02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਿੰਘਪੁਰੀਆ ਮਿਸਲ ਦੇ ਸਰਦਾਰ, ਨਵਾਬ ਕਪੂਰ ਸਿੰਘ ਦੀ ਅਣਕਹੀ ਕਹਾਣੀ

Ad Position 21
No active advertisement
ਅਜੀਤ ਡੈਸਕ 19-07-2026

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨਵਾਬ ਕਪੂਰ ਸਿੰਘ ਵਲੋਂ ਸਿੱਖ ਕੌਮ ਦੀ ਅਗਵਾਈ ਅਤੇ ਜੰਗਜੂ ਕਾਰਨਾਮੇ: ਪਿੰਡ ਸਿੰਘਪੁਰਾ ਵਿਖੇ ਹੀ ਆਪਣਾ ਸਦਰ ਮੁਕਾਮ ਕਰਨ ਅਤੇ ਪਰਿਵਾਰ ਨੂੰ ਸਥਾਪਤ ਕਰਨ ਉਪਰੰਤ ਸਰਦਾਰ ਸਾਹਿਬ ਸਿੱਖ ਕੌਮ, ਜੋ ਕਿ ਉਸ ਵੇਲੇ ਮੁਗਲਾਂ ਦੇ ਅਤਿਅੰਤ ਅੱਤਿਆਚਾਰ ਕਾਰਨ ਜੰਗਲਾਂ-ਬੇਲਿਆਂ ਵਿਚ ਲੁਕ ਕੇ ਰਹਿ ਰਹੀ ਸੀ, ਦੀ ਅਗਵਾਈ ਵਿਚ ਜੁਟ ਗਏ। ਉਨ੍ਹਾਂ ਨੇ ਕਰੀਬ 35 ਤੋਂ 40 ਸਾਲ ਦੇ ਸਮੇਂ ਤੀਕਰ ਉਨ੍ਹਾਂ ਵੇਲਿਆਂ ਵਿਚ ਕੌਮ ਦੀ ਅਗਵਾਈ ਕੀਤੀ ਜਦੋਂ ਇਹ ਜ਼ਕਰੀਆ ਖਾਨ ਦੇ ਜ਼ੁਲਮਾਂ ਕਾਰਨ ਕੌਮ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ ਜਗੀਰ ਮਿਲਣ ਉਪਰੰਤ ਸਿੰਘਾਂ ਨੇ ਅੰਮ੍ਰਿਤਸਰ ਵਿਚ ਆਪਣਾ ਮੁਕਾਮ ਕਾਇਮ ਕਰ ਲਿਆ ਸੀ, ਪ੍ਰੰਤੂ ਇਹ ਰਾਹਤ ਵੀ ਵਕਤੀ ਸੀ। ਸਰਦਾਰ ਕਪੂਰ ਸਿੰਘ ਦੀ ਅਗਵਾਈ ਦੌਰਾਨ ਸਿੰਘਾਂ ਨੇ ਕਿਹੜੇ-ਕਿਹੜੇ ਮਾਅਰਕੇ ਮਾਰੇ, ਜੰਗਾਂ ਲੜੀਆਂ, ਸ਼ਾਹੀ ਖਜ਼ਾਨੇ ਲੁੱਟੇ ਅਤੇ ਹੋਰ ਕਸ਼ਟ ਸਹੇ, ਦਾ ਕਿਤਾਬ ਵਿਚ ਸੰਮਤ ਅਤੇ ਮਿਤੀਆਂ ਸਮੇਤ ਬਾਖੂਬੀ ਜ਼ਿਕਰ ਮਿਲਦਾ ਹੈ। ਛੋਟਾ ਘੱਲੂਘਾਰਾ, ਜੋ ਕਿ ਇਸ ਵੇਲੇ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਇਲਾਕੇ ਵਿਚ ਵਾਪਰਿਆ ਅਤੇ ਜਿਸ ਵਿਚ 8 ਤੋਂ 10 ਹਜ਼ਾਰ ਦੇ ਕਰੀਬ ਸਿੱਖ ਮਰਦ, ਔਰਤਾਂ ਅਤੇ ਬੱਚੇ ਸ਼ਹੀਦ ਹੋ ਗਏ, ਵੀ ਨਵਾਬ ਕਪੂਰ ਸਿੰਘ ਦੇ ਵੇਲੇ ਦੀ ਹੀ ਘਟਨਾ ਸੀ । ਪ੍ਰੰਤੂ ਲੱਖਾਂ ਦੀ ਮੁਗਲ ਫ਼ੌਜ ਦਾ ਘੇਰਾ ਤੋੜਨ ਵਿਚ ਉਹ ਸਫਲ ਰਹੇ ਅਤੇ ਉਸ ਵੇਲੇ ਉਨ੍ਹਾਂ ਦੇ ਨਾਲ ਸ. ਜੱਸਾ ਸਿੰਘ ਆਹਲੂਵਾਲੀਆ, ਬਾਬਾ ਦੀਪ ਸਿੰਘ, ਸੁੱਖਾ ਸਿੰਘ ਮਾੜੀ ਕੰਬੋਕੇ ਅਤੇ ਚੜ੍ਹਤ ਸਿੰਘ ਸ਼ੁਕਰਚਕੀਆ ਵਰਗੇ ਹੋਰ ਵੀ ਨਾਮੀ ਜਰਨੈਲ ਸ਼ਾਮਿਲ ਸਨ ਜੋ ਕਿ ਇਸ ਘੇਰੇ ਵਿਚੋਂ ਬਚ ਕੇ ਨਿਕਲ ਗਏ। ਲੇਖਕ ਅਨਸੁਾਰ ਨਵਾਬ ਸਾਹਿਬ ਦੇ ਸਰੀਰ ਦਾ ਕੋਈ ਵੀ ਅੰਗ ਅਜਿਹਾ ਨਹੀਂ ਸੀ ਜਿਸ 'ਤੇ ਫੱਟ ਨਾ ਲੱਗੇ ਹੋਣ।
ਸ. ਕਪੂਰ ਸਿੰਘ ਦੇ ਪਿਤਾ ਜੀ ਕਿਉਂਕਿ ਦਸਮ ਪਿਤਾ ਦੇ ਨਾਲ ਹੀ ਰਹੇ ਸਨ ਅਤੇ ਹਜ਼ੂਰ ਸਾਹਿਬ ਜਾਂਦੇ ਸਮੇਂ ਵੀ ਉਨ੍ਹਾਂ ਦੇ ਸਾਥੀ ਸਨ, ਇਸ ਲਈ ਦਸਮ ਪਿਤਾ ਦੇ ਪਰਿਵਾਰ ਦੀ ਉਨ੍ਹਾਂ ਉੱਪਰ ਬਹੁਤ ਬਖਸ਼ਿਸ਼ ਸੀ ਅਤੇ ਇਸ ਸਮੇਂ ਦੌਰਾਨ ਹੀ ਨੌਜਵਾਨ ਕਪੂਰ ਸਿੰਘ ਨੂੰ ਦਿੱਲੀ ਵਿਚ ਮਾਤਾ ਸੁੰਦਰੀ ਜੀ ਦੇ ਚਰਨਾਂ ਵਿਚੋਂ ਖ਼ਾਲਸੇ ਦੀ ਅਗਵਾਈ ਕਰਨ ਦੀ ਬਖਸ਼ਿਸ਼ ਹਾਸਿਲ ਹੋਈ। ਮਾਤਾ ਸੁੰਦਰੀ ਜੀ ਨੇ ਹੀ ਬਾਅਦ ਵਿਚ ਬਾਲਕ ਜੱਸਾ ਸਿੰਘ, ਜੋ ਕਿ ਪਿਛੋਂ ਮਹਾਨ ਸਿੱਖ ਜਰਨੈਲ ਅਤੇ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਜੋਂ ਮਸ਼ਹੂਰ ਹੋਏ, ਨੂੰ ਸਰਦਾਰ ਕਪੂਰ ਸਿੰਘ ਦੀ ਝੋਲੀ ਪਾਇਆ ਸੀ ਅਤੇ ਉਨਾਂ ਦੀ ਦੇਖ ਭਾਲ ਅਤੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਸੀ। ਮਾਤਾ ਜੀ ਦਾ ਹੁਕਮ ਮੰਨਦਿਆਂ ਸਰਦਾਰ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਨਾ ਕੇਵਲ ਯੁੱਧ ਵਿੱਦਿਆ ਅਤੇ ਸਿੱਖੀ ਵਾਲੇ ਸਰਬ-ਗੁਣਾਂ ਵਿਚ ਪ੍ਰਪੱਕ ਕੀਤਾ ਬਲਕਿ ਆਪਣੇ ਤੋਂ ਬਾਅਦ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਵੀ ਬਣਾਇਆ। ਇਹ ਵੀ ਉਸ ਵੇਲੇ ਦੀ ਇਕ ਵਿਲੱਖਣ ਮਿਸਾਲ ਹੀ ਕਹੀ ਜਾ ਸਕਦੀ ਹੈ ਕਿ ਸਰਦਾਰ ਕਪੂਰ ਸਿੰਘ ਨੇ ਆਪਣੇ ਪਰਿਵਾਰ ਵਿਚੋਂ ਕਿਸੇ ਨੂੰ ਆਪਣਾ ਉੱਤਰਾਧਿਕਾਰੀ ਬਣਾਉਣ ਦੀ ਬਜਾਏ ਕਾਬਲੀਅਤ ਨੂੰ ਤਰਜੀਹ ਦਿੰਦਿਆਂ ਸਰਦਾਰ ਜੱਸਾ ਸਿੰਘ ਨੂੰ ਇਹ ਬਖਸ਼ਿਸ਼ ਦਿੱਤੀ। ਭਾਵੇਂ ਕਿ ਕਪੂਰਥਲਾ ਦੇ ਮੌਜੂਦਾ ਵਾਸੀ ਅਤੇ ਕਈ ਇਤਿਹਾਸਕਾਰ ਕਪੂਰਥਲੇ ਨੂੰ ਕਿਸੇ ਰਾਜਸਥਾਨ ਦੇ ਵਸਨੀਕ ਰਾਣਾ ਕਪੂਰ ਦੇ ਨਾਂਅ ਨਾਲ ਜੋੜ ਕੇ ਇਸ ਦਾ ਨਾਮਕਰਨ ਹੋਇਆ ਦੱਸਦੇ ਹਨ ਪ੍ਰੰਤੂ ਕਿਤਾਬ ਦੇ ਲੇਖਕ ਅਨੁਸਾਰ ਇਸ ਸ਼ਹਿਰ ਦਾ ਨਾਂਅ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਗੁਰੂ ਅਤੇ ਰਹਿਬਰ ਨਵਾਬ ਕਪੂਰ ਸਿੰਘ ਦੇ ਨਾਂਅ 'ਤੇ ਹੀ ਰੱਖਿਆ ਸੀ। ਕਪੂਰਥਲੇ ਦਾ ਨਾਂਅ ਜੇਕਰ ਦੋ ਹਿਸਿਆਂ ਵਿਚ ਵੰਡ ਕੇ ਵੇਖਿਆ ਜਾਵੇ ਤਾਂ ਇਹ ਕਪੂਰ + ਥਲੇ (ਥਲ ਮਤਲਬ ਧਰਤੀ)- ਭਾਵ ਕਪੂਰ ਦੀ ਧਰਤੀ ਬਣਦਾ ਹੈ ਅਤੇ ਇੰਜ ਇਹ ਸਪੱਸ਼ਟ ਸੰਕੇਤ ਹੈ ਕਿ ਨਾਮਕਰਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਆਪਣੇ ਗੁਰੂ ਦੇ ਨਾਂਅ ਉੱਪਰ ਹੀ ਰੱਖਿਆ ਹੋਵੇਗਾ। ਕੁਝ ਲੋਕ ਇਹ ਵੀ ਦੱਸਦੇ ਹਨ ਕਿ ਜਿੰਨੀ ਦੇਰ ਤੀਕਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਗੱਦੀ 'ਤੇ ਬਿਰਾਜਮਾਨ ਰਹੇ ਉਹ ਨਵਾਬ ਕਪੂਰ ਸਿੰਘ ਦੀ ਇੱਕ ਵੱਡ ਅਕਾਰੀ ਤਸਵੀਰ ਆਪਣੇ ਦਰਬਾਰ ਵਿਚ ਲਗਾ ਕੇ ਰਖਦੇ ਸਨ। ਪ੍ਰੰਤੂ ਅੱਜ ਇਸ ਰਿਆਸਤ ਦੇ ਵਸਨੀਕ ਇਸ ਸ਼ਹਿਰ ਅਤੇ ਰਿਆਸਤ ਦੇ ਨਾਮਕਰਨ ਨੂੰ ਨਵਾਬ ਕਪੂਰ ਸਿੰਘ ਦੇ ਨਾਂਅ 'ਤੇ ਰੱਖੇ ਜਾਣ ਨੂੰ ਨਹੀਂ ਮੰਨਦੇ।
ਮਹਾਰਾਜਾ ਰਣਜੀਤ ਸਿੰਘ ਵਲੋਂ ਸਿੰਘਪਰਾ ਵਿਰਕਾਂ ਤੋਂ ਖੋਹਿਆ ਜਾਣਾ : ਦੰਦ ਕਥਾਵਾਂ ਵਿਚ ਤਾਂ ਪਹਿਲਾਂ ਵੀ ਪਿੰਡ ਵਿਚੋਂ ਇਹ ਕਈ ਵਾਰ ਸੁਣਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਵਲੋਂ ਕੁਝ ਨਾ ਮੰਨੇ ਜਾਣ ਵਾਲੀਆਂ ਸ਼ਰਤਾਂ ਸਦਕਾ ਨਵਾਬ ਕਪੂਰ ਸਿੰਘ ਵਲੋਂ ਸਥਾਪਿਤ ਪਿੰਡ ਸਿੰਘਪੁਰਾ ਵਿਰਕਾਂ ਕੋਲੋਂ ਇਕ ਤਰ੍ਹਾਂ ਧੱਕੇ ਨਾਲ ਖੋਹ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਸਤਲੁਜ ਪਾਰ ਦੇ ਉਸ ਇਲਾਕੇ ਵਿਚ ਜਾਣ ਲਈ ਮਜਬੂਰ ਕਰ ਦਿੱਤਾ ਗਿਆ ਸੀ ਜੋ ਕਿ ਪਹਿਲਾਂ ਤੋਂ ਹੀ ਜਿੱਤਿਆ ਹੋਣ ਕਾਰਨ ਵਿਰਕਾਂ ਦੀ ਰਿਆਸਤ ਦਾ ਹਿੱਸਾ ਸੀ, ਪਰ ਨਵਾਬ ਸਾਹਿਬ ਦੇ ਵਾਰਸਾਂ ਦਾ ਵਾਸਾ ਸਿੰਘਪੁਰੇ ਹੀ ਸੀ। ਕਿਤਾਬ ਵਿਚ ਇਸ ਚੀਜ਼ ਦਾ ਜ਼ਿਕਰ ਹੈ ਕਿ ਰਣਜੀਤ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਭਰਾਤਾ ਸ. ਦਾਨ ਸਿੰਘ ਦੇ ਪੋਤਰਿਆਂ ਕੰਵਰ ਬੁੱਧ ਸਿੰਘ ਅਤੇ ਸੁੱਧ ਸਿੰਘ ਨੂੰ ਸਿੰਘਪੁਰਾ ਛੱਡਣ ਲਈ ਮਜਬੂਰ ਕਰ ਦਿੱਤਾ ਸੀ ਅਤੇ ਉਹ ਸਮੇਤ ਪਰਿਵਾਰ ਸਤਲੁਜ ਦਰਿਆ ਦੇ ਪਾਰ ਆਪਣੀਆਂ ਜਗੀਰਾਂ, ਜੋ ਕਿ ਭਰਤਗੜ੍ਹ, ਘਨੌਲੀ, ਮਨੌਲੀ, ਬੁੰਗਾ, ਅਟੱਲਗੜ੍ਹ, ਬੇਲਾ ਅਤੇ ਘਨੌਲਾ ( ਇਸ ਵੇਲੇ ਦਾ ਲਗਭਗ ਪੂਰਾ ਰੂਪਨਗਰ ਜ਼ਿਲ੍ਹਾ) ਵਿਖੇ ਸਨ, ਚਲੇ ਗਏ ਅਤੇ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਅੱਜ ਤੀਕਰ ਵੀ ਉਸੇ ਜਗ੍ਹਾ ਉੱਪਰ ਵਸ ਰਹੀਆਂ ਹਨ। ਇਹ ਵੀ ਇਕ ਬੁਝਾਰਤ ਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਤ੍ਰਿਸਕਾਰ ਭਰਿਆ ਕੰਮ ਉਸ ਮਹਾਨ ਜਰਨੈਲ ਦੇ ਪਰਿਵਾਰ ਨਾਲ ਕਿਉਂ ਕੀਤਾ, ਜੋ ਉਨ੍ਹਾਂ ਦੇ ਪਿਤਾ ਜੀ ਦੇ ਸਮੇਂ ਵਿਚ ਹੀ ਸਿੱਖ ਕੌਮ ਦੀ ਅਗਵਾਈ ਕਰ ਰਿਹਾ ਸੀ ਅਤੇ ਸਿੱਖਾਂ ਨੂੰ ਮੁਸੀਬਤਾਂ ਦੇ ਸਮੇਂ ਵਿਚ ਨਾ ਸਿਰਫ ਇਕੱਠਿਆਂ ਕੀਤਾ, ਸਗੋਂ ਉਨ੍ਹਾਂ ਦੀ ਯੋਗ ਅਗਵਾਈ ਕਰ ਕੇ ਉਨ੍ਹਾਂ ਨੂੰ ਇਕ ਸੁਰੱਖਿਅਤ ਜਗ੍ਹਾ ਮੁਹੱਈਆ ਕਰਵਾਈ। ਵਿਰਕਾਂ ਕੋਲੋਂ ਸਿੰਘਪੁਰਾ ਖੋਹਣ ਬਾਬਤ ਕਿਤਾਬ ਵਿਚ ਬਹੁਤਾ ਜ਼ਿਕਰ ਨਹੀਂ ਮਿਲਦਾ। ਮਾਤਰ ਇਤਨਾ ਹੀ ਜ਼ਿਕਰ ਹੈ ਕਿ ਵਿਰਕ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਹਾਜ਼ਰੀ ਭਰਨ ਤੋਂ ਇਨਕਾਰੀ ਸਨ। ਪ੍ਰੰਤੂ ਇਹ ਵੀ ਇਕ ਖੋਜ ਦਾ ਵਿਸ਼ਾ ਹੈ ਕਿ ਇਹ ਕੰਮ ਰਣਜੀਤ ਸਿੰਘ ਦੁਆਰਾ ਕਿਉਂ ਕੀਤਾ ਗਿਆ, ਜਿਸ ਦੇ ਰਾਜ ਨੂੰ ਆਦਰਸ਼ ਖ਼ਾਲਸਾ ਰਾਜ ਵਜੋਂ ਅੱਜ ਵੀ ਜਾਣਿਆਂ ਜਾਂਦਾ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀਆਂ ਯਾਦਗਾਰਾਂ ਦੀ ਸਥਾਪਨਾ : ਕਿਉਂਕਿ ਸਿੰਘਪੁਰਾ ਛੱਡਣ ਉਪਰੰਤ ਸਿੰਘਪੁਰੀਏ ਵਿਰਕ ਸਤਲੁਜ ਤੋਂ ਪਾਰਲੇ ਉੱਪਰ ਦੱਸੇ ਇਲਾਕਿਆਂ ਵਿਚ ਚਲੇ ਗਏ ਸਨ, ਤਾਂ ਇਨ੍ਹਾਂ ਵਿਚੋਂ ਬੇਲੇ ਦੀ ਜਗੀਰ ਸਰਦਾਰ ਹਰਦਿਆਲ ਸਿੰਘ ਵਿਰਕ ਦੇ ਹਿੱਸੇ ਆਈ ਸੀ। ਇਹ ਉਹ ਜਗ੍ਹਾ ਸੀ ਜਿਥੇ ਲੱਖਾਂ ਦੀ ਮੁਗਲ ਫ਼ੌਜ ਦਾ ਟਾਕਰਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਮੇਤ ਅਨੇਕ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਸਨ। 1705 ਈਸਵੀ ਵਿਚ ਹੋਈ ਇਸ ਦੁਨੀਆ ਦੀ ਸਭ ਤੋਂ ਅਸਾਵੀਂ ਜੰਗ ਦੇ ਸਥਾਨ 'ਤੇ 1820 ਤੀਕਰ ਕੋਈ ਵੀ ਯਾਦਗਾਰ ਨਹੀਂ ਸੀ ਉਸਾਰੀ ਗਈ। ਸਰਦਾਰ ਹਰਦਿਆਲ ਸਿੰਘ ਵਿਰਕ ਨੇ ਪੁਰਾਣੇ ਬਜ਼ੁਰਗਾਂ ਕੋਲੋਂ ਪੁੱਛ ਕੇ ਇਸ ਸਥਾਨ ਦੀ ਨਿਸ਼ਾਨਦੇਹੀ ਕਰਨ ਉਪਰੰਤ ਆਪਣੀ ਜਗੀਰ ਵਿਚ ਪੈਂਦੀ ਇਸ ਜਗ੍ਹਾ ਉਪਰ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਵਿਚ ਗੁਰਦਵਾਰਾ ਕਤਲਗੜ੍ਹ ਸਾਹਿਬ ਸ਼ਹੀਦਗੰਜ, ਸ੍ਰੀ ਚਮਕੌਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ, ਜੋ ਕਿ 1831 ਵਿਚ ਮੁਕੰਮਲ ਹੋਈ। ਉਨ੍ਹਾਂ ਦੁਆਰਾ ਇਸ ਜਗ੍ਹਾ 'ਤੇ ਇਕ ਬਾਉਲੀ ਦੀ ਤਾਮੀਰ ਵੀ ਕਰਵਾਈ ਗਈ ਜੋ ਕਿ ਅੱਜ ਵੀ ਮੌਜੂਦ ਹੈ। ਪ੍ਰੰਤੂ ਬਾਕੀ ਇਤਿਹਾਸਕ ਗੁਰਦੁਆਰਿਆਂ ਵਾਂਗ ਬਾਅਦ ਵਿਚ 'ਕਾਰ ਸੇਵਾ' ਵਾਲੇ ਬਾਬਿਆਂ ਦੁਆਰਾ 1962 ਦੇ ਆਸ ਪਾਸ ਸ. ਹਰਦਿਆਲ ਸਿੰਘ ਵਿਰਕ ਦੁਆਰਾ ਤਾਮੀਰ ਕਰਵਾਈ ਗਈ ਯਾਦਗਾਰ ਦਾ ਸਰੂਪ ਵੀ ਬਦਲ ਦਿੱਤਾ ਗਿਆ। ਕਿਤਾਬ ਵਿਚ ਇਕ ਵਿਲੱਖਣ ਤੱਥ ਦਾ ਜ਼ਿਕਰ ਹੈ ਕਿ ਸ. ਹਰਦਿਆਲ ਸਿੰਘ ਦੁਆਰਾ ਯਾਦਗਾਰ ਬਣਾਏ ਜਾਣ ਉੇਪਰੰਤ ਗੁਰੂ ਘਰ ਦੇ ਗ੍ਰੰਥੀ ਪਾਸੋਂ ਇਹ ਅਰਦਾਸ ਵੀ ਕਰਵਾਈ ਗਈ ਸੀ ਕਿ ਉਨ੍ਹਾਂ ਦੀ ਅੱਗੇ ਤੋਂ ਕੋਈ ਔਲਾਦ ਨਾ ਹੋਵੇ ਤਾਂ ਜੋ ਉਨ੍ਹਾਂ ਦੁਆਰਾ ਆਪਣੀ ਜਾਇਦਾਦ ਉਪਰ ਤਾਮੀਰ ਕਰਵਾਈ ਸ਼ਹੀਦਾਂ ਦੀ ਯਾਦਗਾਰ ਅਤੇ ਜ਼ਮੀਨ ਉੱਪਰ ਕੋਈ ਵੀ ਦਾਅਵਾ ਨਾ ਕਰ ਸਕੇ। ਇੰਜ ਇਸ ਉਪਰੰਤ ਸਰਦਾਰ ਹਰਦਿਆਲ ਸਿੰਘ ਵਿਰਕ ਨਾਵਲਦ ਹੀ ਰਹੇ ਅਤੇ ਉਨ੍ਹਾਂ ਦੀ ਕੋਈ ਵੀ ਔਲਾਦ ਨਹੀਂ ਹੋਈ। ਬੇਲੇ ਵਿਚ ਸਰਦਾਰ ਹਰਦਿਆਲ ਸਿੰਘ ਵਿਰਕ ਦਾ ਇਕ ਜੱਦੀ ਮਹਿਲ ਸੀ, ਜਿਸ ਨੂੰ 1970 ਦੇ ਨੇੜੇ ਤੇੜੇ ਢਾਹ ਕੇ ਇਥੇ ਇਕ ਡਿਗਰੀ ਕਾਲਜ, ਫਾਰਮੇਸੀ ਕਾਲਜ ਅਤੇ ਸਕੂਲ ਬਣਾ ਦਿੱਤਾ ਗਿਆ ਜੋ ਕਿ ਅੱਜ ਵੀ ਚੱਲ ਰਹੇ ਹਨ।
ਸਰਦਾਰ ਹਰਦਿਆਲ ਸਿੰਘ ਦੇ ਪਰਿਵਾਰ ਤੋਂ ਇਲਾਵਾ ਭਰਤਗੜ੍ਹ, ਘਨੌਲੀ, ਮਨੌਲੀ, ਮਨੌਲਾ ਅਤੇ ਬੁੰਗਾ ਆਦਿਕ ਇਲਾਕਿਆਂ ਵਿਚ ਵਸ ਰਹੇ ਨਵਾਬ ਕਪੂਰ ਸਿੰਘ ਦੇ ਵੰਸ਼ਜ਼ਾਂ ਬਾਬਤ ਕਿਤਾਬ ਵਿਚ ਮੁਕੰਮਲ ਜਾਣਕਾਰੀ ਕੁਰਸੀਨਾਮੇ ਸਮੇਤ ਦਰਜ ਹੈ। ਕਈ ਥਾਵਾਂ ਉਪਰ ਕੁਝ ਵੰਸ਼ਜ਼ਾਂ ਬਾਬਤ ਜਾਣਕਾਰੀ ਅਧੂਰੀ ਹੈ ਅਤੇ ਕੁਝ ਖਲ਼ਾਅ ਵੇਖਣ ਨੂੰ ਜ਼ਰੂਰ ਮਿਲਦੇ ਹਨ ਜੋ ਕਿ ਹੋਰ ਖੋਜ ਉਪਰੰਤ ਪੂਰੇ ਜਾ ਸਕਦੇ ਹਨ।
ਵਿਰਕਾਂ ਦੇ ਵੰਸ਼ਜ਼ਾਂ ਵਲੋਂ ਸਿੰਘਪੁਰੇ ਵੱਲ ਵਾਪਸੀ : ਜਿਵੇਂ ਕਿ ਉੱਪਰ ਲਿਖਿਆ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਸਿੰਘਪੁਰੀਆ ਮਿਸਲ ਦੇ ਵਾਰਿਸਾਂ ਕੰਵਰ ਬੁੱਧ ਸਿੰਘ ਅਤੇ ਸ. ਸੁੱਧ ਸਿੰਘ ਨੂੰ ਸਿੰਘਪੁਰਾ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਉਹ ਸਤਲੁਜ ਪਾਰ ਆਪਣੀਆਂ ਜਗੀਰਾਂ ਵਿਚ ਚਲੇ ਗਏ ਸਨ। ਕਿਤਾਬ ਅਨੁਸਾਰ ਬੁੰਗੇ ਵਾਲੇ ਵਿਰਕ ਸਰਦਾਰਾਂ ਵਿਚੋਂ ਲਹਿਣਾ ਸਿੰਘ ਅਤੇ ਉਸ ਦਾ ਸਪੁੱਤਰ ਅਤਰ ਸਿੰਘ 1886 ਦੇ ਆਸ-ਪਾਸ ਆਪਣੇ ਪੁਰਾਣੇ ਪਿੰਡ ਸਿੰਘਪੁਰੇ ਆਪਣੀ ਜਾਗੀਰ 'ਤੇ ਦਾਅਵਾ ਕਰਨ ਹਿੱਤ ਵਾਪਸ ਆ ਗਏ ਸਨ ਅਤੇ ਇਹ ਵਾਕਿਆ ਪੰਜਾਬ ਵਿਚੋਂ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਅਤੇ ਸੂਬੇ ਦੇ ਅੰਗਰੇਜ਼ੀ ਰਾਜ ਵਿਚ ਸ਼ਾਮਿਲ ਕੀਤੇ ਜਾਣ ਦੇ ਸਮੇਂ ਤੋਂ ਬਾਅਦ ਦਾ ਹੈ। ਲੇਖਕ ਦੀ ਖੋਜ ਅਨੁਸਾਰ ਅਤਰ ਸਿੰਘ, ਜੋ ਕਿ ਸਰਦਾਰ ਬੁੱਧ ਸਿੰਘ ਦਾ ਪੜਪੋਤਰਾ ਸੀ, ਦੁਆਰਾ ਪਿੰਡ ਸਿੰਘਪੁਰੇ ਵਿਚ ਇਕ ਖੂਹ ਦੀ ਉਸਾਰੀ ਕਰਵਾਏ ਜਾਣ ਦੌਰਾਨ ਉਸ ਵਿਚ ਇਕ ਇੱਟ ਆਪਣੇ ਨਾਂਅ ਦੀ ਲਗਵਾਈ ਗਈ ਸੀ। ਉਨ੍ਹਾਂ ਦੁਆਰਾ ਲਗਵਾਈ ਗਈ ਇਹ ਇੱਟ ਉਨ੍ਹਾਂ ਦੀ ਵਾਪਸੀ ਦੀ ਸ਼ਾਅਦੀ ਭਰਦੀ ਹੈ। ਸਾਡੇ ਵੱਡਿਆਂ ਦੀ ਜ਼ੁਬਾਨੀ ਜੋ ਸੀਨਾ-ਬਾ-ਸੀਨਾ ਗੱਲ ਸਾਡੇ ਤੀਕਰ ਪਹੁੰਚੀ, ਉਸ ਮੁਤਾਬਿਕ ਸਾਨੂੰ ਵੀ ਸਿੰਘਪੁਰੇ ਦੀ ਜ਼ਮੀਨ ਦਾ ਆਪਣਾ ਹਿੱਸਾ ਉਸ ਖੂਹ ਵਿਚ ਬੋਲਦੀ ਇੱਟ ਦੀ ਬਦੌਲਤ ਹੀ ਹਾਸਿਲ ਹੋਇਆ ਸੀ। ਇਸ ਵੇਲੇ ਵੀ ਵਿਰਕਾਂ ਦੇ ਕੋਈ 8 ਤੋਂ ਵਧੇਰੇ ਪਰਿਵਾਰ ਸਿੰਘਪੁਰੇ ਦੇ ਵਸਨੀਕ ਹਨ, ਜੋ ਕਿ ਸਿੱਧੇ ਤੌਰ 'ਤੇ ਨਵਾਬ ਕਪੂਰ ਸਿੰਘ ਦੇ ਖਾਨਦਾਨ ਨਾਲ ਸੰਬੰਧਿਤ ਹਨ। ਭਾਵੇਂ ਕਿ ਇਸ ਪਿੰਡ ਵਿਚ ਦਾਸੂਵਾਲੀਆਂ ਅਤੇ ਗੰਡੀਵਿੰਡੀਆਂ ਦੇ ਪਰਿਵਾਰ ਵੀ ਹਨ ਜੋ ਕਿ ਸਰਦਾਰ ਜਵੰਦ ਸਿੰਘ ਵਿਰਕ ਦੋ ਲੜਕੀਆਂ ਹੀ ਹੋਣ ਸਦਕਾ, ਜੋ ਕਿ ਇਨ੍ਹਾਂ ਪਿੰਡਾਂ ਵਿਚ ਵਿਆਹੀਆਂ ਗਈਆਂ ਸਨ, ਕਾਰਨ ਉਨ੍ਹਾਂ ਦੇ ਪਰਿਵਾਰ ਆਪਣੀ ਨਾਨਕ ਢੇਰੀ ਉਪਰ ਆ ਬੈਠੇ ਸਨ। ਅੱਜ ਵੀ ਵਿਰਕਾਂ ਤੋਂ ਇਲਾਵਾ ਦਾਸੂਵਾਲੀਆਂ ਅਤੇ ਗੰਡੀਵਿੰਡੀਆਂ ਦੇ ਪਰਿਵਾਰ ਸਿੰਘਪੁਰੇ ਦੇ ਵਸਨੀਕ ਹਨ ਅਤੇ ਚੋਖੀ ਜ਼ਮੀਨ ਜਾਇਦਾਦ ਦੇ ਮਾਲਕ ਹਨ।
ਸ੍ਰੀ ਹਰਿਮੰਦਰ ਸਾਹਿਬ ਵਿਚ ਬੁੰਗੇ ਦੀ ਉਸਾਰੀ : ਪੁਰਾਤਨ ਸਮਿਆਂ ਵਿਚ ਇਕ ਇਹ ਵੀ ਰਿਵਾਜ਼ ਸੀ ਕਿ ਇਕ ਇਲਾਕੇ ਦੇ ਸਿਰਕੱਢ ਲੋਕ ਧਾਰਮਿਕ ਸਥਾਨਾਂ ਦੇ ਆਸ ਪਾਸ ਆਪਣੇ ਪਿੰਡਾਂ ਦੇ ਨਾਂਅ 'ਤੇ ਬੁੰਗਿਆਂ ਦੀ ਉਸਾਰੀ ਕਰਵਾਇਆ ਕਰਦੇ ਸਨ ਜਿਥੇ ਕਿ ਯਾਤਰੀ ਰਾਤ ਹੋਣ ਦੇ ਸਮੇਂ ਠਹਿਰ ਜਾਇਆ ਕਰਦੇ ਸਨ। ਅਜਿਹੇ ਅਨੇਕ ਬੁੰਗੇ ਪਿੰਡਾਂ ਅਤੇ ਸਰਦਾਰਾਂ ਦੇ ਨਾਂਅ 'ਤੇ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਤਰਨ ਤਾਰਨ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਆਸ ਪਾਸ ਬਣੇ ਹੋਏ ਹਨ। ਇਸੇ ਤਰਜ ਤੇ ਹੀ ਸ. ਬੁੱਧ ਸਿੰਘ ਅਤੇ ਬਾਅਦ ਵਿਚ ਸ. ਅਤਰ ਸਿੰਘ ਦੁਆਰਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਦੋ ਬੁੰਗਿਆਂ ਦਾ ਨਿਰਮਾਣ ਵੀ ਕਰਵਾਇਆ ਗਿਆ। ਇਹ ਬੁੰਗੇ ਉਸ ਜਗ੍ਹਾ ਤੇ ਸਨ ਜਿਥੇ ਅੱਜਕਲ੍ਹ ਕੜਾਹ ਪ੍ਰਸ਼ਾਦ ਦੀ ਦੇਗ ਦੀ ਪਰਚੀ ਕੱਟੀ ਜਾਂਦੀ ਹੈ।
ਮਹਾਨ ਜਰਨੈਲ ਦਾ ਅਕਾਲ ਚਲਾਣਾ ਅਤੇ ਸ. ਜੱਸਾ ਸਿੰਘ ਨੂੰ ਆਪਣਾ ਉੱਤਰਾਧਿਕਾਰੀ : ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਪਿਛੋਂ ਡਾਵਾਂਡੋਲ ਹੋਈ ਕੌਮ ਦੀ 1723 ਈਸਵੀ ਤੋਂ ਲੈ ਕੇ ਕੋਈ ਤਿੰਨ ਤੋਂ ਸਾਢੇ ਤਿੰਨ ਦਹਾਕਿਆਂ ਦੇ ਕਰੀਬ ਸਿੱਖ ਪੰਥ ਦੀ ਅਗਵਾਈ ਕਰਨ ਵਾਲੇ ਅਤੇ ਮੁਗਲੀਆ ਹਕੂਮਤ ਦੇ ਨੱਕ ਵਿਚ ਦਮ ਕਰੀ ਰੱਖਣ ਵਾਲੇ ਇਸ ਮਹਾਨ ਜਰਨੈਲ ਦਾ ਦਿਹਾਂਤ 1753 (ਕੁਝ ਇਤਹਾਸਕਾਰਾਂ ਅਨੁਸਾਰ 1763 ਈਸਵੀ) ਵਿਚ ਬੰਦੂਕ ਦੇ ਕਿਸੇ ਪੁਰਾਣੇ ਜ਼ਖਮ ਦੇ ਵਿਗੜ ਜਾਣ ਕਾਰਨ ਹੋ ਗਿਆ। ਇਨ੍ਹਾਂ 30-35 ਸਾਲਾਂ ਦੌਰਾਨ ਕੋਈ ਵੀ ਅਹਿਮ ਵਾਕਿਆ ਅਜਿਹਾ ਨਹੀਂ ਸੀ ਜਿਸ ਵਿਚ ਕਿ ਨਵਾਬ ਕਪੂਰ ਸਿੰਘ ਨੇ ਸ਼ਾਮੂਲੀਅਤ ਨਾ ਕੀਤੀ ਹੋਵੇ। ਪਰ ਗੁਰਪੁਰੀ ਸਿਧਾਰਨ ਤੋਂ ਪਹਿਲਾਂ ਉਨ੍ਹਾਂ ਨੇ ਇਕ ਪੰਥਕ ਇਕੱਠ ਵਿਚ ਸ. ਜੱਸਾ ਸਿੰਘ ਨੂੰ ਆਪਣਾ ਜਾਨਸ਼ੀਨ ਥਾਪਿਆ ਅਤੇ ਸਮੂਹ ਸਿੱਖ ਸੰਗਤ ਨੂੰ ਆਪਣਾ ਪੂਰਾ ਸਹਿਯੋਗ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੇ ਜਾਣ ਲਈ ਕਿਹਾ। ਇਸ ਵੇਲੇ ਉਨ੍ਹਾਂ ਨੇ ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ, ਜੋ ਕਿ ਉਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲੋਂ ਪ੍ਰਾਪਤ ਹੋਈ ਸੀ, ਸਰਦਾਰ ਜੱਸਾ ਸਿੰਘ ਨੂੰ ਬਖਸ਼ੀ ਅਤੇ ਜਥੇਦਾਰੀ ਸਰਦਾਰ ਜੱਸਾ ਸਿੰਘ ਦੇ ਸਪੁਰਦ ਕਰ ਕੇ ਸੱਚਖੰਡ ਜਾ ਵਸੇ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਬਾ ਅਟੱਲ ਰਾਏ ਜੀ ਦੇ ਦੇਹੁਰੇ ਪਾਸ ਕੀਤਾ ਗਿਆ ਅਤੇ ਬਾਅਦ ਵਿਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਸ. ਰਣਧੀਰ ਸਿੰਘ ਨੇ ਨਵਾਬ ਕਪੂਰ ਸਿੰਘ ਦੇ ਸਸਕਾਰ ਵਾਲੇ ਸਥਾਨ ਤੇ ਉਨ੍ਹਾਂ ਦੀ ਯਾਦ ਵਿਚ ਇਕ ਸਮਾਧ ਵੀ ਬਣਵਾਈ ਜੋ ਕਿ 1923 ਤੀਕਰ ਕਾਇਮ ਰਹੀ ਪ੍ਰੰਤੂ ਬਾਅਦ ਵਿਚ ਮਿਟਾ ਦਿੱਤੀ ਗਈ। ਪਤਾ ਲੱਗਣ 'ਤੇ ਉਸ ਸਮਾਧ ਦਾ ਮਲਬਾ ਸਿੰਘਪੁਰੇ ਦੇ ਲੋਕ ਪਿੰਡ ਲੈ ਆਏ ਅਤੇ ਉਸ ਜਗ੍ਹਾ 'ਤੇ ਸਥਾਪਤ ਕਰ ਦਿੱਤਾ ਜਿੱਥੇ ਅੱਜਕੱਲ੍ਹ ਨਵਾਬ ਕਪੂਰ ਸਿੰਘ ਜੀ ਦੀ ਯਾਦਗਾਰ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਰੀ ਹੋਈ ਹੈ।
ਕਿਤਾਬ ਨਵਾਬ ਕਪੂਰ ਸਿੰਘ ਜੀ ਦੇ ਜੀਵਨ, ਸਿੱਖ ਪੰਥ ਲਈ ਕੀਤੇ ਗਏ ਕੰਮਾਂ ਅਤੇ ਹੋਰ ਅਨੇਕਾਂ ਕਾਰਨਾਮਿਆਂ ਬਾਬਤ ਭਰਪੂਰ ਜਾਣਕਾਰੀ ਹੈ ਅਤੇ ਲੇਖਕ ਦੁਆਰਾ ਅਨੇਕ ਇਤਿਹਾਸਕ ਸੋਮਿਆਂ ਅਤੇ ਨਵਾਬ ਸਾਹਿਬ ਦੇ ਮੌਜੂਦਾ ਵੰਸ਼ਜ਼ਾਂ ਕੋਲੋਂ ਜਾ ਕੇ ਇਕੱਤਰ ਕੀਤੀ ਗਈ ਸਮੱਗਰੀ 'ਤੇ ਆਧਾਰਿਤ ਇਕ ਨਿੱਗਰ ਖੋਜ ਦਸਤਾਵੇਜ਼ ਹੈ, ਜੋ ਕਿ ਇਸ ਵਿਸ਼ੇ ਤੇ ਹੋਰ ਖੋਜ ਕਰਤਾਵਾਂ ਲਈ ਇਕ ਰਾਹ ਦਸੇਰਾ ਬਣ ਸਕਦੀ ਹੈ। (ਸਮਾਪਤ)
-ਪ੍ਰਿੰਸੀਪਲ (ਰਿਟ.), ਐਮ. ਆਰ. ਸਰਕਾਰੀ ਕਾਲਜ, ਫਾਜ਼ਿਲਕਾ ਅਤੇ ਟਾਂਡਾ ਉੜਮੁੜ।

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਰਚਿਆ ਇਤਿਹਾਸ, ਪਹਿਲਾ ਨਿੱਜੀ ਰਾਕੇਟ ਸਫ਼ਲਤਾਪੂਰਵਕ ਲਾਂਚ ਅਗਲੀ ਖ਼ਬਰ ਅੱਜ ਨਿਊ ਜਰਸੀ ਵਿਚ ਲਿਖਿਆ ਜਾਵੇਗਾ ਫੁੱਟਬਾਲ ਦਾ ਨਵਾਂ ਇਤਿਹਾਸ
Ad Position 24
No active advertisement