ਤਾਂ ਇਸ ਵਿਚ ਤੇਰਾ ਹੀ ਲਾਭ ਹੈ।
ਆਪਣੇ ਲਾਣੇ ਦੀ ਗੱਲ ਸੁਣ ਕੇ ਲੂੰਬੜ ਨੇ ਪੱਛਿਆ ਕਿਹੋ ਜਿਹਾ ਲਾਭ। ਦੇਖ ਭਰਾ, ਮੈ ਇੱਥੇ ਨਵਾਂ ਨਵਾਂ ਆਇਆ ਹਾਂ, ਇਸ ਲਈ ਅਜੇ ਬੜਾ ਕਮਜੋਰ ਹਾਂ। ਕੁਝ ਦਿਨ ਖਾ-ਪੀ ਕੇ ਮੈਨੂੰ ਮੋਟਾ ਤਾਜ਼ਾ ਹੋਣ ਦੇ ਫਿਰ ਆ ਕੇ ਮੈਨੂੰ ਖਾ ਲਵੀਂ। ਵੈਸੇ ਵੀ ਮੈ ਅਜੇ ਬੱਚਾ ਹਾਂ ਮੈਨੂੰ ਖਾ ਕੇ ਵੀ ਸ਼ਾਇਦ ਤੇਰੀ ਭੁੱਖ ਪੂਰੀ ਨਾ ਹੋਵੇ। ਲੂੰਬੜ ਇਸ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸ ਨੂੰ ਛੱਡ ਕੇ ਚਲਿਆ ਗਿਆ। ਕਤੂਰੇ ਨੇ ਆਪਣੀ ਕਿਸਮਤ ਦਾ ਧੰਨਵਾਦ ਕੀਤਾ ਅਤੇ ਖ਼ਤਰੇ ਵਾਲੀ ਥਾਂ 'ਤੇ ਰਹਿਣ ਦੀ ਗ਼ਲਤੀ ਫਿਰ ਨਾ ਕਰਨ ਦੀ ਸਹੁੰ ਖਾਧੀ।
ਕੁਝ ਮਹੀਨਿਆਂ ਬਾਅਦ ਲੂੰਬੜ ਫਿਰ ਉਸ ਘਰ ਦੇ ਕੋਲ ਆ ਕੇ ਉਸ ਕਤੂਰੇ ਨੂੰ ਭਾਲਣ ਲੱਗਿਆ। ਪਰ ਹੁਣ ਉਹ ਕਤੂਰਾ ਕਿੱਥੇ ਰਿਹਾ ਸੀ। ਹੁਣ ਉਹ ਕਾਫ਼ੀ ਵੱਡਾ ਅਤੇ ਪਹਿਲਾਂ ਨਾਲੋ ਕਾਫ਼ੀ ਸਮਝਦਾਰ ਵੀ ਹੋ ਗਿਆ ਸੀ।
ਉਸ ਸਮੇਂ ਉਹ ਮਕਾਨ ਦੀ ਛੱਤ 'ਤੇ ਸੌ ਰਿਹਾ ਸੀ। ਲੂੰਬੜ ਨੇ ਉਸ ਨੂੰ ਕਿਹਾ ਕਿ ਆਪਣੇ ਬਚਨ ਅਨੁਸਾਰ ਹੇਠਾ ਆ ਕੇ ਮੇਰਾ ਭੋਜਣ ਬਣ ਜਾ। ''ਜਾਹ ਉਏ ਮੂਰਖਾਂ, ਕੀ ਕਦੀ ਕਿਸੇ ਨੇ ਮੌਤ ਨੂੰ ਵੀ ਬਚਨ ਦਿੱਤਾ ਹੈ, ਜਾਹ ਆਪਣੀ ਮੂਰਖਤਾ 'ਤੇ ਉਮਰ ਭਰ ਪਛਤਾਉਂਦਾ ਰਹਿ, ਹੁਣ ਮੈਂ ਤੇਰੇ ਹੱਥ ਆਉਣ ਵਾਲਾ ਨਹੀਂ ਹਾਂ।'' ਕੁੱਤੇ ਨੇ ਉੱਤਰ ਦਿੱਤਾ। ਲੂੰਬੜ ਆਪਣਾ ਢਿੱਲਾ ਜਿਹਾ ਮੂੰਹ ਲੈ ਕੇ ਵਾਪਸ ਮੁੜ ਗਿਆ। ਇਸ ਕਥਾ ਦਾ ਇਹੀ ਸਾਰ ਹੈ ਕਿ ਸਮਝਦਾਰੀ ਨਾਲ ਮੌਤ ਨੂੰ ਵੀ ਟਾਲਿਆ ਜਾ ਸਕਦਾ ਹੈ।
-ਮਕਾਨ ਨੰ: ਈ-11/58, ਗਲੀ ਨੰ: 2, ਬਹਾਦੁਰਕੇ ਰੋਡ, ਭਾਰਤੀ ਕਾਲੋਨੀ, ਲੁਧਿਆਣਾ।
ਮੋ: 94173-91167