ਮਕਸੂਦਾਂ, 30 ਦਸੰਬਰ (ਸੌਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਤਰਲੋਕ ਐਵੇਨਿਊ ਇਲਾਕੇ ਤੋਂ ਇੱਕ ਨੌਜਵਾਨ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਦੋਸ਼ੀ ਕੋਲੋਂ 5.50 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਰਲੋਕ ਐਵੇਨਿਊ ਇਲਾਕੇ ਵਿੱਚ ਇੱਕ ਨੌਜਵਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਹੈ | ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਇਲਾਕੇ ਵਿੱਚ ਨਾਕਾਬੰਦੀ ਕੀਤੀ | ਇਸ ਦੌਰਾਨ ਇੱਕ ਨੌਜਵਾਨ ਪੈਦਲ ਆਉਂਦਾ ਨਜ਼ਰ ਆਇਆ ਜੋ ਪੁਲਿਸ ਟੀਮ ਨੂੰ ਦੇਖ ਕੇ ਅਚਾਨਕ ਪਿੱਛੇ ਮੁੜ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ | ਸ਼ੱਕ ਹੋਣ 'ਤੇ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ | ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 5.50 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਦੱਸਿਆ ਕਿ ਗਿ੍ਫ਼ਤਾਰ ਨੌਜਵਾਨ ਦੀ ਪਹਿਚਾਣ ਰਾਹੁਲ ਲਹੌਰਿਆ ਪੁੱਤਰ ਪ੍ਰਦੀਪ ਲਹੌਰਿਆ, ਨਿਵਾਸੀ ਗੁਰਬੰਤਾ ਸਿੰਘ ਫਲੈਟਸ ਵਜੋਂ ਹੋਈ ਹੈ | ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ |