ਮਲਸੀਆਂ, 21 ਨਵੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰਾਮਪੁਰ ਲੱਲੀਆਂ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸੈਮੀਨਾਰ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਲਾਰ ਦੀ ਵਿਦਿਆਰਥਣ ਗੁਲਸ਼ਨਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਇੰਚਾਰਜ ਬਲਦੀਸ਼ ਕੌਰ ਨੇ ਕਿਹਾ ਕਿ ਮੁਕਾਬਲੇ ਲਈ ਸਕੂਲ ਦੇ ਸਟਾਫ਼ ਵਲੋਂ ਵਿਦਿਆਰਥਣ ਨੂੰ ਵਧੀਆ ਢੰਗ ਨਾਲ ਤਿਆਰੀ ਕਰਵਾਈ ਗਈ ਸੀ ਤੇ ਉਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥਣ ਨੇ ਇਹ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਬਲਾਕ ਨੋਡਲ ਅਫ਼ਸਰ ਸ਼ਾਹਕੋਟ-2 ਪਿ੍ੰਸੀਪਲ ਹਰਪ੍ਰੀਤ ਸਿੰਘ ਸੋਂਧੀ ਨੇ ਕੁਲਾਰ ਸਕੂਲ ਦੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਵਿਦਿਆਰਥਣ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ 'ਚ ਅੱਗੇ ਵਧਣ ਲਈ ਵੀ ਭਾਰੀ ਉਤਸ਼ਾਹ ਪੈਦਾ ਕਰਦੇ ਹਨ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਜਲੰਧਰ ਡਾ. ਗੁਰਿੰਦਰਜੀਤ ਕੌਰ, ਪਿ੍ੰਸੀਪਲ ਸੁਨੀਤਾ ਸਹੋਤਾ ਜ਼ਿਲ੍ਹਾ ਨੋਡਲ ਅਫ਼ਸਰ ਜਲੰਧਰ ਵਲੋਂ ਵਿਦਿਆਰਥਣ ਗੁਲਸ਼ਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਲੈਕਚਰਾਰ ਇਕਬਾਲ ਸਿੰਘ ਰੰਧਾਵਾ, ਰਕੇਸ਼ ਅਗਰਵਾਲ, ਮਹੇਸ਼ ਸ਼ਰਮਾ, ਮੁਨੀਸ਼ ਕੁਮਾਰ, ਜੋਤੀ, ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |