ਜਲੰਧਰ, 9 ਜੁਲਾਈ (ਜਤਿੰਦਰ ਪੰਮੀ)–ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਚੋਣ ਮੈਨੀਫੈਸਟੋ ’ਚ ਨੰਬਰਦਾਰਾਂ ਨਾਲ ਕੀਤੇ ਗਏ ਵਾਅਦੇ ਹਾਲੇ ਤਕ ਪੂਰੇ ਨਹੀਂ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਨੰਬਰਦਾਰਾਂ ਨੂੰ ਕਈ ਵਾਰ ਚੰਡੀਗੜ੍ਹ ’ਚ ਮੀਟਿੰਗ ਦਾ ਸਮਾਂ ਦੇ ਕੇ ਬੁਲਾਇਆ ਪਰ ਨਹੀਂ ਮਿਲੇ, ਜਿਸ ਕਾਰਨ ਨੰਬਰਦਾਰਾਂ ’ਚ ਰੋਸ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਤੇ ਸਾਥੀਆਂ ਨੇ ਤਹਿਸੀਲ ਕੰਪਲੈਕਸ ’ਚ ਬਣੇ ਆਪਣੇ ਦਫਤਰ ’ਚ ਗੱਲਬਾਤ ਕਰਦਿਆਂ ਕੀਤਾ। ਪ੍ਰਧਾਨ ਗੁਰਦੇਵ ਲਾਲ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਨੰਬਰਦਾਰਾਂ ਦਾ ਮਾਣ ਭੱਤਾ ਤਿੰਨ ਹਜ਼ਾਰ ਰੁਪਏ ਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਗੱਲ ਕਹੀ ਗਈ ਸੀ। ਸਰਕਾਰ ਬਣੀ ਨੂੰ ਚਾਰ ਸਾਲ ਤੋਂ ਉੱਪਰ ਹੋ ਗਏ ਹਨ ਪਰ ਨੰਬਰਦਾਰਾਂ ਦੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਯੂਨੀਅਨ ਦੇ ਆਗੂ ਸਮੇਂ-ਸਮੇਂ ’ਤੇ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗਾਂ ਕਰਦੇ ਰਹੇ ਹਨ ਅਤੇ ਮੰਗ ਪੱਤਰ ਵੀ ਦਿੰਦੇ ਰਹੇ ਹਨ ਪਰ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਅੱਜ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਵੀ ਮਿਲ ਚੁੱਕੀ ਹੈ ਪਰ ਉਨ੍ਹਾਂ ਨੇ ਕਈ ਵਾਰ ਚੰਡੀਗੜ੍ਹ ਮੀਟਿੰਗ ਦਾ ਕਹਿ ਕੇ ਵੀ ਨੰਬਰਦਾਰਾਂ ਦੀ ਸੂਬਾ ਬਾਡੀ ਨਾਲ ਮੀਟਿੰਗ ਨਹੀਂ ਕੀਤੀ। ਨੰਬਰਦਾਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ, ਜਲੰਧਰ ਤਹਿਸੀਲ -2 ਦੇ ਪ੍ਰਧਾਨ ਕੈਲਾਸ਼ ਕੁਮਾਰ, ਨਵਜੋਤ ਸਿੰਘ, ਜਰਨੈਲ ਸਿੰਘ, ਇੰਦਰਜੀਤ ਸਿੰਘ, ਗੁਰਵਿੰਦਰ ਸਿੰਘ, ਸਤਪਾਲ, ਰੇਸ਼ਮ ਪਾਲ ਸਿੰਘ ਬਿੱਟਾ, ਬਲਵਿੰਦਰ ਬੰਗਾ ਵੀ ਮੌਜੂਦ ਸਨ।