02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਨੇ ਹੀ ਦੇਸ਼ ਅੰਦਰ ਅੰਦੋਲਨ ਕਰਨ ਵਾਸਤੇ ਲੋਕਾਂ ’ਚ ਭਰਿਆ ਉਤਸ਼ਾਹ-ਆਦਿਤੀ ਪੰਜਾਬ ਭਰ ’ਚੋਂ ਪੁੱਜੀਆਂ ਖੱਬੇਪੱਖੀ, ਜਮਹੂਰੀ ਤੇ ਵਿਦਿਆਰਥੀ ਜਥੇਬੰਦੀਆਂ ਨੇ ਦਿੱਲੀ ’ਚ ਹੋਏ ਦਮਨ ਵਿਰੁੱਧ ਕੀਤਾ ਰੋਸ ਮਾਰਚ

Ad Position 21
No active advertisement
ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਜਤਿੰਦਰ ਪੰਮੀ) -ਕੁਝ ਸਾਲ ਪਹਿਲਾਂ ਪੰਜਾਬ ’ਚੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਉੱਠੇ ਕਿਸਾਨੀ ਸੰਘਰਸ਼ ਨੇ ਨਾ ਸਿਰਫ਼ ਜਿੱਤ ਦਰਜ ਕੀਤੀ, ਬਲਕਿ ਦੇਸ਼ ਦੀ ਕੇਂਦਰ ਵਿਚਲੀ ਜ਼ਾਲਮ ਸਰਕਾਰ ਵਿਰੁੱਧ ਅੰਦੋਲਨ ਕਰਨ ਲਈ ਲੋਕਾਂ ਅੰਦਰ ਉਤਸ਼ਾਹ ਭਰਿਆ । ਇਸ ਲਈ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ’ਚ ਪਾਏ ਯੋਗਦਾਨ ਵਾਂਗ ਹੀ ਮੌਜੂਦਾ ਕੇਂਦਰ ਸਰਕਾਰ ਖ਼ਿਲਾਫ਼ ਦੇਸ਼ ਅੰਦਰ ਸੰਘਰਸ਼ ਦਾ ਬਿਗੁਲ ਵਜਾਇਆ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਜਵਾਹਰ ਲਾਲ ਨਹਿਰੂ ਯੂਨੀਵਰਸਿਟੀ’ ਨਵੀਂ ਦਿੱਲੀ ਦੀ ਵਿਦਿਆਰਥੀ ਯੂਨੀਅਨ (ਜੇ.ਐਨ.ਯੂ.ਐਸ.ਯੂ.) ਦੀ ਚੁਣੀ ਹੋਈ ਪ੍ਰਧਾਨ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਕੌਮੀ ਆਗੂ ਸਾਥੀ ਆਦਿਤੀ ਨੇ ਸ਼ਨਿਚਰਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਦਿੱਲੀ ਪੁਲਿਸ ਤੇ ਸੰਘ ਪ੍ਰੀਵਾਰ ਦੇ ਗੁੰਡਿਆਂ ਵਲੋਂ ਨਵੀਂ ਦਿੱਲੀ ਵਿਖੇ ਨੌਜਵਾਨਾਂ-ਵਿਦਿਆਰਥੀਆਂ ਤੇ ਆਮ ਲੋਕਾਂ ’ਤੇ ਢਾਹੇ ਗਏ ਅਣਮਨੁੱਖੀ ਜਬਰ ਤੇ ਗੁੰਡਾਗਰਦੀ ਖਿਲਾਫ ਰੱਖੇ ਗਏ ਸੂਬਾ ਪੱਧਰੀ ਰੋਸ ਮਾਰਚ ਤੇ ਰੈਲੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਦਾ ਸੱਦਾ ਆਰ.ਐਮ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਲਿਬ੍ਰੇਸ਼ਨ, ਸੀ.ਪੀ.ਆਈ.(ਐਮ.ਐਲ.) ਨਿਊ ਡੈਮੋਕ੍ਰੇਸੀ ਤੇ ਐਮ.ਸੀ.ਪੀ.ਆਈ.-ਯੂ. ਵਲੋਂ ਦਿੱਤਾ ਗਿਆ ਸੀ। ਵਿਦਿਆਰਥੀ ਆਗੂ ਆਦਿਤੀ ਨੇ ਕਿਹਾ ਕਿ ਦੇਸ਼ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ ਹੈ ਕਿਉਂਕਿ ਦੇਸ਼ ਦੇ ਸਾਰੇ ਜਨਤਕ ਸੰਸਥਾਨ ਭਾਜਪਾ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤੇ ਹਨ। ਵਿਦਿਆਰਥੀ ਆਗੂ ਆਦਿਤੀ ਨੇ ਕਿਹਾ ਕਿ ਭਾਜਪਾ ਨੇ ਉਸ ਦੀਆਂ ਨੀਤੀਆਂ ਤੇ ਜਬਰ ਖ਼ਿਲਾਫ਼ ਅੰਦੋਲਨ ਕਰਨ ਵਾਲੇ ਲੋਕਾਂ ਲਈ ਇਕ ਸੂਚੀ ਤਿਆਰ ਕੀਤੀ ਹੋਈ, ਜਿਸ ਵਿੱਚ ਉਹ ਅੰਦੋਲਨਕਾਰੀਆਂ ਨੂੰ ਖਾਲਿਸਤਾਨੀ, ਪਰਜੀਵੀ, ਨਕਸਲਵਾਦੀ, ਮਾਓਵਾਦੀ, ਪਾਕਿਸਤਾਨੀ ਏਜੰਟ ਅਤੇ ਚੀਨੀ ਏਜੰਟ ਕਹਿ ਕੇ ਦੇਸ਼ ਲਈ ਖ਼ਤਰਾ ਦੱਸਦੀ ਹੈ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ ’ਤੇ ਚੱਲ ਰਹੇ ਸੰਘਰਸ਼ ਦੌਰਾਨ ਪਹਿਲੀ ਵਾਰ ਭਾਜਪਾ ਨੂੰ ਨੌਜਵਾਨ ਪੀੜ੍ਹੀ ਲਈ ਕੋਈ ਸ਼ਬਦ ਨਹੀਂ ਮਿਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਅੰਦੋਲਨ ਤੋਂ ਅੰਦਰੋਂ ਡਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਸਾਡੀ ਆਖਰੀ ਮੰਗ ਨਹੀਂ ਹੈ ਬਲਕਿ ਸਾਡੀ ਮੰਗ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਦਾਖਲਾ ਪ੍ਰੀਖਿਆ ਲੈਣ ਅਤੇ ਹੋਰ ਵੀ ਕਈ ਮੰਗਾਂ ਹਨ, ਜਿਨ੍ਹਾਂ ਲਈ ਸੰਘਰਸ਼ ਜਾਰੀ ਰਹੇਗਾ। ਨਿਰੰਤਰ 23 ਦਿਨ ਭੁੱਖ ਹੜਤਾਲ ‘ਤੇ ਬੈਠਣ ਵਾਲੇ ਵਿਦਿਆਰਥੀ ਆਗੂ ਆਮੀਨ ਅਮਿਤੋਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਹਿਲਾਂ ਵਿਦਿਆਰਥੀ ਆਪਣੀਆਂ ਯੂਨੀਵਰਸਿਟੀਆਂ ਜਾਂ ਹੋਰ ਸਿੱਖਿਆ ਸੰਸਥਾਨਾਂ ਦੇ ਅੰਦਰ ਹੀ ਸੰਘਰਸ਼ ਕਰ ਰਹੇ ਸਨ ਪਰ ਮੌਜੂਦਾ ਸਮੇਂ ਇਹ ਸੰਘਰਸ਼ ਜੰਤਰ-ਮੰਤਰ ਸਮੇਤ ਪੂਰੇ ਦੇਸ਼ ਅੰਦਰ ਸੜਕਾਂ ’ਤੇ ਉਤਰ ਆਇਆ ਹੈ। ਕਾਮਰੇਡ ਮੰਗਤ ਰਾਮ ਪਾਸਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦਿੱਲੀ ਵਿਖੇ ਵਿਦਿਆਰਥੀਆਂ ਦੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਗਈ ਅਤੇ ਭਾਜਪਾ ਦੇ ਗੁੰਡਿਆਂ ਨੇ ਵਿਦਿਆਰਥੀਆਂ ਨੂੰ ਡਾਂਗਾਂ ਨਾਲ ਕੁੱਟ ਕੇ ਲਹੂ-ਲੁਹਾਨ ਕੀਤਾ। ਇਸ ਮੌਕੇ ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਗੁਰਮੁਖ ਸਿੰਘ ਮਾਨ, ਧਰਮਿੰਦਰ ਸਿੰਘ ਮੁਕੇਰੀਆਂ, ਸਤਨਾਮ ਸਿੰਘ ਚਾਨਾ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ ਦੇ ਪ੍ਰਧਾਨ ਪ੍ਰੋ. ਬਲਬੀਰ ਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ। ਧਰਨਾਕਾਰੀਆਂ ਨੇ ਹੱਥਾਂ ‘ਚ ਮੰਗਾਂ ਵਾਲੀਆਂ ਤਖ਼ਤੀਆਂ ਤੇ ਝੰਡੇ-ਬੈਨਰ ਲੈ ਕੇ ਅਤੇ ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਡੀ.ਸੀ. ਦਫਤਰ ਤੱਕ ਰੋਹ ਭਰਪੂਰ ਜਲੂਸ ਵੀ ਕੱਢਿਆ। ਤਹਿਸੀਲਦਾਰ-2 ਭੀਮਸੈਨ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਇਸ ਰੋਸ ਰੈਲੀ ਤੇ ਮਾਰਚ ਵਿੱਚ ਸੁਸ਼ੀਲ ਦੋਸਾਂਝ, ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਮੱਖਣ ਕੁਹਾੜ, ਮੱਖਣ ਮਾਨ, ਪ੍ਰਿੰਸੀਪਲ ਨਵਜੋਤ, ਸੰਤੋਖ ਲਾਲ ਵਿਰਦੀ ਦੀ ਅਗਵਾਈ ‘ਚ ਉੱਘੇ ਲੇਖਕਾਂ, ਬੁਧੀਜੀਵੀਆਂ ਤੇ ਹੋਰ ਸਮਾਜਿਕ ਹਸਤੀਆਂ ਨੇ ਵੀ ਧਰਨੇ ‘ਚ ਸ਼ਾਮਿਲ ਹੋ ਕੇ ਕੇਂਦਰੀ ਹਕੂਮਤ ਵਲੋਂ ਢਾਹੇ ਜਾ ਰਹੇ ਜਬਰ-ਜ਼ੁਲਮ ਖਿਲਾਫ ਸਖ਼ਤ ਰੋਸ ਦਾ ਇਜ਼ਹਾਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਕੁਲਵੰਤ ਸਿੰਘ ਸੰਧੂ ਦੀ ਅਗਵਾਈ ‘ਚ ਕਮੇਟੀ ਦੇ ਮੈਂਬਰਾਂ ਨੇ ਵੀ ਹਾਜ਼ਰੀ ਲਵਾਈ। ਮੰਚ ‘ਤੇ ਕਸ਼ਮੀਰ ਸਿੰਘ ਘੁੱਗਸ਼ੋਰ, ਮਨਜਿੰਦਰ ਸਿੰਘ ਢੇਸੀ, ਜਸਵਿੰਦਰ ਸਿੰਘ ਖਟਕੜ, ਰਤਨ ਸਿੰਘ ਰੰਧਾਵਾ, ਗੁਰਨਾਮ ਸਿੰਘ ਦਾਊਦ, ਅਰਮਾਨ ਸਿੰਘ ਵੀ ਮੌਜਦ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਸੰਜੀਵ ਗਰੇਵਾਲ ‘ਬੌਬੀ’ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਹਾਕੀ ਪੰਜਾਬ ਦੀ ਵਿਸ਼ੇਸ਼ ਸਾਲਾਨਾ ਮੀਟਿੰਗ ਜਲੰਧਰ ’ਚ ਹੋਈ
Ad Position 24
No active advertisement