ਜਲੰਧਰ, 25 ਜੁਲਾਈ (ਡਾ ਜਤਿੰਦਰ ਸਾਬੀ)- ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਾਕੀ ਪੰਜਾਬ ਦੀ ਵਿਸ਼ੇਸ਼ ਸਾਲਾਨਾ ਮੀਟਿੰਗ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਵਿਖੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਰਾਸ਼ਟਰੀ ਸਪੋਰਟਸ ਗਵਰਨੈਂਸ ਐਕਟ 2025 ਦੇ ਆਧਾਰ ’ਤੇ ਹਾਕੀ ਪੰਜਾਬ ਦੇ ਨਵੇਂ ਬਣਾਏ ਗਏ ਬਾਈਲਾਅਜ਼ (ਨਿਯਮਾਂ) ’ਤੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਬਾਈ ਲਾਅਜ਼ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਹਾਕੀ ਪੰਜਾਬ ਹੁਣੇ ਨਵੇਂ ਬਣੇ ਬਾਈਲਾਅਜ਼ ਦੇ ਆਧਾਰ ’ਤੇ ਹੀ ਕੰਮ ਕਰੇਗੀ। ਇਸ ਮੌਕੇ ’ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਯੂਨਿਟਾਂ ਦੇ ਪ੍ਰਧਾਨ ਅਤੇ ਸਕੱਤਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕੀ ਪੰਜਾਬ ਨੂੰ ਹਾਕੀ ਇੰਡੀਆ ਨੇ ਹਾਕੀ ਪੰਜਾਬ ਨੂੰ ਦੇਸ਼ ਦਾ ਸਰਵੋਤਮ ਯੂਨਿਟ ਐਲਾਨਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਰ ਦੀ ਮਦਦ ਨਾਲ ਪੰਜਾਬ ਖਾਸ ਕਰਕੇ ਜਲੰਧਰ ਅਤੇ ਮੋਹਾਲੀ ’ਚ ਅਕਤੂਬਰ ਮਹੀਨੇ ’ਚ ਏਸ਼ੀਅਨ ਚੈਂਪੀਅਨਜ਼ ਟਰਾਫੀ ਕਰਵਾਈ ਜਾ ਰਹੀ ਹੈ । ਜਿਸ ਦਾ ਉਦਘਾਟਨੀ ਅਤੇ ਸਮਾਪਤ ਸਮਾਰੋਹ ਮੋਹਾਲੀ ਵਿਖੇ ਹੋਵੇਗਾ ਅਤੇ ਬਾਕੀ ਮੈਚ ਜਲੰਧਰ ਵਿਖੇ ਹੋਣਗੇ । ਇਸ ਸੰਬੰਧ ’ਚ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੋਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀਸਟੇਡੀਅਮ ਦੀ ਮੁਰੰਮਤ ਜ਼ੋਰਾ ਸ਼ੋਰਾਂ ਨਾਲ ਚਲ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਸਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਹਾਕੀ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਰਾਹੀਂ ਹਾਕੀ ਇੰਡੀਆ ਨੂੰ ਇਕ ਪੱਤਰਜਾਰੀ ਕਰਕੇ ਮੰਗ ਕੀਤੀ ਹੈ ਕਿ 2030 ਵਿੱਚ ਹੋਣ ਵਾਲਾ ਹਾਕੀ ਵਿਸ਼ਵ ਕੱਪ ਵੀ ਪੰਜਾਬ ਦੀ ਧਰਤੀ ’ਤੇ ਹੀ ਕਰਵਾਇਆ ਜਾਵੇ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਹਾਕੀ ਪੰਜਾਬ ਦੇ ਬਾਈਲਾਅਜ਼ ਦੀ ਜਾਣਕਾਰੀ ਸਾਰੇ ਮੈਬਰਾਂ ਨੂੰ ਦਿੱਤੀ। ਮੀਟਿੰਗ ਵਿੱਚ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਉਲੰਪੀਅਨ ਹਰਦੀਪ ਸਿੰਘ ਨੀਟਾ, ਉਲੰਪੀਅਨ ਬਲਜੀਤ ਸਿੰਘ ਢਿਲੋਂ, ਉਲੰਪੀਅਨ ਸੰਜੀਵ ਕੁਮਾਰ, ਰਿਪੁਦਮਨ ਕੁਮਾਰ ਸਿੰਘ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨਦੇ ਪ੍ਰਿੰਸੀਪਲ ਅਤੇ ਹਾਕੀ ਪੰਜਾਬ ਦੇ ਮੀਤ ਪ੍ਰਧਾਨ ਡਾਕਟਰ ਸਰਬਜੀਤ ਕੌਰ ਰਾਏ, ਰੇਨੂੰ ਬਾਲਾ, ਗੁਰਿੰਦਰ ਸਿੰਘ ਸੰਘਾ, ਕੁਲਬੀਰ ਸਿੰਘ, ਜਸਵਿੰਦਰ ਸਿੰਘ ਲਾਲੀ, ਠਾਕੁਰ ਸਿੰਘ ਮੈਜੀ, ਪਰਮਿੰਦਰਕੌਰ ਅਤੇ ਹੋਰ ਬਹੁਤ ਸਾਰੇ ਹਾਕੀ ਅਹੁਦੇਦਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।