ਫੀਫਾ ਵਿਸ਼ਵ ਕੱਪ 2026 ਦੇ ਪ੍ਰਸਾਰਨ ਅਧਿਕਾਰ ਇਸ ਵਾਰ ਜ਼ੀ ਐਂਟਰਟੇਨਮੈਂਟ ਕੋਲ ਹਨ। ਭਾਰਤੀ ਦਰਸ਼ਕ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਯੂਨਾਈਟਡ ਸਪੋਰਟਸ ਚੈਨਲਾਂ ਅਤੇ ਲਾਈਵ ਸਟਰੀਮਿੰਗ ਜ਼ੀ-5 ਐਪ 'ਤੇ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਵੇਖ ਸਕਦੇ ਹਨ।
ਫੀਫਾ ਵਿਸ਼ਵ ਕੱਪ 2026 ਜੂਨ ਦੀ 11 ਤਾਰੀਖ ਤੋਂ ਆਰੰਭ ਹੋਇਆ ਹੈ ਅਤੇ 19 ਜੁਲਾਈ ਤੱਕ ਚੱਲੇਗਾ। ਸਮਝੌਤੇ ਤਹਿਤ ਜ਼ੀ ਨੈੱਟਵਰਕਸ 2026 ਤੋਂ 2023 ਤੱਕ ਫੀਫਾ ਵਿਸ਼ਵ ਕੱਪ ਦਾ ਸਿੱਧਾ ਪ੍ਰਸਾਰਨ ਕਰੇਗਾ। ਜ਼ੀ ਨੈੱਟਵਰਕਸ ਨੇ ਇਹ ਪ੍ਰਸਾਰਨ ਅਧਿਕਾਰ 378 ਕਰੋੜ, 44 ਲੱਖ 66 ਹਜ਼ਾਰ ਰੁਪਏ ਵਿਚ ਖਰੀਦੇ ਹਨ।
ਸਿੱਧੇ ਪ੍ਰਸਾਰਨ ਨੂੰ ਬਿਹਤਰ, ਦਿਲਚਸਪ ਅਤੇ ਆਕਰਸ਼ਕ ਬਣਾਉਣ ਲਈ ਸਾਬਕਾ ਭਾਰਤੀ ਕਪਤਾਨ ਅਤੇ ਹੋਰ ਕਈ ਚੋਟੀ ਦੇ ਖਿਡਾਰੀਆਂ ਦਾ ਪੈਨਲ ਕਮੈਂਟਰੀ ਅਤੇ ਟਿੱਪਣੀਆਂ ਲਈ ਸਟੂਡੀਓ ਵਿਚ ਮੌਜੂਦ ਹੁੰਦਾ ਹੈ।
ਇਸ ਵਾਰ ਫੀਫਾ ਵਿਸ਼ਵ ਕੱਪ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਵਿਚ ਸਾਂਝੀ ਮੇਜ਼ਬਾਨੀ ਤਹਿਤ ਹੋ ਰਿਹਾ ਹੈ। ਦੁਨੀਆ ਭਰ ਦਾ ਮੀਡੀਆ ਇਸ ਵਿਸ਼ਾਲ ਖੇਡ-ਈਵੈਂਟ ਨੂੰ ਕਵਰ ਕਰ ਰਿਹਾ ਹੈ। ਇਕੋ ਸਮੇਂ ਦੁਨੀਆ ਦੇ ਕਰੋੜਾਂ ਦਰਸ਼ਕ ਸਿੱਧੇ ਪ੍ਰਸਾਰਨ ਨੂੰ ਵੇਖ ਰਹੇ ਹੁੰਦੇ ਹਨ।
ਅਮਰੀਕਾ ਵਿਚ ਫਾਕਸ ਸਪੋਰਟਸ ਅਤੇ ਟੈਲੀਮੁੰਡੋ ਉੱਤੇ ਅੰਗਰੇਜ਼ੀ ਅਤੇ ਸਪੈਨਿਸ਼ ਭਾਸ਼ਾਵਾਂ ਵਿਚ ਪ੍ਰਸਾਰਨ ਕੀਤਾ ਜਾ ਰਿਹਾ ਹੈ।
ਯੂਰਪ ਵਿਚ ਸੀ.ਸੀ.ਟੀ.ਵੀ. ਅਤੇ ਦੱਖਣੀ ਏਸ਼ੀਆ ਵਿਚ ਸਥਾਨਕ ਸਪੋਰਟਸ ਨੈੱਟਵਰਕਸ ਰਾਹੀਂ ਮੀਡੀਆ ਕਵਰੇਜ ਦਿੱਤੀ ਜਾ ਰਹੀ ਹੈ।
ਫੀਫਾ ਵਿਸ਼ਵ ਕੱਪ ਦੇ ਸਿੱਧੇ ਪ੍ਰਸਾਰਨ ਨੂੰ ਵੇਖਣ ਲਈ ਭਾਵੇਂ ਦਰਸ਼ਕਾਂ ਨੂੰ 'ਟਾਈਮ ਜ਼ੋਨ' ਕਾਰਨ ਸਮੇਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਲੋਕਾਂ ਦਾ ਉਤਸ਼ਾਹ ਤੇ ਦਿਲਚਸਪੀ ਘੱਟ ਨਹੀਂ ਹੋਈ।
ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦਾ ਆਪਸ ਵਿਚ ਇਕ ਤੋਂ ਚਾਰ ਘੰਟੇ ਦਾ, ਸਮੇਂ ਦਾ ਅੰਤਰ ਹੈ। ਯੂਰਪ ਅਤੇ ਏਸ਼ੀਆ ਦੇ ਦੇਸ਼ਾਂ ਦੇ ਦਰਸ਼ਕਾਂ ਲਈ ਸਮੇਂ ਦਾ ਅੰਤਰ ਹੋਰ ਵੱਧ ਜਾਂਦਾ ਹੈ।
ਅਮਰੀਕਾ ਵਿਚ ਜਦੋਂ ਮੈਚ ਹੋ ਰਹੇ ਹੁੰਦੇ ਹਨ ਤਾਂ ਦੁਨੀਆ ਦੀ ਅੱਧੀ ਆਬਾਦੀ ਗੂੜ੍ਹੀ ਨੀਂਦ ਸੁੱਤੀ ਹੁੰਦੀ ਹੈ। ਚੀਨ, ਭਾਰਤ, ਇੰਡੋਨੇਸ਼ੀਆ ਜਿਹੇ ਮੁਲਕਾਂ ਦੇ ਫੱਟਬਾਲ ਪ੍ਰੇਮੀ ਵਧੇਰੇ ਪ੍ਰਭਾਵਿਤ ਹੋ ਰਹੇ ਹਨ। ਜਦ ਉਹ ਰਾਤਾਂ ਨੂੰ ਜਾਗ ਕੇ ਮੈਚ ਵੇਖਦੇ ਹਨ ਤਾਂ ਮਜ਼ਾਕ ਨਾਲ ਇਸ ਨੂੰ 'ਟਾਈਮ ਜ਼ੋਨ ਟੈੱਕਸ' ਦਾ ਨਾਂਅ ਦਿੱਤਾ ਜਾਂਦਾ ਹੈ। ਟਾਈਮ ਜ਼ੋਨ ਕਾਰਨ ਕਰੋੜਾਂ ਨਹੀਂ ਅਰਬਾਂ ਦਰਸ਼ਕ ਪ੍ਰਭਾਵਿਤ ਹੁੰਦੇ ਹਨ।
ਹਿੰਦੀ ਭਾਸ਼ਾ ਵਿਚ ਜ਼ੀ ਤੋਂ ਇਲਾਵਾ ਬੀ.ਬੀ.ਸੀ. ਹਿੰਦੀ, ਓਲੰਪਿਕ ਡਾਟ ਕਾਮ, ਯੂ-ਟਿਊਬ ਅਤੇ ਡਿਜੀਟਲ ਚੈਨਲ ਮੈਚਾਂ ਦੇ ਨਤੀਜੇ ਅਤੇ ਮੁੱਖ ਅੰਸ਼ ਪ੍ਰਸਾਰਿਤ ਕਰ ਰਹੇ ਹਨ।
ਇਹ ਇਤਿਹਾਸ ਦਾ ਸਭ ਤੋਂ ਵੱਡਾ ਤੇ ਵਿਸ਼ਾਲ ਟੂਰਨਾਮੈਂਟ ਹੈ। ਪਹਿਲੀ ਵਾਰ 48 ਟੀਮਾਂ ਆਪਸ ਵਿਚ ਭਿੜ ਰਹੀਆਂ ਹਨ। ਤਿੰਨ ਦੇਸ਼ ਮੇਜ਼ਬਾਨੀ ਕਰ ਰਹੇ ਹਨ ਅਤੇ 16 ਵੱਖ-ਵੱਖ ਸ਼ਹਿਰਾਂ ਵਿਚ 104 ਮੈਚ ਖੇਡੇ ਜਾਣੇ ਹਨ।
ਭਾਰਤੀ ਦਰਸ਼ਕਾਂ ਨੂੰ ਇਕ ਹੋਰ ਸਹੂਲਤ ਮਿਲ ਗਈ। ਡੀ.ਡੀ. ਸਪੋਰਟਸ ਵੀ ਓਦਘਾਟਨੀ ਸਮਾਰੋਹ ਦੇ ਨਾਲ ਮੈਚਾਂ ਦੇ ਮੁੱਖ ਅੰਸ਼ ਵਿਖਾ ਰਿਹਾ ਹੈ।
ਦੁਨੀਆ ਭਰ ਦੇ ਵੱਧ ਤੋਂ ਵੱਧ ਦਰਸ਼ਕਾਂ ਨੂੰ ਜੋੜਨ ਅਤੇ ਆਕਰਸ਼ਤ ਕਰਨ ਲਈ ਪ੍ਰਸਾਰਨਕਰਤਾ ਦੁਆਰਾ 'ਸੁਪਰ ਬਾਊਲ' ਸ਼ੈਲੀ ਦੇ ਅਨੋਖੇ ਮਨੋਰੰਜਨ ਸ਼ੋਅ ਨੂੰ ਵੀ ਸਿੱਧੇ ਪ੍ਰਸਾਰਨ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਜਿਸ ਨੂੰ 'ਹਾਫ਼ ਟਾਈਮ' ਦੌਰਾਨ ਚੋਟੀ ਦੇ ਕਲਾਕਾਰ ਪੇਸ਼ ਕਰਦੇ ਹਨ। ਇਸ ਵਾਰ ਰੰਗਾਰੰਗ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਨ ਵੇਖਣ ਵਾਲਾ ਸੀ। ਇਸ ਨੂੰ ਦੁਨੀਆ ਦੇ 100 ਮਿਲੀਅਨ ਤੋਂ ਵੱਧ ਦਰਸ਼ਕਾਂ ਨੇ ਵੇਖਿਆ। ਉਦਘਾਟਨੀ ਸਮਾਰੋਹ ਸਮੇਂ ਦਰਸ਼ਕਾਂ ਨੇ ਔਸਤਨ 190 ਮਿੰਟ ਤੋਂ ਵਧੇਰੇ ਸਮਾਂ ਸਿੱਧਾ ਪ੍ਰਸਾਰਨ ਵੇਖਿਆ।
ਫੀਫਾ ਅਨੁਸਾਰ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਮੁਕਾਬਲਿਆਂ ਨੂੰ 5.4 ਕਰੋੜ ਤੋਂ ਵਧੇਰੇ ਲੋਕਾਂ ਨੇ ਵੇਖਿਆ।
ਭਾਰਤ ਵਿਚ ਫੁੱਟਬਾਲ ਪ੍ਰਤੀ ਲੋਕਾਂ ਦੀ ਉਤਸੁਕਤਾ ਲਗਾਤਾਰ ਵਧ ਰਹੀ ਹੈ। ਜ਼ੀ-5 ਐਪ 'ਤੇ 60 ਲੱਖ ਲੋਕਾਂ ਨੇ ਮੈਚ ਵੇਖੇ।
ਫੀਫਾ ਨਾਲ ਸੰਬੰਧਿਤ ਸਮੱਗਰੀ ਬਾਰੇ ਸੋਸ਼ਲ ਮੀਡੀਆ 'ਤੇ 36 ਕਰੋੜ ਤੋਂ ਵੱਧ ਟਿੱਪਣੀਆਂ ਕੀਤੀਆਂ ਗਈਆਂ। ਜ਼ੀ ਦੇ ਸਪੋਰਟਸ ਚੈਨਲ ਨੂੰ ਭਾਰਤ ਦੇ 2.5 ਕਰੋੜ ਘਰਾਂ ਵਿਚ ਵੇਖਿਆ ਗਿਆ। ਭਾਰਤੀ ਦਰਸ਼ਕਾਂ ਦੀ ਗਿਣਤੀ ਅਤੇ ਮੈਚ ਵੇਖੇ ਜਾਣ ਦੇ ਔਸਤਨ ਸਮੇਂ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਖੇਡ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ।
ਫੀਫਾ ਵਿਸ਼ਵ ਕੱਪ 2026 ਦੇ ਸਿੱਧੇ ਪ੍ਰਸਾਰਨ ਨੂੰ ਭਾਰਤੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਭਾਰਤੀ ਲੋਕਾਂ ਵਿਚ ਫੁੱਟਬਾਲ ਖੇਡ ਪ੍ਰਤੀ ਜਨੂੰਨ ਤੇਜ਼ੀ ਨਾਲ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਜਿਵੇਂ-ਜਿਵੇਂ ਮੁਕਾਬਲੇ ਸਖ਼ਤ ਹੁੰਦੇ ਜਾਣਗੇ ਤਾਂ ਦਰਸ਼ਕਾਂ ਦੀ ਗਿਣਤੀ ਵੀ ਵਧਦੀ ਜਾਵੇਗੀ।ਟੈਲੀਵਿਜ਼ਨ 'ਤੇ ਫੀਫਾ ਵਿਸ਼ਵ ਕੱਪ ਵੇਖਣ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਰਹੇ ਹਨ।
-ਮੇਲ : prof_kulbir@yahoo.com