ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਦੇਸ਼ ਨੂੰ ਸਮਰਪਿਤ ਸੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ

Ad Position 21
No active advertisement
ਅਜੀਤ ਡੈਸਕ 06-07-2026

ਅੱਜ 6 ਜੁਲਾਈ ਦਾ ਦਿਨ ਰਾਸ਼ਟਰਵਾਦ ਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਅਣਗਿਣਤ ਲੋਕਾਂ ਲਈ ਖ਼ਾਸ ਹੈ। ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਭਾਰਤ ਮਾਤਾ ਪ੍ਰਤੀ ਹੌਸਲੇ ਤੇ ਅਟੁੱਟ ਵਚਨਬੱਧਤਾ ਦੀ ਸਦੀਵੀ ਮਿਸਾਲ ਹੈ। ਆਧੁਨਿਕ ਭਾਰਤ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਰਗੇ ਬਹੁਤ ਘੱਟ ਨੇਤਾ ਹੋਏ ਹਨ, ਜਿਨ੍ਹਾਂ ਦੇ ਜੀਵਨ ਵਿਚ ਬੁੱਧੀ, ਲੋਕ ਸੇਵਾ ਤੇ ਨੈਤਿਕ ਵਿਸ਼ਵਾਸ ਦਾ ਅਜਿਹਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਦਾ ਹੈ। ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ਵਿਚ ਹੋਇਆ ਸੀ, ਜੋ ਉਨ੍ਹਾਂ ਨੂੰ ਆਸਾਨੀ ਨਾਲ ਸੁਰੱਖਿਅਤ ਤੇ ਆਰਾਮਦਾਇਕ ਜੀਵਨ ਦੇ ਸਕਦੇ ਸਨ। ਉਨ੍ਹਾਂ ਦੇ ਪਿਤਾ ਸਰ ਆਸ਼ੂਤੋਸ਼ ਮੁਖਰਜੀ ਆਪਣੇ ਵੇਲੇ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਤੇ ਬੁੱਧੀਜੀਵੀਆਂ 'ਚੋਂ ਇਕ ਸਨ। ਕਿਸਮਤ ਨੇ ਉਨ੍ਹਾਂ ਅੱਗੇ ਸੁੱਖ-ਸਹੂਲਤਾਂ ਵਾਲਾ ਰਸਤਾ ਰੱਖਿਆ ਸੀ, ਪਰ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਤੇ ਦੇਸ਼ ਦੀ ਸੇਵਾ ਦੇ ਰਾਹ ਵੱਲ ਤੋਰਿਆ। ਇਸ ਸਫ਼ਰ ਦੌਰਾਨ ਉਨ੍ਹਾਂ ਨੇ ਬਹੁਤ ਡੂੰਘੇ ਨਿੱਜੀ ਦੁੱਖ ਵੀ ਝੱਲੇ, ਜਿਨ੍ਹਾਂ ਵਿਚ ਉਨ੍ਹਾਂ ਦੇ ਛੋਟੇ ਬੱਚੇ ਤੇ ਬਾਅਦ ਵਿਚ ਉਨ੍ਹਾਂ ਦੀ ਪਤਨੀ ਦੀ ਮੌਤ ਸ਼ਾਮਿਲ ਸੀ। ਜੇ ਕੋਈ ਅਜਿਹਾ ਆਦਰਸ਼ ਸੀ, ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਸਭ ਤੋਂ ਵੱਧ ਪ੍ਰਭਾਸ਼ਿਤ ਕੀਤਾ ਤਾਂ ਉਹ ਭਾਰਤ ਦੀ ਅਖੰਡਤਾ ਸੀ। ਦੇਸ਼ ਦੀ ਵੰਡ ਦੀ ਉਥਲ-ਪੁਥਲ ਦੌਰਾਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ ਇਹੀ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਜੇਲ੍ਹ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ ਤੇ ਇਕਾਂਤਵਾਸ ਵੀ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਕਰ ਸਕਿਆ। ਨਜ਼ਰਬੰਦੀ ਦੌਰਾਨ ਉਨ੍ਹਾਂ ਦਾ ਜੀਵਨ ਅਚਾਨਕ ਖਤਮ ਹੋ ਗਿਆ, ਉਹ ਵੀ ਉਨ੍ਹਾਂ ਅਣਗਿਣਤ ਲੋਕਾਂ ਤੋਂ ਬਹੁਤ ਦੂਰ, ਜਿਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਆਪਣੀ ਲੜਾਈ ਬਣਾ ਲਿਆ ਸੀ। ਇਤਿਹਾਸ ਵਿਚ ਅਜਿਹੇ ਪਲ ਆਉਂਦੇ ਹਨ, ਜਦੋਂ ਕਿਸੇ ਵਿਅਕਤੀ ਦੀ ਆਖਰੀ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਡਾ. ਮੁਖਰਜੀ ਦੀ ਆਖਰੀ ਯਾਤਰਾ ਅਜਿਹਾ ਹੀ ਪਲ ਸੀ। ਅਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਉਸ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਸ ਵਿਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਸੀ। ਸਾਲਾਂ ਬਾਅਦ 2019 ਵਿਚ ਧਾਰਾ 370 ਤੇ 35(ਏ) ਨੂੰ ਹਟਾਉਣਾ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸੀ।
ਡਾ. ਮੁਖਰਜੀ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਸਿੱਖਿਆ ਮਾਹਰਾਂ ਦੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਿਹਾ ਸੀ, 'ਵਿੱਦਿਅਕ ਅਦਾਰਿਆਂ ਨੂੰ ਕਲਰਕ ਅਤੇ ਘੱਟ ਤਨਖ਼ਾਹ ਵਾਲਾ ਸਟਾਫ਼ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਜੋਂ ਦੇਖਣਾ ਗਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਪੈਣਗੇ ਜੋ ਨਗਰ ਨਿਗਮਾਂ, ਸੂਬਾਈ ਤੇ ਕੇਂਦਰੀ ਵਿਧਾਨ ਸਭਾਵਾਂ ਵਰਗੀਆਂ ਸਾਡੀਆਂ ਸਵੈ-ਸ਼ਾਸਨ ਵਾਲੀਆਂ ਸੰਸਥਾਵਾਂ ਨੂੰ ਅਗਵਾਈ ਦੇਣ ਦੇ ਸਮਰੱਥ ਹੋਣ ਤੇ ਨਾਲ ਹੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਤੇ ਉਦਯੋਗਿਕ ਮਾਮਲਿਆਂ ਦਾ ਸੰਚਾਲਨ ਕਰ ਸਕਣ।' ਵਿਦਿਆਰਥੀਆਂ ਤੇ ਸਾਬਕਾ ਵਿਦਿਆਰਥੀਆਂ ਵਿਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਰੂਦੇਵ ਟੈਗੋਰ ਨੂੰ ਯੂਨੀਵਰਸਿਟੀ ਲਈ ਗੀਤ ਲਿਖਣ ਦੀ ਬੇਨਤੀ ਵੀ ਕੀਤੀ ਸੀ। ਇਸ ਜਜ਼ਬੇ ਦੀ ਇਕ ਹੋਰ ਮਿਸਾਲ ਦੇਖਣ ਨੂੰ ਮਿਲਦੀ ਹੈ, ਜਦੋਂ ਉਨ੍ਹਾਂ ਨੇ ਭਾਰਤੀ ਜਨ ਸੰਘ ਬਣਾਉਣ ਦਾ ਫ਼ੈਸਲਾ ਕੀਤਾ। ਪਾਰਟੀ ਦਾ ਚੋਣ ਨਿਸ਼ਾਨ 'ਦੀਵਾ' ਭਾਵ ਮਿੱਟੀ ਦਾ ਦੀਵਾ ਸ਼ਾਇਦ ਬਿਲਕੁਲ ਢੁਕਵਾਂ ਸੀ। ਇਕੱਲਾ ਦੀਵਾ ਭਾਵੇਂ ਛੋਟਾ ਲਗਦਾ ਹੋਵੇ, ਪਰ ਉਸ ਵਿਚ ਆਪਣੇ ਆਲੇ-ਦੁਆਲੇ ਤੋਂ ਦੂਰ ਤੱਕ ਹਨੇਰਾ ਦੂਰ ਕਰਨ ਦੀ ਤਾਕਤ ਹੁੰਦੀ ਹੈ। ਜਨ ਸੰਘ ਨੇ ਆਪਣੇ ਸਰਗਰਮ ਸਾਲਾਂ ਦੌਰਾਨ ਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੰਮ ਕੀਤਾ।
ਭਾਰਤ ਦੇ ਪਹਿਲੇ ਉਦਯੋਗ ਤੇ ਸਪਲਾਈ ਮੰਤਰੀ ਵਜੋਂ ਡਾ. ਮੁਖਰਜੀ ਦਾ ਕਾਰਜਕਾਲ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਵਿਕਾਸ ਦੀ ਸੋਚ ਬਹੁਤ ਹੀ ਵਿਆਪਕ ਤੇ ਮਨੁੱਖਤਾਵਾਦੀ ਸੀ। ਉਹ ਉਦਯੋਗ ਨੂੰ ਨਵੇਂ ਆਜ਼ਾਦ ਹੋਏ ਦੇਸ਼ ਲਈ ਸਵੈ-ਮਾਣ, ਮੌਕੇ 'ਤੇ ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਦੇ ਸਨ। ਉਨ੍ਹਾਂ ਨੇ ਦੌਲਤ ਦੀ ਸਿਰਜਣਾ ਤੇ ਉਤਪਾਦਾਂ ਦੇ ਮੁੱਲ ਵਾਧੇ (ਵੈਲਿਊ ਅਡੀਸ਼ਨ) ਦਾ ਸਤਿਕਾਰ ਕੀਤਾ। ਦਮੋਦਰ ਵੈਲੀ ਕਾਰਪੋਰੇਸ਼ਨ, ਸਿੰਦਰੀ ਖਾਦ ਪਲਾਂਟ ਅਤੇ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਹੱਥ-ਖੱਡੀਆਂ, ਘਰੇਲੂ ਉਦਯੋਗਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਨੂੰ ਉਨ੍ਹਾਂ ਵਿਚ ਬਰਾਬਰ ਦਾ ਵਚਨਬੱਧ ਹਮਾਇਤੀ ਮਿਲਿਆ। ਇੱਥੇ ਮੈਂ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ ਜਿਸ ਨੂੰ ਡਾ. ਮੁਖਰਜੀ ਨੇ ਆਤਮਨਿਰਭਰਤਾ ਦੀ ਸਪੱਸ਼ਟ ਸੋਚ ਨਾਲ ਸਥਾਪਤ ਕਰਨ ਲਈ ਕੰਮ ਕੀਤਾ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵਲੋਂ ਅਣਗੌਲਿਆ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੂੰ ਇਸ ਦੀ ਮੁੜ ਸੁਰਜੀਤੀ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਵਿਚ ਸ਼ਾਮਿਲ ਹੋਣਾ ਵਾਕਈ ਸਭ ਤੋਂ ਖ਼ਾਸ ਪਲਾਂ 'ਚੋਂ ਇਕ ਸੀ। ਭਾਰਤ ਦੀ ਸੱਭਿਅਕ ਪਰੰਪਰਾ ਵਿਚ ਹਮੇਸ਼ਾ ਸੰਵਾਦ ਤੇ ਵਿਚਾਰ-ਵਟਾਂਦਰੇ ਦਾ ਸਤਿਕਾਰ ਕੀਤਾ ਗਿਆ ਹੈ। ਡਾ. ਮੁਖਰਜੀ ਨੇ ਇਹ ਲੋਕਤੰਤਰੀ ਭਾਵਨਾ ਅਪਣਾਈ। ਉਹ ਪੰਡਤ ਨਹਿਰੂ ਦੀ ਕੈਬਨਿਟ ਵਿਚ ਇਹ ਮੰਨਦਿਆਂ ਸ਼ਾਮਿਲ ਹੋਏ ਕਿ ਸ਼ੁਰੂਆਤੀ ਸਾਲਾਂ 'ਚ ਰਾਸ਼ਟਰ ਨਿਰਮਾਣ ਦਾ ਕੰਮ ਰਾਜਨੀਤਕ ਮੱਤਭੇਦਾਂ ਤੋਂ ਉੱਪਰ ਹੈ। ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਲਈ ਵੱਖਰੇ ਰਸਤੇ ਦੀ ਲੋੜ ਹੈ ਤਾਂ ਉਨ੍ਹਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਤੇ ਆਪਣੇ ਆਪ ਨੂੰ ਪੂਰੇ ਦਿਲ ਨਾਲ ਉਸ ਰਾਜਨੀਤਕ ਕੰਮ ਲਈ ਸਮਰਪਿਤ ਕਰ ਦਿੱਤਾ, ਜਿਸ ਦੀ ਉਨ੍ਹਾਂ ਮੁਤਾਬਕ ਦੇਸ਼ ਨੂੰ ਲੋੜ ਸੀ। ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿਚ ਬੰਗਾਲ ਵਿਚ ਸਭ ਤੋਂ ਭਿਆਨਕ ਕਾਲ ਪਿਆ ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ਵਿਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੈਂਟੀਨਾਂ ਅਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ। ਇਕ ਪਾਸੇ ਉਹ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਡੂੰਘੇ ਸਦਮੇ ਵਿਚ ਸਨ, ਜਦਕਿ ਦੂਜੇ ਪਾਸੇ ਉਹ ਬਸਤੀਵਾਦੀ ਹਾਕਮਾਂ ਦੀ ਬੇਰੁਖ਼ੀ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਨੇ 'ਪੰਚਾਸ਼ੇਰ ਮਨਵੰਤਰ' ਨਾਮੀ ਕਿਤਾਬ ਵੀ ਲਿਖੀ, ਜਿਸ ਵਿਚ ਉਨ੍ਹਾਂ ਨੇ ਆਪਣਾ ਗੁੱਸਾ ਤੇ ਦੁੱਖ ਸਾਂਝਾ ਕੀਤਾ। ਜਦੋਂ 1942 ਵਿਚ ਮੇਦਿਨੀਪੁਰ ਵਿਚ ਭਿਆਨਕ ਤੂਫ਼ਾਨ ਆਇਆ ਤਾਂ ਹਾਲਾਤ ਆਮ ਵਾਂਗ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ। ਕੋਲਕਾਤਾ ਦੇ ਇਕ ਕਾਲਜ ਵਿਚ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, 'ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਗੰਭੀਰਤਾ ਨਾਲ, ਪੂਰੀ ਲਗਨ ਤੇ ਵਧੀਆ ਢੰਗ ਨਾਲ ਕਰੋ। ਇਸ ਨੂੰ ਕਦੇ ਵੀ ਅੱਧ-ਵਿਚਾਲੇ ਜਾਂ ਅਧੂਰਾ ਨਾ ਛੱਡੋ। ਉਦੋਂ ਤੱਕ ਕਦੇ ਵੀ ਆਪਣੇ-ਆਪ ਨੂੰ ਸੰਤੁਸ਼ਟ ਨਾ ਸਮਝੋ ਜਦੋਂ ਤੱਕ ਤੁਸੀਂ ਪੂਰੀ ਵਾਹ ਨਹੀਂ ਲਾ ਦਿੰਦੇ।' ਜਿਵੇਂ-ਜਿਵੇਂ ਭਾਰਤ 'ਵਿਕਸਿਤ ਭਾਰਤ' ਦੇ ਟੀਚੇ ਵੱਲ ਵਧ ਰਿਹਾ ਹੈ ਤਾਂ ਉਨ੍ਹਾਂ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਹਰ ਰੋਜ਼ ਉਹ ਮਜ਼ਬੂਤ, ਇਕਜੁੱਟ, ਆਤਮਵਿਸ਼ਵਾਸੀ ਤੇ ਸੰਵੇਦਨਸ਼ੀਲ ਭਾਰਤ ਉਸਾਰਨ ਦੀ ਕੋਸ਼ਿਸ਼ ਕਰੀਏ, ਜਿਸ ਵਿਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਅੱਜ ਦੇ ਨੌਜਵਾਨਾਂ ਨੂੰ ਦੇਖਦਿਆਂ ਮੈਨੂੰ ਪੂਰਾ ਯਕੀਨ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਤੇ ਬਿਲਕੁਲ ਅਜਿਹਾ ਹੀ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਦੀ ਪੰਜਾਬ ਵੱਲ ਸਵੱਲੀ ਨਜ਼ਰ ਅਗਲੀ ਖ਼ਬਰ ਵਿਰੋਧੀ ਪਾਰਟੀਆਂ ਨੇ ਫਿਰ ਪ੍ਰਗਟਾਈ ਚੋਣ ਕਮਿਸ਼ਨ 'ਤੇ ਬੇਵਸਾਹੀ
Ad Position 24
No active advertisement