ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਸਨੂਈ ਲਿਆਕਤ ਦਾ ਪਿਤਾਮਾ ਡਾ. ਜਿਓਫਰੇਅ ਐਵਰੈਸਟ ਹਿੰਟਨ

Ad Position 21
No active advertisement
ਅਜੀਤ ਡੈਸਕ 22-02-2026

ਡਾ. ਜਿਓਫਰੇਅ ਐਵਰੈਸਟ ਹਿੰਟਨ(Geoffrey Everest Hinton) ਇਕ ਬਿ੍ਟਿਸ਼ ਕੈਨੇਡੀਅਨ ਕੰਪਿਊਟਰ ਵਿਗਿਆਨੀ ਅਤੇ ਬੋਧਾਤਮਕ ਖੋਜੀ ਹੈ | ਉਸ ਦੇ ਖੋਜ ਕਾਰਜ 'ਮਸਨੂਈ ਤੰਤਿ੍ਕਾ ਤੰਤਰ (artificial neural networks) ਕਰਕੇ ਵੀ ਉਸ ਨੂੰ ਜਾਣਿਆ ਜਾਂਦਾ ਹੈ | ਮਸਨੂਈ ਤੰਤਿ੍ਕਾ ਤੰਤਰ ਸਿੱਖਣ ਤਕਨੀਕ ਦੀ ਇਕ ਕਿਸਮ ਹੈ ਜਿਹੜੀ ਮਾਨਵੀ ਦਿਮਾਗ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਤੋਂ ਪ੍ਰੇਰਿਤ ਹੁੰਦੀ ਹੈ | ਇਹ ਡਾਟਾ ਤੋਂ ਸਿੱਖਦੀ, ਨਮੂਨਿਆਂ (patterns) ਦੀ ਪਛਾਣ ਕਰਦੀ ਅਤੇ ਭਵਿੱਖਬਾਣੀਆਂ ਕਰਦੀ ਹੈ | ਇਸੇ ਖੋਜ ਦੀ ਬਦੌਲਤ ਉਸ ਨੂੰ 'ਗੌਡ ਫ਼ਾਦਰ ਆਫ ਏ ਆਈ' ਜਾਣੀ ਕਿ 'ਮਸਨੂਈ ਲਿਆਕਤ ਦਾ ਪਿਤਾਮਾ' ਵੀ ਕਹਿੰਦੇ ਹਨ |
ਡਾ. ਹਿੰਟਨ ਦਾ ਜਨਮ 6 ਦਸੰਬਰ, 1947 ਨੂੰ ਵਿੰਬਲਡਨ, ਇੰਗਲੈਂਡ ਵਿਚ ਹੋਇਆ | ਉਹ ਬਿ੍ਸਟਲ ਦੇ ਕਲਿਫਟਨ ਕਾਲਜ ਵਿਚ ਪੜਿ੍ਹਆ | ਸੰਨ 1967 'ਚ ਉਹ ਕਿੰਗਜ਼ ਕਾਲਜ ਕੈਂਬਰਿਜ ਵਿਚ ਅੰਡਰ ਗ੍ਰੈਜੂਏਟ ਵਿਦਿਆਰਥੀ ਦੇ ਤੌਰ 'ਤੇ ਦਾਖ਼ਲ ਹੋਇਆ | ਉਹ ਵਾਰ ਵਾਰ ਪ੍ਰਕਿਰਤਕ ਸਾਇੰਸ, ਹਿਸਟਰੀ ਆਫ਼ ਆਰਟ, ਫਿਲਾਸਫੀ ਵਿਚਕਾਰ ਵਿਸ਼ਿਆਂ ਦੀ ਅਦਲਾ-ਬਦਲੀ ਕਰਦਾ ਰਿਹਾ | ਆਖ਼ਰ ਸੰਨ 1970 'ਚ ਪ੍ਰਯੋਗਿਕ ਮਨੋਵਿਗਿਆਨ ਵਿਚ ਉਸ ਨੇ ਯੂਨੀਵਰਸਿਟੀ ਆਫ ਕੈਂਬਰਿਜ ਤੋਂ ਡਿਗਰੀ ਹਾਸਿਲ ਕੀਤੀ | ਅਕਾਦਮਿਕ ਸਿੱਖਿਆ ਵਿਚ ਅੱਗੇ ਵਧਣ ਤੋਂ ਪਹਿਲਾਂ ਉਸ ਨੇ ਤਰਖਾਣਾ ਕੰਮ ਵਿਚ ਇਕ ਸਾਲ ਨਿਪੁੰਨਤਾ ਹਾਸਿਲ ਕੀਤੀ ਸੀ |
ਸੰਨ 1972 ਤੋਂ 1975 ਤੱਕ ਉਸ ਨੇ ਐਡਿਨਬਰਗ ਵਿਸ਼ਵ-ਵਿਦਿਆਲੇ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ | ਉੱਥੋਂ ਹੀ ਉਸ ਨੂੰ ਸੰਨ 1978 'ਚ ਕਿ੍ਸਟੋਫਰ ਲੌਂਗੇਟ ਹਿਗਿਨਜ਼ ਦੀ ਅਗਵਾਈ ਵਿਚ 'ਮਸਨੂਈ ਲਿਆਕਤ' ਦੇ ਖੇਤਰ ਵਿਚ ਖੋਜ ਅਧਿਐਨ ਕਰਨ ਕਰ ਕੇ ਡਾਕਟਰੇਟ ਦੀ ਡਿਗਰੀ ਮਿਲੀ ਜਿਸ ਨੇ ਮਸਨੂਈ ਲਿਆਕਤ ਦੀ ਮਸਨੂਈ ਤੰਤਿ੍ਕਾ ਤੰਤਰ ਪਹੁੰਚ ਨਾਲੋਂ ਚਿਨ੍ਹਾਤਮਿਕ ਮਸਨੂਈ ਲਿਆਕਤ ਤਕਨੀਕ ਦੀ ਸਿਫਾਰਿਸ਼ ਕੀਤੀ ਸੀ |
ਕੈਰੀਅਰ 
ਡਾਕਟਰੇਟ ਦੀ ਡਿਗਰੀ ਕਰਨ ਉਪਰੰਤ ਹਿੰਟਨ ਪਹਿਲਾਂ ਤਾਂ ਯੂਨੀਵਰਸਿਟੀ ਆਫ ਸੂਸੈਕਸ (Sussex) ਵਿਖੇ ਐਮ.ਆਰ.ਸੀ. ਵਿਹਾਰਿਕ ਮਨੋਵਿਗਿਆਨ ਵਿਭਾਗ ਵਿਚ ਕੰਮ ਕਰਨ ਲੱਗਾ | ਇੱਥੇ ਬਰਤਾਨੀਆ ਵਿਚ, ਕੁਝ ਮਾਇਕ ਤੰਗੀ ਹੋਣ ਕਰਕੇ ਉਸ ਨੇ ਅਮਰੀਕਾ ਵਿਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨਡੀਆਗੋ ਅਤੇ ਕਾਰਨੇਗੀ ਮੈਲਨ ਯੂਨੀਵਰਸਿਟੀ ਵਿਚ ਖੋਜ ਕੰਮ ਕੀਤਾ | ਉਹ ਯੂਨੀਵਰਸਿਟੀ ਕਾਲਜ ਲੰਡਨ ਵਿਚ ਗੈਟਸਬਾਈ ਚੈਰੀਟੇਬਲ ਕੰਪਿਊਟੇਸ਼ਨਲ ਨਿਓਰੋਸਾਇੰਸ ਯੂਨਿਟ ਦਾ ਬਾਨੀ ਡਾਇਰੈਕਟਰ ਸੀ |
ਸੰਨ 1987 'ਚ ਉਹ ' ਕੈਨੇਡੀਅਨ ਇੰਸਟੀਚਿਊਟ ਫਾਰ ਐਡਵਾਂਸਡ ਰਿਸਰਚ (3961R) ਵਿਚ ਮਸਨੂਈ ਲਿਆਕਤ ਅਤੇ ਰੋਬੋਟਿਕਸ ਦੇ ਪਹਿਲੇ ਖੋਜ ਪ੍ਰੋਗਰਾਮ ਵਿਚ ਫੈਲੋ ਦੇ ਤੌਰ 'ਤੇ ਕਾਰਜ ਕਰਨ ਲੱਗਾ | ਸੰਨ 2004 'ਚ ਉਸ ਨੇ ਹੋਰ ਖੋਜਾਰਥੀਆਂ ਨਾਲ ਮਿਲ ਕੇ ਨਵੇਂ ਸੰਕਲਪ 'ਨਿਓਰਲ ਕੰਪਿਊਟੇਸ਼ਨ ਐਂਡ ਅਡੈਪਟਿਵ ਪਰਸੈਪਸ਼ਨ' (N31P) ਦੀ ਤਜਵੀਜ਼ ਪੇਸ਼ ਕੀਤੀ ਜਿਸ ਨੂੰ ਅੱਜ ' ਲਰਨਿੰਗ ਇਨ ਮਸ਼ੀਨਜ਼ ਐਂਡ ਬਰੇਨਜ਼' ਦਾ ਨਾਂਅ ਦਿੱਤਾ ਗਿਆ ਹੈ |
ਹਿੰਟਨ ਨੇ 10 ਸਾਲ ਉਪਰੋਕਤ ਖੋਜ ਅਧਿਐਨ ਦੀ ਅਗਵਾਈ ਕੀਤੀ | ਸੰਨ 2012 'ਚ ਹਿੰਟਨ ਸਿੱਖਿਆ ਦੇ ਪਲੇਟਫਾਰਮ ਕੋਰਸੇਰਾ ਤੇ ਨਿਓਰਲ ਨੈੱਟਵਰਕਸ ਵਿਚ ਮੁਫਤ ਆਨਲਾਈਨ ਪੜ੍ਹਾਈ ਕਰਵਾਉਂਦਾ ਹੁੰਦਾ ਸੀ | ਉਸ ਨੇ ਸੰਨ 2012 ਵਿਚ ਟੋਰਾਂਟੋ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਚ ਆਪਣੇ ਦੋ ਵਿਦਿਆਰਥੀਆਂ ਅਲੈਕਸ ਕਿ੍ਜੇਵਸਕੀ ਅਤੇ ਇਲੀਆ ਸੁਟਸਕੀਵਰ ਨਾਲ ਮਿਲ ਕੇ ਡੀ.ਐਨ. ਰਿਸਰਚ ਇਨਕਾਰਪੋਰੇਸ਼ਨ ਦੀ ਸਥਾਪਨਾ ਵੀ ਕੀਤੀ ਸੀ | ਸੰਨ 2013 ਵਿਚ ਗੂਗਲ ਨੇ ਇਸ ਨੂੰ 44 ਮਿਲੀਅਨ ਡਾਲਰ ਵਿਚ ਖਰੀਦ ਲਿਆ ਸੀ | ਹਿੰਟਨ ਨੇ ਹੁਣ ਆਪਣਾ ਖੋਜ ਕਾਰਜ ਯੂਨੀਵਰਸਿਟੀ ਅਤੇ ਗੂਗਲ ਦੋਹਾਂ ਵਿਚਕਾਰ ਵੰਡ ਲਿਆ ਸੀ | ਹਿੰਟਨ ਦਾ ਖੋਜ ਕਾਰਜ ਮਸ਼ੀਨ ਲਰਨਿੰਗ, ਮੈਮਰੀ, ਪਰਸੈਪਸ਼ਨ ਅਤੇ ਸਿੰਬਲ ਪਰਾਸੈਸਿੰਗ ਨਾਲ ਸੰਬੰਧਿਤ ਸੀ | ਉਸ ਦੇ 200 ਖੋਜ ਪੱਤਰਾਂ ਦੀ ਮਾਹਿਰਾਂ ਵਲੋਂ ਸਮੀਖਿਆ ਕੀਤੀ ਗਈ | ਜਦੋਂ ਹਿੰਟਨ ਅਮਰੀਕਾ ਵਿਖੇ ਸੈਨਡੀਆਗੋ ਵਿਖੇ ਪੋਸਟ ਡਾਕਟਰੇਟ ਕਰ ਰਿਹਾ ਸੀ, ਉਸ ਨੇ ਡੇਵਿਡ ਈ. ਰੂਮੇਹਾਰਟ ਤੇ ਰੋਨਾਲਡ ਜੇ. ਵਿਲੀਅਮ ਨਾਲ ਮਿਲ ਕੇ ਬੈਂਕ ਪ੍ਰਾਪੇਗੇਸ਼ਨ ਐਲਗੋਰਿਦਮ ਨੂੰ ਬਹੁ-ਪਰਤਵੀ ਨਿਓਰਲ ਨੈਟਵਰਕਸ 'ਤੇ ਲਾਗੂ ਕਰ ਕੇ ਦੇਖਿਆ ਸੀ | ਇਸ ਵਿਚ ਰੂਮੇਹਾਰਟ ਨੇ ਬੈਂਕ ਪ੍ਰਾਪੇਗੇਸ਼ਨ (ਪੁਨਰ-ਪੜਚੋਲ) ਦੀ ਮੁੱਢਲੀ ਜਾਣਕਾਰੀ ਦਿੱਤੀ ਸੀ, ਕਿਉਂਕਿ ਇਹ ਉਸੇ ਦੀ ਖੋਜ ਸੀ |
ਸੰਨ 1985 ਵਿਚ ਹਿੰਟਨ ਨੇ ਡੇਵਿਡ ਆਕਲੇ ਅਤੇ ਟੈਰੀ ਸੈਜਨੋਵਸਕੀ ਨਾਲ ਮਿਲ ਕੇ 'ਬੋਲਟਮੈਨ ਮਸ਼ੀਨ' ਦੀ ਖੋਜ ਕੀਤੀ | ਨਿਓਰਲ ਨੈਟਵਰਕਸ ਵਿਚ ਉਸ ਦੀਆਂ ਹੋਰ ਖੋਜਾਂ ਵਿਚ : : Distributed Representations, Time Delay Neural Network, Mixtures Of Experts, Helmholtz Machines and Product Of Experts ਵੀ ਸ਼ਾਮਿਲ ਹਨ |
ਸੰਨ 2022 'ਚ ਹਿੰਟਨ ਨੇ ਨਿਓਰਲ ਨੈੱਟਵਰਕ ਲਈ ਇਕ ਨਵਾਂ ਲਰਨਿੰਗ ਐਲਗੋਰਿਦਮ( ਸਿੱਖਣ ਦਾ ਤਰੀਕਾ) 'ਫਾਰਵਰਡ-ਫਾਰਵਰਡ' ਤਿਆਰ ਕੀਤਾ | ਸੰਨ 2023 'ਚ ਹਿੰਟਨ ਨੇ ਜਨਤਕ ਤੌਰ 'ਤੇ ਗੂਗਲ ਤੋਂ ਅਸਤੀਫਾ ਦੇ ਦਿੱਤਾ ਸੀ | ਉਸ ਨੇ ਕਿਹਾ, ” ਮੈਂ ਸੁਤੰਤਰ ਤੌਰ 'ਤੇ ਮਸਨੂਈ ਲਿਆਕਤ ਦੇ ਜ਼ੋਖ਼ਮਾਂ ਬਾਰੇ ਬੋਲਣਾ ਚਾਹੁੰਦਾ ਹਾਂ | ਉਸ ਨੇ ਕਿਹਾ, ਮਸਨੂਈ ਲਿਆਕਤ ਨੂੰ ਕਾਬੂ ਵਿਚ ਰੱਖਣ ਦੇ ਤੌਰ-ਤਰੀਕਿਆਂ ਤੇ ਹੋਰ ਗੰਭੀਰਤਾ ਨਾਲ ਖੋਜ ਕਰਨ ਦੀ ਜ਼ਰੂਰਤ ਹੈ | ਸਰਕਾਰਾਂ ਨੂੰ ਮਸਨੂਈ ਲਿਆਕਤ ਨੂੰ ਮਨੁੱਖੀ ਸੁਰੱਖਿਅਤਾ ਦੇ ਦਾਇਰੇ ਵਿਚ ਰੱਖਣ ਲਈ ਸਖ਼ਤ ਹਿਦਾਇਤਾਂ ਜਾਰੀ ਕਰਨੀਆਂ ਪੈਣਗੀਆਂ, ਨਹੀਂ ਤਾਂ ਇਸ ਦਾ ਬੇਕਾਬੂ ਹੋ ਜਾਣਾ ਬੇਹੱਦ ਜ਼ੋਖ਼ਮ ਭਰਿਆ ਹੋ ਸਕਦਾ ਹੈ |
ਖੋਜ ਵਿਦਿਆਰਥੀ: ਉਸ ਦੇ ਡਾਕਟਰੇਟ ਅਤੇ ਪੋਸਟ ਡਾਕਟਰੇਟ ਵਿਦਿਆਰਥੀਆਂ ਵਿਚ ਪੀਟਰ ਡਿਆਨ, ਸੈਮ ਰੋਵਿਜ, ਮੈਕਸ ਵੈਲਿੰਗ ਰਿਚਰਡ ਜ਼ੀਮੇਲ, ਬਰੇਨਜਨ ਫਰੇ, ਰੈਡਫੋਰਡ ਐਮ. ਨੀਲ, ਯੂ.ਵਾਏ ਟੇਹ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ |
ਪੁਰਸਕਾਰ
• ਉਸ ਨੂੰ ਮਿਲੇ ਅਣਗਿਣਤ ਪੁਰਸਕਾਰਾਂ ਵਿਚ ਕੁਝ ਵਿਸ਼ੇਸ਼ ਪੁਰਸਕਾਰ ਹੇਠ ਲਿਖੇ ਅਨੁਸਾਰ ਹਨ:
• ਸੰਨ 1990 ਤੋਂ ਹਿੰਟਨ ਅਮਰੀਕਨ ਐਸੋਸੀਏਸ਼ਨ ਵਿਚ 'ਅਡਵਾਂਸਮੈਂਟ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ' ਦਾ ਫੈਲੋ ਹੈ |
• ਸੰਨ 1996 'ਚ ਉਸ ਨੂੰ ਰਾਇਲ ਸੁਸਾਇਟੀ ਆਫ ਕੈਨੇਡਾ ਦਾ ਫੈਲੋ ਚੁਣਿਆ ਗਿਆ |
• ਸੰਨ 1998 'ਚ ਉਸ ਨੂੰ ਰਾਇਲ ਸੁਸਾਇਟੀ ਲੰਡਨ ਦਾ ਫੈਲੋ ਚੁਣਿਆ ਗਿਆ |
• ਸੰਨ 2001 'ਚ ਰੂਮੇਹਾਰਟ ਪੁਰਸਕਾਰ ਜਿੱਤਣ ਵਾਲਾ ਉਹ ਪਹਿਲਾ ਵਿਗਿਆਨੀ ਸੀ | ਇਸੇ ਸਾਲ ਉਸ ਨੂੰ ਯੂਨੀਵਰਸਿਟੀ ਆਫ ਐਡਿਨਬਰਗ ਨੇ ਆਨਰੇਰੀ ਡਾਕਟਰ ਆਫ਼ ਸਾਇੰਸ ਦੀ ਡਿਗਰੀ ਪ੍ਰਦਾਨ ਕੀਤੀ |
• ਸੰਨ 2003 'ਚ ਉਸ ਨੂੰ ਅਮਰੀਕਨ ਅਕਾਡਮੀ ਆਫ ਆਰਟਸ ਐਂਡ ਸਾਇੰਸਜ਼ ਵਲੋਂ ਅੰਤਰਰਾਸ਼ਟਰੀ ਆਨਰੇਰੀ ਮੈਂਬਰ ਬਣਾਇਆ ਗਿਆ | ਇਸੇ ਸਾਲ ਉਸ ਨੂੰ ਅਮਰੀਕਨ ਕੋਗਨੀਟਵ ਸਾਇੰਸ ਸੁਸਾਇਟੀ ਦਾ ਫੈਲੋ ਚੁਣ ਲਿਆ ਗਿਆ |
• ਸੰਨ 2005 'ਚ ਉਸ ਨੂੰ ਜ਼ਿੰਦਗੀ ਭਰ ਦੀਆਂ ਖੋਜ ਪ੍ਰਾਪਤੀਆਂ ਲਈ ਆਈ. ਜੇ. ਸੀ. ਏ. ਆਈ. ਐਵਾਰਡ ਮਿਲਿਆ |
• ਸੰਨ 2011 'ਚ ਉਸ ਨੂੰ ਹਰਜ਼ਬਰਗ ਕੈਨੇਡਾ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ | ਇਸੇ ਸਾਲ ਯੂਨੀਵਰਸਿਟੀ ਆਫ ਸੂਸੈਕਸ ਨੇ ਉਸ ਨੂੰ ਆਨਰੇਰੀ ਡਾਕਟਰ ਆਫ਼ ਸਾਇੰਸ ਦੀ ਡਿਗਰੀ ਪ੍ਰਦਾਨ ਕੀਤੀ |
• ਸੰਨ 2013 'ਚ ਉਸ ਨੂੰ ਕੀਲਮ ਐਵਾਰਡ ਮਿਲਿਆ | ਉਸ ਨੂੰ ਯੂਨੀਵਰਸਿਟੀ ਆਫ ਸ਼ੇਰਬਰੁੱਕ ਨੇ ਡੀ. ਐਸ. ਸੀ. ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ |
• ਸੰਨ 2016 'ਚ ਉਸ ਨੂੰ ਵੁਲਫਸਨ ਜੇਮਜ਼ ਕਲਰਕ ਮੈਕਸਵੈੱਲ ਐਵਾਰਡ ਮਿਲਿਆ |
• ਸੰਨ 2018 'ਚ ਉਸ ਨੂੰ ਟਰਨਿੰਗ ਪੁਰਸਕਾਰ ਮਿਲਿਆ | ਉਹ ਕੈਪੇਨੀਅਨ ਆਫ ਆਰਡਰ ਆਫ ਕੈਨੇਡਾ ਬਣਿਆ |
• ਸੰਨ 2021 'ਚ ਉਸ ਨੂੰ ਡਿਕਸਨ ਐਵਾਰਡ ਮਿਲਿਆ |
• ਸੰਨ 2022 'ਚ ਪਿ੍ੰਸੈਸ ਆਫ ਆਸਟਰੀਆ ਐਵਾਰਡ ਮਿਲਿਆ |
• ਯੂਨੀਵਰਸਿਟੀ ਆਫ਼ ਟਰਾਂਟੋ ਨੇ ਉਸ ਨੂੰ ਡੀ.ਐਸ. ਸੀ, ਦੀ ਡਿਗਰੀ ਦੇ ਕੇ ਨਿਵਾਜਿਆ |
• ਸੰਨ 2023 'ਚ ਉਸ ਨੂੰ ਲਾਈਫ ਬੋਟ ਫਾਊਡੇਸ਼ਨ ਦਾ ਗਾਰਡੀਅਨ ਐਵਾਰਡ ਮਿਲਿਆ |
• ਸੰਨ 2024 ਵਿਚ ਹਿੰਟਨ ਨੂੰ ਜੌਹਨ ਹੋਪਫੀਲਡ ਨਾਲ ਸਾਂਝੇ ਤੌਰ 'ਤੇ 'ਮਸਨੂਈ ਤੰਤਿ੍ਕਾ ਤੰਤਰ ਖੋਜ' ਤੇ ਫਿਜ਼ਿਕਸ ਦਾ ਨੋਬੇਲ ਪੁਰਸਕਾਰ ਦੇ ਕੇ ਨਿਵਾਜਿਆ ਗਿਆ | ਉਸ ਦੀ ਵਿਕਸਿਤ ਕੀਤੀ 'ਬੋਲਟਮੈਨ ਮਸ਼ੀਨ' ਦਾ ਇੱਥੇ ਸਪੱਸ਼ਟ ਤੌਰ 'ਤੇ ਹਵਾਲਾ ਦਿੱਤਾ ਗਿਆ ਸੀ |
• ਸੰਨ 2025 ਵਿਚ ਉਸ ਨੂੰ ਕੁਈਨ ਐਲਿਜ਼ਬੈੱਥ ਪੁਰਸਕਾਰ ਹੋਰ ਖੋਜਕਾਰਾਂ ਨਾਲ ਸਾਂਝੇ ਤੌਰ 'ਤੇ ਮਿਲਿਆ | ਉਸ ਨੂੰ ਕਿੰਗ ਚਾਰਲਸ ਵਲੋਂ ਕੋਰੋਨੇਸ਼ਨ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ |
ਨਿੱਜੀ ਜ਼ਿੰਦਗੀ
ਉਸ ਦਾ ਪਿਤਾ ਕੀਟ ਵਿਗਿਆਨੀ ਹੋਵਾਰਡ ਹਿੰਟਨ ਸੀ | ਉਸ ਦੇ ਨਾਂਅ ਦਾ ਵਿਚਲਾ ਹਿੱਸਾ ਭਾਰਤੀ ਸਰਵੇਖਣਕਾਰ ਰਿਸ਼ਤੇਦਾਰ ਤੋਂ ਲਿਆ ਗਿਆ ਸੀ | ਹਿੰਟਨ ਮਸ਼ਹੂਰ ਅਰਥ ਸ਼ਾਸਤਰੀ ਕੋਲਿਨ ਕਲਾਰਕ ਅਤੇ ਨਿਊਕਲੀਅਰ ਭੌਤਿਕ ਵਿਗਿਆਨੀ ਜੋਅਨ ਹਿੰਟਨ ਦਾ ਭਤੀਜਾ ਹੈ |
ਹਿੰਟਨ ਦੇ 19 ਸਾਲ ਦੀ ਉਮਰ ਵਿਚ ਲੱਗੀ ਚੋਟ ਉਸ ਨੂੰ ਤਾਉਮਰ ਦਾ ਦਰਦ ਅਤੇ ਢਹਿੰਦੀ ਕਲਾ ਵਿਚ ਸੁੱਟ ਗਈ | ਉਸ ਨੂੰ ਬੈਠਣ ਵਿਚ ਅੱਜ ਤੀਕ ਪ੍ਰੇਸ਼ਾਨੀ ਆਉਂਦੀ ਰਹੀ ਹੈ |
ਉਸ ਦੀ ਪਹਿਲੀ ਪਤਨੀ ਰੋਜ਼ਾਲਿੰਡ ਜ਼ਾਲਿਨ ਕੈਂਸਰ ਨਾਲ ਦਮ ਤੋੜ ਗਈ ਸੀ | ਉਸ ਦੀ ਦੂਜੀ ਪਤਨੀ ਜੈਕੁਲੀਨ ਜੈਕੀ ਫੋਰਡ ਪੈਨਕ੍ਰਆਟਿਕ ਕੈਂਸਰ ਨਾਲ ਸੰਨ 2018 'ਚ ਮਰੀ ਸੀ | ਉਸ ਦੇ ਪਹਿਲੀ ਪਤਨੀ ਤੋਂ ਇਕ ਪੁੱਤ ਅਤੇ ਇਕ ਧੀ ਹੈ |
ਉਸ ਦੇ ਪੋਤੇ ਮੇਰੀ ਐਵਰੈਸਟ ਬੂਲੇ ਦਾ ਖੋਜ ਅਧਿਐਨ ਮਾਡਰਨ ਕੰਪਿਊਟਰ ਸਾਇੰਸ ਦੀ ਫਾਊਾਡੇਸ਼ਨ ਵਾਲੇ ਕੰਮ ਵਿਚ ਗਿਣਿਆ ਜਾਂਦਾ ਹੈ | ਹਿੰਟਨ ਅਮਰੀਕਾ ਵਿਚ ਰੋਨਾਲਡ ਰੀਗਨ ਦੀ ਖੋਜ ਪ੍ਰਤੀ ਬੇਰੁਖ਼ੀ ਤੋਂ ਨਰਾਜ਼ ਹੋ ਕੇ ਕੈਨੇਡਾ ਆਇਆ ਸੀ |
ਹਿੰਟਨ ਕੈਨੇਡਾ ਵਿਚ ਅੱਜਕਲ੍ਹ ਯੂਨੀਵਰਸਿਟੀ ਆਫ ਟਰਾਂਟੋ ਵਿਚ ਪ੍ਰੋਫੈਸਰ ਐਮੀਰੇਟਸ ਹੈ | ਉਹ ਮਸਨੂਈ ਬੁੱਧੀ 'ਤੇ ਖੋਜ ਕਾਰਜਾਂ ਦੀ ਕਈਆਂ ਸਾਲਾਂ ਤੋਂ ਅਗਵਾਈ ਕਰ ਰਿਹਾ ਹੈ |

-ਈ ਮੇਲ- mayer_hk0 yahoo.com

Ad Position 22
No active advertisement
ਪਿਛਲੀ ਖ਼ਬਰ ਲਘੂ ਵਿਅੰਗ-ਨਵੇਂ ਗੋਡੇ ਅਗਲੀ ਖ਼ਬਰ ਪੰਜਾਬ ਲਈ ਬੇਹੱਦ ਨੁਕਸਾਨਦੇਹ ਹੈ ਰੁੱਖਾਂ ਦੀ ਅੰਨ੍ਹੇਵਾਹ ਕਟਾਈ
Ad Position 24
No active advertisement