ਮੈਂ ਸਰਕਾਰੀ ਸੰਸਥਾਵਾਂ 'ਚ ਵੀ ਕੰਮ ਕੀਤਾ ਤੇ ਗ਼ੈਰ-ਸਰਕਾਰੀ 'ਚ ਵੀ ਪਰ ਮੇਰਾ ਝੁਕਾਅ ਖੱਬੇ ਪੱਖੀ ਰਿਹਾ ਹੈ। ਅਜਿਹਾ ਪਹਿਲੀ ਵਾਰ ਹੋਇਆ ਕਿ ਦੇਸ਼ ਭਰ ਦੇ ਕਿਸੇ ਵੀ ਰਾਜ ਵਿਚ ਖੱਬੇ ਪੱਖੀਆਂ ਨੂੰ ਬਹੁਮਤ ਪ੍ਰਾਪਤ ਨਹੀਂ ਹੋਇਆ। ਇਹ ਗੱਲ ਵੱਖਰੀ ਹੈ ਕਿ ਮੇਰੀ ਪਸੰਦ ਦੀ ਦੂਜੇ ਨੰਬਰ ਵਾਲੀ ਰਾਜਨੀਤਕ ਪਾਰਟੀ ਨੇ ਉਸ ਰਾਜ ਵਿਚ ਫੜਾਂ ਮਾਰਦੀ ਪਾਰਟੀ ਭਾਜਪਾ ਦੇ ਪੈਰ ਨਹੀਂ ਲੱਗਣ ਦਿੱਤੇ। ਉੱਥੇ ਇੰਡੀਅਨ ਨੈਸ਼ਨਲ ਕਾਂਗਰਸ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਕੇਰਲ ਕਾਂਗਰਸ (ਜੋਸਿਫ) ਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਸਾਂਝੇ ਯੂਨਾਈਟਡ ਡੈਮੋਕਰੇਟਿਕ ਫਰੰਟ (ਯੂ.ਡੀ.ਐਫ.) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉਂਝ ਇਸ ਰਾਜ ਵਿਚ 1967 ਤੋਂ ਖੱਬੇਪੱਖੀ ਪਾਰਟੀਆਂ ਦਾ ਬੋਲਬਾਲਾ ਰਿਹਾ ਹੈ। ਉਸ ਵੇਲੇ ਈ.ਐਮ.ਐਸ. ਨੰਬੂਦਰੀਪਾਦ ਦੀ ਲੋਕਤੰਤਰੀ ਸਰਕਾਰ ਬਣੀ ਸੀ। ਕੇਰਲ 'ਚ ਹੀ ਦੁਨੀਆਂ ਦੀ ਸਭ ਤੋਂ ਪਹਿਲੀ ਲੋਕਤੰਤਰੀ ਸਰਕਾਰ ਬਣੀ ਸੀ। ਇਕ ਰਾਜ ਨੇ ਸਮੁੱਚੇ ਸੰਸਾਰ 'ਚ ਖੱਬੇਪੱਖੀਆਂ ਨੂੰ ਰੌਸ਼ਨ ਕੀਤਾ ਸੀ।
ਜਿੱਥੇ ਤੱਕ ਮੇਰੇ ਨਿੱਜ ਦਾ ਸਬੰਧ ਹੈ, ਮੈਂ ਭਾਰਤ ਸਰਕਾਰ ਦਾ ਨੌਕਰ ਹੁੰਦਿਆ ਵੀ ਜਦੋਂ ਕਦੀ ਪੰਜਾਬ ਆਉਂਦਾ ਤਾਂ ਜਲੰਧਰ ਵਾਲੇ ਦੇਸ਼ ਭਗਤ ਯਾਦਗਾਰ ਹਾਲ ਜ਼ਰੂਰ ਜਾਂਦਾ, ਜਿੱਥੇ ਨੇੜਲੇ ਪਿੰਡ ਗੂੜ੍ਹਾ ਦੇ ਕਾਮਰੇਡਾਂ ਦੀ ਸਰਦਾਰੀ ਸੀ। ਇਹ ਗੱਲ ਵੱਖਰੀ ਹੈ ਕਿ ਮੈਂ ਉਦੋਂ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਵਾਲੇ ਪਬਲੀਕੇਸ਼ਨ ਵਿਭਾਗ 'ਚ ਸੰਪਾਦਕ ਸਾਂ, ਜਿੱਥੋਂ ਮੇਰਾ ਵਾਹ ਦੇਸ਼ ਦੀਆਂ ਦੂਜੀਆਂ ਭਾਸ਼ਾਵਾਂ ਦੇ ਸੰਪਾਦਕਾਂ ਨਾਲ ਪਿਆ। ਉਨ੍ਹਾਂ 'ਚੋਂ ਤਾਮਿਲਨਾਡੂ ਦਾ ਡੀ. ਮੁਥੂਸਵਾਮੀ, ਆਂਧਰਾ ਪ੍ਰਦੇਸ਼ ਦਾ ਰਾਮਚੰਦਰ ਰਾਓ ਹੀ ਨਹੀਂ, ਕੇਰਲ ਦੀ ਰਾਧਾ ਮੈਨਨ ਵੀ ਇਕੋ ਕਮਰੇ 'ਚ ਬਹਿੰਦੇ ਸਾਂ। ਖੱਬੇ-ਪੱਖੀਆਂ ਦੀ ਦੋਸਤੀ ਦਾ ਜ਼ਿਕਰ ਕਰਦਿਆਂ ਮੈਨੂੰ ਆਪਣੇ ਗੜ੍ਹੇ ਵਾਲੇ ਕਾਮਰੇਡ ਵੀ ਚੇਤੇ ਆ ਗਏ, ਜਿਨ੍ਹਾਂ ਨਾਲ ਮੇਰੀ ਸਾਂਝ ਹਾਲੀ ਵੀ ਕਾਇਮ ਹੈ। ਗੜ੍ਹੇ ਵਾਲੇ ਨੌਨਿਹਾਲ ਚੱਠਾ ਨੇ ਅਪਣੀ ਭੈਣ ਭੁਪਿੰਦਰ ਦਾ ਵਿਆਹ ਮੇਰੇ ਮਿੱਤਰ ਬਿਕਰਮ ਗਰਚਾ ਨਾਲ ਕੀਤਾ ਸੀ। ਬਿਕਰਮ ਮੇਰੇ ਦਫ਼ਤਰ 'ਚ ਖੋਜ ਅਧਿਕਾਰੀ ਸੀ ਤੇ ਛੇ ਕੁ ਮਹੀਨੇ ਮੇਰਾ ਸਹਿਕਰਮੀ ਰਹਿ ਕੇ ਦਿੱਲੀ ਕਲਾਥ ਮਿੱਲ 'ਚ ਸਲਾਹਕਾਰ ਜਾ ਲੱਗਾ ਤੇ ਦੋ ਕੁ ਸਾਲ ਉੱਥੇ ਲਾ ਕੇ ਜਾਰਜੀਆ ਯੂਨੀਵਰਸਟੀ 'ਚ ਪ੍ਰੋਫੈਸਰ ਜਾ ਲੱਗਾ। ਬਿਕਰਮ ਤੇ ਉਸ ਦੀ ਪਤਨੀ ਜਦੋਂ ਵੀ ਭਾਰਤ ਆਉਂਦੇ ਤਾਂ ਮੈਨੂੰ ਮਿਲੇ ਬਿਨਾਂ ਨਾ ਜਾਂਦੇ। ਹੁਣ ਤੱਕ ਉਨ੍ਹਾਂ ਦਾ ਸਾਰਾ ਪਰਿਵਾਰ ਅਮਰੀਕਾ 'ਚ ਸੁਖੀ ਵਸਦੇ ਸਨ। ਮਾੜੀ ਗੱਲ ਇਹ ਹੋਈ ਕਿ ਪਿਛਲੇ ਹਫ਼ਤੇ ਪਤਾ ਲੱਗਾ ਹੈ ਕਿ ਅਪ੍ਰੈਲ ਮਹੀਨੇ ਭੁਪਿੰਦਰ ਦੇ ਪਹਿਨੇ ਹੋਏ ਕੱਪੜਿਆਂ ਨੂੰ ਉਸ ਦੇ ਹੱਥ 'ਚ ਫੜੀ ਮੋਮਬੱਤੀ ਨੇ ਫਾਹ ਲਿਆ ਅਤੇ ਭੁਪਿੰਦਰ ਤੇ ਉਸ ਦੇ ਵਜੂਦ ਨੂੰ ਉਸ ਦੇ ਲਟਲਟ ਬਲਦੇ ਕੱਪੜਿਆਂ ਨੇ। ਇਸ ਘਟਨਾ ਨੇ ਮੈਨੂੰ ਖੱਬੇ-ਪੱਖੀਆਂ ਨਾਲ ਆਪਣੀ ਸਾਂਝ ਹੀ ਚੇਤੇ ਨਹੀਂ ਕਰਾਈ, ਗੜ੍ਹੇ ਵਾਲੇ ਕਾਮਰੇਡ ਵੀ ਚੇਤੇ ਕਰਾ ਦਿੱਤੇ, ਜਿਨ੍ਹਾਂ ਨਾਲ ਬਿਕਰਮ ਦੇ ਵਿਆਹ ਪਿੱਛੋਂ ਹੋਰ ਵੀ ਅੰਗ-ਸਾਕ ਬਣਦੇ ਰਹੇ। ਉਨ੍ਹਾਂ 'ਚੋਂ ਹਰਦਿਆਲ ਚੋਣਾ ਉਰਫ਼ ਨੇਤਾ ਜੀ ਮੇਰਾ ਸਾਂਢੂ ਵੀ ਬਣਿਆ। ਹੁਣ ਤਾਂ ਡਿਜੀਟਲ ਯੁੱਗ ਸਦਕਾ ਸਭ ਦੀ ਖ਼ਬਰ ਮਿਲਦੀ ਰਹਿੰਦੀ ਹੈ। ਮੇਰਾ ਮਨ ਅੱਜ ਵੀ ਕਹਿੰਦਾ ਹੈ ਕਿ ਮੈਂ ਮਾੜੀਆਂ ਖ਼ਬਰਾਂ ਨੂੰ ਭੁਲਾ ਕੇ ਇਹ ਸੋਚਾਂ ਕਿ ਯੂਨਾਈਟਡ ਡੈਮੋਕਰੇਟਿਕ ਫਰੰਟ ਤਾਕਤ ਵਿਚ ਆਉਂਦੇ ਰਹਿਣ ਤਾਂ ਕਿ ਫਿਰਕੂ ਤਾਕਤਾਂ ਨੂੰ ਠੱਲ੍ਹ ਪਵੇ ਤੇ ਦੇਸ਼ ਦੀ ਰਾਜਨੀਤੀ ਠੀਕ ਦਿਸ਼ਾ ਵੱਲ ਪਰਤੇ, ਜਿਸ ਦੀ ਅਜੋਕੇ ਸਮੇਂ 'ਚ ਬੇਹੱਦ ਲੋੜ ਹੈ।
ਵਿਸ਼ਵ ਪੰਜਾਬੀ ਕਾਨਫਰੰਸ
ਪੰਜਾਬੀ ਯੂਨੀਵਰਸਟੀ ਵਿਖੇ 'ਪੰਜਾਬੀ ਲੋਕਧਾਰਾ : ਪ੍ਰਾਪਤੀਆਂ ਤੇ ਸੰਭਾਵਨਾਵਾਂ' ਵਿਸ਼ੇ 'ਤੇ ਕਰਾਈ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਸਫ਼ਲਤਾਪੂਰਵਕ ਸਮਾਪਤ ਹੋ ਗਈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਕਰਾਈ ਯੂਨੀਵਰਸਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਇਸ ਕਾਨਫ਼ਰੰਸ ਦਾ ਮੂਲ ਵਿਸ਼ਾ ਪੰਜਾਬੀ ਲੋਕਧਾਰਾ ਸੀ। ਇਸ ਕਾਨਫ਼ਰੰਸ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਲੋਕਧਾਰਾ ਸਿਰਫ਼ ਬੀਤੇ ਦੀ ਪੇਸ਼ਕਾਰੀ ਨਹੀਂ ਭਰਦੀ, ਸਗੋਂ ਸਾਡੀ ਜੀਵੰਤ ਹੋਂਦ ਦਾ ਅਹਿਮ ਹਿੱਸਾ ਹੈ। ਏਥੇ ਲੋਕਧਾਰਾ ਦਾ ਇਤਿਹਾਸ ਤੇ ਇਸ ਦੇ ਵੱਖ-ਵੱਖ ਰੂਪਾਂਤਰਨ ਵੀ ਨਿੱਠ ਕੇ ਵਿਚਾਰੇ ਗਏ। ਇਸ ਚਰਚਾ 'ਚ ਲੋੜੀਂਦਾ ਯੋਗਦਾਨ ਪਾਉਣ ਵਾਲਿਆਂ ਵਿਚ ਯੂਨੀਵਰਸਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਤੇ ਵਿਭਾਗੀ ਮੁਖੀ ਮੋਹਨ ਤਿਆਗੀ ਤੋਂ ਇਲਾਵਾ ਦੋ ਦਰਜਨ ਵਿਦਵਾਨ ਤੇ ਖੋਜਾਰਥੀ ਸ਼ਾਮਿਲ ਸਨ, ਜਿਨ੍ਹਾਂ 'ਚ ਭੀਮਇੰਦਰ ਸਿੰਘ, ਦਰਸ਼ਨ ਬੁੱਟਰ, ਮਾਨ ਸਿੰਘ ਢੀਂਡਸਾ, ਯੋਗਰਾਜ ਅੰਗਰਿਸ਼, ਸਤੀਸ਼ ਕੁਮਾਰ ਵਰਮਾ, ਗੁਰਨਾਇਬ ਸਿੰਘ, ਨਿਵੇਦਤਾ ਸਿੰਘ ਤੇ ਅਰਵਿੰਦਰ ਸੰਧੂ ਜਾਣੇ ਪਛਾਣੇ ਨਾਂਅ ਸਨ।
ਮੇਰੇ ਵਲੋਂ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਨੀਂਹ ਬਰਤਾਨੀਆ 'ਚ ਵਸਦੇ ਭਾਰਤੀਆਂ ਤੇ ਪਾਕਿਸਤਾਨੀਆਂ ਨੇ ਜੂਨ 1980 ਵਿਚ ਰੱਖੀ ਸੀ। ਮੈਂ ਉਸ ਕਾਨਫ਼ਰੰਸ ਦਾ ਚਸ਼ਮਦੀਦ ਗਵਾਹ ਹਾਂ। ਪਾਠਕਾਂ ਲਈ ਇਹ ਗੱਲ ਵੀ ਨਵੀਂ ਹੋਵੇਗੀ ਕਿ ਉਦੋਂ ਅੱਸੀਆਂ ਨੂੰ ਢੁੱਕੇ ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ ਤੇ ਸੋਹਣ ਸਿੰਘ ਜੋਸ਼ ਪਹਿਲੀ ਵਾਰ ਬਰਤਾਨੀਆ ਗਏ ਸਨ। ਜੋਸ਼ ਹੁਰਾਂ ਦੇ ਕਾਮਰੇਡ ਚੇਲੇ ਅਤੇ ਸੰਤ ਸਿੰਘ ਸੇਖੋਂ, ਹਰਿਭਜਨ ਸਿੰਘ ਤੇ ਦਲੀਪ ਕੌਰ ਟਿਵਾਣਾ ਦੇ ਰਹਿ ਚੁੱਕੇ ਵਿਦਿਆਰਥੀ ਚਾਵਾਂ ਨਾਲ ਮਿਲ ਰਹੇ ਸਨ। ਇਹ ਕਾਨਫ਼ਰੰਸ ਬਰਤਾਨੀਆ ਦੀ ਪ੍ਰਗਤੀਸ਼ੀਲ ਲੇਖਕ ਸਭਾ ਦੇ ਉੱਦਮ ਨਾਲ ਹੋਈ ਸੀ। ਰਣਜੀਤ ਧੀਰ, ਜੁਗਿੰਦਰ ਸ਼ਮਸ਼ੇਰ, ਸਾਥੀ ਲੁਧਿਆਣਵੀ, ਅਵਤਾਰ ਜੰਡਿਆਲਵੀ ਤੇ ਸ਼ਿਵਚਰਨ ਗਿੱਲ ਇਸ ਦੇ ਪ੍ਰਬੰਧਕਾਂ 'ਚੋਂ ਸਨ। ਜੇ ਮੈਥੋਂ ਪੁਛਦੇ ਹੋ ਤਾਂ ਉਸ ਕਾਨਫ਼ਰੰਸ ਦੀ ਸਭ ਤੋਂ ਵੱਡੀ ਦੇਣ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਨੀਂਹ ਸੀ। ਇਹੋ ਕਾਰਨ ਹੈ ਕਿ ਹੁਣ ਸ਼ਹਿਰ, ਕਸਬੇ ਤੇ ਸੰਸਥਾਵਾਂ ਵੀ ਅਜਿਹੀਆਂ ਕਾਨਫ਼ਰੰਸਾਂ ਕਰ ਰਹੇ ਹਨ। ਵੱਡੀ ਗੱਲ ਇਹ ਕਿ ਉਹ ਆਪਣੇ ਸਥਾਨ ਤੇ ਚਰਚਾ ਦੇ ਵਿਸ਼ੇ ਸੀਮਤ ਕਰਕੇ ਉੱਤਮ ਵਿਧੀਆਂ ਦਾ ਧੁਰਾ ਬਣਦੇ ਹਨ। ਪੰਜਾਬੀ ਯੂਨੀਵਰਸਟੀ ਵਾਲੀ ਕਾਨਫ਼ਰੰਸ ਇਸ ਦੀ ਪੁਸ਼ਟੀ ਕਰਦੀ ਹੈ।
ਈ-ਮੇਲ : sandhugulzar@yahoo.com