ਮੁਢਲੇ ਪੰਜਾਬ ਤੇ ਅੱਜ ਦੇ ਪੰਜਾਬ ਵਿਚ ਹਰ ਪੱਖੋਂ ਜ਼ਮੀਨ ਅਸਮਾਨ ਦਾ ਫਰਕ ਹੈ | ਦੁਨੀਆ ਦੀਆਂ ਹੋਰ ਕੌਮਾਂ ਵਿਚ ਪੰਜਾਬ ਦੀ ਜੋ ਤੂਤੀ ਵੱਜਦੀ ਹੈ, ਉਹ ਮੁਢਲੇ ਪੰਜਾਬ ਕਰਕੇ ਸੀ ਜਾਂ ਅੱਜ ਦੇ ਪੰਜਾਬ ਕਰਕੇ ਹੈ? ਪੰਜਾਬ ਦੇ ਉਹ ਦਿਨ ਜਦ ਦੇਸੀ ਰੌਣਕਾਂ ਸਨ, ਪੇਂਡੂ ਸੱਭਿਆਚਾਰ ਸੀ, ਬੰਦਾ ਕੁਦਰਤ ਦੇ ਬਹੁਤ ਨਜ਼ਦੀਕ ਸੀ, ਜੀਵਨ ਸਾਦਾ ਸੀ, ਲੋਕ ਦਿਖਾਵੇ ਘੱਟ ਸਨ ਤੇ ਅਮੀਰ ਵਿਰਸਾ ਸੀ | ਖੇਤੀ ਨਾਲ ਸੰਬੰਧਿਤ ਕਈ ਪੇਂਡੂ ਦਿ੍ਸ਼, ਪੰਜਾਬ ਦੀਆਂ ਵਿਰਾਸਤੀ ਖੇਡਾਂ, ਲੋਕ ਗੀਤ, ਲੋਕ ਨਾਚ, ਵਿਆਹ ਸ਼ਾਦੀ ਦੀਆਂ ਰਸਮਾਂ ਤੇ ਰੌਣਕਾਂ, ਪਿੰਡ ਦੀਆਂ ਸੱਥਾਂ, ਤਿ੍ੰਞਣਾਂ ਦੇ ਹਾਸੇ, ਤੀਆਂ ਦੀਆਂ ਪੀਂਘਾਂ, ਬੋਲੀਆਂ, ਸਿੱਠਣੀਆਂ, ਘਰੇੜਿਆਂ ਵਾਲੇ ਖੂਹ, ਲੱਜ ਡੋਲ, ਕੱਚੇ ਘੜੇ ਤੇ ਹੋਰ ਕੀ-ਕੀ | ਇਸ ਤਰ੍ਹਾਂ ਦੇ ਦਿ੍ਸ਼ ਮੈਂ ਆਪਣੀ ਅੱਖੀਂ ਦੇਖੇ ਹਨ | ਪਿੰਡਾਂ ਵਿਚ ਦਾਣੇ ਭੁੰਨਣ ਵਾਲੀਆਂ ਭੱਠੀਆਂ, ਕਣਕ ਗਾਹੁਣ ਵਾਲੇ ਫਲ੍ਹੇ, ਦੋ ਪਹੀਆਂ ਵਾਲੇ ਰਵਾਇਤੀ ਗੱਡੇ ਜਿਸ ਦੇ ਅੱਗੇ ਦੋ ਬਲਦ ਜੁੜਦੇ ਸਨ, ਚਾਟੀਆਂ ਮਧਾਣੀਆਂ ਦਧੂਨੇ ਕਾੜ੍ਹਨੇ, ਦੀਵੇ, ਦਵਾਖੜੀਆਂ, ਘੜਵੰਜੀਆਂ, ਚਰਖੇ, ਅਟੇਰਨੇ, ਕਪਾਹ ਵੇਲਣ ਵਾਲੇ ਵੇਲਣੇ ਤੇ ਹਲਟ, ਚੜਸ, ਛੱਪੜ, ਜੋਗਾਂ ਵਾਲੇ ਹਲ, ਸੁਹਾਗੇ, ਗੁੱਲੀ-ਡੰਡਾ, ਤਾੜਮ-ਤਾੜਾ, ਲੱਲ੍ਹਾ ਲੂਣ-ਤੇਲ, ਖਿੱਦੋ-ਖੂੰਡੀ ਵਰਗੀਆਂ ਵਿਰਾਸਤੀ ਖੇਡਾਂ ਜਾਣੀ ਕਿ ਪੁਰਾਣੇ ਪੰਜਾਬ ਨਾਲ ਸੰਬੰਧਿਤ ਯਾਦਾਂ ਮੈਂ ਨਵੀਂ ਪੀੜ੍ਹੀ ਦੀ ਜਾਣਕਾਰੀ ਲਈ ਇਸ ਲੇਖ ਵਿਚ ਸ਼ਾਮਿਲ ਕੀਤੀਆਂ ਹਨ | ਵਿਆਹਾਂ ਸ਼ਾਦੀਆਂ ਦੇ ਗੀਤ ਘੋੜੀਆਂ, ਵਾਰਾਂ, ਸੁਹਾਗ ਦੇ ਗੀਤ, ਵਿਆਹ ਵਾਲੇ ਘਰ ਕੇਲਿਆਂ ਦੇ ਦਰਖੱਤਾਂ ਦੇ ਗੇਟ, ਅੰਬਾਂ ਦੇ ਪੱਤਿਆਂ ਦੀਆਂ ਲੜੀਆਂ, ਪਤੰਗ ਵਾਲੇ ਕਾਗਜ਼ ਦੀਆਂ ਝੰਡੀਆਂ | ਔਰਤਾਂ ਵਲੋਂ ਛੱਲੀਆਂ ਕੱਢਣ, ਕਪਾਹ ਚੁਗਣ, ਕਢਾਈ ਕਰਨ, ਚਰਖੇ ਕੱਤਣ, ਸੂਤ ਅਟੇਰਨ ਵਰਗੀਆਂ ਗਤੀਵਿਧੀਆਂ | ਮਰਦਾਂ ਵਿਚ ਕੁੱਤਿਆਂ ਦਾ ਸ਼ਿਕਾਰ, ਬਾਜ਼ ਨਾਲ ਸ਼ਿਕਾਰ, ਪਿੰਡਾਂ ਵਿਚ ਛਿੰਝਾਂ, ਬੋਲੀਆਂ ਪਾਉਣ ਦੇ ਮੁਕਾਬਲੇ, ਘੋਲ, ਕੁਸ਼ਤੀਆਂ, ਕੁੱਤਿਆਂ ਦੀਆਂ ਦੌੜਾਂ, ਕੁੱਕੜਾਂ ਦੀਆਂ ਲੜਾਈਆਂ, ਚਿੱਟੇ ਕਬੂਤਰਾਂ ਦੀਆਂ ਬਾਜ਼ੀਆਂ, ਇਹ ਸਭ ਕੁਝ ਪੰਜਾਬ ਦੀ ਪਹਿਚਾਣ ਹੈ ਜਿਸ ਦਾ ਸੰਬੰਧ ਨਿਰੋਲ ਮੁਢਲੇ ਪੰਜਾਬ ਨਾਲ ਹੈ | ਪਿੰਡਾਂ ਦਾ ਖੁੱਲ੍ਹਾ ਜੀਵਨ, ਪੇਂਡੂਆਂ ਦਾ ਖੁੱਲ੍ਹਾ ਸੁਭਾਅ | ਸਿਆਲਾਂ ਦੀਆਂ ਰਾਤਾਂ ਵਿਚ ਧੂਣੀਆਂ ਸੇਕਣੀਆਂ, ਮੱਛਰ ਵੀ ਉਦੋਂ ਘੱਟ ਸਨ ਕਿਉਂ ਜੋ ਖੁੱਲ੍ਹਾ ਪਾਣੀ ਨਹੀਂ ਸੀ | ਜ਼ਿੰਦਗੀ ਵਿਚ ਲੋਕ ਦਿਖਾਵੇ ਬਹੁਤ ਘੱਟ ਸਨ | ਸਾਦਾ ਖਾਣ, ਸਾਦਾ ਪੀਣ, ਸਾਦਾ ਲਿਬਾਸ ਤੇ ਸਾਦਾ ਬੋਲ-ਚਾਲ | ਜ਼ਿੰਦਗੀ ਦੀ ਰਫਤਾਰ ਬੜੀ ਘੱਟ ਸੀ, ਲੋਕਾਂ ਕੋਲ ਖੁੱਲ੍ਹੇ ਸਮੇਂ ਸਨ ਚਾਰ-ਚਾਰ ਦਿਨ ਵਿਆਹ ਦੀਆਂ ਬਰਾਤਾਂ ਟਿਕੀਆਂ ਰਹਿੰਦੀਆਂ ਸਨ | ਮੇਲਿਆਂ ਤਿਉਹਾਰਾਂ ਨੂੰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਸੀ |
ਫੱਟੀ-ਬਸਤਾ, ਗਾਚਣੀ ਸਲੇਟੀ, ਦਾ ਉਹ ਸਮਾਂ, ਤੜਕੇ ਕੁੱਕੜ ਦੀ ਬਾਂਗ ਨਾਲ ਜ਼ਿੰਦਗੀ ਸ਼ੁਰੂ ਹੁੰਦੀ ਸੀ ਤੇ ਦਿਨ ਛਿਪਦੇ ਨਾਲ ਖ਼ਤਮ | ਕੁੱਪ ਬੰਨ੍ਹਣਾ, ਗੁੜ ਕੱਢਣਾ, ਹਰ ਜ਼ਿੰਮੀਦਾਰ ਨੂੰ ਆਉਦਾ ਸੀ | ਉਦੋਂ ਵਿਆਹਾਂ ਦੀਆਂ ਬਰਾਤਾਂ ਗੱਡਿਆਂ, ਟਾਂਗਿਆਂ, ਊਠਾਂ-ਘੋੜਿਆਂ ਤੇ ਜਾਂਦੀਆਂ ਸਨ | ਘਰ ਦੇ ਵਡੇਰਿਆਂ ਦੀ ਚਲੰਤ ਮਰਦੇ ਦਮ ਤੱਕ ਰਹਿੰਦੀ ਸੀ | ਪਰਿਵਾਰ ਸਾਂਝੇ ਤੇ ਵੱਡੇ-ਵੱਡੇ ਹੁੰਦੇ ਸਨ | ਪਿੰਡ ਵਿਚ ਕੋਈ ਪ੍ਰਾਹੁਣਾ ਆ ਜਾਵੇ ਤਾਂ ਉਹ ਸਾਰੇ ਪਿੰਡ ਵਾਸੀਆਂ ਦਾ ਪ੍ਰਾਹੁਣਾ ਹੁੰਦਾ ਸੀ ਤੇ ਹਰ ਖ਼ੁਸ਼ੀ-ਗ਼ਮੀ 'ਤੇ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਕੇ ਬਹਿੰਦੇ ਸਨ | ਸਾਦਗੀ ਇੰਨੀ ਸੀ ਕਿ ਡਾਕਟਰ ਕੋਲ ਜਾ ਕੇ ਦਵਾਈ ਲਿਆਉਣ ਲਈ ਬੋਤਲ ਘਰੋਂ ਲੈ ਕੇ ਜਾਣਾ ਪੈਂਦਾ ਸੀ ਤੇ ਸਕੂਲ ਜਾਣ ਲਈ ਜ਼ਮੀਨ 'ਤੇ ਬੈਠਣ ਵਾਸਤੇ ਟਾਟ ਬੋਰੀ ਘਰੋਂ ਲੈ ਕੇ ਜਾਣਾ ਪੈਂਦਾ ਸੀ | ਫ਼ਸਲ ਬੀਜਣ ਤੇ ਫਸਲ ਚੁੱਕਣ ਵੇਲੇ ਖੇਤਾਂ ਵਿਚ ਰੌਣਕਾਂ ਹੋ ਜਾਂਦੀਆਂ ਸਨ ਤੇ ਬਾਕੀ ਸਾਰਾ ਸਾਲ ਪੇਂਡੂ ਸੱਥਾਂ ਵਿਚ ਬੈਠੇ ਸ਼ੁਗਲ ਹੰਢਾਉਂਦੇ ਰਹਿੰਦੇ ਸਨ |
ਦੁਨੀਆ ਦੀਆਂ ਕੌਮਾਂ ਦਾ ਲੇਖਾ-ਜੋਖਾ ਜੇ ਕਰਨਾ ਹੈ ਤਾਂ ਇਹ ਕਹਿ ਲਵੋ ਕਿ ਕਈ ਕੌਮਾਂ ਐਸੀਆਂ ਹਨ ਜੋ ਹਰ ਰੋਜ਼ ਤਰੱਕੀ ਕਰਦੀਆਂ ਹਨ | ਪਰ ਦੂਜੇ ਪਾਸੇ ਉਹ ਕੌਮਾਂ ਜਿਨ੍ਹਾਂ ਨੇ ਆਪਣੇ ਵਾਤਾਵਰਨ ਦੀ ਸਫ਼ਾਈ, ਆਪਣੇ ਖਣਿਜ ਪਦਾਰਥਾਂ ਦਾ ਬਚਾਉ, ਆਪਣੇ ਜੰਗਲਾਂ ਦੀ ਸੰਭਾਲ, ਆਪਣੇ ਦਰਿਆਵਾਂ ਦੇ ਪਾਣੀਆਂ ਦੀ ਸਫ਼ਾਈ, ਜ਼ਮੀਨ ਦੀ ਉਪਜਾਉ ਸ਼ਕਤੀ ਤੇ ਇਸ ਤੋਂ ਵੀ ਉੱਪਰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨੂੰ ਨਹੀਂ ਸੰਭਾਲਿਆ, ਉਹ ਕੌਮਾਂ ਅੱਜ ਹੋਰ, ਕੱਲ੍ਹ ਹੋਰ ਨਿੱਘਰਦੀਆਂ ਹੀ ਗਈਆਂ ਹਨ | ਪੰਜਾਬ ਦੀ ਧਰਤੀ ਨੂੰ ਆਪਾਂ ਲੱਖ ਰੰਗਲਾ ਪੰਜਾਬ ਕਹੀ ਜਾਈਏ ਪਰ ਇਸ ਵਿਚ ਜੋ ਤੇੜਾਂ ਹਨ, ਉਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ | ਵਾਤਾਵਰਨ ਦੀ ਸਫ਼ਾਈ ਤੇ ਚੌਗਿਰਦੇ ਨੂੰ ਬਚਾਉਣ ਦੀ ਗੱਲ ਤੋਂ ਪਹਿਲਾਂ ਕੁਦਰਤੀ ਸੋਮਿਆਂ ਦੀ ਬਰਬਾਦੀ ਜੋ ਪੰਜਾਬ ਵਿਚ ਹੋ ਰਹੀ ਹੈ, ਉਹ ਵਿਸਫੋਟਕ ਹੈ | ਹਵਾ ਦਾ ਪ੍ਰਦੂਸ਼ਣ, ਦਰਿਆਵਾਂ ਦੇ ਪਾਣੀਆਂ ਦਾ ਪ੍ਰਦੂਸ਼ਣ ਇਥੇ ਇਸ ਹੱਦ ਤੱਕ ਵਧ ਚੁੱਕਾ ਹੈ ਕਿ ਪਾਤਾਲ ਵਿਚ ਪਿਆ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ | ਲੋਕਾਂ ਨੂੰ ਇਸ ਤ੍ਰਾਸਦੀ ਦੀ ਸਮਝ ਘੱਟ ਹੈ ਤੇ ਜਿਨ੍ਹਾਂ ਨੂੰ ਹੈ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ | ਅੱਜ ਵੀ ਵੱਡੇ-ਵੱਡੇ ਸ਼ਹਿਰਾਂ ਦੇ ਸੀਵਰੇਜ ਤੇ ਕਾਰਖਾਨਿਆਂ ਦੇ ਤੇਜ਼ਾਬੀ ਪਾਣੀ ਸਿੱਧੇ ਦਰਿਆਵਾਂ ਦੇ ਵਹਿਣਾਂ ਵਿਚ ਧੜੱਲੇ ਨਾਲ ਸੁੱਟੇ ਜਾ ਰਹੇ ਹਨ | ਦੁਹਾਈ ਓਹ ਪੰਜਾਬੀਓ, ਦੁਹਾਈ ਓਹ ਦੁਨੀਆ ਵਾਲਿਓ, ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਅੱਗੇ ਆਓ |
-ਐਡਵੋਕੇਟ ਫਿਲੌਰ, ਵਾਸੀ-ਥੰਮਣਵਾਲ
ਮੋਬਾਈਲ : 98722-56005