ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸੰਸਦ ਵਿਚ ਫਿਰ ਮੁੱਦਾ ਬਣੇਗਾ 'ਆਪ੍ਰੇਸ਼ਨ ਸੰਧੂਰ'

Ad Position 21
No active advertisement
ਅਜੀਤ ਡੈਸਕ 06-07-2026

ਪਿਛਲੇ ਸਾਲ ਮਈ 'ਚ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਸੰਸਦ ਦਾ ਇਕ ਵੀ ਇਜਲਾਸ ਅਜਿਹਾ ਨਹੀਂ ਹੋਇਆ, ਜਿਸ 'ਚ ਇਸ ਸੈਨਿਕ ਆਪ੍ਰੇਸ਼ਨ, ਪਾਕਿਸਤਾਨ ਤੇ ਅਮਰੀਕਾ ਨੂੰ ਲੈ ਕੇ ਸੰਸਦ 'ਚ ਮੁੱਦਾ ਨਾ ਉੱਠਿਆ ਹੋਵੇ ਤੇ ਉਸ 'ਤੇ ਵਿਵਾਦ ਨਾ ਹੋਇਆ ਹੋਵੇ। ਇਸ ਮਹੀਨੇ ਸੰਸਦ 'ਚ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਤੋਂ ਪਹਿਲਾਂ 'ਆਪ੍ਰੇਸ਼ਨ ਸੰਧੂਰ' ਦਾ ਮੁੱਦਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਦਰਅਸਲ ਭਾਰਤ ਸਰਕਾਰ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਐਲਾਨ ਕੀਤਾ ਹੈ ਕਿ 'ਆਪ੍ਰੇਸ਼ਨ ਸੰਧੂਰ' ਦੌਰਾਨ 6 ਭਾਰਤੀ ਸੈਨਿਕ ਸ਼ਹੀਦ ਹੋਏ ਸਨ, ਜਿਨਾਂ 'ਚੋਂ 5 ਫ਼ੌਜ ਤੇ ਇਕ ਹਵਾਈ ਸੈਨਾ ਦਾ ਸੀ। ਇਨ੍ਹਾਂ ਸਾਰੇ 6 ਸ਼ਹੀਦ ਸੈਨਿਕਾਂ ਦੇ ਨਾਂਅ ਇੰਡੀਆ ਗੇਟ ਦੇ ਨੇੜੇ ਜੰਗੀ ਯਾਦਗਾਰ 'ਤੇ ਉੱਕਰੇ ਹੋਏ ਹਨ, ਜਦਕਿ ਸਰਕਾਰ ਪਹਿਲਾਂ ਸੰਸਦ 'ਚ ਕਹਿ ਚੁੱਕੀ ਹੈ ਕਿ 'ਆਪ੍ਰੇਸ਼ਨ ਸੰਧੂਰ' ਦੌਰਾਨ ਕੋਈ ਸੈਨਿਕ ਸ਼ਹੀਦ ਨਹੀਂ ਹੋਇਆ। ਪਿਛਲੇ ਸਾਲ ਮੌਨਸੂਨ ਸੈਸ਼ਨ ਦੌਰਾਨ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 25 ਜੁਲਾਈ ਨੂੰ ਸਦਨ 'ਚ ਬੜੇ ਹੀ ਸਪੱਸ਼ਟ ਸ਼ਬਦਾਂ 'ਚ ਕਿਹਾ ਸੀ ਕਿ ਜੇਕਰ ਵਿਰੋਧੀ ਧਿਰ ਜਾਣਨਾ ਚਾਹੁੰਦੀ ਹੈ ਕਿ ਕੀ 'ਆਪ੍ਰੇਸ਼ਨ ਸੰਧੂਰ' 'ਚ ਕੋਈ ਭਾਰਤੀ ਸੈਨਿਕ ਸ਼ਹੀਦ ਹੋਇਆ ਹੈ ਤਾਂ ਜਵਾਬ ਨਹੀਂ ਹੈ। ਹਾਲਾਂਕਿ ਜਿਨ੍ਹਾਂ ਸੈਨਿਕਾਂ ਦੇ ਤਾਬੂਤ ਉਨ੍ਹਾਂ ਦੇ ਘਰਾਂ 'ਚ ਪਹੁੰਚੇ ਸਨ ਤਾਂ ਸਭ ਲੋਕਾਂ ਨੂੰ ਪਤਾ ਸੀ ਕਿ ਸੈਨਿਕ ਸ਼ਹੀਦ ਹੋ ਗਏ ਹਨ। ਹੁਣ ਸਰਕਾਰ ਨੇ ਅਧਿਕਾਰਤ ਤੌਰ 'ਤੇ ਸਵੀਕਾਰ ਕੀਤਾ ਹੈ ਕਿ 6 ਸੈਨਿਕ ਸ਼ਹੀਦ ਹੋਏ ਸਨ। ਇਸ ਲਈ ਵਿਰੋਧੀ ਧਿਰ ਇਸ ਨੂੰ ਵਿਸ਼ੇਸ਼ ਅਧਿਕਾਰ ਦਾ ਮਾਮਲਾ ਬਣਾ ਰਹੀ ਹੈ ਤੇ ਇਜਲਾਸ ਦੇ ਪਹਿਲੇ ਦਿਨ ਇਸ ਮੁੱਦੇ ਨੂੰ ਉਠਾਏਗੀ। ਹੁਣ ਦੇਖਦੇ ਹਾਂ ਕਿ ਸਰਕਾਰ ਸੰਸਦ 'ਚ ਆਪਣਾ ਬਚਾਅ ਕਿਵੇਂ ਕਰੇਗੀ।
ਉਪ ਪ੍ਰਧਾਨ ਮੰਤਰੀ ਦੀ ਚਰਚਾ
ਦਿੱਲੀ 'ਚ ਸਾਜਿਸ਼ ਸਿਧਾਂਤ ਕਦੇ ਵੀ ਖ਼ਤਮ ਨਹੀਂ ਹੁੰਦੇ, ਰਾਜਨੀਤਿਕ ਹਲਕਿਆਂ 'ਚ ਕੇਂਦਰ ਸਰਕਾਰ, ਰਾਜ ਸਰਕਾਰਾਂ, ਭਾਜਪਾ, ਆਰ.ਐਸ.ਐਸ. ਤੇ ਹੋਰਾਂ ਬਾਰੇ ਹਰ ਸਮੇਂ ਕਹਾਣੀਆਂ ਸੁਣਾਈ ਦਿੰਦੀਆਂ ਰਹਿੰਦੀਆਂ ਹਨ। ਹੁਣ ਤਾਜ਼ਾ ਕਹਾਣੀ ਇਹ ਚੱਲ ਰਹੀ ਹੈ ਕਿ ਦਹਾਕਿਆਂ ਬਾਅਦ ਕੋਈ ਉਪ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਹ ਕਹਾਣੀ ਵੱਖ-ਵੱਖ ਮੀਡੀਆ ਆਉਟਲੈਟਸ ਤੋਂ ਸੁਣਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਭਾਵੇਂ ਨਰਿੰਦਰ ਮੋਦੀ ਅਗਲੇ 10 ਸਾਲਾਂ ਤੱਕ ਪ੍ਰਧਾਨ ਮੰਤਰੀ ਬਣੇ ਰਹਿਣ, ਪਰ ਉਸ ਨੂੰ ਉਪ ਪ੍ਰਧਾਨ ਮੰਤਰੀ ਬਣਾ ਕੇ ਉੱਤਰਾਧਿਕਾਰੀ ਦੀ ਲਾਈਨ ਤੈਅ ਕਰਕੇ ਸਪੱਸ਼ਟ ਕਰ ਦਿੱਤਾ ਜਾਵੇ ਕਿ ਉਨ੍ਹਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਮਿਤ ਸ਼ਾਹ ਹੀ ਬਣਨਗੇ। ਦਰਅਸਲ ਅਮਿਤ ਸ਼ਾਹ ਦੀ ਚਿੰਤਾ ਇਹ ਹੈ ਕਿ ਜੇਕਰ ਯੋਗੀ ਆਦਿੱਤਿਆਨਾਥ ਉੱਤਰ ਪ੍ਰਦੇਸ਼ 'ਚ ਅਗਲੀ ਵਾਰ ਵੀ ਚੋਣ ਜਿੱਤ ਕੇ ਦੁਬਾਰਾ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਹੋਰ ਮਜ਼ਬੂਤ ਦਾਅਵੇਦਾਰ ਬਣ ਜਾਣਗੇ। ਜ਼ਿਕਰਯੋਗ ਹੈ ਕਿ ਖ਼ੁਦ ਨਰਿੰਦਰ ਮੋਦੀ ਨੇ ਗੁਜਰਾਤ 'ਚ ਲਗਾਤਾਰ 3 ਵਾਰ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਦਿੱਲੀ ਵੱਲ ਕਦਮ ਵਧਾਏ ਸਨ। ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਦੇ 3 ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਦੀਆਂ ਇੱਛਾਵਾਂ ਵਧਣਗੀਆਂ ਤਾਂ ਉਨ੍ਹਾਂ ਨੂੰ ਰੋਕਣਾ ਮੁਸ਼ਕਿਲ ਹੋ ਜਾਵੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਚੁਣੌਤੀ ਵੱਖਰੀ ਖੜ੍ਹੀ ਹੋ ਰਹੀ ਹੈ। ਨਤੀਜੇ ਵਜੋਂ ਕੈਬਨਿਟ ਫੇਰਬਦਲ ਮੌਕੇ ਉਪ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ ਜ਼ੋਰ ਫੜ ਰਹੀ ਹੈ, ਪਰ ਪਤਾ ਨਹੀਂ ਕਿ ਅਮਿਤ ਸ਼ਾਹ ਦਾ ਕੋਈ ਸ਼ੁਭਚਿੰਤਕ ਜਾਂ ਉਨ੍ਹਾਂ ਦਾ ਕੋਈ ਦੁਸ਼ਮਣ ਅਜਿਹੀਆਂ ਅਫਵਾਹਾਂ ਫੈਲਾ ਰਿਹਾ ਹੈ?
ਇਜ਼ਰਾਈਲ-ਅਮਰੀਕਾ ਨੂੰ ਖੁਸ਼ ਰੱਖਣ ਲਈ
ਦੋ ਸਾਲ ਪਹਿਲਾਂ 2024 'ਚ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਇਕ ਹਾਦਸੇ 'ਚ ਮੌਤ ਹੋਣ 'ਤੇ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਭਾਰਤ ਸਰਕਾਰ ਨੇ ਉਸ ਸਮੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਈਰਾਨ ਭੇਜਿਆ ਸੀ ਪਰ ਹੁਣ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਮੌਕੇ ਭਾਰਤ ਨੇ ਬਹੁਤ ਛੋਟਾ ਵਫ਼ਦ ਭੇਜਿਆ ਹੈ, ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੇ ਸਰਕਾਰੀ ਸਨਮਾਨਾਂ ਨਾਲ ਕਈ ਦਿਨਾਂ ਤੱਕ ਚੱਲਣਗੀਆਂ। ਖਾਮੇਨੇਈ ਦੀ ਮੌਤ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ 'ਚ ਹੋਈ ਸੀ। ਭਾਰਤ ਸਰਕਾਰ ਨੇ ਬਿਹਾਰ ਦੇ ਰਾਜਪਾਲ ਸਈਦ ਅਤਾ ਹਸਨੈਨ ਤੇ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਭੇਜਿਆ ਹੈ। ਅਜਿਹਾ ਲਗਦਾ ਹੈ ਕਿ ਸਰਕਾਰ ਨੇ ਈਰਾਨ ਨਾਲ ਭਾਰਤ ਦੇ ਇਤਿਹਾਸਕ ਸੰਬੰਧਾਂ ਨੂੰ ਮਾਨਤਾ ਦਿੰਦਿਆਂ ਵਫ਼ਦ ਭੇਜਿਆ ਹੈ, ਪਰ ਇਹ ਵੀ ਧਿਆਨ ਰੱਖਿਆ ਹੈ ਕਿ ਕਿਤੇ ਅਮਰੀਕਾ ਤੇ ਇਜ਼ਰਾਈਲ ਨਾਰਾਜ਼ ਨਾ ਹੋ ਜਾਣ। ਜ਼ਿਕਰਯੋਗ ਹੈ ਕਿ ਭਾਰਤ ਨੇ ਖਾਮੇਨੇਈ ਦੀ ਹੱਤਿਆ ਦੀ ਕਦੇ ਨਿੰਦਾ ਨਹੀਂ ਕੀਤੀ ਤੇ ਉਨ੍ਹਾਂ ਦੀ ਮੌਤ ਦੇ ਕਈ ਦਿਨਾਂ ਬਾਅਦ ਭਾਰਤੀ ਵਿਦੇਸ਼ ਸਕੱਤਰ ਨੇ ਈਰਾਨੀ ਦੂਤਾਵਾਸ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਇਸੇ ਤਰ੍ਹਾਂ ਭਾਰਤ ਤੋਂ ਅਭਿਆਸ ਕਰਕੇ ਵਾਪਸ ਦਾ ਰਹੇ ਇਕ ਈਰਾਨੀ ਜਹਾਜ਼ 'ਤੇ ਅਮਰੀਕੀ ਹਮਲੇ ਦੀ ਭਾਰਤ ਨੇ ਨਿੰਦਾ ਤੱਕ ਨਹੀਂ ਕੀਤੀ ਸੀ, ਜਿਸ 'ਚ ਵੱਡੀ ਗਿਣਤੀ ਈਰਾਨੀ ਜਲ ਸੈਨਾ ਦੇ ਜਵਾਨ ਮਾਰੇ ਗਏ ਸਨ। ਭਾਰਤ ਸਰਕਾਰ ਦਾ ਇਸ ਯੁੱਧ ਦੌਰਾਨ ਇਜ਼ਰਾਈਲ ਤੇ ਅਮਰੀਕਾ ਪ੍ਰਤੀ ਝੁਕਾਅ ਸਪੱਸ਼ਟ ਦਿਖਾਈ ਦਿੱਤਾ ਹੈ।
'ਮਨ ਕੀ ਬਾਤ' ਸੁਣਨਾ ਵੱਡਾ ਪ੍ਰੋਗਰਾਮ
ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲਾ 'ਮਨ ਕੀ ਬਾਤ' ਇਕ ਆਡੀਓ ਪ੍ਰੋਗਰਾਮ ਹੈ, ਜਿਸ ਦੀ ਕੋਈ ਵੀਡੀਓ ਰਿਕਾਰਡਿੰਗ ਨਹੀਂ ਹੁੰਦੀ। ਹਾਲਾਂਕਿ, ਆਲ ਇੰਡੀਆ ਰੇਡੀਓ 'ਤੇ ਇਹ ਮਾਸਿਕ ਪ੍ਰੋਗਰਾਮ ਹੌਲੀ-ਹੌਲੀ ਇਕ ਵੱਡਾ ਪ੍ਰੋਗਰਾਮ (ਈਵੈਂਟ) ਬਣਦਾ ਜਾ ਰਿਹਾ ਹੈ। ਕੇਂਦਰੀ ਮੰਤਰੀਆਂ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਤੇ ਸਭ ਭਾਜਪਾ ਨੇਤਾਵਾਂ 'ਚ ਇਹ ਦਿਖਾਉਣ ਲਈ ਮੁਕਾਬਲਾ ਜਾਰੀ ਹੈ ਕਿ ਕੌਣ ਸਭ ਤੋਂ ਰਚਨਾਤਮਿਕ ਤਰੀਕੇ ਨਾਲ 'ਮਨ ਕੀ ਬਾਤ' ਸੁਣਨ ਦਾ ਆਯੋਜਨ ਕਰਵਾ ਕੇ ਉਸ ਦੀ ਵੀਡੀਓ ਰਿਕਾਰਡ ਕਰਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਸਕਦਾ ਹੈ। ਮੰਤਰੀਆਂ ਤੇ ਨੇਤਾਵਾਂ ਵਲੋਂ ਅਪਲੋਡ ਕੀਤੀਆਂ ਜਾ ਰਹੀਆਂ ਅਜਿਹੀਆਂ ਵੀਡੀਓਜ਼ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਸੱਜੇ-ਪੱਖੀ ਸਮਰਥਕ ਹੀ ਹਾਸੋਹੀਣੇ ਸੁਝਾਅ ਦੇ ਰਹੇ ਹਨ। ਐਤਵਾਰ 28 ਜੂਨ ਨੂੰ ਪ੍ਰਸਾਰਿਤ ਹੋਏ 'ਮਨ ਕੀ ਬਾਤ' ਦੀ ਮੇਜ਼ਬਾਨੀ ਆਪਣੇ ਦਿੱਲੀ ਸਥਿਤ ਨਿਵਾਸ ਸਥਾਨ 'ਤੇ ਕਰਦਿਆਂ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਭਾਜਪਾ ਦਫ਼ਤਰ ਦੇ ਕਰਮਚਾਰੀਆਂ ਨਾਲ ਇਹ ਪ੍ਰੋਗਰਾਮ ਸੁਣਿਆ, ਜਦਕਿ ਵਿਵਾਦਾਂ 'ਚ ਫਸੇ ਧਰਮਿੰਦਰ ਪ੍ਰਧਾਨ ਨੇ ਗੱਡੀ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ 'ਤੇ 'ਮਨ ਕੀ ਬਾਤ' ਸੁਣਨ ਦੀ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਓਡੀਸ਼ਾ ਦੇ ਇਕ ਮੰਤਰੀ ਨਾਲ ਯਾਤਰਾ ਕਰਦੇ ਸਮੇਂ ਇਹ ਪ੍ਰੋਗਰਾਮ ਸੁਣਿਆ ਹੈ। ਦਰਅਸਲ ਭਾਜਪਾ ਆਗੂ 'ਮਨ ਕੀ ਬਾਤ' ਸੁਣਨ ਦੀ ਵੀਡੀਓ ਬਣਾ ਕੇ ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੀ ਟੀਮ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।
ਰਾਬੜੀ ਨੇ ਦਿਖਾਇਆ ਸਰਕਾਰ ਨੂੰ ਸ਼ੀਸ਼ਾ
ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਪਟਨਾ ਦੇ 10 ਸਰਕੂਲਰ ਰੋਡ 'ਤੇ ਆਪਣਾ ਬੰਗਲਾ ਖਾਲੀ ਕਰ ਦਿੱਤਾ ਹੈ ਤੇ ਰਹਿੰਦਾ ਸਾਮਾਨ ਲਿਜਾਣ ਲਈ 5 ਜੁਲਾਈ ਤੱਕ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਦੇ ਭਵਨ ਨਿਰਮਾਣ ਵਿਭਾਗ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਜਦੋਂ ਇਹ ਬੰਗਲਾ ਉਨ੍ਹਾਂ ਨੂੰ ਅਲਾਟ ਕੀਤਾ ਗਿਆ ਸੀ ਤਾਂ ਉਸ ਵਿਚ ਕੀ-ਕੀ ਲੱਗਿਆ ਹੋਇਆ ਸੀ। ਉਨ੍ਹਾਂ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਬੰਗਲਾ ਖਾਲੀ ਕਰਨ ਬਾਅਦ ਕੋਈ ਦੋਸ਼ ਨਾ ਲਗਾ ਸਕੇ ਕਿ ਸਰਕਾਰੀ ਸਾਮਾਨ 'ਚੋਂ ਕੋਈ ਚੀਜ਼ ਉਹ ਨਾਲ ਲੈ ਗਈ ਹੈ। ਜ਼ਿਕਰਯੋਗ ਕਿ ਜਦੋਂ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਦਾ ਬੰਗਲਾ ਖਾਲੀ ਕੀਤਾ ਸੀ ਤਾਂ ਉਨ੍ਹਾਂ 'ਤੇ ਅਜਿਹੇ ਦੋਸ਼ ਲਗਾਏ ਗਏ ਸਨ। ਜਦੋਂ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਲਾ ਬੰਗਲਾ ਖਾਲੀ ਕੀਤਾ ਸੀ ਤਾਂ ਭਾਜਪਾ ਆਗੂਆਂ ਨੇ ਉਨ੍ਹਾਂ 'ਤੇ ਟੂਟੀਆਂ ਪੁੱਟ ਕੇ ਲਿਜਾਣ ਦਾ ਦੋਸ਼ ਲਗਾਇਆ ਸੀ। ਰਾਬੜੀ ਦੇਵੀ ਇਸ ਬੰਗਲੇ 'ਚ 20 ਸਾਲਾਂ ਤੋਂ ਰਹਿ ਰਹੀ ਸੀ, ਜਿਸ ਨੂੰ ਖਾਲੀ ਕਰਕੇ ਉਸ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਉਸ ਦਾ ਇਰਾਦਾ ਹਮੇਸ਼ਾ ਲਈ ਇੱਥੇ ਰਹਿਣ ਦਾ ਨਹੀਂ ਸੀ। ਉਸ ਨੂੰ ਇਹ ਬੰਗਲਾ ਵਿਧਾਨ ਪ੍ਰੀਸ਼ਦ 'ਚ ਵਿਰੋਧੀ ਧਿਰ ਦੇ ਨੇਤਾ ਹੋਣ ਵਜੋਂ ਮਿਲਿਆ ਸੀ ਤੇ ਉਹ ਹੁਣ ਵੀ ਵਿਰੋਧੀ ਧਿਰ ਦੀ ਨੇਤਾ ਹੈ। ਉਹ ਕਾਨੂੰਨੀ ਤੌਰ 'ਤੇ ਬੰਗਲਾ ਖਾਲੀ ਕਰਨ ਦੇ ਹੁਕਮ ਨੂੰ ਚੁਣੌਤੀ ਦੇ ਸਕਦੀ ਸੀ, ਪਰ ਉਸ ਨੇ ਅਜਿਹਾ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ 06-07-26 ਅਗਲੀ ਖ਼ਬਰ ਰੇਲਵੇ ਦੀ ਪੰਜਾਬ ਵੱਲ ਸਵੱਲੀ ਨਜ਼ਰ
Ad Position 24
No active advertisement