ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ)-ਥਾਣਾ ਪਤਾਰਾ ਦੇ ਮੁਖੀ 'ਤੇ ਝੂਠਾ ਮਾਮਲਾ ਦਰਜ ਕਰਕੇ ਇਕ ਬਜ਼ੁਰਗ ਨੂੰ ਧੋਖੇ ਦੇ ਨਾਲ ਗਿ੍ਫ਼ਤਾਰ ਕਰਨ ਦੇ ਦੋਸ਼ ਲਗਾਉਣ ਵਾਲੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ, ਉਨ੍ਹਾਂ ਦੇ ਸਮਰਥਨ 'ਚ ਆਏ ਸ਼੍ਰੋਮਣੀ ਅਕਾਲੀ ਦਲ, ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੇ ਵੱਡੀ ਗਿਣਤੀ 'ਚ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਨਾਲ ਜ਼ਿਲ੍ਹਾ ਦਿਹਾਤੀ ਦੇ ਐੱਸ.ਐੱਸ.ਪੀ. ਦਫ਼ਤਰ ਵਿਖੇ ਧਰਨਾ ਲਗਾ ਕੇ ਪੁਲਿਸ ਪ੍ਰਸਾਸ਼ਨ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਇਸ ਮੌਕੇ ਪੀੜਤ ਪ੍ਰੇਮ ਕੁਮਾਰ ਬਾਂਸਲ ਦੇ ਲੜਕੇ ਰੋਹਿਤ ਕੁਮਾਰ ਵਾਸੀ ਅੱਡਾ ਹੁਸ਼ਿਆਰਪੁਰ, ਜਲੰਧਰ ਨੇ ਜਾਣਕਾਰੀ ਦਿੱਤੀ ਕਿ ਉਸ ਦੇ ਪਿਤਾ ਦੀ ਉਮਰ ਕਰੀਬ 58 ਸਾਲ ਹੈ, ਜੋ ਦਿਲ ਦੀ ਬਿਮਾਰੀ, ਸ਼ੂਗਰ ਅਤੇ ਬੀ.ਪੀ. ਦਾ ਮਰੀਜ਼ ਵੀ ਹੈ | ਉਸ ਦੇ ਪਿਤਾ ਨੂੰ ਕੋਈ ਵਾਹਨ ਚਲਾਉਣਾ ਨਹੀਂ ਆਉਂਦਾ, ਇਸ ਲਈ ਜੇਕਰ ਉਸ ਦੇ ਪਿਤਾ ਨੇ ਕਿਤੇ ਜਾਣਾ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ | ਰੋਹਿਤ ਕੁਮਾਰ ਨੇ ਦੱਸਿਆ ਕਿ ਥਾਣਾ ਪਤਾਰਾ ਵਿਖੇ ਲੜਾਈ-ਝਗੜੇ ਦਾ ਕੋਈ ਮੁਕੱਦਮਾ ਦਰਜ ਹੋਇਆ ਸੀ, ਉਸ ਮੁਕੱਦਮੇ ਦੀਆਂ ਦੋਵੇਂ ਧਿਰਾਂ ਨੂੰ ਉਹ ਨਹੀਂ ਜਾਣਦੇ | ਉਸ ਨੇ ਦੱਸਿਆ ਕਿ ਉਨ੍ਹਾਂ ਕਿਸੇ ਵਿਅਕਤੀ ਕੋਲੋਂ 5 ਲੱਖ ਰੁਪਏ ਲੈਣੇ ਸਨ, ਉਸ ਵਿਅਕਤੀ ਨੇ ਸਾਜਿਸ਼ ਕਰਕੇ ਥਾਣਾ ਪਤਾਰਾ ਵਿਖੇ ਦਰਜ ਮੁਕੱਦਮੇ 'ਚ ਉਸ ਦੇ ਪਿਤਾ ਨੂੰ ਨਜਾਇਜ਼ ਫਸਾ ਦਿੱਤਾ, ਇੱਥੋਂ ਤੱਕ ਕੇ ਉਸ ਦੇ ਪਿਤਾ 'ਤੇ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ੀਆਂ ਨੂੰ ਕਾਰ 'ਚ ਮੌਕੇ 'ਤੇ ਲਿਆਉਣ ਦੇ ਦੋਸ਼ ਵੀ ਲਗਾਏ ਗਏ | ਇਸ ਤੋਂ ਬਾਅਦ ਥਾਣਾ ਪਤਾਰਾ ਦੇ ਮੁਖੀ ਨੇ ਉਨ੍ਹਾਂ ਨੂੰ ਧੋਖੇ ਨਾਲ ਥਾਣੇ ਬੁਲਾਇਆ ਅਤੇ ਉਸ ਦੇ ਪਿਤਾ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰ ਦਿੱਤਾ, ਜਿੱਥੇ ਅਦਾਲਤ ਵਲੋਂ ਉਸਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਗਿਆ | ਰੋਹਿਤ ਦੇ ਸਮਰਥੱਣ 'ਚ ਆਏ ਇਕਬਾਲ ਸਿੰਘ ਢੀਂਡਸਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਲੰਧਰ ਸ਼ਹਿਰੀ) ਅਤੇ ਐੱਚ. ਐੱਸ. ਵਾਲੀਆ (ਹਲਕਾ ਇੰਚਾਰਜ ਕਪੂਰਥਲਾ) ਨੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕੀਤੀ ਅਤੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ | ਐੱਸ.ਐੱਸ.ਪੀ. ਵਿਰਕ ਵਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਪ੍ਰਦਰਸ਼ਨ ਸਮਾਪਤ ਕੀਤਾ ਗਿਆ | ਇਸ ਮੌਕੇ ਅਮਿ੍ਤਬੀਰ ਸਿੰਘ (ਪ੍ਰਧਾਨ ਯੂਥ ਅਕਾਲੀ ਦਲ, ਜਲੰਧਰ), ਤਨਵੀਰ ਸਿੰਘ (ਪ੍ਰਧਾਨ, ਯੂਥ ਅਕਾਲੀ ਦਲ ਕਪੂਰਥਲਾ), ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਦਿਲਾਵਰ ਸਿੰਘ ਸਿੱਧੂ (ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ), ਜਗਜੀਤ ਸਿੰਘ ਸ਼ੰਮੀ, ਸੁਖਵਿੰਦਰ ਸਿੰਘ ਔਜਲਾ, ਗੁਰਮੀਤ ਸਿੰਘ ਬੂਟਾ, ਅਸ਼ੋਕ ਭਗਤ (ਐੱਮ.ਸੀ. ਕਪੂਰਥਲਾ), ਜਗਦੇਵ ਸਿੰਘ (ਜੰਗੀ), ਦਲਵਿੰਦਰ ਸਿੰਘ ਬੜਿੰਗ, ਪਰਮਜੀਤ ਸਿੰਘ ਰੰਧਾਵਾ, ਉਂਕਾਰ ਸਿੰਘ, ਮੁਨੀਸ਼ ਗਿੱਲ, ਰਾਜਬੀਰ ਸਿੰਘ ਸ਼ੰਟੀ, ਮਨਵੀਰ ਸਿੰਘ, ਸਾਹਿਲ ਭਾਨਤ, ਇੰਦਰਪਾਲ ਸਿੰਘ, ਹਰੀਸ਼ ਕੁਮਾਰ, ਅਮਿਤ ਕੁਮਾਰ, ਗੁਰਪ੍ਰੀਤ ਸਿੰਘ ਸਚਦੇਵਾ, ਪਰਵਿੰਦਰ ਸਿੰਘ ਰਾਜਾ, ਮਹਿੰਦਰ ਪਾਲ ਸਿੰਘ ਬਿੱਟੂ, ਰੋਹਿਤ ਸ਼ਰਮਾ, ਰਾਘਵ ਸਹਿਗਲ, ਪਰਮਜੀਤ ਪੂਰੇਵਾਲ, ਡਿੰਪਲ, ਗੁਰਵਿੰਦ ਰਾਏ, ਅਰਜੁਨ ਸਹਿਗਲ, ਰੋਹਿਤ, ਰਿੱਕੀ ਲੂਥਰ, ਸੰਨੀ ਘਈ, ਪਾਨਕ ਲਹੌਰੀਆ ਤੇ ਹੋਰ ਹਾਜ਼ਰ ਸਨ |