ਗ਼ਦਰ ਪਾਰਟੀ ਵੀਹਵੀਂ ਸਦੀ ਦੇ ਪੰਜਾਬ ਦਾ ਨਿਸ਼ਾਨ ਹੈ, ਪੰਜਾਬ ਦਾ ਪਰਚਮ, ਪੰਜਾਬੀਆਂ ਦੇ ਸਿਰੜ, ਦ੍ਰਿੜ੍ਹਤਾ ਤੇ ਕਦੇ ਵੀ ਈਨ ਨਾ ਮੰਨਣ ਵਾਲੇ ਸੁਭਾਅ ਦਾ ਉੱਚਾ ਝੁੱਲਦਾ ਝੰਡਾ। ਗ਼ਦਰ ਪਾਰਟੀ ਦੇ ਬਾਨੀ ਸਨ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਕਾਂਸ਼ੀ ਰਾਮ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬਾ ਕਰੀਮ ਬਖ਼ਸ਼, ਬਾਬਾ ਮੁਣਸ਼ੀ ਰਾਮ, ਸ਼ਹੀਦ ਕਰਤਾਰ ਸਿੰਘ ਸਰਾਭਾ, ਬਾਬਾ ਜਵਾਲਾ ਸਿੰਘ, ਬਾਬਾ ਸੰਤੋਖ ਸਿੰਘ, ਬਾਬਾ ਨਿਧਾਨ ਸਿੰਘ ਚੁਘਾਂ, ਬਾਬਾ ਕਰਮ ਸਿੰਘ ਚੀਮਾ, ਪੰਡਿਤ ਜਗਤ ਰਾਮ, ਬਾਬਾ ਈਸ਼ਰ ਸਿੰਘ ਮਰਹਾਵਾ ਤੇ ਹੋਰ ਗ਼ਦਰੀ। ਦਰਜਨਾਂ ਨੂੰ ਫਾਂਸੀ ਲੱਗੀ ਤੇ ਦਰਜਨਾਂ ਨੇ ਕਾਲੇ ਪਾਣੀ ਦੀ ਸਜ਼ਾ ਕੱਟੀ। ਸੈਂਕੜਿਆਂ ਨੂੰ ਹੋਰ ਸਜ਼ਾਵਾਂ ਮਿਲੀਆਂ। ਨਜ਼ਰਬੰਦ ਹੋਏ, ਜਾਇਦਾਦਾਂ ਕੁਰਕ ਹੋਈਆਂ। ਪੰਜਾਬੀ ਇਤਿਹਾਸ ਦੇ ਏਨੇ ਮਧੋਲੇ ਹੋਏ ਸਨ ਕਿ ਕਈ ਦਹਾਕੇ ਉਨ੍ਹਾਂ ਨੂੰ ਗ਼ਦਰ ਪਾਰਟੀ ਦੀ ਵਿਰਾਸਤ ਸੰਭਾਲਣ ਦਾ ਖ਼ਿਆਲ ਨਾ ਆਇਆ। ਯਤਨ ਹੋਏ, ਪਰ ਉਨ੍ਹਾਂ ਵਿਚ ਇਕਸਾਰਤਾ ਦੀ ਲਗਾਤਾਰਤਾ ਨਾ ਘਟੀ। ਇਸ ਸੰਬੰਧ ਵਿਚ ਗਿਆਨੀ ਕੇਸਰ ਸਿੰਘ ਨਾਵਲਕਾਰ, ਸੋਹਣ ਸਿੰਘ ਜੋਸ਼, ਜਗਜੀਤ ਸਿੰਘ, ਹਰੀਸ਼ ਪੁਰੀ, ਗੁਰਚਰਨ ਸਿੰਘ ਮੈਂਬਰਾਂ ਤੇ ਹੋਰਨਾਂ ਨੇ ਇਹ ਕਾਰਜ ਵਿੱਢਿਆ। ਏਸੇ ਕੜੀ ਵਿਚ ਸਨ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੋ 9 ਮਈ, 2026 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਗ਼ਦਰੀ ਬਾਬਿਆਂ ਵਿਚ ਉਹ ਲੋਕ ਵੀ ਸਨ ਜਿਨ੍ਹਾਂ ਨੂੰ ਇਹ ਚਿੰਤਾ ਸੀ ਕਿ ਗ਼ਦਰ ਪਾਰਟੀ ਦੀ ਵਿਰਾਸਤ ਸੰਭਾਲੀ ਜਾਣੀ ਚਾਹੀਦੀ ਹੈ। ਇਸ ਸੰਬੰਧ ਵਿਚ ਸ਼ਹੀਦ ਭਗਤ ਸਿੰਘ ਦੇ ਭਣੇਵੇਂ ਤੇ ਮਲਵਿੰਦਰਜੀਤ ਸਿੰਘ ਵੜੈਚ ਹੋਰਾਂ ਦੇ ਵਿਦਿਆਰਥੀ ਤੇ ਉਨ੍ਹਾਂ ਦੇ ਕਾਰਜ ਵਿਚ ਭਾਈਵਾਲ ਹੋਣ ਵਾਲੇ ਪ੍ਰੋ. ਜਗਮੋਹਨ ਸਿੰਘ ਅਨੁਸਾਰ ਬਾਬਾ ਸੋਹਨ ਸਿੰਘ ਭਕਨਾ ਦਾ ਕਹਿਣਾ ਸੀ ਕਿ ਅਸੀਂ (ਬਾਬਾ ਭਕਨਾ ਜੀ) ਬੜੇ ਸਿਰੜ ਵਾਲੇ ਹਾਂ ਤੇ ਅਸਾਂ ਆਪਣੀ ਵਿਰਾਸਤ ਤੁਹਾਨੂੰ ਦੇ ਕੇ ਹੀ ਇਸ ਦੁਨੀਆ ਤੋਂ ਜਾਣਾ ਹੈ। ਮਲਵਿੰਦਰਜੀਤ ਸਿੰਘ ਵੜੈਚ ਤੇ ਉਨ੍ਹਾਂ ਦੇ ਸਾਥੀ 6 ਜੂਨ 1966 ਨੂੰ ਬਾਬਾ ਸੋਹਣ ਸਿੰਘ ਭਕਨਾ ਦੇ ਸੰਪਰਕ ਵਿਚ ਆਏ ਤੇ ਉਨ੍ਹਾਂ ਨੇ ਗ਼ਦਰ ਪਾਰਟੀ ਦੀ ਵਿਰਾਸਤ, ਸਾਹਿਤ ਤੇ ਹੋਰ ਲਿਖਤਾਂ ਨੂੰ ਸੰਭਾਲਣ ਦਾ ਕਾਰਜ ਆਰੰਭਿਆ। ਵੜੈਚ ਹੋਰੀਂ ਬੜੇ ਮਾਣ ਨਾਲ ਕਿਹਾ ਕਰਦੇ ਸਨ ਕਿ ਉਹ 'ਗ਼ਦਰ ਪਾਰਟੀ ਦੇ ਮੁਣਸ਼ੀ' ਹਨ। ਗ਼ਦਰ ਪਾਰਟੀ ਦੇ ਸਾਹਿਤ ਦੇ ਨਾਲ-ਨਾਲ ਉਨ੍ਹਾਂ ਨੇ ਸੁਤੰਤਰਤਾ ਸੰਗਰਾਮ ਦੇ ਹੋਰ ਯੋਧਿਆਂ ਤੇ ਖ਼ਾਸ ਕਰਕੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਵੇਰਵਿਆਂ, ਕਾਗਜ਼ਾਤ ਤੇ ਰਿਕਾਰਡਾਂ ਨੂੰ ਸੰਭਾਲਿਆ। ਇਹ ਕੰਮ ਹੀ ਵੜੈਚ ਹੋਰਾਂ ਦੀ ਜ਼ਿੰਦਗੀ ਦਾ ਮਰਕਜ਼ ਤੇ ਮਕਸਦ ਬਣ ਗਿਆ। ਉਨ੍ਹਾਂ ਜਗਜੀਤ ਸਿੰਘ, ਗੁਰਦੇਵ ਸਿੰਘ ਸਿੱਧੂ,ਹਰੀਸ਼ ਜੈਨ, ਜਗਮੋਹਨ ਸਿੰਘ, ਚਰੰਜੀ ਲਾਲ ਕੰਗਣੀਵਾਲ, ਸੀਤਾ ਰਾਮ ਬਾਂਸਲ ਤੇ ਹੋਰਨਾਂ ਨਾਲ ਮਿਲ ਕੇ ਯਾਦਗਾਰੀ ਕੰਮ ਕੀਤਾ।
96 ਸਾਲ ਪਹਿਲਾਂ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਗੁਜਰਾਂਵਾਲਾ ਦੇ ਪਿੰਡ ਲੱਧੇਵਾਲਾ ਵੜੈਚ ਵਿਚ ਜਨਮੇ ਮਲਵਿੰਦਰਜੀਤ ਸਿੰਘ ਵੜੈਚ ਦੇ ਪਰਿਵਾਰ ਨੇ ਪੰਜਾਬ ਦੀ ਵੰਡ ਦਾ ਦੁੱਖ ਝੱਲਿਆ। ਪਰਿਵਾਰ ਪਹਿਲਾਂ ਕਪੂਰਥਲੇ ਤੇ ਫਿਰ ਕਰਨਾਲ ਦੇ ਪਿੰਡ ਰਾਵਰ ਵਿਚ ਵਸਿਆ। ਉਨ੍ਹਾਂ ਨੇ 1960 ਤੋਂ 1989 ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਪੜ੍ਹਾਇਆ। ਇਸ ਕਾਲਜ ਦੇ ਬਹੁਤੇ ਵਿਦਿਆਰਥੀ ਪੰਜਾਬ ਦੇ ਦਿਹਾਤੀ ਖੇਤਰ ਨਾਲ ਸੰਬੰਧਿਤ ਸਨ ਤੇ ਵੜੈਚ ਹੋਰਾਂ ਲਈ ਉਨ੍ਹਾਂ ਨੂੰ ਆਪਣੇ ਇਤਿਹਾਸ ਪ੍ਰਤੀ ਸੂਝਵਾਨ ਬਣਾਉਣਾ ਇਕ ਪ੍ਰਮੁੱਖ ਕਾਰਨ ਸੀ। ਯੁਵਕ ਕੇਂਦਰ ਦੀ ਸਥਾਪਨਾ ਵੀ ਇਸੇ ਕਾਰਜ ਦਾ ਹਿੱਸਾ ਸੀ ਜਿਸ ਵਿਚ ਉਨ੍ਹਾਂ ਦੇ ਵੱਡੇ ਭਰਾ ਜਨਰਲ ਹਰਬੰਸ ਸਿੰਘ ਵੜੈਚ, ਡਾ. ਜਗਮੋਹਨ ਸਿੰਘ, ਜਸਵੰਤ ਸਿੰਘ ਗਿੱਲ, ਰਾਜਿੰਦਰ ਸਿੰਘ ਚੀਮਾ ਤੇ ਹੋਰਨਾਂ ਨੇ ਵੱਡਾ ਹਿੱਸਾ ਪਾਇਆ। ਪ੍ਰੋ. ਜਗਮੋਹਨ ਸਿੰਘ ਯਾਦ ਕਰਦੇ ਹਨ ਕਿ ਵੜੈਚ ਸਾਹਿਬ ਦੀ ਪਤਨੀ ਬੀਬੀ ਰਾਜਿੰਦਰ ਕੌਰ ਜਿਨ੍ਹਾਂ ਨੂੰ ਸਾਰੇ 'ਰਾਜ ਭੈਣ ਜੀ' ਕਹਿੰਦੇ ਸਨ, ਦੀ ਵੜੈਚ ਸਾਹਿਬ ਦੇ ਕਾਰਜਾਂ ਵਿਚ ਵੱਡੀ ਭੂਮਿਕਾ ਸੀ।
1966-67 'ਚ ਉਨ੍ਹਾਂ ਦੇ ਬਾਬਾ ਸੋਹਨ ਸਿੰਘ ਭਕਨਾ ਨਾਲ ਸੰਪਰਕ ਵਿਚ ਆਉਣ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ। ਉਹ ਹੋਰ ਗ਼ਦਰੀ ਬਾਬਿਆਂ ਨੂੰ ਮਿਲੇ। ਉਹ ਤੇ ਪ੍ਰੋ. ਜਗਮੋਹਨ ਸਿੰਘ ਬਾਬਾ ਹਰੀ ਸਿੰਘ ਉਸਮਾਨ ਨੂੰ ਉਨ੍ਹਾਂ ਦੇ ਪਿੰਡ ਬੱਦੋਵਾਲ ਵਿਚ ਅਗਸਤ, 1968 ਵਿਚ ਮਿਲੇ। ਵੜੈਚ ਹੋਰਾਂ ਨੇ ਆਪਣੇ ਸ਼ਬਦਾਂ ਵਿਚ 'ਸਾਂਝੇ ਲਈ ਤਾਂ ਬਾਬਾ ਜੀ ਦੀ ਚੁੱਪ' ਨੂੰ ਤੋੜਨਾ ਹੀ ਸਭ ਤੋਂ ਵੱਡੀ ਮੁਹਿੰਮ ਸੀ। ਵੜੈਚ ਸਾਹਿਬ ਨੇ 'ਬਾਬਾ ਹਰੀ ਸਿੰਘ ਉਸਮਾਨ ਦੀ ਡਾਇਰੀ ਤੇ ਉਨ੍ਹਾਂ ਦੇ ਲੇਖਾਂ ਨੂੰ ਸੰਪਾਦਿਤ ਕੀਤਾ। ਵੜੈਚ ਹੋਰਾਂ ਨੇ ਇਤਿਹਾਸਕਾਰਾਂ ਦੀ ਗ਼ਦਰ ਪਾਰਟੀ ਬਾਰੇ ਉਦਾਸੀਨਤਾ ਨੂੰ ਤੋੜਨ ਵਿਚ ਵੀ ਵੱਡੀ ਭੂਮਿਕਾ ਨਿਭਾਈ। ਪ੍ਰੋ. ਜਗਮੋਹਨ ਸਿੰਘ ਅਨੁਸਾਰ ਲੁਧਿਆਣੇ ਵਿਚ ਵੜੈਚ ਸਾਹਿਬ ਦਾ ਘਰ ਅਜਿਹਾ ਵਿਹੜਾ ਬਣ ਗਿਆ ਜਿਥੇ ਦੇਸ਼ ਦੇ ਹਰ ਹਿੱਸੇ ਤੋਂ ਆਜ਼ਾਦੀ ਸੰਗਰਾਮ ਦੇ ਯੋਧੇ ਆਏ, ਗ਼ਦਰੀ ਪਾਰਟੀ ਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਆਏ। ਪ੍ਰੋ. ਸਾਹਿਬ ਨੇ 30 ਤੋਂ ਜ਼ਿਆਦਾ ਇਤਿਹਾਸਕ ਖੋਜ ਪੁਸਤਕਾਂ ਲਿਖੀਆਂ ਤੇ ਸੰਪਾਦਿਤ ਕੀਤੀਆਂ।
ਮਨੁੱਖ ਦਾ ਹੋਣਾ ਉਸ ਦੇ ਹੋਣ ਦੀ ਹਕੀਕਤ ਵੀ ਹੁੰਦਾ ਹੈ ਤੇ ਉਸ ਦੇ ਹੋਣ ਦੇ ਅਰਥ ਵੀ। ਕੋਈ ਇਹ ਅਰਥ ਆਰਥਿਕ ਦੌੜ ਵਿਚੋਂ ਲੱਭਦਾ ਹੈ ਤੇ ਕੋਈ ਸਮਾਜ ਨਾਲ ਆਪਣੇ ਸੰਬੰਧਾਂ 'ਚੋਂ। ਸਮਾਜ ਨਾਲ ਆਪਣੇ ਸੰਬੰਧਾਂ 'ਚੋਂ ਆਪਣੇ ਅਰਥ ਲੱਭਣ ਵਾਲੇ ਆਪਣੇ ਸਮਾਜ ਦੇ ਇਤਿਹਾਸ, ਮਿਥਿਆਸ, ਸਭਿਾਚਾਰ, ਲੋਕ-ਸਾਹਿਤ, ਸਾਹਿਤ, ਲੋਕ-ਕਲਾਵਾਂ ਆਦਿ ਦੇ ਨਾਲ-ਨਾਲ ਸਮਾਜ ਦੇ ਵਰਤਮਾਨ ਤੇ ਭਵਿੱਖ ਸੰਬੰਧੀ ਵੀ ਚਿੰਤਤ ਹੁੰਦੇ ਹਨ। ਵੜੈਚ ਹੋਰਾਂ ਨੇ ਆਪਣੇ ਹੋਣ ਦੇ ਅਰਥ ਪੰਜਾਬ ਦੇ ਇਤਿਹਾਸ ਦੀ ਖੋਜ ਤੇ ਆਪਣੀ ਅਗਲੀ ਪੀੜ੍ਹੀ ਦੇ ਇਤਿਹਾਸਕਾਰਾਂ ਤੇ ਵਿਦਿਆਰਥੀਆਂ ਨੂੰ ਗ਼ਦਰ ਪਾਰਟੀ ਤੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਪ੍ਰਤੀ ਸੰਵੇਦਨਸ਼ੀਲ ਬਣਾਉਣ ਵਿਚ ਲੱਭੇ।
ਮਲਵਿੰਦਰਜੀਤ ਸਿੰਘ ਵੜੈਚ ਨੇ ਲਗਭਗ ਉਨ੍ਹਾਂ ਸਾਰੇ ਗ਼ਦਰੀ ਬਾਬਿਆਂ ਤੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਨਾਲ ਸੰਪਰਕ ਕੀਤਾ, ਜਿਹੜੇ ਉਨ੍ਹਾਂ ਦੇ ਸਮੇਂ ਜਿਊਂਦੇ ਸਨ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ। ਉਨ੍ਹਾਂ ਕਦੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆ ਤੇ ਹੋਰ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਦੀ ਜ਼ਬਤ ਕੀਤੀ ਜ਼ਮੀਨ ਵਾਪਸ ਕਰਵਾਉਣ ਲਈ ਮੁਕੱਦਮੇ ਕੀਤੇ ਤੇ ਜਿੱਤੇ। ਇਤਿਹਾਸਕਾਰ ਗੁਰਦੇਵ ਸਿੰਘ ਸਿੱਧੂ ਅਨੁਸਾਰ ਵੜੈਚ ਸਾਹਿਬ ਨਵੇਂ ਇਤਿਹਾਸਕਾਰਾਂ ਨੂੰ ਉਤਸ਼ਾਹਿਤ ਕਰਦੇ ਸਨ, ਉਨ੍ਹਾਂ ਦੇ ਪ੍ਰੇਰਨਾ ਸਰੋਤ ਸਨ, ਨਵੇਂ ਇਤਿਹਸਕਾਰਾਂ ਨੇ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਉਹ ਕੰਮ ਲੈਣ ਵਾਲੇ ਉਸਤਾਦ (8ard task master) ਵੀ ਸਨ ਅਤੇ ਤੱਥਾਂ ਦੀ ਤਸਦੀਕ ਕਰਨ ਲਈ ਲੰਬੀ ਘਾਲਣਾ ਘਾਲਦੇ ਸਨ।
ਮੇਰਾ ਵੜੈਚ ਸਾਹਿਬ ਨਾਲ ਸੰਪਰਕ 2003 ਵਿਚ ਹੋਇਆ। ਮੈਂ ਅਮਰਜੀਤ ਚੰਤਨ ਕੋਲ ਜ਼ਿਕਰ ਕੀਤਾ ਕਿ ਮੈਂ ਚੰਦਰ ਸ਼ੇਖ਼ਰ ਆਜ਼ਾਦ ਦੀ ਲਿਖੀ ਇਕ ਚਿੱਠੀ ਝਾਂਸੀ ਦੇ ਅਜਾਇਬ ਘਰ ਵਿਚ ਦੇਖੀ ਹੈ। ਕੁਝ ਦਿਨਾਂ ਬਾਅਦ ਮੈਨੂੰ ਪ੍ਰੋ. ਵੜੈਚ ਦਾ ਖ਼ਤ ਆਇਆ ਜਿਸ ਵਿਚ ਤਾਕੀਦ ਕੀਤੀ ਗਈ ਸੀ ਕਿ ਉਸ ਚਿੱਠੀ ਦਾ ਉਤਾਰਾ ਲਹਾਉਣਾ ਹੁਣ ਮੇਰੀ ਜ਼ਿੰਮੇਵਾਰੀ ਹੈ। ਆਖ਼ਰੀ ਵਾਰ ਮੈਂ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਪੀ. ਧਾਲੀਵਾਲ ਤੇ ਪ੍ਰੋ. ਜਗਮੋਹਨ ਸਿੰਘ ਹੋਰਾਂ ਨਾਲ ਮਿਲਿਆ।
ਮਲਵਿੰਦਰਜੀਤ ਸਿੰਘ ਵੜੈਚ ਦੇ ਲੰਮੇ ਸਮੇਂ ਦੇ ਸਾਥੀ ਇਤਿਹਾਸਕਾਰ ਤੇ ਪ੍ਰਕਾਸ਼ਕ ਹਰੀਸ਼ ਜੈਨ ਅਨੁਸਾਰ ਵੜੈਚ ਹੋਰਾਂ ਦੀ ਜ਼ਿੰਦਗੀ ਤੇ ਫਲਸਫ਼ੇ ਨੂੰ ਉਨ੍ਹਾਂ ਦੇ ਹਲੀਮੀ ਭਰੇ ਇਕ ਵਾਕ 'ਮੈਂ ਗ਼ਦਰ ਪਾਰਟੀ ਦਾ ਮੁਣਸ਼ੀ ਹਾਂ' 'ਚੋਂ ਹੀ ਸਮਝਿਆ ਜਾ ਸਕਦਾ ਹੈ। ਇਤਿਹਾਸ ਦੇ ਕਿਸੇ ਬਾਬ ਦਾ ਮੁਣਸ਼ੀ ਹੋਣਾ, ਦੇ ਵੀ ਯੋਗ ਕੰਮ ਨਹੀਂ ਹੁੰਦਾ, ਖ਼ਾਸ ਕਰਕੇ ਜਦੋਂ ਇਤਿਹਾਸ ਦੇ ਉਸ ਹਿੱਸੇ ਨਾਲ ਤੁਹਾਡੀਆਂ ਭਾਵਨਾਵਾਂ ਡੂੰਘੀ ਤਰ੍ਹਾਂ ਨਾਲ ਜੁੜੀਆਂ ਹੋਣ, ਜਦੋਂ ਤੁਸੀਂ ਇਤਿਹਾਸ ਦੇ ਉਸ ਹਿੱਸੇ ਨੂੰ ਆਪਣੀ ਕੰਮ ਦਾ ਅਨਮੋਲ ਹਿੱਸਾ ਸਮਝਦੇ ਹੋਵੇ। ਇਹ ਮਾਣਮਤਾ ਕੰਮ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਹਿੱਸੇ ਆਇਆ। ਉਨ੍ਹਾਂ ਦੇ ਸਿਰੜ ਦੇ ਤੇ ਸਾਧਨਾ ਨੂੰ ਸਲਾਮ। ਉਨ੍ਹਾਂ ਦੇ ਕਾਰਜ ਦਾ ਵੱਡਾ ਹਿੱਸਾ ਸੀਤਾ ਰਾਮ ਬਾਂਸਲ ਹੋਰਾਂ ਕੋਲ ਸਾਂਭਿਆ ਪਿਆ ਹੈ।
ਮੋਬਾਈਲ -95010-13006