ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਇਕ ਟੱਕਰ ਜਿਸ ਨੇ ਧਰਤੀ ਦਾ ਇਤਿਹਾਸ ਬਦਲ ਦਿੱਤਾ <br/>

Ad Position 21
No active advertisement
ਅਜੀਤ ਡੈਸਕ 17-05-2026

ਧਰਤੀ ਦੇ ਇਤਿਹਾਸ ਵਿਚ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਹਨ ਜਿਨ੍ਹਾਂ ਨੇ ਜੀਵਨ ਦੀ ਦਿਸ਼ਾ ਹੀ ਬਦਲ ਦਿੱਤੀ | ਲਗਭਗ 66 ਮਿਲੀਅਨ ਸਾਲ ਪਹਿਲਾਂ ਹੋਈ ਇਕ ਭਿਆਨਕ ਪੁਲਾੜੀ ਟੱਕਰ ਨੇ ਸਿਰਫ਼ ਡਾਇਨਾਸੋਰਾਂ ਦੀ ਕਿਸਮਤ ਨਹੀਂ, ਸਗੋਂ ਪੂਰੇ ਗ੍ਰਹਿ ਦੇ ਪਰਿਵਰਤਨ ਦੀ ਕਹਾਣੀ ਲਿਖੀ | ਇਸ ਟੱਕਰ ਦਾ ਸਬੂਤ ਅੱਜ ਵੀ ਮੌਜੂਦ ਹੈ | ਮੈਕਸੀਕੋ ਦੇ ਵਿਚ ਸਥਿਤ ਵਿਸ਼ਾਲ ਚਿਕਸੂਲੂਬ ਕ੍ਰੇਟਰ ਦੇ ਰੂਪ ਵਿਚ |
ਵਿਗਿਆਨੀਆਂ ਦੇ ਅਨੁਸਾਰ, ਲਗਭਗ 10 ਤੋਂ 15 ਕਿਲੋਮੀਟਰ ਵਿਆਸ ਵਾਲਾ ਇਕ ਵਿਸ਼ਾਲ ਐਸਟਰਾਇਡ ਧਰਤੀ ਨਾਲ ਟਕਰਾਇਆ | ਇਸ ਟੱਕਰ ਦੀ ਤਾਕਤ ਅਣਗਿਣਤ ਅਣੂ ਬੰਬਾਂ ਦੇ ਇਕੱਠੇ ਧਮਾਕੇ ਵਰਗੀ ਸੀ | ਜਦੋਂ ਇਹ ਪਿੰਡ ਧਰਤੀ ਨਾਲ ਟਕਰਾਇਆ, ਤਾਂ ਲੱਖਾਂ ਟਨ ਧੂੜ, ਗੈਸ ਅਤੇ ਪੱਥਰ ਅਸਮਾਨ ਵਿਚ ਉੱਛਲ ਗਏ | ਕੁਝ ਪਲਾਂ ਵਿਚ ਹੀ ਸੈਂਕੜਿਆਂ ਕਿਲੋਮੀਟਰ ਤੱਕ ਇਲਾਕਾ ਤਬਾਹ ਹੋ ਗਿਆ | ਅੰਦਾਜ਼ਾ ਹੈ ਕਿ ਇਸ ਟੱਕਰ ਨਾਲ 180 ਕਿਲੋਮੀਟਰ ਵਿਆਸ ਦਾ ਕ੍ਰੇਟਰ ਬਣਿਆ, ਜੋ ਧਰਤੀ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਕ੍ਰੇਟਰਾਂ ਵਿਚੋਂ ਇਕ ਹੈ | ਇਸ ਭਿਆਨਕ ਟੱਕਰ ਤੋਂ ਬਾਅਦ ਧਰਤੀ ਦੇ ਵਾਤਾਵਰਨ ਵਿਚ ਇੰਨੀ ਧੂੜ ਅਤੇ ਧੂੰਆ ਫੈਲ ਗਿਆ ਕਿ ਸੂਰਜ ਦੀ ਰੌਸ਼ਨੀ ਮਹੀਨਿਆਂ, ਸ਼ਾਇਦ ਸਾਲਾਂ ਤੱਕ ਘੱਟ ਪਹੁੰਚੀ | ਇਸ ਕਾਰਨ ਤਾਪਮਾਨ ਵਿਚ ਭਾਰੀ ਗਿਰਾਵਟ ਆਈ | ਪੌਦੇ ਸੂਰਜੀ ਰੌਸ਼ਨੀ ਤੋਂ ਬਿਨਾਂ ਜੀਵਤ ਨਹੀਂ ਰਹਿ ਸਕੇ, ਜਿਸ ਨਾਲ ਭੋਜਨ ਲੜੀ ਟੁੱਟ ਗਈ | ਜਦੋਂ ਪੌਦੇ ਘੱਟ ਹੋਏ, ਤਾਂ ਸ਼ਾਕਾਹਾਰੀ ਜੀਵ ਮਰਨ ਲੱਗੇ ਅਤੇ ਫਿਰ ਮਾਸਾਹਾਰੀ ਜੀਵ ਵੀ ਖਤਮ ਹੋਣ ਲੱਗੇ | ਇਸ ਵੱਡੇ ਨਾਸ਼ ਨੂੰ ਵਿਗਿਆਨਕ ਭਾਸ਼ਾ ਵਿਚ 'ਮਾਸ ਐਕਸਟਿੰਕਸ਼ਨ' ਕਿਹਾ ਜਾਂਦਾ ਹੈ | ਮੰਨਿਆ ਜਾਂਦਾ ਹੈ ਕਿ ਇਸ ਘਟਨਾ ਨਾਲ ਧਰਤੀ ਦੀ ਲਗਭਗ 75 ਫੀਸਦੀ ਜੀਵ ਜਾਤੀਆਂ ਨਾਸ਼ ਹੋ ਗਈਆਂ, ਜਿਨ੍ਹਾਂ ਵਿਚ ਡਾਇਨਾਸੋਰ ਵੀ ਸ਼ਾਮਿਲ ਸਨ | ਹਾਲਾਂਕਿ ਕੁਝ ਛੋਟੇ ਜੀਵ ਅਤੇ ਸਮੁੰਦਰੀ ਜੀਵ ਬਚ ਗਏ, ਜਿਨ੍ਹਾਂ ਨੇ ਅਗਲੇ ਯੁੱਗਾਂ ਵਿਚ ਨਵੀਆਂ ਜਾਤੀਆਂ ਨੂੰ ਜਨਮ ਦਿੱਤਾ |
20ਵੀਂ ਸਦੀ ਦੇ ਅਖੀਰ ਵਿਚ ਵਿਗਿਆਨੀਆਂ ਨੇ ਧਰਤੀ ਦੀਆਂ ਚਟਾਨਾਂ ਵਿਚ 'ਇਰੀਡੀਅਮ' ਤੱਤ ਦੀ ਅਸਾਧਾਰਨ ਮਾਤਰਾ ਪਾਈ | ਇਹ ਤੱਤ ਆਮ ਤੌਰ 'ਤੇ ਧਰਤੀ 'ਤੇ ਘੱਟ ਅਤੇ ਪੁਲਾੜੀ ਪਿੰਡਾਂ ਵਿਚ ਵੱਧ ਮਿਲਦਾ ਹੈ | ਇਸ ਸਬੂਤ ਨੇ ਇਹ ਸਿਧਾਂਤ ਮਜ਼ਬੂਤ ਕੀਤਾ ਕਿ ਇਕ ਐਸਟਰਾਇਡ ਦੀ ਟੱਕਰ ਨੇ ਇਹ ਨਾਸ਼ ਕੀਤਾ | ਅਗਲੇ ਅਧਿਐਨਾਂ ਅਤੇ ਭੂ-ਭੌਤਿਕ ਸਰਵੇਖਣਾਂ ਨੇ ਯੂਕਾਤਾਨ ਖੇਤਰ ਵਿਚ ਦੱਬੇ ਵਿਸ਼ਾਲ ਕ੍ਰੇਟਰ ਦੀ ਪੁਸ਼ਟੀ ਕੀਤੀ | ਸਮੁੰਦਰੀ ਤਲ ਅਤੇ ਭੂਗਰਭੀ ਡਿ੍ੱਲਿੰਗ ਰਾਹੀਂ ਮਿਲੇ ਨਮੂਨਿਆਂ ਨੇ ਦਰਸਾਇਆ ਕਿ ਇਹ ਕ੍ਰੇਟਰ ਸੱਚਮੁੱਚ ਉਸੇ ਸਮੇਂ ਦਾ ਹੈ ਜਦੋਂ ਡਾਇਨਾਸੋਰ ਮਿਟੇ | ਇਸ ਤਰ੍ਹਾਂ ਚਿਕਸੂਲੂਬ ਕ੍ਰੇਟਰ ਨੂੰ ਧਰਤੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਫ਼ਤ ਨਾਲ ਜੋੜਿਆ ਗਿਆ | ਚਿਕਸੂਲੂਬ ਕ੍ਰੇਟਰ ਸਿਰਫ਼ ਇਕ ਇਤਿਹਾਸਕ ਖੱਡਾ ਨਹੀਂ, ਸਗੋਂ ਮਨੁੱਖਤਾ ਲਈ ਇਕ ਚਿਤਾਵਨੀ ਵੀ ਹੈ | ਅੱਜ ਵਿਗਿਆਨੀ ਪੁਲਾੜ ਵਿਚ ਘੁੰਮ ਰਹੇ ਐਸਟਰਾਇਡਾਂ 'ਤੇ ਨਜ਼ਰ ਰੱਖ ਰਹੇ ਹਨ | ਵੱਖ-ਵੱਖ ਪੁਲਾੜ ਏਜੰਸੀਆਂ ਸੰਭਾਵਿਤ ਖਤਰਨਾਕ ਪਿੰਡਾਂ ਦੀ ਪਹਿਚਾਣ ਕਰ ਰਹੀਆਂ ਹਨ ਤਾਂ ਜੋ ਭਵਿੱਖ ਵਿਚ ਕਿਸੇ ਵੀ ਟੱਕਰ ਨੂੰ ਟਾਲਿਆ ਜਾ ਸਕੇ |
ਇਹ ਘਟਨਾ ਸਾਨੂੰ ਦਿਖਾਉਂਦੀ ਹੈ ਕਿ ਧਰਤੀ ਦਾ ਜੀਵਨ ਕਿੰਨਾ ਨਾਜ਼ੁਕ ਹੈ ਅਤੇ ਕਿਵੇਂ ਇਕ ਪਲ ਵਿਚ ਸਭ ਕੁਝ ਬਦਲ ਸਕਦਾ ਹੈ | ਨਾਲ ਹੀ ਇਹ ਵੀ ਸਿਖਾਉਂਦੀ ਹੈ ਕਿ ਨਾਸ਼ ਦੇ ਬਾਅਦ ਵੀ ਨਵਾਂ ਜੀਵਨ ਜਨਮ ਲੈਂਦਾ ਹੈ | ਡਾਇਨਾਸੋਰਾਂ ਦੇ ਮਿਟਣ ਤੋਂ ਬਾਅਦ ਸਸਤਨ ਧੀਰੇ-ਧੀਰੇ ਵਿਕਸਿਤ ਹੋਏ ਅਤੇ ਆਖਿਰਕਾਰ ਮਨੁੱਖਤਾ ਦਾ ਜਨਮ ਹੋਇਆ | ਚਿਕਸੂਲੂਬ ਕ੍ਰੇਟਰ ਦੀ ਖੋਜ ਨੇ ਭੂਗੋਲ, ਜੀਵ ਵਿਗਿਆਨ ਅਤੇ ਪੁਲਾੜ ਵਿਗਿਆਨ ਵਿਚ ਨਵੀਆਂ ਦਿਸ਼ਾਵਾਂ ਖੋਲ੍ਹੀਆਂ | ਇਸ ਨਾਲ ਵਿਗਿਆਨੀਆਂ ਨੂੰ ਸਮਝ ਆਈ ਕਿ ਧਰਤੀ 'ਤੇ ਹੋਣ ਵਾਲੀਆਂ ਵੱਡੀਆਂ ਤਬਾਹੀਆਂ ਸਿਰਫ਼ ਅੰਦਰੂਨੀ ਕਾਰਨਾਂ ਨਾਲ ਨਹੀਂ, ਸਗੋਂ ਪੁਲਾੜੀ ਕਾਰਨਾਂ ਨਾਲ ਵੀ ਹੋ ਸਕਦੀਆਂ ਹਨ | ਅੱਜ ਵੀ ਇਸ ਖੇਤਰ ਵਿਚ ਖੋਜ ਜਾਰੀ ਹੈ, ਤਾਂ ਜੋ ਉਸ ਦਿਨ ਦੀ ਪੂਰੀ ਤਸਵੀਰ ਸਾਫ਼ ਕੀਤੀ ਜਾ ਸਕੇ | ਚਿਕਸੂਲੂਬ ਕ੍ਰੇਟਰ ਧਰਤੀ ਦੇ ਇਤਿਹਾਸ ਦਾ ਇਕ ਅਹਿਮ ਅਧਿਆਇ ਹੈ | ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਕੁਦਰਤ ਅਤੇ ਪੁਲਾੜ ਦੀ ਤਾਕਤ ਬੇਹੱਦ ਵੱਡੀ ਹੈ | 66 ਮਿਲੀਅਨ ਸਾਲ ਪਹਿਲਾਂ ਦੀ ਇਕ ਟੱਕਰ ਨੇ ਜੀਵਨ ਦੇ ਪੁਰਾਣੇ ਅਧਿਆਇ ਨੂੰ ਖ਼ਤਮ ਕਰਕੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ | ਅੱਜ ਜਦੋਂ ਅਸੀਂ ਇਸ ਕ੍ਰੇਟਰ ਬਾਰੇ ਪੜ੍ਹਦੇ ਹਾਂ, ਤਾਂ ਇਹ ਸਿਰਫ਼ ਭੂਤਕਾਲ ਦੀ ਕਹਾਣੀ ਨਹੀਂ, ਸਗੋਂ ਭਵਿੱਖ ਲਈ ਇਕ ਸਬਕ ਵੀ ਹੈ ਕਿ ਵਿਗਿਆਨ ਅਤੇ ਸੁਚੇਤਤਾ ਨਾਲ ਹੀ ਅਸੀਂ ਅਜਿਹੀਆਂ ਸੰਭਾਵਿਤ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੇ ਹਾਂ |

-ਸ੍ਰੀ ਅਨੰਦਪੁਰ ਸਾਹਿਬ |
ਮੋਬਾਈਲ : 94631-48284

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀ ਨਿੰਬੂ ਵਾਲਾ ਘਰ <br/> ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24
No active advertisement