02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼੍ਰੋਮਣੀ ਅਕਾਲੀ ਦਲ ਨੂੰ ਨਕੋਦਰ, ਆਦਮਪੁਰ ਤੇ ਜਲੰਧਰ ਪੱਛਮੀ ਤੋਂ ਨਹੀਂ ਲੱਭ ਰਹੇ ਹਲਕਾ ਇੰਚਾਰਜ

Ad Position 21
No active advertisement
ਅਜੀਤ ਡੈਸਕ 28-06-2026
ਜਲੰਧਰ, 27 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਨਕੋਦਰ, ਆਦਮਪੁਰ ਤੇ ਜਲੰਧਰ ਪੱਛਮੀਂ ਹਲਕੇ ’ਚ ਅਜੇ ਤੱਕ ਹਲਕਾ ਇੰਚਾਰਜ ਨਹੀਂ ਲਗਾਏ ਜਾ ਸਕੇ ਹਨ। ਜਿਸ ਕਾਰਨ ਇਨ੍ਹਾਂ ਹਲਕਿਆਂ ’ਚ ਪਾਰਟੀ ਵਰਕਰਾਂ ਦੀ ਹਾਲਤ ਬਿਨ ਲਾੜੇ ਦੇ ਬਾਰਾਤ ਵਰਗੀ ਹੋਈ ਪਈ ਹੈ ਤੇ ਵਰਰਕਰਾਂ ਦੀ ਬਾਂਹ ਫੜਨ ਵਾਲਾ ਕੋਈ ਵੀ ਆਗੂ ਨਹੀਂ ਹੈ। ਆਦਮਪੁਰ ਹਲਕੇ ’ਚ ਸਾਬਕਾ ਵਿਧਾਇਕ ਪਵਨ ਟੀਨੂੰ ਦੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਹਾਈਕਮਾਨ ਨੂੰ ਅਜੇ ਤੱਕ ਕੋਈ ਵੀ ਸਮਰੱਥ ਆਗੂ ਨਹੀਂ ਲੱਭ ਸਕਿਆ ਹੈ, ਜੋ ਪਾਰਟੀ ਦੀ ਬੇੜੀ ਪਾਰ ਲਗਾ ਸਕਦਾ ਹੋਵੇ। ਜਿਸ ਕਾਰਨ ਹਲਕੇ ਦੇ ਵਰਕਰ ਪੂਰੀ ਤਰ੍ਹਾਂ ਨਾਲ ਨਿਰਾਸ਼ ਤੇ ਹਤਾਸ਼ ਦਿਖਾਈ ਦੇ ਰਹੇ ਹਨ। ਇਹੀ ਵਜ੍ਹਾ ਹੈ ਕਿ ਲੰਘੀਆਂ ਆਦਮਪੁਰ ਨਗਰ ਕੌਂਸਲ ਦੀਆਂ ਚੋਣਾਂ ’ਚ ਪਾਰਟੀ ਦੇ ਹੱਥ ਤਰ੍ਹਾਂ ਨਾਲ ਨਿਰਾਸ਼ਾ ਲੱਗੀ ਹੈ। ਇੱਥੋਂ ਤੱਕ ਪਾਰਟੀ ਵਲੋਂ ਇਹ ਚੋਣਾਂ ਆਪਣੇ ਨਿਸ਼ਾਨ ਤੱਕ ’ਤੇ ਨਹੀਂ ਲੜੀਆਂ ਗਈਆਂ ਤੇ ਕੇਵਲ ਕੁੱਝ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਚੋਣ ਲੜੇ ਜਾਣ ਸੰਬੰਧੀ ਖਾਨਾਪੂਰਤੀ ਕੀਤੀ ਗਈ। ਹਾਲਾਂਕਿ ਚੋਣਾਂ ਸੰਬੰਧੀ ਹਲਕੇ ਦੇ ਲਗਾਏ ਗਏ ਅਬਜ਼ਰਵਰ ਗੁਰਮੀਤ ਸਿੰਘ ਦਾਦੂਵਾਲ ਤੇ ਹਰਿੰਦਰ ਸਿੰਘ ਢੀਂਡਸਾ ਵਲੋਂ ਪਾਰਟੀ ਵਰਕਰਾਂ ਨੂੰ ਸਰਗਰਮ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਨਤੀਜੇ ਆਸ ਤੋਂ ਕਾਫੀ ਦੂਰ ਰਹੇ ਤੇ ਹਲਕਾ ਇੰਚਾਰਜ ਦੀ ਕਮੀ ਵੀ ਮਹਿਸੂਸ ਕੀਤੀ ਗਈ। ਇਸ ਦੌਰਾਨ ਚਰਚਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਇਕ ਵਾਰ ਫਿਰ ਕਿਸੇ ਹੋਰ ਪਾਰਟੀ ਤੋਂ ਆਗੂ ਨੂੰ ਲਿਆ ਕੇ ਹਲਕੇ ਦੀ ਕਮਾਨ ਸੋਂਪੀ ਜਾ ਸਕਦੀ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਨੇ ਲੰਬੇ ਅਰਸੇ ਦੇ ਬਾਅਦ ਵੀ ਪਾਰਟੀ ਹਲਕੇ ’ਚ ਆਪਣਾ ਕੋਈ ਵੀ ਸਮਰੱਥ ਆਗੂ ਪੈਦਾ ਨਹੀਂ ਕਰ ਸਕੀ। ਕੁੱਝ ਇਹੋ ਜਿਹੇ ਹਾਲਾਤ ਨਕੋਦਰ ਹਲਕੇ ’ਚ ਦੇਖਣ ਨੂੰ ਮਿਲੇ, ਜਿਥੇ ਹਲਕਾ ਇੰਚਾਰਜ ਨਾ ਹੋਣ ਕਾਰਨ ਵਰਕਰਾਂ ਨੂੰ ਕਾਫੀ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਪਾਰਟੀ ਹਾਈਕਮਾਨ ਹਲਕੇ ਦੇ ਨੌਜਵਾਨ ਤੇ ਸਰਗਰਮ ਆਗੂ ਐਡਵੋਕੇਟ ਰਾਜ ਕਮਲ ਸਿੰਘ ਗਿੱਲ ਨੂੰ ਹਲਕਾ ਕੋਆਰਡੀਨੇਟਰ ਤਾਂ ਲਗਾਇਆ ਗਿਆ ਪਰ ਹਲਕਾ ਇੰਚਾਰਜ ਲਗਾਉਣ ਤੋਂ ਗੁਰੇਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਲਕੇ ਦੇ ਵਰਕਰ ਖੁੱਲ੍ਹ ਕੇ ਉਨ੍ਹਾਂ ਦੇ ਨਾਲ ਤੁਰਨ ਤੋਂ ਬਚ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਉੱਘੇ ਗਾਇਕ ਕੇ. ਐਸ. ਮੱਖਣ ਨੂੰ ਵੀ ਪਾਰਟੀ ’ਚ ਸ਼ਾਮਿਲ ਕੀਤਾ ਗਿਆ ਸੀ ਪਰ ਹਲਕੇ ਦੀ ਵਾਗਡੋਰ ਕਿਸੇ ਵੀ ਆਗੂ ਦੇ ਹੱਥ ਨਾ ਫੜਾਏ ਜਾਣ ਕਾਰਨ ਵਰਕਰ ਇਕ ਤਰ੍ਹਾਂ ਨਾਲ ਹਾਈਕਮਾਨ ਵੱਲ ਦੇਖਣ ਲਈ ਮਜ਼ਬੂਰ ਹੋ ਰਹੇ ਹਨ। ਇਸੇ ਤਰ੍ਹਾਂ ਰਾਖਵੇਂ ਹਲਕੇ ਜਲੰਧਰ ਪੱਛਮੀਂ ’ਚ ਵੀ ਪਾਰਟੀ ਹਾਈਕਮਾਨ ਨੂੰ ਕੋਈ ਸਮਰੱਥ ਆਗੂ ਨਹੀਂ ਲਭ ਰਿਹਾ, ਜੋ ਮੌਜੂਦਾ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਟੱਕਰ ਦੇ ਸਕਦਾ ਹੋਵੇ। ਹਲਕਾ ਇੰਚਾਰਜ ਨਾ ਹੋਣ ਕਾਰਨ ਜਲੰਧਰ ਪੱਛਮੀਂ ਹਲਕੇ ਦੀ ਹੋਈ ਉਪ ਚੋਣ ’ਚ ਵੀ ਪਾਰਟੀ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਾਜਨਕ ਰਹੀ ਹੈ। ਇਸ ਹਲਕੇ ਨਾਲ ਸੰਧਿਤ ਐਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਜਨ ਲਾਲ ਚੋਪੜਾ ਵਲੋਂ ਹਲਕੇ ’ਚ ਸਰਗਰਮੀਆਂ ਆਰੰਭ ਕੀਤੀਆਂ ਗਈਆਂ ਹਨ ਪਰ ਜਦ ਤੱਕ ਰਸਮੀ ਐਲਾਨ ਨਹੀਂ ਹੁੰਦਾ ਤਦ ਤੱਕ ਵਰਕਰਾਂ ਲਈ ਭੰਬਲਭੂਸਾ ਬਣਿਆ ਹੋਇਆ ਹੈ। ਓਧਰ ਹੁਣ ਜਦ ਰਾਜ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੱਤਾ ’ਚ ਵਾਪਸੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਅਜਿਹੇ ’ਚ ਜੇਕਰ ਜਲੰਧਰ ਦੇ ਤਿੰਨ ਅਹਿਮ ਵਿਧਾਨ ਸਭਾ ਹਲਕਿਆਂ ਅੰਦਰ ਅਜੇ ਤੱਕ ਪਾਰਟੀ ਹਲਕਾ ਇੰਚਾਰਜ ਹੀ ਨਿਯੁਕਤ ਨਹੀਂ ਕਰ ਸਕੀ ਹੈ ਤਾਂ ਇਹ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਿਲ ਨਹੀਂ ਕਿ ਇਨ੍ਹਾਂ ਦਾਅਵਿਆਂ ’ਚ ਕਿੰਨਾ ਕੁ ਦਮ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਨੇ ਵਿਦਿਆਰਥੀਆਂ ਤੇ ਯੂਥ ਵਰਕਰਾਂ ਨਾਲ ਕੀਤੀ ਮੀਟਿੰਗ, ਯੂਥ ਨੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ... ਅਗਲੀ ਖ਼ਬਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਲੰਘ ਰਹੇ ਮਿੱਟੀ ਦੇ ਓਵਰਲੋਡ ਟਿੱਪਰ ਅਤੇ ਟਰਾਲੀਆਂ
Ad Position 24
No active advertisement